Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਉਹ ਮਦਦ ਕਰਨੀ ਚਾਹੁੰਦੀ ਸੀ

ਉਹ ਮਦਦ ਕਰਨੀ ਚਾਹੁੰਦੀ ਸੀ

ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬਹੁਤ ਬੀਮਾਰ ਸੀ?— ਕੀ ਤੁਸੀਂ ਉਸ ਦੀ ਮਦਦ ਕਰਨੀ ਚਾਹੁੰਦੇ ਸੀ?— ਜੇ ਉਹ ਕਿਸੇ ਪਰਾਏ ਦੇਸ਼ ਦਾ ਰਹਿਣ ਵਾਲਾ ਹੁੰਦਾ ਜਾਂ ਕਿਸੇ ਹੋਰ ਧਰਮ ਦਾ ਹੁੰਦਾ, ਤਾਂ ਕੀ ਤੁਸੀਂ ਉਦੋਂ ਵੀ ਉਸ ਦੀ ਮਦਦ ਕਰਦੇ?— ਲਗਭਗ 3,000 ਸਾਲ ਪਹਿਲਾਂ ਇਕ ਇਸਰਾਏਲੀ ਕੁੜੀ ਨੇ ਇਸੇ ਤਰ੍ਹਾਂ ਕਿਸੇ ਬੀਮਾਰ ਦੀ ਮਦਦ ਕੀਤੀ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਮਦਦ ਕਿਵੇਂ ਕੀਤੀ।

ਇਹ ਕੁੜੀ ਇਸਰਾਏਲ ਦੀ ਰਹਿਣ ਵਾਲੀ ਸੀ। ਇਸਰਾਏਲ ਅਤੇ ਗੁਆਂਢੀ ਦੇਸ਼ ਅਰਾਮ (ਸੀਰੀਆ) ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। (1 ਰਾਜਿਆਂ 22:1) ਇਕ ਦਿਨ ਸੀਰੀਆ ਦੀਆਂ ਫ਼ੌਜਾਂ ਨੇ ਇਸਰਾਏਲ ਉੱਤੇ ਹਮਲਾ ਕੀਤਾ ਅਤੇ ਉਹ ਇਸ ਛੋਟੀ ਕੁੜੀ ਨੂੰ ਚੁੱਕ ਕੇ ਲੈ ਗਏ। ਸੀਰੀਆ ਵਿਚ ਉਹ ਸੈਨਾਪਤੀ ਨਅਮਾਨ ਦੀ ਪਤਨੀ ਦੀ ਨੌਕਰਾਣੀ ਬਣ ਗਈ। ਨਅਮਾਨ ਨੂੰ ਕੋੜ੍ਹ ਦੀ ਬੀਮਾਰੀ ਲੱਗੀ ਹੋਈ ਸੀ। ਕੋੜ੍ਹ ਕਾਰਨ ਬੰਦੇ ਦਾ ਸਰੀਰ ਗਲਣ ਲੱਗ ਪੈਂਦਾ ਹੈ।

ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਦੱਸਿਆ ਕਿ ਉਸ ਦਾ ਪਤੀ ਠੀਕ ਹੋ ਸਕਦਾ ਸੀ। ਉਸ ਨੇ ਕਿਹਾ: ‘ਜੇ ਨਅਮਾਨ ਸਾਮਰਿਯਾ ਵਿਚ ਹੁੰਦਾ, ਤਾਂ ਯਹੋਵਾਹ ਦਾ ਨਬੀ ਅਲੀਸ਼ਾ ਉਸ ਦਾ ਕੋੜ੍ਹ ਚੰਗਾ ਕਰ ਦਿੰਦਾ।’ ਇਸ ਕੁੜੀ ਨੇ ਇੰਨੇ ਜੋਸ਼ ਨਾਲ ਅਲੀਸ਼ਾ ਬਾਰੇ ਗੱਲ ਕੀਤੀ ਕਿ ਨਅਮਾਨ ਨੂੰ ਵਿਸ਼ਵਾਸ ਹੋ ਗਿਆ ਕਿ ਅਲੀਸ਼ਾ ਨਬੀ ਉਸ ਦੀ ਮਦਦ ਕਰ ਸਕਦਾ ਸੀ। ਸੋ ਸੀਰੀਆ ਦੇ ਰਾਜੇ ਬਨ-ਹਦਦ ਦੀ ਇਜਾਜ਼ਤ ਨਾਲ ਨਅਮਾਨ ਅਤੇ ਉਸ ਦੇ ਕੁਝ ਟਹਿਲੂਆਂ ਨੇ ਅਲੀਸ਼ਾ ਨੂੰ ਮਿਲਣ ਲਈ ਲਗਭਗ 150 ਕਿਲੋਮੀਟਰ ਲੰਮਾ ਸਫ਼ਰ ਤੈ ਕੀਤਾ।

