ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲਬਾਤ ਕਿਵੇਂ ਕਰੀਏ
“ਪਹਿਲਾਂ ਆਪਣੇ ਪੁੱਤ ਨਾਲ ਗੱਲ ਕਰਨੀ ਸੌਖੀ ਹੁੰਦੀ ਸੀ, ਪਰ ਹੁਣ ਉਹ 16 ਸਾਲਾਂ ਦਾ ਹੋ ਗਿਆ ਹੈ ਅਤੇ ਮੈਨੂੰ ਤੇ ਮੇਰੇ ਪਤੀ ਨੂੰ ਉਸ ਨਾਲ ਗੱਲ ਕਰਨੀ ਬਹੁਤ ਔਖੀ ਲੱਗਦੀ ਹੈ। ਉਹ ਕਮਰੇ ਵਿਚ ਹੀ ਬੰਦ ਰਹਿੰਦਾ ਤੇ ਘੱਟ ਹੀ ਬੋਲਦਾ ਹੈ!”—ਮਿਰੀਅਮ, ਮੈਕਸੀਕੋ।
“ਪਹਿਲਾਂ ਮੇਰੇ ਨਿਆਣੇ ਮੇਰੀ ਹਰ ਗੱਲ ਸੁਣਦੇ ਸਨ। ਹੁਣ ਉਹ ਜਵਾਨੀ ਵਿਚ ਪੈਰ ਰੱਖ ਚੁੱਕੇ ਹਨ ਤੇ ਸੋਚਦੇ ਹਨ ਕਿ ਮੈਂ ਉਨ੍ਹਾਂ ਨੂੰ ਸਮਝ ਨਹੀਂ ਸਕਦਾ ਅਤੇ ਪੁਰਾਣੇ ਖ਼ਿਆਲਾਂ ਦਾ ਹਾਂ।”—ਸਕਾਟ, ਆਸਟ੍ਰੇਲੀਆ।
ਜੇਤੁਹਾਡਾ ਬੱਚਾ ਅੱਲੜ੍ਹ ਉਮਰ ਦਾ ਹੈ, ਤਾਂ ਤੁਹਾਡੇ ਵਿਚਾਰ ਵੀ ਇਨ੍ਹਾਂ ਵਿਚਾਰਾਂ ਨਾਲ ਮਿਲਦੇ-ਜੁਲਦੇ ਹੋਣਗੇ। ਪਹਿਲਾਂ ਤੁਸੀਂ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਦੇ ਸੀ ਤੇ ਬੱਚੇ ਵੀ ਤੁਹਾਡੇ ਨਾਲ ਗੱਲ ਕਰਦੇ ਸਨ। ਪਰ ਹੁਣ ਲੱਗਦਾ ਹੈ ਕਿ ਤੁਹਾਡੀ ਗੱਲ ਹੀ ਨਹੀਂ ਹੁੰਦੀ। ਇਟਲੀ ਵਿਚ ਰਹਿੰਦੀ ਐਂਜਲਾ ਨਾਂ ਦੀ ਮਾਂ ਕਹਿੰਦੀ ਹੈ, “ਜਦ ਮੇਰਾ ਮੁੰਡਾ ਛੋਟਾ ਹੁੰਦਾ ਸੀ, ਤਾਂ ਉਹ ਮੈਨੂੰ ਢੇਰ ਸਾਰੇ ਸਵਾਲ ਪੁੱਛਦਾ ਹੁੰਦਾ ਸੀ। ਹੁਣ ਮੈਨੂੰ ਉਸ ਦੇ ਨਾਲ ਗੱਲ ਸ਼ੁਰੂ ਕਰਨੀ ਪੈਂਦੀ ਹੈ। ਜੇ ਮੈਂ ਗੱਲ ਨਾ ਕਰਾਂ, ਤਾਂ ਕਈ-ਕਈ ਦਿਨ ਗੱਲ ਕੀਤਿਆਂ ਬਿਨਾਂ ਹੀ ਲੰਘ ਜਾਂਦੇ ਹਨ।”
ਐਂਜਲਾ ਦੀ ਤਰ੍ਹਾਂ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕਿ ਤੁਹਾਡਾ ਬੱਚਾ, ਜੋ ਪਹਿਲਾਂ ਬਹੁਤ ਸਾਰੀਆਂ ਗੱਲਾਂ ਕਰਦਾ ਸੀ, ਹੁਣ ਉਹ ਚੁੱਪ ਰਹਿੰਦਾ ਹੈ। ਤੁਸੀਂ ਬੱਚੇ ਨਾਲ ਜਿੰਨੀ ਮਰਜ਼ੀ ਗੱਲ ਕਰਨ ਦੀ ਕੋਸ਼ਿਸ਼ ਕਰੋ, ਪਰ ਉਹ ਤੁਹਾਨੂੰ ਇਕ-ਦੋ ਲਫ਼ਜ਼ਾਂ ਵਿਚ ਹੀ ਜਵਾਬ ਦਿੰਦਾ ਹੈ। ਤੁਸੀਂ ਆਪਣੇ ਪੁੱਤਰ ਤੋਂ ਪੁੱਛਦੇ ਹੋ, “ਬੇਟਾ ਤੇਰਾ ਦਿਨ ਕਿੱਦਾਂ ਰਿਹਾ?” ਉਹ ਬਸ ਇੰਨਾ ਹੀ ਕਹਿੰਦਾ ਹੈ, “ਠੀਕ ਸੀ।” ਤੁਸੀਂ ਆਪਣੀ ਧੀ ਤੋਂ ਪੁੱਛਦੇ ਹੋ, “ਅੱਜ ਸਕੂਲ ਵਿਚ ਕੀ-ਕੀ ਹੋਇਆ?” ਉਹ ਮੋਢੇ ਚੁੱਕੇ ਕੇ ਕਹਿੰਦੀ ਹੈ, “ਕੁਝ ਨਹੀਂ।” ਜਦ ਤੁਸੀਂ ਅੱਗੋਂ ਪੁੱਛਦੇ ਹੋ ਕਿ “ਤੂੰ ਅੱਗੋਂ ਕਿਉਂ ਨਹੀਂ ਕੁਝ ਬੋਲਦਾ?” ਤਾਂ ਉਹ ਚੁੱਪ ਵੱਟ ਲੈਂਦੇ ਹਨ।
ਕੁਝ ਮੁੰਡੇ-ਕੁੜੀਆਂ ਗੱਲ ਕਰਨ ਤੋਂ ਝਿਜਕਦੇ ਨਹੀਂ ਹਨ। ਪਰ ਜਿਸ ਤਰ੍ਹਾਂ ਉਹ ਜਵਾਬ ਦਿੰਦੇ ਹਨ, ਮਾਪਿਆਂ ਨੂੰ ਚੰਗਾ ਨਹੀਂ ਲੱਗਦਾ। ਨਾਈਜੀਰੀਆ ਵਿਚ ਰਹਿੰਦੀ ਐਡਨਾ ਨਾਂ ਦੀ ਮਾਂ ਕਹਿੰਦੀ ਹੈ, “ਜਦ ਵੀ ਮੈਂ ਆਪਣੀ ਧੀ ਨੂੰ ਕੁਝ ਕਰਨ ਲਈ ਕਹਿੰਦੀ ਹਾਂ, ਤਾਂ ਵਾਰ-ਵਾਰ ਉਸ ਤੋਂ ਇਹੀ ਸੁਣਨ ਨੂੰ ਮਿਲਦਾ ਕਿ ‘ਮੈਨੂੰ ਇਕੱਲੀ ਛੱਡ ਦਿਓ।’” ਮੈਕਸੀਕੋ ਵਿਚ ਰਹਿੰਦਾ ਰਾਮੋਨ ਆਪਣੇ 16 ਸਾਲਾਂ ਦੇ ਮੁੰਡੇ ਬਾਰੇ ਵੀ ਇੱਦਾਂ ਹੀ ਕੁਝ ਕਹਿੰਦਾ ਹੈ: “ਸਾਡਾ ਨਿੱਤ ਝਗੜਾ ਹੁੰਦਾ ਹੈ। ਮੈਂ ਜਦੋਂ ਵੀ ਉਸ ਨੂੰ ਕੋਈ ਕੰਮ ਕਰਨ ਨੂੰ ਕਹਿੰਦਾ ਹਾਂ, ਤਾਂ ਉਹ ਕੰਮ ਤੋਂ ਬਚਣ ਦੇ ਬਹਾਨੇ ਲੱਭਦਾ ਹੈ।”
ਜੇ ਮਾਪਿਆਂ ਦੇ ਵਾਰ-ਵਾਰ ਗੱਲ ਕਰਨ ਤੇ ਵੀ ਬੱਚਾ ਜਵਾਬ ਨਹੀਂ ਦਿੰਦਾ, ਤਾਂ ਮਾਪੇ ਅੱਕ ਜਾਂਦੇ ਹਨ। ਬਾਈਬਲ ਵੀ ਇਸ ਗੱਲ ਨਾਲ ਸਹਿਮਤ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ।” (ਕਹਾਉਤਾਂ 15:22, CL) ਰੂਸ ਵਿਚ ਰਹਿੰਦੀ ਇਕੱਲੀ ਮਾਂ ਆਨਾ ਕਹਿੰਦੀ ਹੈ, “ਜਦ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਪੁੱਤ ਦੇ ਦਿਮਾਗ਼ ਵਿਚ ਕੀ ਹੈ, ਤਾਂ ਮੈਨੂੰ ਇੰਨਾ ਗੁੱਸਾ ਆ ਜਾਂਦਾ ਹੈ ਕਿ ਮੈਂ ਚਿਲਾਉਣਾ ਚਾਹੁੰਦੀ ਹਾਂ।” ਇੱਦਾਂ ਕਿਉਂ ਹੁੰਦਾ ਹੈ ਕਿ ਜਦੋਂ ਮਾਪਿਆਂ ਅਤੇ ਬੱਚਿਆਂ ਵਿਚਕਾਰ ਗੱਲ ਹੋਣੀ ਜ਼ਰੂਰੀ ਹੈ, ਤਾਂ ਉਨ੍ਹਾਂ ਦੀ ਗੱਲਬਾਤ ਕਿਉਂ ਨਹੀਂ ਹੁੰਦੀ?
