Skip to content

Skip to table of contents

ਨੂਹ ਅਤੇ ਜਲ-ਪਰਲੋ—ਹਕੀਕਤ, ਨਾ ਕਿ ਮਨ-ਘੜਤ ਕਹਾਣੀ

ਨੂਹ ਅਤੇ ਜਲ-ਪਰਲੋ—ਹਕੀਕਤ, ਨਾ ਕਿ ਮਨ-ਘੜਤ ਕਹਾਣੀ

ਨੂਹ ਅਤੇ ਜਲ-ਪਰਲੋ​—ਹਕੀਕਤ, ਨਾ ਕਿ ਮਨ-ਘੜਤ ਕਹਾਣੀ

ਕੀ ਤੁਸੀਂ ਅਜਿਹੀ ਦੁਨੀਆਂ ਲਈ ਤਰਸਦੇ ਹੋ ਜਿਸ ਵਿਚ ਯੁੱਧ, ਜੁਰਮ ਤੇ ਅਤਿਆਚਾਰ ਨਹੀਂ ਹੋਣਗੇ ਅਤੇ ਲੋਕ ਸ਼ਾਂਤੀ ਨਾਲ ਵੱਸਣਗੇ? ਜੇ ਤਰਸਦੇ ਹੋ, ਤਾਂ ਤੁਹਾਨੂੰ ਨੂਹ ਦੇ ਇਤਿਹਾਸਕ ਬਿਰਤਾਂਤ ਤੋਂ ਜ਼ਰੂਰ ਹੌਸਲਾ ਮਿਲੇਗਾ। ਨੂਹ ਇਕ ਬਹੁਤ ਹੀ ਚੰਗਾ ਬੰਦਾ ਸੀ। ਪਰ ਉਸ ਦੇ ਜ਼ਮਾਨੇ ਦੇ ਲੋਕ ਬਹੁਤ ਹੀ ਬੁਰੇ ਸਨ। ਸੋ ਜਦੋਂ ਪਰਮੇਸ਼ੁਰ ਨੇ ਜਲ-ਪਰਲੋ ਲਿਆ ਕੇ ਬੁਰਿਆਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਨੂਹ ਨੇ ਵੱਡਾ ਸਾਰਾ ਜਹਾਜ਼ ਬਣਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਈ।

ਜਲ-ਪਰਲੋ ਦੀ ਕਹਾਣੀ ਦੁਨੀਆਂ ਭਰ ਵਿਚ ਮਸ਼ਹੂਰ ਹੈ। ਬਾਈਬਲ ਦਾ ਇਹ ਬਿਰਤਾਂਤ ਉਤਪਤ ਦੀ ਕਿਤਾਬ ਦੇ ਅਧਿਆਇ 6 ਤੋਂ 9 ਵਿਚ ਦਿੱਤਾ ਗਿਆ ਹੈ। ਕੁਰਾਨ ਸ਼ਰੀਫ਼ ਅਤੇ ਕਈ ਲੋਕ-ਕਥਾਵਾਂ ਵਿਚ ਵੀ ਜਲ-ਪਰਲੋ ਦਾ ਜ਼ਿਕਰ ਆਉਂਦਾ ਹੈ। ਕੀ ਜਲ-ਪਰਲੋ ਦੀ ਕਹਾਣੀ ਹਕੀਕਤ ਹੈ? ਜਾਂ ਕੀ ਇਹ ਕੇਵਲ ਲੋਕਾਂ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ ਦੇਣ ਵਾਲੀ ਮਨ-ਘੜਤ ਕਹਾਣੀ ਹੈ? ਧਰਮ-ਸ਼ਾਸਤਰੀਆਂ ਅਤੇ ਸਾਇੰਸਦਾਨਾਂ ਨੇ ਸਦੀਆਂ ਤੋਂ ਇਸ ਵਿਸ਼ੇ ਉੱਤੇ ਵਾਦ-ਵਿਵਾਦ ਕੀਤਾ ਹੈ। ਪਰ ਪਰਮੇਸ਼ੁਰ ਦਾ ਬਚਨ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਇਹ ਇਕ ਹਕੀਕਤ ਹੈ, ਨਾ ਕਿ ਕਹਾਣੀ। ਜ਼ਰਾ ਇਨ੍ਹਾਂ ਤੱਥਾਂ ਤੇ ਗੌਰ ਕਰੋ:

ਉਤਪਤ ਦੀ ਕਿਤਾਬ ਵਿਚ ਸਪੱਸ਼ਟ ਦੱਸਿਆ ਹੈ ਕਿ ਜਲ-ਪਰਲੋ ਕਿਹੜੇ ਸਾਲ, ਮਹੀਨੇ ਅਤੇ ਦਿਨ ਤੇ ਆਈ ਸੀ; ਜਹਾਜ਼ ਕਦੋਂ ਅਤੇ ਕਿੱਥੇ ਆ ਕੇ ਠਹਿਰਿਆ ਸੀ; ਅਤੇ ਪਰਲੋ ਦਾ ਪਾਣੀ ਕਦੋਂ ਪੂਰੀ ਤਰ੍ਹਾਂ ਸੁੱਕਿਆ ਸੀ। ਇਸ ਤੋਂ ਇਲਾਵਾ, ਬਾਈਬਲ ਵਿਚ ਜਹਾਜ਼ ਦੀ ਉਸਾਰੀ ਸੰਬੰਧੀ ਪੂਰਾ ਵੇਰਵਾ ਦਿੱਤਾ ਗਿਆ ਹੈ—ਇਹ ਕਿੰਨਾ ਕੁ ਵੱਡਾ ਸੀ, ਕਿਸ ਆਕਾਰ ਦਾ ਸੀ ਅਤੇ ਕਿਹੜੀ ਸਾਮੱਗਰੀ ਨਾਲ ਬਣਾਇਆ ਗਿਆ ਸੀ। ਮਨ-ਘੜਤ ਕਹਾਣੀਆਂ ਵਿਚ ਆਮ ਤੌਰ ਤੇ ਇੱਦਾਂ ਦੇ ਵੇਰਵੇ ਨਹੀਂ ਦਿੱਤੇ ਜਾਂਦੇ।

