Skip to content

Skip to table of contents

ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਜ਼ਿੰਦਗੀ ਮਿਲਦੀ ਹੈ

ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਜ਼ਿੰਦਗੀ ਮਿਲਦੀ ਹੈ

ਲਗਭਗ 2,000 ਸਾਲ ਪਹਿਲਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਤੇ ਇਕ ਆਦਮੀ ਨੇ ਦੂਸਰਿਆਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ। ਕੀ ਤੁਹਾਨੂੰ ਪਤਾ ਹੈ ਉਹ ਆਦਮੀ ਕੌਣ ਸੀ? ਉਹ ਨਾਸਰਤ ਦਾ ਰਹਿਣ ਵਾਲਾ ਯਿਸੂ ਸੀ। ਉਸ ਨੇ ਸਾਰੀ ਮਨੁੱਖਜਾਤੀ ਦੇ ਭਲੇ ਲਈ ਆਪਣੀ ਕੁਰਬਾਨੀ ਦਿੱਤੀ ਸੀ। ਇਸ ਕੁਰਬਾਨੀ ਬਾਰੇ ਬਾਈਬਲ ਦੀ ਇਕ ਆਇਤ ਕਹਿੰਦੀ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”​—⁠ਯੂਹੰਨਾ 3:16.

ਤੁਸੀਂ ਸ਼ਾਇਦ ਸੋਚੋ: “ਭਲਾ, ਸਾਨੂੰ ਯਿਸੂ ਦੀ ਕੁਰਬਾਨੀ ਦੀ ਕੀ ਲੋੜ ਹੈ? ਇਕ ਆਦਮੀ ਦੀ ਕੁਰਬਾਨੀ ਸਾਰੀ ਦੁਨੀਆਂ ਨੂੰ ਮੌਤ ਦੀ ਜਕੜ ਤੋਂ ਕਿਵੇਂ ਛੁਡਾ ਸਕਦੀ ਹੈ?” ਬਾਈਬਲ ਇਨ੍ਹਾਂ ਸਵਾਲਾਂ ਦੇ ਸਾਫ਼-ਸਾਫ਼ ਜਵਾਬ ਦਿੰਦੀ ਹੈ। ਆਓ ਆਪਾਂ ਦੇਖੀਏ।

ਇਨਸਾਨ ਮੌਤ ਦੀ ਜਕੜ ਵਿਚ ਆਏ ਕਿਵੇਂ?

ਕੁਝ ਲੋਕਾਂ ਦਾ ਮੰਨਣਾ ਹੈ ਕਿ ਰੱਬ ਨੇ ਇਨਸਾਨਾਂ ਨੂੰ ਚਾਰ ਦਿਨਾਂ ਦੀ ਜ਼ਿੰਦਗੀ ਜੀਣ ਲਈ ਬਣਾਇਆ ਹੈ ਤੇ ਉਹ ਦੁੱਖ-ਸੁਖ ਭੋਗ ਕੇ ਮਰ ਜਾਂਦੇ ਹਨ। ਫਿਰ ਮੌਤ ਤੋਂ ਬਾਅਦ ਉਹ ਸਵਰਗ ਵਿਚ ਜਾ ਕੇ ਸੁਖ ਪਾਉਂਦੇ ਹਨ। ਉਨ੍ਹਾਂ ਦੇ ਭਾਣੇ ਮੌਤ ਵੀ ਰੱਬ ਵੱਲੋਂ ਹੈ। ਪਰ ਬਾਈਬਲ ਵਿਚ ਸਾਨੂੰ ਦੱਸਿਆ ਹੈ ਕਿ ਮੌਤ ਰੱਬ ਨੇ ਨਹੀਂ ਬਲਕਿ ਕਿਸੇ ਹੋਰ ਨੇ ਸਾਡੇ ਤੇ ਲਿਆਂਦੀ ਹੈ। ਇਸ ਵਿਚ ਲਿਖਿਆ ਹੈ: “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਇਸ ਆਇਤ ਤੋਂ ਅਸੀਂ ਦੇਖ ਸਕਦੇ ਹਾਂ ਕਿ ਮੌਤ ਸਾਡੇ ਤੇ ਇਕ ਮਨੁੱਖ ਦੇ ਪਾਪ ਕਾਰਨ ਆਈ ਹੈ। ਉਹ ਮਨੁੱਖ ਆਖ਼ਰ ਹੈ ਕੌਣ ਜਿਸ ਦੇ ਪਾਪ ਦਾ ਸਿਲਾ ਸਾਨੂੰ ਮਰ ਕੇ ਚੁਕਾਉਣਾ ਪੈਂਦਾ ਹੈ?