ਸਮੱਸਿਆ ਨੂੰ ਜਾਣੋ
ਸਿਰਫ਼ ਗੱਲ ਕਰਨੀ ਹੀ ਕਾਫ਼ੀ ਨਹੀਂ ਹੈ। ਯਿਸੂ ਨੇ ਕਿਹਾ ਸੀ ਕਿ ‘ਜੋ ਮਨ ਵਿੱਚ ਭਰਿਆ ਹੋਇਆ ਹੈ ਮੂੰਹ ਉੱਤੇ ਉਹੋ ਆਉਂਦਾ ਹੈ।’ (ਲੂਕਾ 6:45) ਜਦੋਂ ਅਸੀਂ ਚੰਗੀ ਗੱਲਬਾਤ ਕਰਦੇ ਹਾਂ, ਉਦੋਂ ਨਾ ਸਿਰਫ਼ ਸਾਨੂੰ ਦੂਜਿਆਂ ਦੇ ਵਿਚਾਰ ਪਤਾ ਲੱਗਦੇ ਹਨ, ਸਗੋਂ ਆਪਣੇ ਵਿਚਾਰ ਵੀ ਅਸੀਂ ਜ਼ਾਹਰ ਕਰਦੇ ਹਾਂ। ਪਰ ਅੱਲੜ੍ਹ ਉਮਰ ਦੇ ਬੱਚਿਆਂ ਵਾਸਤੇ ਆਪਣੇ ਵਿਚਾਰ ਜ਼ਾਹਰ ਕਰਨੇ ਮੁਸ਼ਕਲ ਹੋ ਜਾਂਦੇ ਹਨ ਕਿਉਂਕਿ ਜਵਾਨੀ ਵਿਚ ਪੈਰ ਰੱਖਦਿਆਂ ਹੀ ਖੁੱਲ੍ਹ ਕੇ ਗੱਲ ਕਰਨ ਵਾਲੇ ਬੱਚੇ ਵੀ ਸ਼ਰਮੀਲੇ ਬਣ ਜਾਂਦੇ ਹਨ। ਮਾਹਰ ਕਹਿੰਦੇ ਹਨ ਕਿ ਇਨ੍ਹਾਂ ਬੱਚਿਆਂ ਨੂੰ ਲੱਗਦਾ ਹੈ ਕਿ ਸਾਰਿਆਂ ਦੀ ਨਜ਼ਰ ਉਨ੍ਹਾਂ ’ਤੇ ਟਿਕੀ ਰਹਿੰਦੀ ਹੈ। ਇਸ ਕਰਕੇ ਉਹ ਗੱਲ ਕਰਨੀ ਛੱਡ ਦਿੰਦੇ ਹਨ ਤੇ ਆਪਣੀ ਹੀ ਦੁਨੀਆਂ ਵਿਚ ਰਹਿਣ ਲੱਗਦੇ ਹਨ ਅਤੇ ਮਾਪਿਆਂ ਤੋਂ ਦੂਰ ਹੋ ਜਾਂਦੇ ਹਨ।
ਦੂਸਰੀ ਸਮੱਸਿਆ ਇਹ ਹੋ ਸਕਦੀ ਹੈ ਕਿ ਬੱਚੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਹਰ ਗੱਲ ਵਿਚ ਦਖ਼ਲ ਦੇਣ। ਮਾਪਿਆਂ ਨੂੰ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਰਹੇ ਹਨ ਜਿਸ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਹੋ ਰਿਹਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਬੱਚਿਆਂ ਨੂੰ ਹੁਣ ਤੁਹਾਡੀ ਲੋੜ ਨਹੀਂ ਹੈ। ਉਨ੍ਹਾਂ ਨੂੰ ਹੁਣ ਤੁਹਾਡੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ। ਬੱਚਿਆਂ ਦੇ ਵੱਡੇ ਹੋਣ ਤੋਂ ਕਈ ਸਾਲ ਪਹਿਲਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਵਿਕਸਿਤ ਹੋਣ ਲੱਗ ਪੈਂਦੀ ਹੈ। ਇਸ ਲਈ ਅੱਲੜ੍ਹ ਉਮਰ ਦੇ ਬੱਚੇ ਦੂਜਿਆਂ ਨੂੰ ਆਪਣੇ ਵਿਚਾਰ ਦੱਸਣ ਤੋਂ ਪਹਿਲਾਂ ਇਕੱਲਿਆਂ ਵਿਚ ਖ਼ੁਦ ਸੋਚ-ਵਿਚਾਰ ਕਰਨਾ ਚਾਹੁੰਦੇ ਹਨ।
ਬੇਸ਼ੱਕ, ਅੱਲੜ੍ਹ ਉਮਰ ਦੇ ਬੱਚੇ ਆਪਣੇ ਦੋਸਤ-ਮਿੱਤਰਾਂ ਨਾਲ ਜ਼ਿਆਦਾ ਗੱਲਬਾਤ ਕਰਦੇ ਹਨ। ਮੈਕਸੀਕੋ ਵਿਚ ਰਹਿੰਦੀ ਜੈਸਿਕਾ ਨਾਂ ਦੀ ਮਾਂ ਨੇ ਵੀ ਇਹ ਦੇਖਿਆ ਹੈ। ਉਹ ਕਹਿੰਦੀ ਹੈ: “ਜਦ ਮੇਰੀ ਧੀ ਛੋਟੀ ਹੁੰਦੀ ਸੀ, ਤਾਂ ਉਹ ਹਮੇਸ਼ਾ ਮੇਰੇ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਦੀ ਹੁੰਦੀ ਸੀ। ਹੁਣ ਉਹ ਆਪਣੀਆਂ ਸਹੇਲੀਆਂ ਨਾਲ ਜ਼ਿਆਦਾ ਗੱਲ ਕਰਦੀ ਹੈ।” ਜੇ ਤੁਹਾਡਾ ਬੱਚਾ ਇੱਦਾਂ ਕਰਦਾ ਹੈ, ਤਾਂ ਇਹ ਨਾ ਸੋਚੋ ਕਿ ਉਸ ਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਹੈ। ਸਰਵੇ ਦਿਖਾਉਂਦੇ ਹਨ ਕਿ ਭਾਵੇਂ ਬੱਚੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਸਲਾਹ ਦੀ ਲੋੜ ਨਹੀਂ ਹੈ, ਪਰ ਫਿਰ ਵੀ ਉਹ ਆਪਣੇ ਦੋਸਤਾਂ ਦੀ ਬਜਾਇ ਆਪਣੇ ਮਾਪਿਆਂ ਦੀ ਸਲਾਹ ਨੂੰ ਜ਼ਿਆਦਾ ਮੰਨਦੇ ਹਨ। ਸੋ ਤੁਸੀਂ ਬੱਚਿਆਂ ਨਾਲ ਕਿਵੇਂ ਗੱਲਬਾਤ ਜਾਰੀ ਰੱਖ ਸਕਦੇ ਹੋ?
