ਉਹ ਸਾਡਾ ਦਰਦ ਸਮਝਦਾ ਹੈ
ਪਰਮੇਸ਼ੁਰ ਨੂੰ ਜਾਣੋ
ਉਹ ਸਾਡਾ ਦਰਦ ਸਮਝਦਾ ਹੈ
ਇਕ ਵਫ਼ਾਦਾਰ ਸੇਵਕ ਨੇ ਹਮਦਰਦੀ ਬਾਰੇ ਕਿਹਾ: “ਹਮਦਰਦੀ ਦਾ ਮਤਲਬ ਹੈ ਤੇਰਾ ਦਰਦ ਮੇਰੇ ਦਿਲ ਵਿਚ।” ਯਹੋਵਾਹ ਨੇ ਹਮਦਰਦੀ ਦਿਖਾਉਣ ਵਿਚ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਉਹ ਸਾਡਾ ਦਰਦ ਮਹਿਸੂਸ ਕਰਦਾ ਹੈ। ਅਸੀਂ ਇਹ ਪੂਰੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਯਹੋਵਾਹ ਦੀ ਹਮਦਰਦੀ ਦਾ ਸਬੂਤ ਯਿਸੂ ਤੋਂ ਮਿਲਦਾ ਹੈ। ਧਰਤੀ ਉੱਤੇ ਰਹਿੰਦਿਆਂ ਉਸ ਨੇ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਹਮਦਰਦੀ ਦਿਖਾਈ ਸੀ। (ਯੂਹੰਨਾ 5:19) ਮਿਸਾਲ ਲਈ, ਯੂਹੰਨਾ 11:33-35 ਵਿਚ ਦੱਸੀ ਗਈ ਘਟਨਾ ਵੱਲ ਧਿਆਨ ਦਿਓ।
ਯਿਸੂ ਦੇ ਦੋਸਤ ਲਾਜ਼ਰ ਦੀ ਅਚਾਨਕ ਮੌਤ ਹੋਣ ਤੇ ਯਿਸੂ ਉਹ ਦੇ ਪਿੰਡ ਗਿਆ। ਲਾਜ਼ਰ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਸੋਗ ਵਿਚ ਡੁੱਬੀਆਂ ਹੋਈਆਂ ਸਨ। ਯਿਸੂ ਇਸ ਪਰਿਵਾਰ ਨਾਲ ਬਹੁਤ ਪ੍ਰੇਮ ਰੱਖਦਾ ਸੀ। (ਯੂਹੰਨਾ 11:5) ਯਿਸੂ ਨੇ ਉਨ੍ਹਾਂ ਨਾਲ ਹਮਦਰਦੀ ਕਿਵੇਂ ਦਿਖਾਈ? ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਜਾਂ ਯਿਸੂ ਨੇ [ਮਰਿਯਮ] ਨੂੰ ਰੋਂਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ। ਯਿਸੂ ਰੋਇਆ।” (ਯੂਹੰਨਾ 11:33-35) ਯਿਸੂ ਕਿਉਂ ਰੋਇਆ ਸੀ? ਇਹ ਸੱਚ ਹੈ ਕਿ ਯਿਸੂ ਦਾ ਮਿੱਤਰ ਲਾਜ਼ਰ ਮਰ ਗਿਆ ਸੀ। ਪਰ ਯਿਸੂ ਉਸ ਨੂੰ ਥੋੜ੍ਹੇ ਸਮੇਂ ਬਾਅਦ ਫਿਰ ਤੋਂ ਜੀਉਂਦਾ ਕਰਨ ਵਾਲਾ ਸੀ। (ਯੂਹੰਨਾ 11:41-44) ਕੀ ਯਿਸੂ ਕਿਸੇ ਹੋਰ ਗੱਲ ਕਰਕੇ ਵੀ ਰੋਇਆ ਸੀ?
ਉੱਤੇ ਦਿੱਤੇ ਸ਼ਬਦਾਂ ਵੱਲ ਫਿਰ ਤੋਂ ਧਿਆਨ ਦਿਓ। ਜਦ ਯਿਸੂ ਨੇ ਮਰਿਯਮ ਅਤੇ ਹੋਰਨਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ “ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਇੱਥੇ ਵਰਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦ ਡੂੰਘੀਆਂ ਭਾਵਨਾਵਾਂ ਵੱਲ ਸੰਕੇਤ ਕਰਦੇ ਹਨ। * ਹਾਂ, ਹੋਰਨਾਂ ਨੂੰ ਰੋਂਦਿਆਂ ਦੇਖ ਕੇ ਯਿਸੂ ਨੂੰ ਇੰਨਾ ਦੁੱਖ ਹੋਇਆ ਕਿ ਉਸ ਦੀਆਂ ਅੱਖਾਂ ਭਰ ਆਈਆਂ। ਕੀ ਤੁਸੀਂ ਵੀ ਕਦੇ ਆਪਣੇ ਕਿਸੇ ਅਜ਼ੀਜ਼ ਦਾ ਰੋਣਾ ਦੇਖ ਕੇ ਰੋਏ ਹੋ?—ਰੋਮੀਆਂ 12:15.