ਦ ਵਰਲਡ ਬੁੱਕ ਐਨਸਾਈਕਲੋਪੀਡੀਆ ਮੁਤਾਬਕ ਜ਼ਿਆਦਾਤਰ ਵਿਗਿਆਨੀ ਮੰਨਦੇ ਹਨ ਕਿ ਸਾਰੀ ਮਨੁੱਖਜਾਤੀ ਦਾ ਇੱਕੋ ਮੁੱਢ ਹੈ। ਇਸ ਮੁੱਢ ਦਾ ਜ਼ਿਕਰ ਬਾਈਬਲ ਦੀ ਪਹਿਲੀ ਕਿਤਾਬ ਵਿਚ ਕੀਤਾ ਗਿਆ ਹੈ ਜਿੱਥੇ ਲਿਖਿਆ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤਪਤ 1:27) ਜੀ ਹਾਂ, ਇਕ ਆਦਮੀ ਤੋਂ ਹੀ ਸਾਰਾ ਸੰਸਾਰ ਆਇਆ ਹੈ। ਧਰਤੀ ਤੇ ਪਰਮੇਸ਼ੁਰ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਇਨਸਾਨ ਹੀ ਸਭ ਤੋਂ ਉੱਤਮ ਰਚਨਾ ਹੈ।

ਉਤਪਤ ਦੀ ਕਿਤਾਬ ਇਸ ਪਹਿਲੇ ਆਦਮੀ ਦੀ ਜ਼ਿੰਦਗੀ ਤੇ ਹੋਰ ਚਾਨਣ ਪਾਉਂਦੀ ਹੈ। ਉਸ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਇਹ ਨਹੀਂ ਕਿਹਾ ਸੀ ਕਿ ਉਸ ਨੇ ਕੁਝ ਸਾਲ ਜੀ ਕੇ ਮਰ ਜਾਣਾ ਸੀ। ਉਸ ਨੇ ਤਦ ਹੀ ਮਰਨਾ ਸੀ ਜੇ ਉਹ ਪਰਮੇਸ਼ੁਰ ਦੀ ਆਗਿਆ ਨਾ ਮੰਨਦਾ। (ਉਤਪਤ 2:​16, 17) ਯਹੋਵਾਹ ਨਹੀਂ ਚਾਹੁੰਦਾ ਸੀ ਕਿ ਇਨਸਾਨ ਚਾਰ ਦਿਨਾਂ ਦੀ ਜ਼ਿੰਦਗੀ ਜੀ ਕੇ ਬੁੱਢੇ ਹੋ ਕੇ ਮਰ ਜਾਣ। ਉਹ ਤਾਂ ਇਨਸਾਨ ਨੂੰ ਹਮੇਸ਼ਾ ਲਈ ਖੂਬਸੂਰਤ ਧਰਤੀ ਉੱਤੇ ਹੱਸਦੇ-ਖੇਡਦੇ ਦੇਖਣਾ ਚਾਹੁੰਦਾ ਸੀ। ਤਾਂ ਫਿਰ ਸਵਾਲ ਉੱਠਦਾ ਹੈ, ਇਨਸਾਨ ਮੌਤ ਦੀ ਜਕੜ ਵਿਚ ਆਏ ਕਿਵੇਂ?

