ਕੀ ਨੂਹ ਦੇ ਜ਼ਮਾਨੇ ਵਿਚ ਵਾਕਈ ਸਾਰੀ ਧਰਤੀ ’ਤੇ ਜਲ-ਪਰਲੋ ਆਈ ਸੀ?
ਪਾਠਕਾਂ ਦੇ ਸਵਾਲ
ਕੀ ਨੂਹ ਦੇ ਜ਼ਮਾਨੇ ਵਿਚ ਵਾਕਈ ਸਾਰੀ ਧਰਤੀ ’ਤੇ ਜਲ-ਪਰਲੋ ਆਈ ਸੀ?
ਇਹ ਜਲ-ਪਰਲੋ 4,000 ਕੁ ਸਾਲ ਪਹਿਲਾਂ ਆਈ ਸੀ। ਸੋ ਅੱਜ ਕੋਈ ਚਸ਼ਮਦੀਦ ਗਵਾਹ ਨਹੀਂ ਹੈ ਜੋ ਸਾਨੂੰ ਦੱਸ ਸਕੇ ਕਿ ਇਹ ਪਰਲੋ ਵਾਕਈ ਸਾਰੀ ਧਰਤੀ ਉੱਤੇ ਆਈ ਸੀ ਜਾਂ ਕਿਸੇ ਇਕ ਇਲਾਕੇ ਵਿਚ। ਲੇਕਿਨ ਇਸ ਪਰਲੋ ਦਾ ਇਕ ਲਿਖਤੀ ਰਿਕਾਰਡ ਮੌਜੂਦ ਹੈ ਜਿਸ ਵਿਚ ਦੱਸਿਆ ਹੈ ਕਿ ਇਸ ਜਲ-ਪਰਲੋ ਵਿਚ ਉਸ ਸਮੇਂ ਦੇ ਸਭ ਤੋਂ ਉੱਚੇ ਪਹਾੜ ਵੀ ਡੁੱਬ ਗਏ ਸਨ।
ਇਸ ਇਤਿਹਾਸਕ ਰਿਕਾਰਡ ਵਿਚ ਅਸੀਂ ਪੜ੍ਹਦੇ ਹਾਂ: “ਪਰਲੋ ਚਾਲੀ ਦਿਨ ਧਰਤੀ ਉੱਤੇ ਰਹੀ ਅਤੇ . . . ਧਰਤੀ ਦੇ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ। ਉਨ੍ਹਾਂ ਤੋਂ ਪੰਦਰਾਂ ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢਕੇ ਗਏ।”—ਉਤਪਤ 7:17-20.
ਕਈਆਂ ਦਾ ਵਿਚਾਰ ਹੈ ਕਿ ਜਲ-ਪਰਲੋ ਦਾ ਇਹ ਬਿਰਤਾਂਤ ਕੇਵਲ ਇਕ ਮਨ-ਘੜਤ ਕਹਾਣੀ ਹੈ ਜਾਂ ਇਸ ਨੂੰ ਵਧਾ-ਚੜ੍ਹਾ ਕੇ ਦੱਸਿਆ ਗਿਆ ਹੈ। ਪਰ ਇਹ ਵਿਚਾਰ ਗ਼ਲਤ ਹੈ। ਹਕੀਕਤ ਤਾਂ ਇਹ ਹੈ ਕਿ ਧਰਤੀ ਕਾਫ਼ੀ ਹੱਦ ਤਕ ਅੱਜ ਵੀ ਪਾਣੀ ਵਿਚ ਡੁੱਬੀ ਹੋਈ ਹੈ। ਧਰਤੀ ਦਾ 71 ਪ੍ਰਤਿਸ਼ਤ ਹਿੱਸਾ ਸਮੁੰਦਰ ਹੇਠ ਹੈ। ਸੋ ਅਸਲ ਵਿਚ ਜਲ-ਪਰਲੋ ਦਾ ਪਾਣੀ ਅਜੇ ਵੀ ਧਰਤੀ ਉੱਤੇ ਮੌਜੂਦ ਹੈ। ਜੇਕਰ ਦੁਨੀਆਂ ਭਰ ਦੇ ਗਲੇਸ਼ੀਅਰ ਅਤੇ ਉੱਤਰੀ ਤੇ ਦੱਖਣੀ ਧਰੁਵਾਂ ਦੀ ਸਾਰੀ ਬਰਫ਼ ਪਿਘਲ ਜਾਵੇ, ਤਾਂ ਸਮੁੰਦਰ ਵਿਚ ਪਾਣੀ ਇੰਨਾ ਵਧ ਜਾਵੇਗਾ ਕਿ ਨਿਊਯਾਰਕ ਅਤੇ ਟੋਕੀਓ ਵਰਗੇ ਸ਼ਹਿਰ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਜਾਣਗੇ।
ਅਮਰੀਕਾ ਦੇ ਉੱਤਰ-ਪੱਛਮੀ ਇਲਾਕੇ ਵਿਚ ਜ਼ਮੀਨ ਦਾ ਅਧਿਐਨ ਕਰਨ ਵਾਲੇ ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਾਚੀਨ ਕਾਲ ਵਿਚ ਉਸ ਇਲਾਕੇ ਵਿਚ ਲਗਭਗ 100 ਭਿਆਨਕ ਹੜ੍ਹ ਆਏ ਸਨ। ਉਹ ਮੰਨਦੇ ਹਨ ਕਿ ਇਕ ਹੜ੍ਹ ਦੌਰਾਨ ਤਾਂ ਪਾਣੀ 2,000 ਫੁੱਟ (600 ਮੀਟਰ) ਉੱਚਾ ਸੀ। 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਹਿੰਦੇ ਹੋਏ ਇਸ ਨੇ ਪੂਰੇ ਇਲਾਕੇ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਇਸੇ ਤਰ੍ਹਾਂ ਦੀਆਂ ਕਈ ਖੋਜਾਂ ਕਰਕੇ ਸਾਇੰਸਦਾਨ ਇਹ ਮੰਨਣ ਲਈ ਮਜਬੂਰ ਹੋਏ ਹਨ ਕਿ ਸ਼ਾਇਦ ਕਿਸੇ ਸਮੇਂ ਵਾਕਈ ਹੀ ਸਾਰੀ ਦੁਨੀਆਂ ਵਿਚ ਜਲ-ਪਰਲੋ ਆਈ ਸੀ।
ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਮੰਨਣ ਵਾਲੇ ਲੋਕਾਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਹੈ ਕਿ ਨੂਹ ਦੇ ਦਿਨਾਂ ਵਿਚ ਜਲ-ਪਰਲੋ ਆਈ ਸੀ। ਯਿਸੂ ਨੇ ਪਰਮੇਸ਼ੁਰ ਨੂੰ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਪੌਲੁਸ ਰਸੂਲ ਨੇ ਲਿਖਿਆ ਕਿ ਪਰਮੇਸ਼ੁਰ ਦੀ ਇਹ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਜੇਕਰ ਪਰਮੇਸ਼ੁਰ ਦੇ ਬਚਨ ਵਿਚ ਮਨ-ਘੜਤ ਕਹਾਣੀਆਂ ਲਿਖੀਆਂ ਹੁੰਦੀਆਂ, ਤਾਂ ਪੌਲੁਸ ਦੂਸਰਿਆਂ ਨੂੰ ਸੱਤ ਦਾ ਗਿਆਨ ਕਿਵੇਂ ਦਿੰਦਾ?
ਯਿਸੂ ਨੂੰ ਪੱਕਾ ਵਿਸ਼ਵਾਸ ਸੀ ਕਿ ਜਲ-ਪਰਲੋ ਇਕ ਹਕੀਕਤ ਸੀ ਅਤੇ ਇਹ ਪਰਲੋ ਸਾਰੀ ਦੁਨੀਆਂ ਵਿਚ ਆਈ ਸੀ। ਉਸ ਨੇ ਜਗਤ ਦੇ ਅੰਤ ਦੇ ਸਮੇਂ ਦੀ ਤੁਲਨਾ ਨੂਹ ਦੇ ਦਿਨਾਂ ਨਾਲ ਕੀਤੀ। (ਮੱਤੀ 24:37-39) ਪਤਰਸ ਰਸੂਲ ਨੇ ਵੀ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਬਾਰੇ ਇਹ ਲਿਖਿਆ ਸੀ: “ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।”—2 ਪਤਰਸ 3:6.
ਜੇਕਰ ਨੂਹ ਅਤੇ ਜਲ-ਪਰਲੋ ਕੇਵਲ ਮਿਥਿਹਾਸ ਹਨ, ਤਾਂ ਅੰਤ ਦੇ ਦਿਨਾਂ ਬਾਰੇ ਪਤਰਸ ਅਤੇ ਯਿਸੂ ਦੀਆਂ ਚੇਤਾਵਨੀਆਂ ਕੋਈ ਮਾਅਨੇ ਨਾ ਰੱਖਦੀਆਂ। ਸਾਵਧਾਨ ਹੋਣ ਦੀ ਬਜਾਇ ਅੰਤ ਦੇ ਦਿਨਾਂ ਵਿਚ ਜੀ ਰਹੇ ਚੇਲੇ ਸੋਚਦੇ ਕਿ ਜਲ-ਪਰਲੋ ਦੀ ਮਨ-ਘੜਤ ਕਹਾਣੀ ਵਾਂਗ ਸ਼ਾਇਦ ਇਹ ਚੇਤਾਵਨੀਆਂ ਵੀ ਝੂਠ ਹੀ ਹਨ। ਨਤੀਜੇ ਵਜੋਂ ਉਹ ਜਲ-ਪਰਲੋ ਨਾਲੋਂ ਵੀ ਭਿਆਨਕ ਵੱਡੇ ਕਸ਼ਟ ਵਿੱਚੋਂ ਬਚਣ ਲਈ ਜ਼ਰੂਰੀ ਕਦਮ ਨਾ ਚੁੱਕਦੇ।—2 ਪਤਰਸ 3:1-7.
ਆਪਣੀ ਅਪਾਰ ਕਿਰਪਾ ਬਾਰੇ ਗੱਲ ਕਰਦਿਆਂ ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ ਕਿਹਾ: “ਜਿਵੇਂ ਮੈਂ ਸੌਂਹ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਤਿਵੇਂ ਮੈਂ ਸੌਂਹ ਖਾਧੀ ਹੈ, ਕਿ ਮੈਂ ਤੇਰੇ ਉੱਤੇ ਕੋਪਵਾਨ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ।” ਜੀ ਹਾਂ, ਠੀਕ ਜਿਵੇਂ ਨੂਹ ਦੇ ਦਿਨਾਂ ਵਿਚ ਜਲ-ਪਰਲੋ ਯਕੀਨੀ ਤੌਰ ਤੇ ਆਈ ਸੀ, ਉਵੇਂ ਹੀ ਇਹ ਗੱਲ ਵੀ ਯਕੀਨੀ ਹੈ ਕਿ ਪਰਮੇਸ਼ੁਰ ਦੀ ਮਿਹਰ ਆਪਣੇ ਲੋਕਾਂ ਉੱਤੇ ਰਹੇਗੀ।—ਯਸਾਯਾਹ 54:9.
(w08 6/1)