Skip to content

Skip to table of contents

ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਪਾਠਕਾਂ ਦੇ ਸਵਾਲ

ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਪਰਮੇਸ਼ੁਰ ਸਾਡੇ ਉੱਤੇ ਦੁੱਖ ਨਹੀਂ ਲਿਆਉਂਦਾ। ਬਾਈਬਲ ਦੱਸਦੀ ਹੈ: ‘ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ!’ (ਅੱਯੂਬ 34:10) ਤਾਂ ਫਿਰ ਮਨੁੱਖਜਾਤੀ ਦੇ ਦੁੱਖਾਂ ਪਿੱਛੇ ਕਿਸ ਦਾ ਹੱਥ ਹੈ?

ਯਿਸੂ ਨੇ ਸ਼ਤਾਨ ਨੂੰ “ਜਗਤ ਦਾ ਸਰਦਾਰ” ਸੱਦਿਆ। (ਯੂਹੰਨਾ 14:30) ਲੇਕਿਨ ਯਹੋਵਾਹ ਹੀ ਸਾਰੇ ਜਹਾਨ ਦਾ ਰਾਜਾ ਹੈ ਤੇ ਇਹ ਅਹੁਦਾ ਹੋਰ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਉਸ ਨੇ ਸਿਰਫ਼ ਕੁਝ ਸਮੇਂ ਲਈ ਸ਼ਤਾਨ ਨੂੰ ਇਜਾਜ਼ਤ ਦਿੱਤੀ ਹੈ ਕਿ ਉਹ ਇਸ ਸੰਸਾਰ ਉੱਤੇ ਰਾਜ ਕਰੇ।​—⁠1 ਯੂਹੰਨਾ 5:⁠19.

ਸ਼ਤਾਨ ਕਿਹੋ ਜਿਹਾ ਰਾਜਾ ਸਾਬਤ ਹੋਇਆ ਹੈ? ਮਨੁੱਖੀ ਇਤਿਹਾਸ ਦੇ ਮੁੱਢ ਤੋਂ ਹੀ ਸ਼ਤਾਨ ਨੇ ਦਿਖਾਇਆ ਕਿ ਉਹ ਖ਼ੂਨੀ ਅਤੇ ਧੋਖੇਬਾਜ਼ ਹੈ। ਉਹ ਸਾਰੀ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ। ਯਿਸੂ ਨੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ, “ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਯਿਸੂ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਲੋਕ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਉਸੇ ਪਹਿਲੇ ਖ਼ੂਨੀ ਯਾਨੀ ਸ਼ਤਾਨ ਦੀ ਸੰਤਾਨ ਸਨ। ਜੀ ਹਾਂ, ਉਨ੍ਹਾਂ ਉੱਤੇ ਇਹ ਕਹਾਵਤ ਸਹੀ ਢੁਕਦੀ ਹੈ ਕਿ ਜਿਹਾ ਪਿਉ ਤਿਹਾ ਪੁੱਤਰ! ਇਨ੍ਹਾਂ ਲੋਕਾਂ ਨੇ ਸ਼ਤਾਨ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਆਪਣੇ ਆਪ ਨੂੰ ਉਸ ਦੇ ਪੁੱਤਰ ਸਾਬਤ ਕੀਤਾ।

ਸ਼ਤਾਨ ਅੱਜ ਵੀ ਇਨਸਾਨਾਂ ਵਿਚ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਇਕ-ਦੂਸਰੇ ਦਾ ਕਤਲ ਕਰਨ ਲਈ ਉਕਸਾਉਂਦਾ ਹੈ। ਮਿਸਾਲ ਲਈ, ਹਵਾਈ ਟਾਪੂ ਵਿਚ ਇਕ ਅਮਰੀਕਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਅੰਦਾਜ਼ਾ ਲਾਇਆ ਕਿ 1900 ਤੋਂ 1987 ਤਕ ਵੱਖੋ-ਵੱਖਰੀਆਂ ਸਰਕਾਰਾਂ ਨੇ 16,91,98,000 ਲੋਕਾਂ ਦਾ ਖ਼ੂਨ ਕੀਤਾ ਹੈ। ਇਹ ਲੋਕ ਸਿਆਸੀ ਦੰਗਿਆਂ, ਕੁਲ-ਨਾਸ਼ੀ ਲੜਾਈਆਂ ਅਤੇ ਹੋਰਨਾਂ ਹਿੰਸਕ ਘਟਨਾਵਾਂ ਵਿਚ ਮਾਰੇ ਗਏ ਸਨ। ਇਸ ਅੰਕੜੇ ਵਿਚ ਉਨ੍ਹਾਂ ਕਰੋੜਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਜੋ ਇਸੇ ਸਮੇਂ ਦੌਰਾਨ ਯੁੱਧਾਂ ਵਿਚ ਮਾਰੇ ਗਏ ਸਨ।