ਰੁਕਾਵਟਾਂ ਦੂਰ ਕਰ ਕੇ ਸਫ਼ਲਤਾ ਪਾਓ
ਮੰਨ ਲਓ ਕਿ ਤੁਸੀਂ ਲੰਬੀ ਤੇ ਸਿੱਧੀ ਸੜਕ ਉੱਤੇ ਕਾਰ ਚਲਾ ਰਹੇ ਹੋ। ਕਈ ਕਿਲੋਮੀਟਰਾਂ ਤਕ ਤੁਹਾਨੂੰ ਸਟੇਅਰਿੰਗ ਜ਼ਿਆਦਾ ਘੁਮਾਉਣਾ ਨਹੀਂ ਪਿਆ। ਫਿਰ ਅਚਾਨਕ ਹੀ ਇਕ ਮੋੜ ਆ ਜਾਂਦਾ ਹੈ। ਕਾਰ ਸੜਕ ਤੋਂ ਥੱਲੇ ਨਾ ਉੱਤਰੇ, ਇਸ ਦੇ ਲਈ ਤੁਸੀਂ ਆਪਣੇ ਸਟੇਅਰਿੰਗ ਨੂੰ ਥੋੜਾਾ-ਬਹੁਤਾ ਘੁਮਾਉਗੇ। ਇਸੇ ਤਰ੍ਹਾਂ ਤੁਹਾਨੂੰ ਆਪਣੇ ਬੱਚੇ ਨਾਲ ਕਰਨ ਦੀ ਲੋੜ ਹੈ ਜਦੋਂ ਉਹ ਜਵਾਨੀ ਵਿਚ ਪੈਰ ਰੱਖਦਾ ਹੈ। ਜਦੋਂ ਉਹ ਛੋਟਾ ਹੁੰਦਾ ਸੀ, ਤਾਂ ਤੁਹਾਨੂੰ ਉਸ ਦੀ ਪਰਵਰਿਸ਼ ਕਰਨ ਵਿਚ ਐਨੀ ਮੁਸ਼ਕਲ ਨਹੀਂ ਆਈ। ਹੁਣ ਤੁਹਾਡੇ ਬੱਚੇ ਦੀ ਜ਼ਿੰਦਗੀ ਵਿਚ ਨਵਾਂ ਮੋੜ ਆ ਗਿਆ ਹੈ ਅਤੇ ਤੁਹਾਨੂੰ ‘ਸਟੇਅਰਿੰਗ’ ਯਾਨੀ ਆਪਣੇ ਤਰੀਕਿਆਂ ਵਿਚ ਥੋੜਾਾ ਫੇਰ-ਬਦਲ ਕਰਨਾ ਪਵੇਗਾ। ਆਪਣੇ ਆਪ ਤੋਂ ਥੱਲੇ ਦਿੱਤੇ ਸਵਾਲ ਪੁੱਛੋ।
‘ਜਦ ਮੇਰਾ ਪੁੱਤ ਜਾਂ ਧੀ ਗੱਲ ਕਰਨੀ ਚਾਹੁੰਦੀ ਹੈ, ਤਾਂ ਕੀ ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ?’ ਬਾਈਬਲ ਕਹਿੰਦੀ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾਉਤਾਂ 25:11) ਇਸ ਆਇਤ ਵਿਚ ਸਮੇਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਗਿਆ ਹੈ। ਮਿਸਾਲ ਲਈ, ਕਿਸਾਨ ਨਾਂ ਤਾਂ ਫ਼ਸਲ ਨੂੰ ਵਾਢੀ ਦਾ ਸਮਾਂ ਆਉਣ ਤੋਂ ਪਹਿਲਾਂ ਵੱਢੇਗਾ ਤੇ ਨਾ ਹੀ ਵਾਢੀ ਦੇ ਸਮੇਂ ਤੋਂ ਬਾਅਦ ਵੱਢੇਗਾ। ਉਹ ਵਾਢੀ ਦਾ ਸਮਾਂ ਆਉਣ ’ਤੇ ਹੀ ਫ਼ਸਲ ਵੱਢੇਗਾ। ਤੁਹਾਡਾ ਬੱਚਾ ਵੀ ਸ਼ਾਇਦ ਦਿਨ ਵਿਚ ਕਿਸੇ ਖ਼ਾਸ ਸਮੇਂ ’ਤੇ ਤੁਹਾਡੇ ਨਾਲ ਗੱਲ ਕਰਨੀ ਚਾਹੇ। ਉਸ ਮੌਕੇ ਨੂੰ ਹੱਥੋਂ ਜਾਣ ਨਾ ਦਿਓ। ਆਸਟ੍ਰੇਲੀਆ ਵਿਚ ਰਹਿੰਦੀ ਇਕੱਲੀ ਮਾਂ ਫਰਾਂਸਿਸ ਕਹਿੰਦੀ ਹੈ: “ਕਈ ਵਾਰ ਮੇਰੀ ਧੀ ਰਾਤ ਨੂੰ ਮੇਰੇ ਕੋਲ ਆ ਕੇ ਗੱਲਾਂ ਕਰਦੀ ਹੈ, ਕਦੇ-ਕਦੇ ਉਹ ਘੰਟਾ-ਘੰਟਾ ਗੱਲਾਂ ਕਰਦੀ ਰਹਿੰਦੀ ਹੈ। ਪਰ ਮੈਂ ਉਸ ਵੇਲੇ ਸੌਣਾ ਚਾਹੁੰਦੀ ਹਾਂ। ਪਰ ਫਿਰ ਵੀ ਮੈਂ ਉਸ ਨਾਲ ਘੰਟਿਆਂ-ਬੱਧੀ ਗੱਲਾਂ ਕਰਦੀ ਹਾਂ ਅਤੇ ਉਹ ਮੈਨੂੰ ਆਪਣੀ ਹਰ ਗੱਲ ਦੱਸਦੀ ਹੈ।”
