ਮੁੜ ਜੀਵਨ ਬਖ਼ਸ਼ਣ ਵਾਲਾ ਪਰਮੇਸ਼ੁਰ
ਪਰਮੇਸ਼ੁਰ ਨੂੰ ਜਾਣੋ
ਮੁੜ ਜੀਵਨ ਬਖ਼ਸ਼ਣ ਵਾਲਾ ਪਰਮੇਸ਼ੁਰ
ਕੀ ਤੁਸੀਂ ਆਪਣੇ ਕਿਸੇ ਸਕੇ ਜਾਂ ਦੋਸਤ-ਮਿੱਤਰ ਦੀ ਮੌਤ ਦਾ ਗਮ ਸਹਿਆ ਹੈ? ਮੌਤ ਜ਼ਿੰਦਗੀ ਦੀ ਉਹ ਹਕੀਕਤ ਹੈ ਜਿਸ ਦਾ ਗਮ ਭੁਲਾਇਆ ਨਹੀਂ ਭੁੱਲਦਾ। ਸਾਡਾ ਸਿਰਜਣਹਾਰ ਇਸ ਦਰਦ ਨੂੰ ਸਮਝਦਾ ਹੈ। ਇਸ ਤੋਂ ਵੀ ਵੱਧ ਉਹ ਮੌਤ ਦੇ ਅਸਰਾਂ ਨੂੰ ਮਿਟਾ ਸਕਦਾ ਹੈ। ਪਰਮੇਸ਼ੁਰ ਨਾ ਸਿਰਫ਼ ਸਾਡਾ ਜੀਵਨਦਾਤਾ ਹੈ, ਪਰ ਉਹ ਮੁੜ ਜੀਵਨ ਬਖ਼ਸ਼ਣ ਵਾਲਾ ਵੀ ਹੈ। ਇਹ ਸਾਬਤ ਕਰਨ ਲਈ ਯਹੋਵਾਹ ਨੇ ਜੀ ਉਠਾਏ ਗਏ ਲੋਕਾਂ ਦੇ ਬਿਰਤਾਂਤ ਬਾਈਬਲ ਵਿਚ ਰਿਕਾਰਡ ਕਰਵਾਏ ਹਨ। ਆਓ ਆਪਾਂ ਇਨ੍ਹਾਂ ਚਮਤਕਾਰਾਂ ਵਿੱਚੋਂ ਇਕ ਵੱਲ ਧਿਆਨ ਦੇਈਏ ਜਦੋਂ ਯਿਸੂ ਮਸੀਹ ਨੇ ਪਰਮੇਸ਼ੁਰ ਦੀ ਤਾਕਤ ਨਾਲ ਇਕ ਨੌਜਵਾਨ ਨੂੰ ਜੀ ਉਠਾਇਆ ਸੀ। ਇਹ ਬਿਰਤਾਂਤ ਲੂਕਾ 7:11-15 ਵਿਚ ਦਰਜ ਹੈ।
ਸਮਾਂ ਸੀ ਸੰਨ 31 ਈਸਵੀ। ਯਿਸੂ ਗਲੀਲ ਵਿਚ ਨਾਇਨ ਨਾਂ ਦੇ ਨਗਰ ਨੂੰ ਜਾ ਰਿਹਾ ਸੀ। (ਆਇਤ 11) ਲਗਭਗ ਸ਼ਾਮ ਦਾ ਸਮਾਂ ਸੀ ਜਦੋਂ ਉਹ ਸ਼ਹਿਰ ਦੇ ਲਾਗੇ ਪਹੁੰਚਿਆ। ਬਾਈਬਲ ਕਹਿੰਦੀ ਹੈ: “ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਆ ਪੁੱਜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤ੍ਰ ਸੀ ਅਤੇ ਉਹ ਵਿਧਵਾ ਸੀ ਅਰ ਨਗਰ ਦੀ ਵੱਡੀ ਭੀੜ ਉਹ ਦੇ ਨਾਲ ਹੈਸੀ।” (ਆਇਤ 12) ਕੀ ਤੁਸੀਂ ਇਸ ਵਿਧਵਾ ਮਾਂ ਦੇ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਹੋ? ਪਹਿਲਾਂ ਤਾਂ ਮੌਤ ਨੇ ਉਸ ਤੋਂ ਉਸ ਦਾ ਪਤੀ ਖੋਹ ਲਿਆ ਅਤੇ ਹੁਣ ਆਪਣੇ ਇਕਲੌਤੇ ਪੁੱਤਰ ਦੀ ਮੌਤ ਹੋਣ ਤੇ ਉਸ ਦੇ ਬੁਢਾਪੇ ਦਾ ਸਹਾਰਾ ਵੀ ਚਲਾ ਗਿਆ ਸੀ।
ਯਿਸੂ ਦਾ ਧਿਆਨ ਸੋਗ ਕਰ ਰਹੀ ਉਸ ਮਾਂ ਵੱਲ ਖਿੱਚਿਆ ਗਿਆ ਜੋ ਆਪਣੇ ਪੁੱਤਰ ਦੀ ਅਰਥੀ ਦੇ ਨਜ਼ਦੀਕ ਹੀ ਤੁਰ ਰਹੀ ਸੀ। ਬਾਈਬਲ ਸਾਨੂੰ ਦੱਸਦੀ ਹੈ: “ਪ੍ਰਭੁ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ।” (ਆਇਤ 13) ਉਸ ਵਿਧਵਾ ਦਾ ਦੁੱਖ ਦੇਖ ਕੇ ਯਿਸੂ ਦਾ ਦਿਲ ਵੀ ਰੋ ਪਿਆ। ਸ਼ਾਇਦ ਉਹ ਆਪਣੀ ਮਾਂ ਮਰਿਯਮ ਬਾਰੇ ਸੋਚ ਰਿਹਾ ਸੀ ਜੋ ਕਿ ਉਸ ਸਮੇਂ ਸ਼ਾਇਦ ਵਿਧਵਾ ਸੀ ਅਤੇ ਬਹੁਤ ਹੀ ਜਲਦ ਉਸ ਨੂੰ ਯਿਸੂ ਦੀ ਮੌਤ ਦਾ ਵੀ ਗਮ ਸਹਿਣਾ ਪੈਣਾ ਸੀ।
