ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ
ਪਰਮੇਸ਼ੁਰ ਨੂੰ ਜਾਣੋ
ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ
“ਹੇ ਪ੍ਰਭੂ ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ।” (ਭਜਨ 86:5, CL) ਦਿਲ ਨੂੰ ਛੋਹ ਲੈਣ ਵਾਲੇ ਇਨ੍ਹਾਂ ਸ਼ਬਦਾਂ ਨਾਲ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ। ਪਤਰਸ ਰਸੂਲ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਦਿਖਾਉਂਦੀ ਹੈ ਕਿ ਯਹੋਵਾਹ “ਅੱਤ ਦਿਆਲੂ ਹੈ।”—ਯਸਾਯਾਹ 55:7.
ਪਤਰਸ ਯਿਸੂ ਦਾ ਨਜ਼ਦੀਕੀ ਸਾਥੀ ਸੀ। ਲੇਕਿਨ ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਨੂੰ ਉਸ ਨੇ ਡਰਦੇ ਮਾਰੇ ਇਕ ਗੰਭੀਰ ਪਾਪ ਕੀਤਾ ਸੀ। ਜਿਸ ਜਗ੍ਹਾ ਯਿਸੂ ਉੱਤੇ ਝੂਠਾ ਮੁਕੱਦਮਾ ਚਲਾਇਆ ਜਾ ਰਿਹਾ ਸੀ, ਉਸ ਦੇ ਨੇੜੇ ਇਕ ਵਿਹੜੇ ਵਿਚ ਪਤਰਸ ਨੇ ਇਕ ਵਾਰੀ ਨਹੀਂ, ਸਗੋਂ ਤਿੰਨ ਵਾਰੀ ਯਿਸੂ ਦਾ ਖੁੱਲ੍ਹੇ-ਆਮ ਇਨਕਾਰ ਕੀਤਾ। ਪਤਰਸ ਦੇ ਤੀਜੀ ਵਾਰੀ ਇਨਕਾਰ ਕਰਨ ਤੇ ਯਿਸੂ ਨੇ “ਮੁੜ ਕੇ ਪਤਰਸ ਵੱਲ ਨਿਗਾਹ ਕੀਤੀ।” (ਲੂਕਾ 22:55-61) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦ ਯਿਸੂ ਨੇ ਪਤਰਸ ਵੱਲ ਨਿਗਾਹ ਕੀਤੀ ਸੀ, ਤਾਂ ਉਸ ਉੱਤੇ ਕੀ ਬੀਤੀ ਹੋਣੀ? ਆਪਣੀ ਗ਼ਲਤੀ ਦੀ ਗੰਭੀਰਤਾ ਨੂੰ ਪਛਾਣਦੇ ਹੋਏ ਪਤਰਸ “ਰੋਣ ਲੱਗਾ।” (ਮਰਕੁਸ 14:72) ਪਸ਼ਚਾਤਾਪੀ ਪਤਰਸ ਨੇ ਸ਼ਾਇਦ ਸੋਚਿਆ ਹੋਣਾ ਕਿ ਤਿੰਨ ਵਾਰੀ ਯਿਸੂ ਦਾ ਇਨਕਾਰ ਕਰਨ ਮਗਰੋਂ ਪਰਮੇਸ਼ੁਰ ਉਸ ਨੂੰ ਕਦੀ ਮਾਫ਼ ਨਹੀਂ ਕਰੇਗਾ।
ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਪਤਰਸ ਨੂੰ ਕੋਈ ਸ਼ੱਕ ਨਹੀਂ ਰਿਹਾ ਹੋਣਾ ਕਿ ਉਸ ਨੂੰ ਮਾਫ਼ ਕਰ ਦਿੱਤਾ ਗਿਆ ਸੀ। ਯਿਸੂ ਨੇ ਨਾ ਉਸ ਉੱਤੇ ਦੋਸ਼ ਲਾਇਆ ਅਤੇ ਨਾ ਹੀ ਉਸ ਨਾਲ ਗੁੱਸੇ ਹੋਇਆ। ਯਿਸੂ ਨੇ ਪਤਰਸ ਨੂੰ ਪੁੱਛਿਆ: ‘ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?’ ਪਤਰਸ ਨੇ ਉੱਤਰ ਦਿੱਤਾ: “ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।” ਯਿਸੂ ਨੇ ਜਵਾਬ ਦਿੱਤਾ: “ਮੇਰੇ ਲੇਲਿਆਂ ਨੂੰ ਚਾਰ।” ਯਿਸੂ ਨੇ ਪਹਿਲਾ ਸਵਾਲ ਫਿਰ ਪੁੱਛਿਆ ਅਤੇ ਪਤਰਸ ਨੇ ਫਿਰ ਉਹੀ ਜਵਾਬ ਦਿੱਤਾ, ਸ਼ਾਇਦ ਹੋਰ ਜੋਸ਼ ਨਾਲ। ਯਿਸੂ ਨੇ ਫਿਰ ਕਿਹਾ: “ਮੇਰੀਆਂ ਭੇਡਾਂ ਦੀ ਰੱਛਿਆ ਕਰ।” ਫਿਰ ਯਿਸੂ ਨੇ ਉਹੀ ਸਵਾਲ ਤੀਜੀ ਵਾਰ ਪੁੱਛਿਆ: “ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ?” ਹੁਣ “ਪਤਰਸ ਉਦਾਸ ਹੋਇਆ . . . ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।” ਯਿਸੂ ਨੇ ਉਹ ਨੂੰ ਕਿਹਾ: “ਮੇਰੀਆਂ ਭੇਡਾਂ ਨੂੰ ਚਾਰ।”—ਯੂਹੰਨਾ 21:15-17.
