ਸੱਚੇ ਪਰਮੇਸ਼ੁਰ ਬਾਰੇ
ਯਿਸੂ ਤੋਂ ਸਿੱਖੋ
ਸੱਚੇ ਪਰਮੇਸ਼ੁਰ ਬਾਰੇ
ਕੀ ਪਰਮੇਸ਼ੁਰ ਦਾ ਕੋਈ ਨਾਂ ਹੈ?
ਯਿਸੂ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਉਸ ਨੇ ਕਿਹਾ, ‘ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।’ (ਮੱਤੀ 6:9) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18) ਆਪਣੇ ਚੇਲਿਆਂ ਬਾਰੇ ਗੱਲ ਕਰਦਿਆਂ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ, “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ।”—ਯੂਹੰਨਾ 17:26.
ਯਹੋਵਾਹ ਕੌਣ ਹੈ?
ਯਿਸੂ ਨੇ ਯਹੋਵਾਹ ਨੂੰ “ਸੱਚਾ ਵਾਹਿਦ ਪਰਮੇਸ਼ੁਰ” ਸੱਦਿਆ ਕਿਉਂਕਿ ਉਹ ਹੀ ਸਾਡਾ ਸਿਰਜਣਹਾਰ ਹੈ। (ਯੂਹੰਨਾ 17:3) ਯਿਸੂ ਨੇ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ?” (ਮੱਤੀ 19:4) ਯਿਸੂ ਨੇ ਇਹ ਵੀ ਕਿਹਾ ਕਿ “ਪਰਮੇਸ਼ੁਰ ਆਤਮਾ ਹੈ।” (ਯੂਹੰਨਾ 4:24) ਸੋ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ।—ਕੂਚ 33:17-20.
ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ?
ਜਦ ਕਿਸੇ ਨੇ ਯਿਸੂ ਨੂੰ ਪੁੱਛਿਆ ਕਿ ਸਭ ਤੋਂ ਵੱਡਾ ਹੁਕਮ ਕਿਹੜਾ ਹੈ, ਤਾਂ ਉਸ ਨੇ ਜਵਾਬ ਦਿੱਤਾ: “ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ। ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”—ਮਰਕੁਸ 12:28-31.
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਾਂ?
ਯਿਸੂ ਨੇ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” ਉਸ ਨੇ ਇਹ ਪਿਆਰ ਕਿਵੇਂ ਜ਼ਾਹਰ ਕੀਤਾ? ਉਸ ਨੇ ਕਿਹਾ: “ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ।” (ਯੂਹੰਨਾ 14:31) ਉਸ ਨੇ ਇਹ ਵੀ ਕਿਹਾ ਕਿ “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰਨਾ 8:29) ਅਸੀਂ ਯਹੋਵਾਹ ਬਾਰੇ ਸਿੱਖ ਕੇ ਉਸ ਨੂੰ ਖ਼ੁਸ਼ ਕਰ ਸਕਦੇ ਹਾਂ। ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦੇ ਸਮੇਂ ਯਿਸੂ ਨੇ ਕਿਹਾ ਸੀ ਕਿ ‘ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਜਾਣਨ।’—ਯੂਹੰਨਾ 17:3; 1 ਤਿਮੋਥਿਉਸ 2:4.
ਅਸੀਂ ਪਰਮੇਸ਼ੁਰ ਬਾਰੇ ਕਿਵੇਂ ਸਿੱਖ ਸਕਦੇ ਹਾਂ?