ਉਤਪਤ ਦੇ ਤੀਜੇ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਪਹਿਲੇ ਆਦਮੀ ਤੇ ਔਰਤ ਨੇ ਆਪਣੀ ਮਰਜ਼ੀ ਨਾਲ ਆਪਣੇ ਜੀਵਨਦਾਤੇ ਯਹੋਵਾਹ ਪਰਮੇਸ਼ੁਰ ਤੋਂ ਮੂੰਹ ਮੋੜਿਆ ਸੀ। ਯਹੋਵਾਹ ਨੇ ਉਨ੍ਹਾਂ ਨੂੰ ਅਣਆਗਿਆਕਾਰੀ ਦੀ ਸਜ਼ਾ ਦਿੱਤੀ। ਯਹੋਵਾਹ ਨੇ ਆਦਮੀ ਨੂੰ ਕਿਹਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਬਿਲਕੁਲ ਇੱਦਾਂ ਹੀ ਹੋਇਆ। ਉਹ ਦੋਵੇਂ ਸਹਿਜੇ-ਸਹਿਜੇ ਮਰ ਗਏ।

ਯਹੋਵਾਹ ਨੇ ਜਦ ਧਰਤੀ ਨੂੰ ਸਾਜਿਆ ਸੀ, ਤਾਂ ਉਸ ਨੇ ਪਹਿਲੇ ਜੋੜੇ ਯਾਨੀ ਆਦਮ ਤੇ ਹੱਵਾਹ ਨੂੰ ਅਸੀਸ ਦਿੱਤੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਯਹੋਵਾਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਆਪਣੀ ਔਲਾਦ ਨਾਲ ਧਰਤੀ ਨੂੰ ਭਰ ਕੇ ਹਮੇਸ਼ਾ ਲਈ ਇਸ ਉੱਤੇ ਖ਼ੁਸ਼ੀ-ਖ਼ੁਸ਼ੀ ਜੀਣ। ਪਰ ਇੱਦਾਂ ਨਹੀਂ ਹੋਇਆ। ਪਹਿਲੇ “ਮਨੁੱਖ” ਆਦਮ ਦੇ ਪਾਪ ਕਰਕੇ ਉਸ ਨੂੰ ਤੇ ਉਸ ਦੀ ਔਲਾਦ ਨੂੰ ਮੌਤ ਦੀ ਸਜ਼ਾ ਮਿਲੀ। ਪੌਲੁਸ ਰਸੂਲ, ਜੋ ਆਦਮ ਦੀ ਔਲਾਦ ਵਿੱਚੋਂ ਇਕ ਸੀ, ਨੇ ਕਿਹਾ: “ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ।” (ਰੋਮੀਆਂ 7:14) ਜੀ ਹਾਂ, ਆਦਮ ਨੇ ਹੀ ਇਨਸਾਨਾਂ ਨੂੰ ਪਾਪ ਤੇ ਮੌਤ ਦੇ ਹੱਥ ਵੇਚਿਆ।