ਜੇ ਪਰਮੇਸ਼ੁਰ ਇਨ੍ਹਾਂ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਉਹ ਇਨ੍ਹਾਂ ਦੁੱਖਾਂ ਦਾ ਅੰਤ ਕਿਉਂ ਨਹੀਂ ਕਰਦਾ? ਕਿਉਂਕਿ ਅੱਜ ਤੋਂ ਕਈ ਸਦੀਆਂ ਪਹਿਲਾਂ ਸ਼ਤਾਨ ਨੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਸਨ ਜਿਨ੍ਹਾਂ ਦੇ ਜਵਾਬ ਦੇਣੇ ਅਜੇ ਬਾਕੀ ਹਨ। ਆਓ ਆਪਾਂ ਇਨ੍ਹਾਂ ਸਵਾਲਾਂ ਵਿੱਚੋਂ ਇਕ ਸਵਾਲ ਵੱਲ ਧਿਆਨ ਦੇਈਏ।

ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਪਹਿਲੇ ਆਦਮੀ ਤੇ ਔਰਤ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਰਾਜ ਠੁਕਰਾ ਕੇ ਸ਼ਤਾਨ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਖ਼ੁਦ ਆਪਣੇ ਉੱਤੇ ਰਾਜ ਕਰਨਾ ਚਾਹਿਆ। ਲੇਕਿਨ ਅਸਲ ਵਿਚ ਉਹ ਸ਼ਤਾਨ ਦੇ ਰਾਜ ਹੇਠ ਆ ਗਏ ਸਨ।​—⁠ਉਤਪਤ 3:1-⁠6; ਪਰਕਾਸ਼ ਦੀ ਪੋਥੀ 12:⁠9.

ਯਹੋਵਾਹ ਇਨਸਾਫ਼ਪਸੰਦ ਪਰਮੇਸ਼ੁਰ ਹੈ। ਉਸ ਨੇ ਸ਼ਤਾਨ ਨੂੰ ਆਪਣਾ ਇਹ ਦਾਅਵਾ ਸੱਚ ਸਾਬਤ ਕਰਨ ਲਈ ਕਾਫ਼ੀ ਸਮਾਂ ਦਿੱਤਾ ਕਿ ਇਨਸਾਨ ਪਰਮੇਸ਼ੁਰ ਤੋਂ ਅੱਡ ਹੋ ਕੇ ਜ਼ਿਆਦਾ ਸੁਖੀ ਰਹੇਗਾ। ਸਦੀਆਂ ਤੋਂ ਚਲੇ ਆ ਰਹੇ ਇਨਸਾਨੀ ਰਾਜ ਤੋਂ ਕੀ ਸਾਬਤ ਹੋਇਆ ਹੈ? ਸ਼ਤਾਨੀ ਪ੍ਰਭਾਵ ਹੇਠ ਮਨੁੱਖੀ ਹਾਕਮਾਂ ਨੇ ਆਪਣੀਆਂ ਹਕੂਮਤਾਂ ਰਾਹੀਂ ਲੋਕਾਂ ਉੱਤੇ ਸਿਰਫ਼ ਦੁੱਖ-ਦਰਦ ਹੀ ਲਿਆਂਦੇ ਹਨ। ਪਰ ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਪਰਮੇਸ਼ੁਰ ਨੇ ਅਜੇ ਤਕ ਇਸ ਬੁਰੀ ਦੁਨੀਆਂ ਦਾ ਨਾਸ਼ ਨਹੀਂ ਕੀਤਾ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਇਸ ਧੀਰਜ ਸਦਕਾ ਹੀ ਅੱਜ ਲੋਕਾਂ ਨੂੰ ਮੌਕਾ ਮਿਲ ਰਿਹਾ ਹੈ ਕਿ ਉਹ ਨਾਕਾਮ ਸਾਬਤ ਹੋ ਚੁੱਕੀਆਂ ਮਨੁੱਖੀ ਸਰਕਾਰਾਂ ਦੀ ਥਾਂ ਯਹੋਵਾਹ ਦੇ ਰਾਜ ਨੂੰ ਕਬੂਲ ਕਰਨ। ਉਹ ਜੋ ਯਹੋਵਾਹ ਦੇ ਮਿਆਰਾਂ ਦੇ ਅਨੁਸਾਰ ਚੱਲਣਾ ਸਿੱਖਦੇ ਹਨ, ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖ ਸਕਦੇ ਹਨ।​—⁠ਯੂਹੰਨਾ 17:3; 1 ਯੂਹੰਨਾ 2:⁠17.