ਯਿਸੂ ਦੀ ਹਮਦਰਦੀ ਦੇਖ ਕੇ ਅਸੀਂ ਉਸ ਦੇ ਪਿਤਾ ਯਹੋਵਾਹ ਦੇ ਗੁਣਾਂ ਬਾਰੇ ਸਿੱਖਦੇ ਹਾਂ। ਯਿਸੂ ਵਿਚ ਹੂ-ਬਹੂ ਪਰਮੇਸ਼ੁਰ ਵਰਗੇ ਗੁਣ ਸਨ, ਇਸ ਲਈ ਉਹ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਸੋ ਜਦ ਅਸੀਂ ਪੜ੍ਹਦੇ ਹਾਂ ਕਿ “ਯਿਸੂ ਰੋਇਆ,” ਤਾਂ ਅਸੀਂ ਪੱਕਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਯਹੋਵਾਹ ਵੀ ਆਪਣੇ ਇਕ-ਇਕ ਸੇਵਕ ਦਾ ਦੁੱਖ ਮਹਿਸੂਸ ਕਰਦਾ ਹੈ। ਹੋਰਨਾਂ ਬਾਈਬਲ ਲਿਖਾਰੀਆਂ ਨੇ ਵੀ ਇਸ ਹਕੀਕਤ ਬਾਰੇ ਦੱਸਿਆ ਹੈ। (ਯਸਾਯਾਹ 63:9; ਜ਼ਕਰਯਾਹ 2:8) ਯਹੋਵਾਹ ਕਿੰਨਾ ਦਿਆਲੂ ਪਰਮੇਸ਼ੁਰ ਹੈ!
ਹਮਦਰਦੀ ਦਿਖਾਉਣ ਵਾਲੇ ਲੋਕਾਂ ਵੱਲ ਅਸੀਂ ਖਿੱਚੇ ਜਾਂਦੇ ਹਾਂ। ਜਦ ਅਸੀਂ ਹਿੰਮਤ ਹਾਰ ਬੈਠਦੇ ਹਾਂ ਜਾਂ ਡਿਪ੍ਰੈਸ ਹੋ ਜਾਂਦੇ ਹਾਂ, ਤਾਂ ਅਸੀਂ ਉਨ੍ਹਾਂ ਲੋਕਾਂ ਵੱਲ ਖਿੱਚੇ ਜਾਂਦੇ ਹਾਂ ਜੋ ਸਾਡੇ ਹਾਲਾਤਾਂ ਨੂੰ ਸਮਝਦੇ ਹਨ ਅਤੇ ਸਾਡਾ ਦੁੱਖ ਮਹਿਸੂਸ ਕਰਦੇ ਹਨ। ਇਸ ਤੋਂ ਵੀ ਵੱਧ ਅਸੀਂ ਯਹੋਵਾਹ ਵੱਲ ਖਿੱਚੇ ਜਾਂਦੇ ਹਾਂ ਕਿਉਂਕਿ ਉਹ ਇਕ ਹਮਦਰਦ ਪਰਮੇਸ਼ੁਰ ਹੈ ਜੋ ਵਾਕਈ ਜਾਣਦਾ ਹੈ ਕਿ ਸਾਡੇ ਉੱਤੇ ਕੀ ਬੀਤਦੀ ਹੈ ਅਤੇ ਅਸੀਂ ਦੁੱਖ ਦੇ ਹੰਝੂ ਕਿਉਂ ਵਹਾਉਂਦੇ ਹਾਂ!—ਜ਼ਬੂਰਾਂ ਦੀ ਪੋਥੀ 56:8. (w08 5/1)
[ਫੁਟਨੋਟ]
^ ਪੈਰਾ 3 ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਰੋਇਆ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਚੁੱਪ-ਚਾਪ ਰੋਣਾ। ਲੇਕਿਨ ਮਰਿਯਮ ਅਤੇ ਦੂਜੇ ਸੋਗੀਆਂ ਦੇ ਰੋਣੇ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਅਕਸਰ “ਉੱਚੀ-ਉੱਚੀ ਰੋਣ ਜਾਂ ਕੀਰਨੇ ਪਾਉਣ” ਵੱਲ ਸੰਕੇਤ ਕਰਦਾ ਹੈ।