ਪਹਿਲਾਂ ਉਹ ਇਸਰਾਏਲ ਦੇ ਰਾਜਾ ਯਹੋਰਾਮ ਕੋਲ ਗਏ। ਨਅਮਾਨ ਨੇ ਉਸ ਨੂੰ ਰਾਜਾ ਬਨ-ਹਦਦ ਦੀ ਚਿੱਠੀ ਦਿਖਾਈ ਜਿਸ ਵਿਚ ਨਅਮਾਨ ਦੀ ਮਦਦ ਕਰਨ ਦੀ ਅਰਜ਼ ਕੀਤੀ ਗਈ ਸੀ। ਲੇਕਿਨ ਯਹੋਰਾਮ ਨਾ ਤਾਂ ਯਹੋਵਾਹ ਅਤੇ ਨਾ ਹੀ ਉਸ ਦੇ ਨਬੀ ਅਲੀਸ਼ਾ ਵਿਚ ਵਿਸ਼ਵਾਸ ਰੱਖਦਾ ਸੀ। ਉਸ ਨੇ ਸੋਚਿਆ ਕਿ ਬਨ-ਹਦਦ ਉਸ ਨਾਲ ਲੜਾਈ ਕਰਨੀ ਚਾਹੁੰਦਾ ਸੀ। ਜਦ ਅਲੀਸ਼ਾ ਨੂੰ ਇਸ ਬਾਰੇ ਪਤਾ ਚੱਲਿਆ, ਤਾਂ ਉਸ ਨੇ ਰਾਜਾ ਯਹੋਰਾਮ ਨੂੰ ਬੇਨਤੀ ਕੀਤੀ: “ਉਹ ਨੂੰ ਮੇਰੇ ਕੋਲ ਆਉਣ ਦੇਹ।” ਨਅਮਾਨ ਦਾ ਕੋੜ੍ਹ ਠੀਕ ਕਰ ਕੇ ਅਲੀਸ਼ਾ ਯਹੋਵਾਹ ਦੀ ਸ਼ਕਤੀ ਦਿਖਾਉਣੀ ਚਾਹੁੰਦਾ ਸੀ।—2 ਰਾਜਿਆਂ 5:1-8.

ਜਦ ਨਅਮਾਨ ਆਪਣੇ ਰਥ ’ਤੇ ਸਵਾਰ ਹੋ ਕੇ ਅਲੀਸ਼ਾ ਦੇ ਘਰ ਪਹੁੰਚਿਆ, ਤਾਂ ਅਲੀਸ਼ਾ ਨੇ ਆਪਣੇ ਟਹਿਲੂਏ ਰਾਹੀਂ ਉਸ ਨੂੰ ਇਕ ਸੁਨੇਹਾ ਦਿੱਤਾ। ਟਹਿਲੂਏ ਨੇ ਕਿਹਾ: ‘ਯਰਦਨ ਵਿੱਚ ਸੱਤ ਚੁੱਭੀਆਂ ਮਾਰ ਤਾਂ ਤੇਰਾ ਸਰੀਰ ਸ਼ੁੱਧ ਹੋ ਜਾਵੇਗਾ।’ ਟਹਿਲੂਏ ਨੂੰ ਦੇਖ ਕੇ ਨਅਮਾਨ ਨੂੰ ਗੁੱਸਾ ਚੜ੍ਹ ਗਿਆ ਕਿਉਂਕਿ ਉਹ ਨੂੰ ਲੱਗਾ ਕਿ ਅਲੀਸ਼ਾ ਬਾਹਰ ਆ ਕੇ ਉਸ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹ ਨੂੰ ਚੰਗਾ ਕਰੇਗਾ। ਸੋ ਗੁੱਸੇ ਨਾਲ ਭਰਿਆ ਨਅਮਾਨ ਘਰ ਵਾਪਸ ਜਾਣਾ ਚਾਹੁੰਦਾ ਸੀ।—2 ਰਾਜਿਆਂ 5:9-12.