ਪਰਮੇਸ਼ੁਰ ਨੂੰ ਜਾਣਨ ਦਾ ਇਕ ਵਧੀਆ ਤਰੀਕਾ ਉਸ ਦੀਆਂ ਸ੍ਰਿਸ਼ਟ ਕੀਤੀਆਂ ਚੀਜ਼ਾਂ ਵੱਲ ਧਿਆਨ ਦੇਣਾ ਹੈ। ਮਿਸਾਲ ਦੇ ਲਈ ਯਿਸੂ ਨੇ ਕਿਹਾ: “ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” ਪੰਛੀਆਂ ਦੀ ਮਿਸਾਲ ਦੇ ਕੇ ਯਿਸੂ ਕਿਹੜਾ ਸਬਕ ਸਿਖਾ ਰਿਹਾ ਸੀ? ਇਹ ਕਿ ਸਾਨੂੰ ਰੋਜ਼ੀ-ਰੋਟੀ ਕਮਾਉਣ ਦੀ ਹੱਦੋਂ ਵੱਧ ਚਿੰਤਾ ਕਰਨ ਕਰਕੇ ਪਰਮੇਸ਼ੁਰ ਦੀ ਸੇਵਾ ਕਰਨੀ ਨਹੀਂ ਛੱਡਣੀ ਚਾਹੀਦੀ।—ਮੱਤੀ 6:26-33.
ਯਹੋਵਾਹ ਬਾਰੇ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਈਬਲ ਦਾ ਅਧਿਐਨ ਕਰਨਾ। ਯਿਸੂ ਨੇ ਪਵਿੱਤਰ ਬਾਈਬਲ ਨੂੰ “ਪਰਮੇਸ਼ੁਰ ਦਾ ਬਚਨ” ਕਿਹਾ। (ਲੂਕਾ 8:21) ਉਸ ਨੇ ਪਰਮੇਸ਼ੁਰ ਨੂੰ ਕਿਹਾ: “ਤੇਰਾ ਬਚਨ ਸਚਿਆਈ ਹੈ।”—ਯੂਹੰਨਾ 17:17; 2 ਪਤਰਸ 1:20, 21.
ਯਿਸੂ ਨੇ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਸਿੱਖਣ ਵਿਚ ਮਦਦ ਕੀਤੀ। ਇਕ ਚੇਲੇ ਨੇ ਯਿਸੂ ਬਾਰੇ ਕਿਹਾ: ‘ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ।’ (ਲੂਕਾ 24:32) ਜੇ ਅਸੀਂ ਯਹੋਵਾਹ ਬਾਰੇ ਸਿੱਖਣਾ ਹੈ, ਤਾਂ ਸਾਨੂੰ ਨਿਮਰ ਬਣਨ ਅਤੇ ਸਿੱਖਿਆ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ ਕਿ “ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ।”—ਮੱਤੀ 18:3.
ਪਰਮੇਸ਼ੁਰ ਦਾ ਗਿਆਨ ਲੈਣ ਨਾਲ ਖ਼ੁਸ਼ੀ ਕਿਉਂ ਮਿਲਦੀ ਹੈ?
ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” (ਮੱਤੀ 5:3) ਜਦ ਅਸੀਂ ਦਿਲ ਦੇ ਗ਼ਰੀਬ ਬਣ ਕੇ ਯਹੋਵਾਹ ਬਾਰੇ ਸਿੱਖਦੇ ਹਾਂ, ਤਾਂ ਉਹ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਸਾਡੀ ਮਦਦ ਕਰਦਾ ਹੈ। ਯਹੋਵਾਹ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਉਂਦਾ ਹੈ। ਯਿਸੂ ਨੇ ਕਿਹਾ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28; ਯਸਾਯਾਹ 11:9. (w08 2/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਪਹਿਲਾ ਅਧਿਆਇ ਦੇਖੋ। *
[ਫੁਟਨੋਟ]
^ ਪੈਰਾ 17 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 12 ਉੱਤੇ ਤਸਵੀਰ]
“ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ।”—ਯੂਹੰਨਾ 17:26
[ਸਫ਼ੇ 12, 13 ਉੱਤੇ ਤਸਵੀਰਾਂ]
ਅਸੀਂ ਸ੍ਰਿਸ਼ਟੀ ਅਤੇ ਬਾਈਬਲ ਤੋਂ ਯਹੋਵਾਹ ਬਾਰੇ ਸਿੱਖ ਸਕਦੇ ਹਾਂ