ਯਿਸੂ ਨੇ “ਸਿੜ੍ਹੀ ਨੂੰ ਛੋਹਿਆ” ਅਤੇ ਇਸ਼ਾਰੇ ਨਾਲ ਜਨਾਜ਼ਾ ਰੋਕਿਆ। ਫਿਰ ਉਸ ਨੇ ਆਖਿਆ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ! ਤਾਂ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।” (ਆਇਤਾਂ 14, 15) ਮੌਤ ਨੇ ਮੁੰਡੇ ਨੂੰ ਉਸ ਦੀ ਮਾਂ ਤੋਂ ਖੋਹ ਲਿਆ ਸੀ। ਪਰ ਜਦੋਂ ਯਿਸੂ ਨੇ “ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ,” ਤਾਂ ਉਹ ਮੁੜ ਇਕ ਪਰਿਵਾਰ ਬਣ ਗਏ। ਇਸ ਵਿਧਵਾ ਦਾ ਦਿਲ ਝੂਮ ਉੱਠਿਆ ਤੇ ਉਸ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ।
ਕੀ ਤੁਹਾਡਾ ਦਿਲ ਨਹੀਂ ਤਰਸਦਾ ਕਿ ਤੁਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਫਿਰ ਤੋਂ ਮਿਲੋ? ਭਰੋਸਾ ਰੱਖੋ ਕਿ ਯਹੋਵਾਹ ਤੁਹਾਡਾ ਦਰਦ ਸਮਝਦਾ ਹੈ। ਸੋਗ ਕਰ ਰਹੀ ਵਿਧਵਾ ਲਈ ਯਿਸੂ ਦੀ ਹਮਦਰਦੀ ਯਹੋਵਾਹ ਦੀ ਹਮਦਰਦੀ ਦੀ ਇਕ ਝਲਕ ਸੀ। ਜੀ ਹਾਂ, ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। (ਯੂਹੰਨਾ 14:9) ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਮੁੜ ਜ਼ਿੰਦਾ ਕਰਨ ਲਈ ਤਰਸ ਰਿਹਾ ਹੈ ਜੋ ਉਸ ਦੀ ਯਾਦਾਸ਼ਤ ਵਿਚ ਹਨ। (ਅੱਯੂਬ 14:14, 15) ਪਰਮੇਸ਼ੁਰ ਦਾ ਬਚਨ ਸਾਨੂੰ ਇਹ ਸ਼ਾਨਦਾਰ ਉਮੀਦ ਦਿੰਦਾ ਹੈ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਾਡੇ ਅਜ਼ੀਜ਼ਾਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ ਅਤੇ ਅਸੀਂ ਧਰਤੀ ਉੱਤੇ ਜ਼ਿੰਦਗੀ ਦਾ ਪੂਰਾ ਮਜ਼ਾ ਲਵਾਂਗੇ। (ਜ਼ਬੂਰਾਂ ਦੀ ਪੋਥੀ 37:29; ਯੂਹੰਨਾ 5:28, 29) ਕਿਉਂ ਨਹੀਂ ਤੁਸੀਂ ਮੁੜ ਜੀਵਨ ਬਖ਼ਸ਼ਣ ਵਾਲੇ ਪਰਮੇਸ਼ੁਰ ਬਾਰੇ ਹੋਰ ਜਾਣਦੇ ਅਤੇ ਆਪਣੀ ਉਮੀਦ ਪੱਕੀ ਕਰਦੇ? (w08 3/1)
[ਸਫ਼ਾ 11 ਉੱਤੇ ਤਸਵੀਰ]
“ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ”