ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
ਇਸ ਸਵਾਲ ਦਾ ਜਵਾਬ ਲੱਭਣਾ ਕਿਉਂ ਜ਼ਰੂਰੀ ਹੈ? ਭਵਿੱਖ ਬਾਰੇ ਇਨਸਾਨ ਦੀ ਸੋਚ ਉਸ ਦੇ ਵਰਤਮਾਨ ਜੀਵਨ ਉੱਤੇ ਅਸਰ ਪਾਉਂਦੀ ਹੈ। ਮਿਸਾਲ ਲਈ, ਜਿਨ੍ਹਾਂ ਲੋਕਾਂ ਨੂੰ ਭਵਿੱਖ ਦੀ ਕੋਈ ਉਮੀਦ ਨਹੀਂ ਹੁੰਦੀ, ਉਹ ਸੋਚਣ ਲੱਗ ਪੈਂਦੇ ਹਨ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਅਜਿਹਾ ਨਜ਼ਰੀਆ ਰੱਖਣ ਵਾਲੇ ਲੋਕ ਅਕਸਰ ਹੱਦੋਂ ਵੱਧ ਖਾਂਦੇ-ਪੀਂਦੇ ਹਨ। ਮਨ ਦੀ ਸ਼ਾਂਤੀ ਹਾਸਲ ਕਰਨ ਦੀ ਬਜਾਇ ਉਹ ਫ਼ਿਕਰਾਂ ਵਿਚ ਹੀ ਘਿਰੇ ਰਹਿੰਦੇ ਹਨ।
ਇਹ ਗੱਲ ਬਿਲਕੁਲ ਸੱਚ ਹੈ ਕਿ ਜੇ ਸਾਡਾ ਭਵਿੱਖ ਇਨਸਾਨ ਦੇ ਹੱਥਾਂ ਵਿਚ ਛੱਡਿਆ ਜਾਵੇ, ਤਾਂ ਕਿਸੇ ਲਈ ਕੋਈ ਉਮੀਦ ਨਹੀਂ ਰਹੇਗੀ। ਸਾਡੀ ਧਰਤੀ ਦੀ ਹਵਾ, ਪਾਣੀ ਤੇ ਜ਼ਮੀਨ ਗੰਦੇ ਹੋ ਚੁੱਕੇ ਹਨ। ਨਿਊਕਲੀ ਜੰਗ ਤੇ ਅੱਤਵਾਦੀ ਹਮਲਿਆਂ ਦਾ ਖ਼ਤਰਾ ਦਿਨ-ਬ-ਦਿਨ ਵਧ ਰਿਹਾ ਹੈ। ਸੰਸਾਰ ਭਰ ਵਿਚ ਅਰਬਾਂ ਲੋਕ ਭੁੱਖ ਤੇ ਬੀਮਾਰੀਆਂ ਤੋਂ ਪੀੜਿਤ ਹਨ। ਇਸ ਦੇ ਬਾਵਜੂਦ ਵੀ ਸਾਡੇ ਕੋਲ ਉਮੀਦ ਰੱਖਣ ਦੇ ਚੰਗੇ ਕਾਰਨ ਹਨ।
ਜਦ ਕਿ ਇਨਸਾਨ ਯਕੀਨ ਨਾਲ ਇਹ ਨਹੀਂ ਕਹਿ ਸਕਦਾ ਕਿ ਭਲਕੇ ਕੀ ਹੋਵੇਗਾ, ਯਹੋਵਾਹ ਪਰਮੇਸ਼ੁਰ ਆਪਣੇ ਆਪ ਬਾਰੇ ਕਹਿੰਦਾ ਹੈ ਕਿ “ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।” (ਯਸਾਯਾਹ 46:10) ਤਾਂ ਫਿਰ ਯਹੋਵਾਹ ਸਾਡੇ ਭਵਿੱਖ ਬਾਰੇ ਕੀ ਕਹਿੰਦਾ ਹੈ?