ਸੁਝਾਅ: ਜੇ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਨਹੀਂ ਕਰਦਾ, ਤਾਂ ਇਕੱਠੇ ਕੁਝ ਕਰੋ ਜਿਵੇਂ ਸੈਰ ਕਰਨ ਜਾਓ, ਡ੍ਰਾਈਵ ਤੇ ਜਾਓ, ਕੋਈ ਖੇਡ ਖੇਡੋ ਜਾਂ ਘਰ ਦਾ ਕੋਈ ਕੰਮ ਕਰੋ। ਅਜਿਹਾ ਕੁਝ ਕਰਦੇ ਸਮੇਂ ਬੱਚੇ ਅਕਸਰ ਗੱਲਾਂ ਕਰਨ ਲੱਗ ਪੈਂਦੇ ਹਨ।
‘ਕੀ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਸ ਨੇ ਕੋਈ ਗੱਲ ਕਿਉਂ ਕਹੀ?’ ਅੱਯੂਬ 12:11 ਵਿਚ ਲਿਖਿਆ ਹੈ: “ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ?” ਹੁਣ ਤੋਂ ਤੁਹਾਨੂੰ ਆਪਣੇ ਪੁੱਤਰ ਜਾਂ ਧੀ ਦੀ ਗੱਲ ਨੂੰ ‘ਪਰਖਣ’ ਦੀ ਲੋੜ ਹੈ ਕਿ ਉਹ ਕੋਈ ਗੱਲ ਕਿਉਂ ਕਹਿੰਦੇ ਹਨ। ਮਿਸਾਲ ਲਈ, ਸ਼ਾਇਦ ਤੁਹਾਡਾ ਪੁੱਤਰ ਜਾਂ ਧੀ ਕਹੇ: “ਤੁਸੀਂ ਹਮੇਸ਼ਾ ਮੇਰੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦੇ ਹੋ!” ਜਾਂ “ਤੁਸੀਂ ਕਦੇ ਮੇਰੀ ਗੱਲ ਨਹੀਂ ਸੁਣਦੇ!” ਜਦੋਂ ਤੁਹਾਡਾ ਬੱਚਾ “ਹਮੇਸ਼ਾ” ਜਾਂ “ਕਦੇ” ਲਫ਼ਜ਼ ਵਰਤਦਾ ਹੈ, ਤਾਂ ਉਸ ਦਾ ਗ਼ਲਤ ਮਤਲਬ ਨਾ ਕੱਢੋ। ਜਦੋਂ ਉਹ ਕਹਿੰਦਾ ਹੈ ਕਿ “ਤੁਸੀਂ ਹਮੇਸ਼ਾ ਮੇਰੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦੇ ਹੋ,” ਤਾਂ ਉਸ ਦੇ ਕਹਿਣ ਦਾ ਮਤਲਬ ਹੋ ਸਕਦਾ ਹੈ ਕਿ “ਤੁਸੀਂ ਮੇਰੇ ’ਤੇ ਭਰੋਸਾ ਨਹੀਂ ਕਰਦੇ।” ਜਾਂ ਜੇ ਉਹ ਕਹੇ ਕਿ “ਤੁਸੀਂ ਕਦੇ ਮੇਰੀ ਗੱਲ ਨਹੀਂ ਸੁਣਦੇ,” ਤਾਂ ਉਸ ਦੇ ਕਹਿਣ ਦਾ ਮਤਲਬ ਹੋ ਸਕਦਾ ਹੈ ਕਿ “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੱਦਾਂ ਮਹਿਸੂਸ ਕਰਦਾ ਹਾਂ।” ਮਾਪਿਓ, ਸਮਝਣ ਦੀ ਕੋਸ਼ਿਸ਼ ਕਰੋ ਕਿ ਬੱਚੇ ਕੋਈ ਗੱਲ ਕਿਉਂ ਕਹਿੰਦੇ ਹਨ।