ਬਾਈਬਲ ਵਿਚ ਦਿੱਤੀਆਂ ਦੋ ਬੰਸਾਵਲੀਆਂ ਤੋਂ ਸਬੂਤ ਮਿਲਦਾ ਹੈ ਕਿ ਨੂਹ ਸੱਚ-ਮੁੱਚ ਹੁੰਦਾ ਸੀ। (1 ਇਤਹਾਸ 1:4; ਲੂਕਾ 3:36) ਅਜ਼ਰਾ ਅਤੇ ਲੂਕਾ ਨਾਂ ਦੇ ਭਗਤਾਂ ਨੇ ਇਹ ਬੰਸਾਵਲੀਆਂ ਤਿਆਰ ਕੀਤੀਆਂ ਸਨ ਅਤੇ ਉਹ ਦੋਨੋਂ ਮਾਹਰ ਖੋਜਕਾਰ ਸਨ। ਲੂਕਾ ਦੁਆਰਾ ਤਿਆਰ ਕੀਤੀ ਯਿਸੂ ਮਸੀਹ ਦੀ ਬੰਸਾਵਲੀ ਵਿਚ ਨੂਹ ਦਾ ਜ਼ਿਕਰ ਆਉਂਦਾ ਹੈ।

ਯਸਾਯਾਹ ਅਤੇ ਹਿਜ਼ਕੀਏਲ ਨਾਮਕ ਨਬੀਆਂ ਅਤੇ ਮਸੀਹੀ ਚੇਲੇ ਪੌਲੁਸ ਤੇ ਪਤਰਸ ਨੇ ਵੀ ਨੂਹ ਜਾਂ ਜਲ-ਪਰਲੋ ਦਾ ਜ਼ਿਕਰ ਕੀਤਾ ਸੀ।—ਯਸਾਯਾਹ 54:9; ਹਿਜ਼ਕੀਏਲ 14:14, 20; ਇਬਰਾਨੀਆਂ 11:7; 1 ਪਤਰਸ 3:19, 20; 2 ਪਤਰਸ 2:5.

ਯਿਸੂ ਮਸੀਹ ਨੇ ਜਲ-ਪਰਲੋ ਦੀ ਗੱਲ ਕਰਦਿਆਂ ਕਿਹਾ ਸੀ: “ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ। ਓਹ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕੁਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ ਕੀਤਾ।” (ਲੂਕਾ 17:26, 27) ਜੇਕਰ ਜਲ-ਪਰਲੋ ਮਨ-ਘੜਤ ਕਹਾਣੀ ਹੁੰਦੀ, ਤਾਂ ਯਿਸੂ ਦੁਆਰਾ ਇਸ ਦੀ ਤੁਲਨਾ “ਮਨੁੱਖ ਦੇ ਪੁੱਤ੍ਰ ਦੇ ਦਿਨਾਂ” ਨਾਲ ਕਰਨ ਦਾ ਕੋਈ ਮਤਲਬ ਨਹੀਂ ਸੀ ਹੋਣਾ।

ਯਿਸੂ ਦੇ ਚੇਲੇ ਪਤਰਸ ਨੇ ਭਵਿੱਖਬਾਣੀ ਕੀਤੀ ਸੀ ਕਿ “ਠੱਠਾ ਕਰਨ ਵਾਲੇ” ਲੋਕ ਬਾਈਬਲ ਦੀਆਂ ਗੱਲਾਂ ਦਾ ਮਜ਼ਾਕ ਉਡਾਉਣਗੇ। ਉਸ ਨੇ ਲਿਖਿਆ: “ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ ਭਈ . . . [ਨੂਹ ਦੇ] ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।” ਕੀ ਸਾਨੂੰ ਵੀ ਇੱਦਾਂ ਦੀ ਗ਼ਲਤੀ ਕਰਨੀ ਚਾਹੀਦੀ ਹੈ? ਨਹੀਂ, ਹਰਗਿਜ਼ ਨਹੀਂ! ਪਤਰਸ ਅੱਗੇ ਦੱਸਦਾ ਹੈ: “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।”—2 ਪਤਰਸ 3:3-7.

ਜੀ ਹਾਂ, ਪਰਮੇਸ਼ੁਰ ਫਿਰ ਤੋਂ ਬੁਰਿਆਂ ਦਾ ਨਾਸ਼ ਕਰੇਗਾ ਅਤੇ ਇਸ ਵਾਰ ਵੀ ਨਾਸ਼ ਵਿੱਚੋਂ ਚੰਗੇ ਲੋਕ ਜ਼ਰੂਰ ਬਚਣਗੇ। ਜੇ ਅਸੀਂ ਨੂਹ ਵਾਂਗ ਧਰਮੀ ਜ਼ਿੰਦਗੀ ਬਤੀਤ ਕਰਾਂਗੇ, ਤਾਂ ਅਸੀਂ ਵੀ ਆਉਣ ਵਾਲੇ ਨਾਸ਼ ਵਿੱਚੋਂ ਬਚ ਕੇ ਨਵੀਂ ਦੁਨੀਆਂ ਵਿਚ ਜੀ ਸਕਾਂਗੇ। (w08 6/1)