ਜੇ ਤੁਸੀਂ ਨਅਮਾਨ ਦੇ ਸੇਵਕ ਹੁੰਦੇ, ਤਾਂ ਤੁਸੀਂ ਕੀ ਕਰਦੇ?— ਉਸ ਦੇ ਸੇਵਕਾਂ ਨੇ ਉਸ ਨੂੰ ਪੁੱਛਿਆ: “ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।” (2 ਰਾਜਿਆਂ 5:13, ERV ) ਨਅਮਾਨ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ “ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਉਹ ਦੀ ਦੇਹ ਿਨੱਕੇ ਬਾਲਕ ਦੀ ਦੇਹ ਵਰਗੀ ਸਾਫ ਹੋ ਗਈ।”

ਇਸ ਤੋਂ ਬਾਅਦ ਨਅਮਾਨ ਅਲੀਸ਼ਾ ਕੋਲ ਵਾਪਸ ਗਿਆ ਤੇ ਉਸ ਨੂੰ ਕਿਹਾ: “ਵੇਖ, ਮੈਂ ਜਾਣਦਾ ਹਾਂ ਕਿ ਇਸਰਾਏਲ ਤੋਂ ਬਿਨਾ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ।” ਉਸ ਨੇ ਵਾਅਦਾ ਕੀਤਾ ਕਿ ਉਹ “ਹੁਣ ਤੋਂ ਲੈ ਕੇ ਯਹੋਵਾਹ ਤੋਂ ਬਿਨਾ ਹੋਰ ਕਿਸੇ ਦਿਓਤੇ ਦੇ ਅੱਗੇ ਨਾ ਤਾਂ ਹੋਮ ਦੀ ਬਲੀ ਤੇ ਨਾ ਭੇਟ ਚੜ੍ਹਾਵੇਗਾ।”—2 ਰਾਜਿਆਂ 5:14-17.

ਕੀ ਤੁਸੀਂ ਵੀ ਉਸ ਛੋਟੀ ਕੁੜੀ ਵਾਂਗ ਯਹੋਵਾਹ ਅਤੇ ਉਸ ਦੇ ਕੰਮਾਂ ਬਾਰੇ ਸਿੱਖਣ ਵਿਚ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ?— ਜਦੋਂ ਯਿਸੂ ਮਸੀਹ ਧਰਤੀ ’ਤੇ ਸੀ, ਉਦੋਂ ਇਕ ਕੋੜ੍ਹੀ ਜੋ ਉਸ ਵਿਚ ਵਿਸ਼ਵਾਸ ਰੱਖਦਾ ਸੀ, ਨੇ ਉਸ ਨੂੰ ਇਹ ਕਿਹਾ: “ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਕੀ ਤੁਹਾਨੂੰ ਪਤਾ ਹੈ ਕਿ ਯਿਸੂ ਨੇ ਕੀ ਜਵਾਬ ਦਿੱਤਾ ਸੀ?— ਯਿਸੂ ਨੇ ਜਵਾਬ ਦਿੱਤਾ: “ਮੈਂ ਚਾਹੁੰਦਾ ਹਾਂ।” ਯਿਸੂ ਨੇ ਉਸ ਨੂੰ ਠੀਕ ਕੀਤਾ ਜਿਵੇਂ ਯਹੋਵਾਹ ਨੇ ਨਅਮਾਨ ਨੂੰ ਠੀਕ ਕੀਤਾ ਸੀ।—ਮੱਤੀ 8:2, 3.

ਕੀ ਤੁਸੀਂ ਯਹੋਵਾਹ ਦੀ ਨਵੀਂ ਦੁਨੀਆਂ ਬਾਰੇ ਜਾਣਦੇ ਹੋ ਜਿੱਥੇ ਸਾਰੇ ਜਣੇ ਸਿਹਤਮੰਦ ਹੋਣਗੇ ਅਤੇ ਹਮੇਸ਼ਾ ਲਈ ਜੀਣਗੇ?— (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਯਕੀਨਨ ਤੁਸੀਂ ਇਨ੍ਹਾਂ ਬਰਕਤਾਂ ਬਾਰੇ ਦੂਜਿਆਂ ਨੂੰ ਵੀ ਦੱਸਣਾ ਚਾਹੋਗੇ। (w08 6/1)