ਸੁਝਾਅ: ਜਦੋਂ ਤੁਹਾਡਾ ਬੱਚਾ ਗੁੱਸੇ ਵਿਚ ਕੁਝ ਕਹਿੰਦਾ ਹੈ, ਤਾਂ ਕੁਝ ਇਸ ਤਰ੍ਹਾਂ ਕਹੋ: “ਮੈਨੂੰ ਪਤਾ ਹੈ ਕਿ ਤੂੰ ਪਰੇਸ਼ਾਨ ਹੈ, ਪਰ ਮੈਂ ਤੇਰੀ ਗੱਲ ਸੁਣਨੀ ਚਾਹੁੰਦਾ ਹਾਂ। ਮੈਨੂੰ ਦੱਸ ਕਿ ਤੈਨੂੰ ਕਿਉਂ ਲੱਗਦਾ ਹੈ ਕਿ ਮੈਂ ਤੇਰੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦਾ ਹਾਂ।” ਫਿਰ ਬਿਨਾਂ ਗੱਲ ਟੋਕੇ ਉਸ ਦੀ ਗੱਲ ਸੁਣੋ।
‘ਕੀ ਮੈਂ ਅਣਜਾਣੇ ਵਿਚ ਆਪਣੇ ਬੱਚੇ ਲਈ ਗੱਲ ਕਰਨੀ ਮੁਸ਼ਕਲ ਕਰ ਦਿੰਦਾ ਹਾਂ?’ ਬਾਈਬਲ ਕਹਿੰਦੀ ਹੈ: “ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।” (ਯਾਕੂਬ 3:18) ਆਪਣੀ ਗੱਲ ਵਧੀਆ ਲਹਿਜੇ ਵਿਚ ਕਹਿ ਕੇ ਚੰਗਾ ਮਾਹੌਲ ਪੈਦਾ ਕਰੋ ਤਾਂਕਿ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਕਰਨੀ ਚਾਹੇ। ਯਾਦ ਰੱਖੋ ਕਿ ਤੁਸੀਂ ਆਪਣੇ ਬੱਚੇ ਦੀ ਮਦਦ ਕਰਨੀ ਚਾਹੁੰਦੇ ਹੋ। ਜਦ ਤੁਸੀਂ ਕਿਸੇ ਮਸਲੇ ਬਾਰੇ ਗੱਲ ਕਰ ਰਹੇ ਹੋ, ਤਾਂ ਤੁਸੀਂ ਉਸ ਨਾਲ ਇਸ ਤਰ੍ਹਾਂ ਨਾ ਪੇਸ਼ ਆਓ ਜਿਵੇਂ ਕਚਹਿਰੀ ਵਿਚ ਅਪਰਾਧੀ ਨੂੰ ਵਿਰੋਧੀ ਧਿਰ ਦਾ ਵਕੀਲ ਸਵਾਲ ਪੁੱਛ-ਪੁੱਛ ਕੇ ਜ਼ਲੀਲ ਕਰਦਾ ਹੈ। ਕੋਰੀਆ ਵਿਚ ਰਹਿੰਦਾ ਆਨ ਨਾਂ ਦਾ ਪਿਤਾ ਕਹਿੰਦਾ ਹੈ: “ਚੰਗੇ ਮਾਪੇ ਬੱਚਿਆਂ ਨੂੰ ਇੱਦਾਂ ਨਹੀਂ ਕਹਿਣਗੇ, ‘ਤੈਨੂੰ ਅਕਲ ਕਦੋਂ ਆਵੇਗੀ?’ ਜਾਂ ‘ਮੈਂ ਤੈਨੂੰ ਕਿੰਨੀ ਵਾਰੀ ਕਿਹਾ ਹੈ?’” ਅੱਗੋਂ ਉਹ ਕਹਿੰਦਾ ਹੈ: “ਇਸ ਮਾਮਲੇ ਸੰਬੰਧੀ ਕਈ ਗ਼ਲਤੀਆਂ ਕਰਨ ਤੋਂ ਬਾਅਦ ਮੈਂ ਦੇਖਿਆ ਕਿ ਮੇਰੇ ਮੁੰਡੇ ਨਾ ਸਿਰਫ਼ ਮੇਰੇ ਗੱਲ ਕਰਨ ਦੇ ਢੰਗ ਤੋਂ ਚਿੜ ਗਏ, ਸਗੋਂ ਜੋ ਮੈਂ ਕਹਿੰਦਾ ਸੀ ਉਸ ਤੋਂ ਵੀ ਚਿੜਦੇ ਸਨ।”