ਆਦਮ ਨੇ ਵਿਰਸੇ ਵਿਚ ਆਪਣੀ ਔਲਾਦ ਨੂੰ ਮੌਤ ਤੋਂ ਸਿਵਾਇ ਹੋਰ ਕੁਝ ਨਹੀਂ ਦਿੱਤਾ। ਆਦਮ ਦੇ ਬੱਚੇ ਹੋਏ, ਅਗਾਹਾਂ ਉਨ੍ਹਾਂ ਦੇ ਬੱਚੇ ਹੋਏ ਤੇ ਉਨ੍ਹਾਂ ਸਾਰਿਆਂ ਦੇ ਮੱਥੇ ਉੱਤੇ ਪਾਪ ਦਾ ਦਾਗ਼ ਲੱਗਾ। ਅੱਗੋਂ ਤੋਂ ਅੱਗੋਂ ਇਨਸਾਨ ਪੈਦਾ ਹੁੰਦੇ ਗਏ, ਵੱਡੇ ਹੁੰਦੇ ਗਏ, ਬੱਚੇ ਪੈਦਾ ਕਰਦੇ ਗਏ ਤੇ ਫਿਰ ਇਕ ਦਿਨ ਮਰਦੇ ਗਏ। ਪਰ ਉਨ੍ਹਾਂ ਸਾਰਿਆਂ ਨੂੰ ਕਿਉਂ ਮਰਨਾ ਪਿਆ? ਕਿਉਂਕਿ ਉਹ ਸਾਰੇ ਹੀ ਆਦਮ ਦੀ ਔਲਾਦ ਸਨ। ਬਾਈਬਲ ਕਹਿੰਦੀ ਹੈ: “ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ।” (ਰੋਮੀਆਂ 5:15) ਆਦਮ ਦੇ ਪਰਿਵਾਰ ਨੂੰ ਉਸ ਦੇ ਪਾਪ ਕਾਰਨ ਬੀਮਾਰੀਆਂ ਤੇ ਬੁਢਾਪੇ ਦਾ ਸੰਤਾਪ ਝੱਲਣਾ ਪੈਂਦਾ ਹੈ। ਉਨ੍ਹਾਂ ਵਿਚ ਗ਼ਲਤੀਆਂ ਕਰਨ ਦਾ ਝੁਕਾਅ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਂਦਾ। ਅਸੀਂ ਵੀ ਸਾਰੇ ਆਦਮ ਦੇ ਪਰਿਵਾਰ ਵਿੱਚੋਂ ਹਾਂ।

ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ ਕਿ ਅਸੀਂ ਸਾਰੇ ਹੀ ਬੁਰੀ ਤਰ੍ਹਾਂ ਪਾਪ ਦੇ ਸ਼ਿਕੰਜੇ ਵਿਚ ਫਸੇ ਹੋਏ ਹਾਂ ਅਤੇ ਭਾਵੇਂ ਜਿੰਨੀ ਮਰਜ਼ੀ ਜੱਦੋ-ਜਹਿਦ ਕਰੀਏ, ਪਰ ਅਸੀਂ ਇਸ ਵਿੱਚੋਂ ਨਿਕਲ ਨਹੀਂ ਸਕਦੇ। ਉਸ ਨੇ ਕਿਹਾ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” ਇਸ ਸਵਾਲ ਦਾ ਜਵਾਬ ਅਸੀਂ ਸਾਰੇ ਹੀ ਜਾਣਨਾ ਚਾਹੁੰਦੇ ਹਾਂ ਕਿ ਕੌਣ ਸਾਨੂੰ ਪਾਪ ਤੇ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਵੇਗਾ? ਪੌਲੁਸ ਖ਼ੁਦ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ” ਕਿਉਂਕਿ ਉਹੀ ਸਾਨੂੰ ਛੁਟਕਾਰਾ ਦਿਲਾਉਂਦਾ ਹੈ। (ਰੋਮੀਆਂ 7:14-25) ਜੀ ਹਾਂ, ਯਹੋਵਾਹ ਸਾਨੂੰ ਯਿਸੂ ਮਸੀਹ ਦੇ ਜ਼ਰੀਏ ਪਾਪ ਤੇ ਮੌਤ ਤੋਂ ਛੁਟਕਾਰਾ ਦਿਲਾਉਂਦਾ ਹੈ। ਆਓ ਆਪਾਂ ਦੇਖੀਏ ਕਿਵੇਂ।

ਸਾਡਾ ਬਚਾਅ ਯਿਸੂ ਦੇ ਜ਼ਰੀਏ ਹੁੰਦਾ ਹੈ

ਯਿਸੂ ਨੇ ਖ਼ੁਦ ਸਮਝਾਇਆ ਹੈ ਕਿ ਉਹ ਸਾਨੂੰ ਕਿਵੇਂ ਛੁਟਕਾਰਾ ਦਿਲਾਉਂਦਾ ਹੈ। ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ . . . ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਯਿਸੂ ਨੇ ਸਾਡੇ ਨਿਸਤਾਰੇ ਦਾ ਮੁੱਲ ਕਿਵੇਂ ਭਰਿਆ ਹੈ? ਉਸ ਦੀ ਕੁਰਬਾਨੀ ਦਾ ਸਾਨੂੰ ਕੀ ਲਾਭ ਹੈ?