ਇਹ ਸੱਚ ਹੈ ਕਿ ਅੱਜ ਇਹ ਦੁਸ਼ਟ ਦੁਨੀਆਂ ਸ਼ਤਾਨ ਦੀ ਪਕੜ ਵਿਚ ਹੈ। ਲੇਕਿਨ ਬਹੁਤ ਜਲਦੀ ਯਹੋਵਾਹ ਯਿਸੂ ਰਾਹੀਂ “ਸ਼ਤਾਨ ਦੇ ਕੰਮਾਂ ਨੂੰ ਨਸ਼ਟ” ਕਰ ਦੇਵੇਗਾ। (1 ਯੂਹੰਨਾ 3:8) ਪਰਮੇਸ਼ੁਰ ਦੀ ਅਗਵਾਈ ਹੇਠ ਯਿਸੂ ਟੁੱਟੇ ਦਿਲਾਂ ਨੂੰ ਜੋੜੇਗਾ ਅਤੇ ਉਨ੍ਹਾਂ ਦੇ ਸਭ ਦੁੱਖ-ਦਰਦ ਦੂਰ ਕਰੇਗਾ। ਉਹ ਉਨ੍ਹਾਂ ਕਰੋੜਾਂ ਲੋਕਾਂ ਨੂੰ ਫਿਰ ਤੋਂ ਜੀਵਤ ਕਰੇਗਾ ਜੋ ਦੁੱਖ ਸਹਿੰਦੇ-ਸਹਿੰਦੇ ਮੌਤ ਦੀ ਬੁੱਕਲ ਵਿਚ ਜਾ ਜਮਾਏ ਹਨ।​—⁠ਯੂਹੰਨਾ 11:⁠25.

ਯਹੋਵਾਹ ਵੱਲੋਂ ਯਿਸੂ ਦਾ ਪੁਨਰ-ਉਥਾਨ ਇਹ ਸਾਬਤ ਕਰਦਾ ਹੈ ਕਿ ਯਹੋਵਾਹ ਸ਼ਤਾਨ ਦਾ ਕੋਈ ਵੀ ਕੰਮ ਨਸ਼ਟ ਕਰ ਸਕਦਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਯਹੋਵਾਹ ਦੇ ਰਾਜ ਅਧੀਨ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। (ਰਸੂਲਾਂ ਦੇ ਕਰਤੱਬ 17:31) ਦਿਲਾਸੇ ਭਰੇ ਸ਼ਬਦਾਂ ਨਾਲ ਬਾਈਬਲ ਆਉਣ ਵਾਲੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ: ‘ਪਰਮੇਸ਼ੁਰ ਆਪ ਮਨੁੱਖਾਂ ਦੇ ਨਾਲ ਰਹੇਗਾ ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।’​—⁠ਪਰਕਾਸ਼ ਦੀ ਪੋਥੀ 21:​3, 4. (w08 2/1)