ਯਿਸੂ ਨੇ ਇਹ ਸਵਾਲ ਕਿਉਂ ਪੁੱਛੇ ਜਿਨ੍ਹਾਂ ਦਾ ਜਵਾਬ ਉਹ ਪਹਿਲਾਂ ਹੀ ਜਾਣਦਾ ਸੀ? ਯਿਸੂ ਹਰੇਕ ਦੇ ਦਿਲ ਦੀ ਗੱਲ ਜਾਣਦਾ ਹੈ ਸੋ ਉਸ ਨੂੰ ਪਤਾ ਸੀ ਕਿ ਪਤਰਸ ਉਸ ਨੂੰ ਪਿਆਰ ਕਰਦਾ ਸੀ। (ਮਰਕੁਸ 2:8) ਦਰਅਸਲ ਇਹ ਸਵਾਲ ਪੁੱਛ ਕੇ ਯਿਸੂ ਨੇ ਤਿੰਨ ਵਾਰੀ ਪਤਰਸ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਪਿਆਰ ਦਾ ਇਜ਼ਹਾਰ ਕਰੇ। ਯਿਸੂ ਦੇ ਪਤਰਸ ਨੂੰ ਕਹੇ ਸ਼ਬਦ “ਮੇਰੇ ਲੇਲਿਆਂ ਨੂੰ ਚਾਰ . . . ਮੇਰੀਆਂ ਭੇਡਾਂ ਦੀ ਰੱਛਿਆ ਕਰ . . . ਮੇਰੀਆਂ ਭੇਡਾਂ ਨੂੰ ਚਾਰ” ਨੇ ਜ਼ਰੂਰ ਪਸ਼ਚਾਤਾਪੀ ਪਤਰਸ ਦਾ ਹੌਸਲਾ ਵਧਾਇਆ ਹੋਣਾ ਕਿ ਯਿਸੂ ਹਾਲੇ ਵੀ ਉਸ ਉੱਤੇ ਭਰੋਸਾ ਰੱਖਦਾ ਸੀ। ਜ਼ਰਾ ਸੋਚੋ, ਯਿਸੂ ਪਤਰਸ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਰਿਹਾ ਸੀ ਕਿ ਉਹ ਉਸ ਦੇ ਸੇਵਕਾਂ ਦੀ ਦੇਖ-ਭਾਲ ਕਰੇ ਜੋ ਉਸ ਨੂੰ ਜਾਨ ਤੋਂ ਵੀ ਪਿਆਰੇ ਸਨ। (ਯੂਹੰਨਾ 10:14, 15) ਪਤਰਸ ਇਹ ਜਾਣ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਹ ਅਜੇ ਵੀ ਯਿਸੂ ਦੀਆਂ ਨਜ਼ਰਾਂ ਵਿਚ ਭਰੋਸੇਯੋਗ ਸੀ!
ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ। ਯਿਸੂ ਵਿਚ ਹੂ-ਬਹੂ ਪਰਮੇਸ਼ੁਰ ਵਰਗੇ ਗੁਣ ਸਨ, ਸੋ ਉਸ ਵਾਂਗ ਯਹੋਵਾਹ ਨੇ ਵੀ ਜ਼ਰੂਰ ਪਤਰਸ ਨੂੰ ਮਾਫ਼ ਕਰ ਦਿੱਤਾ ਸੀ। (ਯੂਹੰਨਾ 5:19) ਯਹੋਵਾਹ ਮਾਫ਼ ਕਰਨ ਵਿਚ ਢਿੱਲ ਨਹੀਂ ਲਾਉਂਦਾ, ਸਗੋਂ ਉਹ ਪਸ਼ਚਾਤਾਪੀ ਪਾਪੀਆਂ ਲਈ ਇਕ ਦਿਆਲੂ ਅਤੇ “ਮਾਫ਼ ਕਰਨ ਵਾਲਾ” ਪਰਮੇਸ਼ੁਰ ਹੈ। ਸਾਨੂੰ ਇਸ ਗੱਲ ਤੋਂ ਕਿੰਨਾ ਹੌਸਲਾ ਮਿਲਦਾ ਹੈ! (w08 6/1)