ਬਾਈਬਲ ਕਹਿੰਦੀ ਹੈ ਕਿ ਯਿਸੂ “ਪਾਪ ਤੋਂ ਰਹਿਤ” ਸੀ ਅਤੇ “ਪਾਪੀਆਂ ਤੋਂ ਨਿਆਰਾ” ਸੀ। ਉਸ ਨੇ ਪਰਮੇਸ਼ੁਰ ਦੇ ਸਾਰੇ ਹੁਕਮ ਪੂਰੇ ਕੀਤੇ ਸਨ। (ਇਬਰਾਨੀਆਂ 4:15; 7:26) ਤਾਂ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਯਿਸੂ ਆਦਮ ਦੇ ਪਾਪ ਕਰਕੇ ਮਰਿਆ ਸੀ। (ਹਿਜ਼ਕੀਏਲ 18:4) ਯਿਸੂ ਨੇ ਆਪਣੇ ਪਿਤਾ ਯਹੋਵਾਹ ਦੀ ਰਜ਼ਾ ਪੂਰੀ ਕਰਨ ਲਈ ਕੁਰਬਾਨੀ ਦਿੱਤੀ ਸੀ ਤਾਂਕਿ ਹਰ ਇਕ ਇਨਸਾਨ ਪਾਪ ਅਤੇ ਮੌਤ ਤੋਂ ਛੁਟਕਾਰਾ ਪਾ ਸਕੇ। ਯਿਸੂ ਨੇ ਖ਼ੁਸ਼ੀ-ਖ਼ੁਸ਼ੀ ‘ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖਿਆ’ ਸੀ।​—⁠ਇਬਰਾਨੀਆਂ 2:9.

ਆਦਮ ਵਾਂਗ ਮੁਕੰਮਲ ਹੋਣ ਕਰਕੇ ਯਿਸੂ ਦੀ ਕੁਰਬਾਨੀ ਇਨਸਾਨਾਂ ਨੂੰ ਪਾਪ ਤੇ ਮੌਤ ਦੇ ਸਰਾਪ ਤੋਂ ਮੁਕਤ ਕਰ ਸਕਦੀ ਸੀ। ਇਸ ਲਈ ਯਿਸੂ ਨੇ ਆਪਣੀ ਕੁਰਬਾਨੀ ਦਿੱਤੀ ਅਤੇ ਯਹੋਵਾਹ ਨੇ ਉਸ ਦੀ ਕੁਰਬਾਨੀ ਨੂੰ ਕਬੂਲ ਕੀਤਾ। (1 ਤਿਮੋਥਿਉਸ 2:⁠6) ਇਸ ਕੁਰਬਾਨੀ ਰਾਹੀਂ ਯਹੋਵਾਹ ਨੇ ਇਨਸਾਨਾਂ ਲਈ ਪਾਪ ਅਤੇ ਮੌਤ ਤੋਂ ਛੁਟਕਾਰਾ ਪਾਉਣ ਦਾ ਰਾਹ ਖੋਲ੍ਹਿਆ ਹੈ।