ਸੁਝਾਅ: ਜੇ ਬੱਚਾ ਤੁਹਾਡੇ ਸਵਾਲ ਦਾ ਜਵਾਬ ਨਹੀਂ ਦਿੰਦਾ, ਤਾਂ ਕੋਈ ਹੋਰ ਤਰੀਕਾ ਵਰਤੋ। ਮਿਸਾਲ ਲਈ, ਆਪਣੀ ਧੀ ਤੋਂ ਇਹ ਪੁੱਛਣ ਦੀ ਬਜਾਇ ਕਿ ਤੇਰਾ ਦਿਨ ਕਿੱਦਾਂ ਰਿਹਾ, ਤੁਸੀਂ ਦੱਸੋ ਕਿ ਤੁਹਾਡਾ ਦਿਨ ਕਿਵੇਂ ਰਿਹਾ ਅਤੇ ਫਿਰ ਦੇਖੋ ਕਿ ਉਹ ਕੀ ਕਹਿੰਦੀ ਹੈ। ਜਾਂ ਕਿਸੇ ਮਾਮਲੇ ਬਾਰੇ ਉਸ ਦੀ ਰਾਇ ਜਾਣਨ ਲਈ ਉਸ ਤੋਂ ਕੋਈ ਅਜਿਹਾ ਸਵਾਲ ਪੁੱਛੋ ਜਿਸ ਤੋਂ ਉਸ ਨੂੰ ਨਾ ਲੱਗੇ ਕਿ ਤੁਸੀਂ ਹਮੇਸ਼ਾ ਉਸ ਤੋਂ ਪੁੱਛ-ਗਿੱਛ ਕਰਦੇ ਰਹਿੰਦੇ ਹੋ। ਉਸ ਨੂੰ ਪੁੱਛੋ ਕਿ ਉਸ ਦੀ ਸਹੇਲੀ ਇਸ ਮਾਮਲੇ ਬਾਰੇ ਕੀ ਸੋਚਦੀ ਹੈ। ਫਿਰ ਪੁੱਛੋ ਕਿ ਉਹ ਇਸ ਬਾਰੇ ਆਪਣੀ ਸਹੇਲੀ ਨੂੰ ਕੀ ਸਲਾਹ ਦੇਵੇਗੀ।
ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲ ਕਰਨੀ ਇੰਨੀ ਮੁਸ਼ਕਲ ਨਹੀਂ ਹੈ ਜਿੰਨਾ ਅਸੀਂ ਸਮਝਦੇ ਹਾਂ। ਤੁਹਾਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਆਪਣੇ ਤਰੀਕੇ ਨੂੰ ਥੋੜਾਾ ਬਦਲਣ ਦੀ ਲੋੜ ਹੈ। ਇਸ ਸੰਬੰਧੀ ਹੋਰਨਾਂ ਮਾਪਿਆਂ ਨਾਲ ਗੱਲ ਕਰੋ ਜਿਨ੍ਹਾਂ ਨੇ ਇਸ ਮੁਸ਼ਕਲ ’ਤੇ ਕਾਬੂ ਪਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। (ਕਹਾਉਤਾਂ 11:14) ਆਪਣੇ ਪੁੱਤ ਜਾਂ ਧੀ ਨਾਲ ਗੱਲ ਕਰਦੇ ਸਮੇਂ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਵੋ।’ (ਯਾਕੂਬ 1:19) ਕਦੇ ਵੀ ਆਪਣੇ ਬੱਚਿਆਂ ਨੂੰ ‘ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨ’ ਤੋਂ ਪਿੱਛੇ ਨਾ ਹਟੋ।—ਅਫ਼ਸੀਆਂ 6:4. (w08 8/1)
ਆਪਣੇ ਤੋਂ ਪੁੱਛੋ . . .
-
ਜਦੋਂ ਮੇਰੇ ਬੱਚੇ ਨੇ ਜਵਾਨੀ ਵਿਚ ਪੈਰ ਰੱਖਿਆ, ਤਾਂ ਉਸ ਵਿਚ ਮੈਂ ਕਿਹੜੀਆਂ ਤਬਦੀਲੀਆਂ ਦੇਖੀਆਂ?
-
ਕਿਨ੍ਹਾਂ ਤਰੀਕਿਆਂ ਨਾਲ ਮੈਂ ਆਪਣਾ ਗੱਲ ਕਰਨ ਦਾ ਢੰਗ ਸੁਧਾਰ ਸਕਦਾ ਹਾਂ?