ਪਰਮੇਸ਼ੁਰ ਦੇ ਰਾਜ ਬਾਰੇ
ਯਿਸੂ ਤੋਂ ਸਿੱਖੋ
ਪਰਮੇਸ਼ੁਰ ਦੇ ਰਾਜ ਬਾਰੇ
ਪਰਮੇਸ਼ੁਰ ਦਾ ਰਾਜ ਕੀ ਹੈ?
ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ ਜੋ ਸਾਰੀ ਧਰਤੀ ਉੱਤੇ ਹਕੂਮਤ ਕਰੇਗੀ। ਯਿਸੂ ਨੇ ਕਿਹਾ ਸੀ: “ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, . . . ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10; ਦਾਨੀਏਲ 2:44.
ਪਰਮੇਸ਼ੁਰ ਦੇ ਰਾਜ ਦੇ ਹਾਕਮ ਕੌਣ ਹੋਣਗੇ?
ਯਿਸੂ ਪਰਮੇਸ਼ੁਰ ਦੇ ਰਾਜ ਦਾ ਹਾਕਮ ਬਣਨ ਲਈ ਧਰਤੀ ਉੱਤੇ ਪੈਦਾ ਹੋਇਆ ਸੀ। ਇਕ ਦੂਤ ਨੇ ਯਿਸੂ ਦੀ ਮਾਤਾ ਨੂੰ ਕਿਹਾ ਸੀ: ‘ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ ਤੇ ਉਹ ਰਾਜ ਕਰੇਗਾ।’ (ਲੂਕਾ 1:30-33) ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਨਾਲ ਹਕੂਮਤ ਕਰਨ ਲਈ ਕੁਝ ਚੇਲੇ ਚੁਣੇ। ਉਸ ਨੇ ਆਪਣੇ ਖ਼ਾਸ ਚੇਲਿਆਂ ਨੂੰ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:28, 29; ਦਾਨੀਏਲ 7:27) ਯਿਸੂ ਦੇ ਨਾਲ 1,44,000 ਚੇਲੇ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10; 14:1.
ਪਰਮੇਸ਼ੁਰ ਦਾ ਰਾਜ ਕਿੱਥੋਂ ਹਕੂਮਤ ਕਰੇਗਾ?
ਪਰਮੇਸ਼ੁਰ ਦਾ ਰਾਜ ਸਵਰਗ ਤੋਂ ਹਕੂਮਤ ਕਰੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜੇ ਮੈਂ ਜਾ ਕੇ ਤੁਹਾਡੇ ਲਈ [ਸਵਰਗ ਵਿਚ] ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ। . . . ਮੈਂ ਪਿਤਾ ਦੇ ਕੋਲ ਜਾਂਦਾ ਹਾਂ।”—ਯੂਹੰਨਾ 14:2, 3, 12; ਦਾਨੀਏਲ 7:13, 14.
ਪਰਮੇਸ਼ੁਰ ਦਾ ਰਾਜ ਦੁਸ਼ਟਤਾ ਬਾਰੇ ਕੀ ਕਰੇਗਾ?
ਯਿਸੂ ਧਰਤੀ ਉੱਤੋਂ ਦੁਸ਼ਟ ਲੋਕਾਂ ਨੂੰ ਮਿਟਾ ਦੇਵੇਗਾ। ਯਿਸੂ ਨੇ ਕਿਹਾ ਸੀ: “ਜਦ ਮਨੁੱਖ ਦਾ ਪੁੱਤ੍ਰ [ਯਿਸੂ] ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ . . . ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। . . . ਏਹ [ਅਧਰਮੀ] ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।”—ਮੱਤੀ 25:31-34, 46.
ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਕੌਣ ਜੀਉਣਗੇ?
ਯਿਸੂ ਨੇ ਕਿਹਾ ਸੀ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5; ਜ਼ਬੂਰਾਂ ਦੀ ਪੋਥੀ 37:29; 72:8) ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉਨ੍ਹਾਂ ਲੋਕਾਂ ਨਾਲ ਭਰੀ ਹੋਈ ਹੋਵੇਗੀ ਜੋ ਹੁਣੇ ਤੋਂ ਇਕ-ਦੂਜੇ ਨੂੰ ਪਿਆਰ ਕਰਨਾ ਸਿੱਖ ਰਹੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.
ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਕੀ ਕਰੇਗਾ?
ਯਿਸੂ ਮਨੁੱਖਜਾਤੀ ਨੂੰ ਬੀਮਾਰੀਆਂ ਤੋਂ ਰਾਜ਼ੀ ਕਰੇਗਾ। ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ “ਪਰਮੇਸ਼ੁਰ ਦੇ ਰਾਜ ਦੇ ਵਿਖੇ [ਲੋਕਾਂ] ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ।” (ਲੂਕਾ 9:11) ਮੌਤ ਤੋਂ ਜੀ ਉੱਠੇ ਯਿਸੂ ਨੂੰ ਇਕ ਦਰਸ਼ਣ ਵਿਚ ਦੇਖਣ ਤੋਂ ਬਾਅਦ ਚੇਲੇ ਯੂਹੰਨਾ ਨੇ ਕਿਹਾ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ . . . ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ . . . ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ।”—ਪਰਕਾਸ਼ ਦੀ ਪੋਥੀ 21:1-4.
ਪਰਮੇਸ਼ੁਰ ਦਾ ਰਾਜ ਇਸ ਧਰਤੀ ਨੂੰ ਇਕ ਸੁੰਦਰ ਬਾਗ਼ ਬਣਾਵੇਗਾ। ਯਿਸੂ ਨਾਲ ਸੂਲੀ ’ਤੇ ਟੰਗੇ ਗਏ ਅਪਰਾਧੀ ਨੇ ਕਿਹਾ ਸੀ ਕਿ ਯਿਸੂ ਉਸ ਨੂੰ ਯਾਦ ਰੱਖੇ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਯਾਦ ਰੱਖੇਗਾ ਅਤੇ ਸੋਹਣੀ ਧਰਤੀ ਉੱਤੇ ਉਸ ਨੂੰ ਮੁੜ ਜੀਉਂਦਾ ਕਰੇਗਾ।—ਯਸਾਯਾਹ 11:4-9. (w08 5/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਦਾ 8ਵਾਂ ਅਧਿਆਇ ਦੇਖੋ।
[ਫੁਟਨੋਟ]
^ ਪੈਰਾ 16 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।