ਬਾਈਬਲ ਵਿਚ ਵਾਰ-ਵਾਰ ਦੱਸਿਆ ਗਿਆ ਹੈ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਡੇ ਕਰਤਾਰ ਨੇ ਸਾਡੇ ਲਈ ਪਿਆਰ ਦਾ ਸਬੂਤ ਦਿੱਤਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ “ਮੁੱਲ ਨਾਲ ਲਏ ਹੋਏ” ਹਨ। (1 ਕੁਰਿੰਥੀਆਂ 6:20; 7:23) ਪਤਰਸ ਨੇ ਕਿਹਾ ਕਿ ਯਹੋਵਾਹ ਨੇ ਸਾਨੂੰ ਸੋਨੇ-ਚਾਂਦੀ ਨਾਲ ਨਹੀਂ ਬਲਕਿ ਆਪਣੇ ਪੁੱਤਰ ਦੇ ਲਹੂ ਨਾਲ ਮੁੱਲ ਲਿਆ ਹੈ। (1 ਪਤਰਸ 1:18, 19) ਯਿਸੂ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ।

ਤੁਸੀਂ ਯਿਸੂ ਦੀ ਕੁਰਬਾਨੀ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ

ਯਿਸੂ ਦੀ ਕੁਰਬਾਨੀ ਤੋਂ ਹਰ ਇਨਸਾਨ ਫ਼ਾਇਦਾ ਉਠਾ ਸਕਦਾ ਹੈ। ਇਸ ਬਾਰੇ ਯੂਹੰਨਾ ਰਸੂਲ ਨੇ ਕਿਹਾ: “ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:⁠2) ਜੀ ਹਾਂ, ਯਿਸੂ ਮਸੀਹ ਦੀ ਕੁਰਬਾਨੀ ਤੋਂ ਅੱਜ ਸਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਉਮੀਦ ਮਿਲਦੀ ਹੈ। ਪਰ ਇਸ ਨੂੰ ਹਾਸਲ ਕਰਨ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਅਸੀਂ ਹੱਥ ਤੇ ਹੱਥ ਧਰ ਕੇ ਯਹੋਵਾਹ ਤੋਂ ਬਰਕਤਾਂ ਪਾਉਣ ਦੀ ਉਮੀਦ ਨਹੀਂ ਰੱਖ ਸਕਦੇ, ਸਾਨੂੰ ਕਦਮ ਚੁੱਕਣ ਦੀ ਲੋੜ ਹੈ।

ਤਾਂ ਫਿਰ, ਇਹ ਬਰਕਤਾਂ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਯੂਹੰਨਾ 3:36 ਵਿਚ ਲਿਖਿਆ ਹੈ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।” ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀ ਕੁਰਬਾਨੀ ਉੱਤੇ ਨਿਹਚਾ ਕਰੀਏ। ਇਸ ਦੇ ਨਾਲ-ਨਾਲ ਸਾਨੂੰ ਯਿਸੂ ਦੇ “ਹੁਕਮਾਂ ਦੀ ਪਾਲਣਾ” ਕਰਨ ਦੀ ਵੀ ਲੋੜ ਹੈ। (1 ਯੂਹੰਨਾ 2:3) ਤਾਂ ਫਿਰ ਪਾਪ ਅਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਰੱਖੀਏ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ।

ਅਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਹਾਜ਼ਰ ਹੋ ਕੇ ਦਿਖਾ ਸਕਦੇ ਹਾਂ ਕਿ ਸਾਨੂੰ ਉਸ ਦੀ ਕੁਰਬਾਨੀ ਉੱਤੇ ਨਿਹਚਾ ਹੈ। ਯਿਸੂ ਨੇ ਮਰਨ ਤੋਂ ਪਹਿਲਾਂ ਆਪਣੇ ਚੇਲਿਆਂ ਨਾਲ ਭੋਜਨ ਖਾਂਦੇ ਹੋਏ ਇਕ ਨਵੀਂ ਰਸਮ ਸ਼ੁਰੂ ਕੀਤੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਯਹੋਵਾਹ ਦੇ ਗਵਾਹ ਯਿਸੂ ਦੀ ਕੁਰਬਾਨੀ ਦੀ ਬਹੁਤ ਕਦਰ ਕਰਦੇ ਹਨ, ਇਸ ਕਰਕੇ ਉਹ ਯਿਸੂ ਦੇ ਇਸ ਹੁਕਮ ਦੀ ਪਾਲਣਾ ਕਰਦੇ ਹਨ। ਇਸ ਸਾਲ ਯਿਸੂ ਦੀ ਮੌਤ ਦੀ ਵਰ੍ਹੇਗੰਢ ਸ਼ਨੀਵਾਰ 22 ਮਾਰਚ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਅਸੀਂ ਤੁਹਾਨੂੰ ਇਸ ਖ਼ਾਸ ਮੌਕੇ ਤੇ ਹਾਜ਼ਰ ਹੋਣ ਦਾ ਸੱਦਾ ਦਿੰਦੇ ਹਾਂ। ਪ੍ਰੋਗ੍ਰਾਮ ਦਾ ਸਮਾਂ ਤੇ ਪਤਾ ਜਾਣਨ ਲਈ ਤੁਸੀਂ ਆਪਣੇ ਇਲਾਕੇ ਦੇ ਕਿਸੇ ਯਹੋਵਾਹ ਦੇ ਗਵਾਹ ਨਾਲ ਗੱਲ ਕਰ ਸਕਦੇ ਹੋ। ਇਸ ਪ੍ਰੋਗ੍ਰਾਮ ਵਿਚ ਖੋਲ੍ਹ ਕੇ ਸਮਝਾਇਆ ਜਾਵੇਗਾ ਕਿ ਆਦਮ ਦੇ ਪਾਪ ਕਰਕੇ ਅਸੀਂ ਜੋ ਦੁੱਖ ਭੋਗ ਰਹੇ ਹਾਂ, ਉਨ੍ਹਾਂ ਤੋਂ ਸਾਨੂੰ ਯਿਸੂ ਦੀ ਕੁਰਬਾਨੀ ਕਿਵੇਂ ਛੁਟਕਾਰਾ ਦਿਲਾਉਂਦੀ ਹੈ ਅਤੇ ਸਾਨੂੰ ਛੁਟਕਾਰਾ ਪਾਉਣ ਲਈ ਕੀ ਕਰਨ ਦੀ ਜ਼ਰੂਰਤ ਹੈ।

ਸਾਨੂੰ ਛੁਟਕਾਰਾ ਦਿਲਾਉਣ ਲਈ ਯਹੋਵਾਹ ਤੇ ਯਿਸੂ ਨੇ ਜੋ ਕੁਰਬਾਨੀ ਦਿੱਤੀ ਹੈ ਉਸ ਦੀ ਅਹਿਮੀਅਤ ਬਹੁਤ ਘੱਟ ਲੋਕ ਸਮਝਦੇ ਹਨ। ਪਰ ਜੋ ਇਸ ਦੀ ਅਹਿਮੀਅਤ ਸਮਝਦੇ ਹਨ ਤੇ ਇਸ ਦੀ ਕਦਰ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿਚ ਆਨੰਦ ਮਾਣਦੇ ਹਨ। ਪਤਰਸ ਰਸੂਲ ਨੇ ਮਸੀਹੀਆਂ ਬਾਰੇ ਲਿਖਿਆ: “ਤੁਸੀਂ . . . [ਯਿਸੂ] ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ। ਅਤੇ ਆਪਣੀ ਨਿਹਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪਰਾਪਤ ਕਰਦੇ ਹੋ। (1 ਪਤਰਸ 1:8, 9) ਜੀ ਹਾਂ, ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਤੁਸੀਂ ਅੱਜ ਜ਼ਿੰਦਗੀ ਵਿਚ ਖ਼ੁਸ਼ੀਆਂ ਪਾ ਸਕਦੇ ਹੋ ਅਤੇ ਪਾਪ ਤੇ ਮੌਤ ਤੋਂ ਜਲਦ ਛੁਟਕਾਰੇ ਦੀ ਉਮੀਦ ਵੀ ਰੱਖ ਸਕਦੇ ਹੋ। (w08 3/1)