ਬਾਈਬਲ ਕੀ ਕਹਿੰਦੀ ਹੈ
ਯਹੋਵਾਹ ਧਰਤੀ ਨੂੰ ਜਾਂ ਸਾਰੀ ਮਨੁੱਖਜਾਤੀ ਨੂੰ ਨਸ਼ਟ ਨਹੀਂ ਹੋਣ ਦੇਵੇਗਾ। ਅਸਲ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰ ਰਹੇ ਹਨ।’ (ਪਰਕਾਸ਼ ਦੀ ਪੋਥੀ 11:18) ਯਹੋਵਾਹ ਆਪਣੇ ਰਾਜ ਯਾਨੀ ਆਪਣੀ ਸਵਰਗੀ ਸਰਕਾਰ ਦੇ ਜ਼ਰੀਏ ਧਰਤੀ ਉੱਤੇ ਸਾਰੀ ਦੁਸ਼ਟਤਾ ਮੁਕਾ ਕੇ ਆਪਣੇ ਮੁਢਲੇ ਮਕਸਦ ਅਨੁਸਾਰ ਵਧੀਆ ਹਾਲਾਤ ਦੁਬਾਰਾ ਲਿਆਵੇਗਾ। (ਉਤਪਤ 1:26-31; 2:8, 9; ਮੱਤੀ 6:9, 10) ਹੇਠਾਂ ਦਿੱਤੀਆਂ ਬਾਈਬਲ ਦੀਆਂ ਆਇਤਾਂ ਸਾਨੂੰ ਭਵਿੱਖ ਦੀ ਇਕ ਝਲਕ ਦਿਖਾਉਂਦੀਆਂ ਹਨ। ਜਲਦੀ ਹੀ ਧਰਤੀ ਉੱਤੇ ਵੱਡਾ ਬਦਲਾਅ ਆਉਣ ਵਾਲਾ ਹੈ ਜਿਸ ਦਾ ਹਰੇਕ ਇਨਸਾਨ ਉੱਤੇ ਅਸਰ ਪਵੇਗਾ।
ਜ਼ਬੂਰਾਂ ਦੀ ਪੋਥੀ 46:8, 9. “ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”
ਯਸਾਯਾਹ 35:5, 6. “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।”
ਯਸਾਯਾਹ 65:21, 22. “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”
ਦਾਨੀਏਲ 2:44. “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”
ਯੂਹੰਨਾ 5:28, 29. ‘ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਯਿਸੂ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।’
ਪਰਕਾਸ਼ ਦੀ ਪੋਥੀ 21:3, 4. “ਪਰਮੇਸ਼ੁਰ . . . ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”
ਬਾਈਬਲ ਦਾ ਜਵਾਬ ਪਾ ਕੇ ਮਨ ਦੀ ਸ਼ਾਂਤੀ ਮਿਲਦੀ ਹੈ
ਕੁਝ ਲੋਕ ਸ਼ਾਇਦ ਸੋਚਣ ਕਿ ਇਹ ਸਭ ਗੱਲਾਂ ਤਾਂ ਹਵਾ ਵਿਚ ਮਹਿਲ ਬਣਾਉਣ ਦੇ ਬਰਾਬਰ ਹਨ। ਪਰ ਇਹ ਵਾਅਦੇ ਮਨੁੱਖਾਂ ਨੇ ਨਹੀਂ, ਸਗੋਂ ਪਰਮੇਸ਼ੁਰ ਨੇ ਕੀਤੇ ਹਨ। ਤੇ ਯਹੋਵਾਹ ਪਰਮੇਸ਼ੁਰ “ਝੂਠ ਬੋਲ ਨਹੀਂ ਸੱਕਦਾ।”—ਤੀਤੁਸ 1:2.
ਜੇ ਤੁਸੀਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰ ਕੇ ਉਸ ਦੇ ਨਿਯਮਾਂ ਅਨੁਸਾਰ ਜੀਓਗੇ, ਤਾਂ ਦੁਖੀ ਤੋਂ ਦੁਖੀ ਹਾਲਾਤਾਂ ਵਿਚ ਵੀ ਤੁਹਾਡੀ ਮਨ ਦੀ ਸ਼ਾਂਤੀ ਬਰਕਰਾਰ ਰਹੇਗੀ। ਲੜਾਈਆਂ, ਗ਼ਰੀਬੀ, ਬੀਮਾਰੀ ਤੇ ਬੁਢਾਪੇ ਦੀਆਂ ਮੁਸੀਬਤਾਂ ਜਾਂ ਮੌਤ ਦੀ ਸੰਭਾਵਨਾ ਵੀ ਤੁਹਾਨੂੰ ਹੱਦੋਂ ਵੱਧ ਪਰੇਸ਼ਾਨ ਨਹੀਂ ਕਰੇਗੀ। ਕਿਉਂ? ਕਿਉਂਕਿ ਤੁਹਾਨੂੰ ਪੂਰਾ ਭਰੋਸਾ ਹੋਵੇਗਾ ਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਸਾਰੀਆਂ ਬਿਪਤਾਵਾਂ ਨੂੰ ਹਟਾ ਦੇਵੇਗਾ।
ਅਜਿਹਾ ਸੁਨਹਿਰਾ ਭਵਿੱਖ ਪਾਉਣ ਲਈ ਤੁਹਾਨੂੰ ਕੀ ਕਰਨਾ ਪਵੇਗਾ? ਤੁਹਾਨੂੰ ਆਪਣੇ ਸੋਚਣ ਦਾ ਤਰੀਕਾ ਬਦਲਣਾ ਪਵੇਗਾ। ਤੁਹਾਨੂੰ ਇਹ ਸਿੱਖਣ ਦੀ ਲੋੜ ਹੈ “ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਤੁਹਾਨੂੰ ਸ਼ਾਇਦ ਹੋਰ ਸਬੂਤ ਦੀ ਲੋੜ ਹੋਵੇ ਕਿ ਬਾਈਬਲ ਦੇ ਵਾਅਦੇ ਵਾਕਈ ਭਰੋਸੇਯੋਗ ਹਨ। ਸੋ ਕਿਉਂ ਨਹੀਂ ਤੁਸੀਂ ਇਸ ਬਾਰੇ ਹੋਰ ਸਿੱਖਦੇ? ਇਸ ਵਿਚ ਤੁਹਾਡਾ ਹੀ ਭਲਾ ਹੋਵੇਗਾ ਕਿਉਂਕਿ ਇਸ ਤੋਂ ਤੁਹਾਨੂੰ ਮਨ ਦੀ ਸੱਚੀ ਸ਼ਾਂਤੀ ਮਿਲੇਗੀ। (w08 2/1)
[ਸਫ਼ੇ 8, 9 ਉੱਤੇ ਤਸਵੀਰਾਂ]
ਬਾਈਬਲ ਭਵਿੱਖ ਬਾਰੇ ਕੀ ਕਹਿੰਦੀ ਹੈ?