Skip to content

Skip to table of contents

ਦੂਜਿਆਂ ਨਾਲ ਕਿਵੇਂ ਪੇਸ਼ ਆਈਏ

ਦੂਜਿਆਂ ਨਾਲ ਕਿਵੇਂ ਪੇਸ਼ ਆਈਏ

ਯਿਸੂ ਤੋਂ ਸਿੱਖੋ

ਦੂਜਿਆਂ ਨਾਲ ਕਿਵੇਂ ਪੇਸ਼ ਆਈਏ

ਪਿਆਰ ਨਾਲ ਕਿਉਂ ਪੇਸ਼ ਆਈਏ?

ਕੀ ਤੁਸੀਂ ਉਨ੍ਹਾਂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹੋ ਜੋ ਤੁਹਾਡੇ ਨਾਲ ਰੁੱਖੇ ਢੰਗ ਨਾਲ ਪੇਸ਼ ਆਉਂਦੇ ਹਨ? ਜੇਕਰ ਅਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਲੋਕਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ ਜੋ ਸਾਨੂੰ ਨਫ਼ਰਤ ਕਰਦੇ ਹਨ। ਯਿਸੂ ਨੇ ਕਿਹਾ: “ਜੇ ਤੁਸੀਂ ਉਨ੍ਹਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਆਪਣਿਆਂ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ? . . . ਪਰ ਤੁਸੀਂ ਆਪਣਿਆਂ ਵੈਰੀਆਂ ਨਾਲ ਪਿਆਰ ਕਰੋ . . . ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ।”​—ਲੂਕਾ 6:32-36; 10:25-37.

ਮਾਫ਼ ਕਿਉਂ ਕਰੀਏ?

ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਮਾਫ਼ ਕਰੇ। ਯਿਸੂ ਨੇ ਸਿਖਾਇਆ ਸੀ ਕਿ ਪ੍ਰਾਰਥਨਾ ਕਰਦਿਆਂ ਸਾਨੂੰ ਆਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। (ਮੱਤੀ 6:12) ਪਰ ਯਿਸੂ ਨੇ ਇਹ ਵੀ ਕਿਹਾ ਸੀ ਕਿ ਪਰਮੇਸ਼ੁਰ ਸਾਨੂੰ ਤਾਹੀਓਂ ਮਾਫ਼ ਕਰੇਗਾ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ। ਉਸ ਨੇ ਕਿਹਾ: “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।”​—ਮੱਤੀ 6:14, 15.

ਪਰਿਵਾਰ ਕਿਵੇਂ ਖ਼ੁਸ਼ ਹੋ ਸਕਦੇ ਹਨ?

ਭਾਵੇਂ ਕਿ ਯਿਸੂ ਨੇ ਕਦੇ ਵਿਆਹ ਨਹੀਂ ਸੀ ਕਰਵਾਇਆ, ਪਰ ਫਿਰ ਵੀ ਅਸੀਂ ਉਸ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹਾਂ। ਉਸ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ। ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ:

1. ਪਤੀ ਨੂੰ ਆਪਣੇ ਸਰੀਰ ਦੀ ਤਰ੍ਹਾਂ ਆਪਣੀ ਪਤਨੀ ਨੂੰ ਪਿਆਰ ਕਰਨਾ ਚਾਹੀਦਾ ਹੈ। ਯਿਸੂ ਨੇ ਪਤੀਆਂ ਲਈ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ।” ਕਿੰਨਾ ਕੁ? ਉਸ ਨੇ ਕਿਹਾ: “ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ।” (ਯੂਹੰਨਾ 13:34) ਪਤੀਆਂ ਉੱਤੇ ਇਹ ਅਸੂਲ ਲਾਗੂ ਕਰਦੀ ਹੋਈ ਬਾਈਬਲ ਕਹਿੰਦੀ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ... ਇਸੇ ਤਰਾਂ ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।”​—ਅਫ਼ਸੀਆਂ 5:25, 28, 29.

2. ਪਤੀ-ਪਤਨੀ ਨੂੰ ਇਕ-ਦੂਜੇ ਨਾਲ ਵਫ਼ਾਦਾਰ ਰਹਿਣਾ ਚਾਹੀਦਾ ਹੈ। ਪਰਾਏ ਮਰਦ ਜਾਂ ਔਰਤ ਨਾਲ ਜਿਨਸੀ ਸੰਬੰਧ ਰੱਖਣੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਹੈ ਅਤੇ ਇਸ ਨਾਲ ਪਰਿਵਾਰ ਟੁੱਟ ਕੇ ਬਿਖਰ ਜਾਂਦੇ ਹਨ। ਯਿਸੂ ਨੇ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ . . . ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ। . . . ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।”​—ਮੱਤੀ 19:4-9.

3. ਬੱਚਿਆਂ ਨੂੰ ਆਪਣੇ ਮਾਪਿਆਂ ਦੇ ਅਧੀਨ ਰਹਿਣਾ ਚਾਹੀਦਾ ਹੈ। ਭਾਵੇਂ ਯਿਸੂ ਮੁਕੰਮਲ ਸੀ ਅਤੇ ਉਸ ਦੇ ਮਾਂ-ਬਾਪ ਨਾਮੁਕੰਮਲ ਸਨ, ਫਿਰ ਵੀ ਛੋਟੇ ਹੁੰਦਿਆਂ ਉਸ ਨੇ ਉਨ੍ਹਾਂ ਦਾ ਕਹਿਣਾ ਮੰਨਿਆ। ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ ਬਾਰਾਂ ਸਾਲਾਂ ਦਾ ਸੀ, ਤਾਂ ਉਹ “[ਆਪਣੇ ਮਾਪਿਆਂ] ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ।”​— ਲੂਕਾ 2:51; ਅਫ਼ਸੀਆਂ 6:1-3.

ਇਨ੍ਹਾਂ ਅਸੂਲਾਂ ’ਤੇ ਕਿਉਂ ਚੱਲੀਏ?

ਯਿਸੂ ਨੇ ਆਪਣੇ ਚੇਲਿਆਂ ਨੂੰ ਇਨ੍ਹਾਂ ਗੱਲਾਂ ਨੂੰ ਸਿਖਾਉਂਦੇ ਹੋਏ ਕਿਹਾ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।” (ਯੂਹੰਨਾ 13:17) ਜੇ ਅਸੀਂ ਸੱਚੇ ਮਸੀਹੀ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਦੂਜਿਆਂ ਨਾਲ ਪੇਸ਼ ਆਉਣ ਸੰਬੰਧੀ ਯਿਸੂ ਦੀ ਸਲਾਹ ਮੰਨਣੀ ਚਾਹੀਦੀ ਹੈ। ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”​—ਯੂਹੰਨਾ 13:35. (w08 8/1)

ਹੋਰ ਜਾਣਕਾਰੀ ਲਈ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਦਾ 14ਵਾਂ ਅਧਿਆਇ ਦੇਖੋ।

[ਫੁਟਨੋਟ]

^ ਪੈਰਾ 14 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ।

[ਸਫ਼ੇ 24, 25 ਉੱਤੇ ਤਸਵੀਰ]

ਉਜਾੜੂ ਪੁੱਤਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਪਿਆਰ ਅਤੇ ਮਾਫ਼ ਕਰਨ ਦੀ ਅਹਿਮੀਅਤ ਬਾਰੇ ਕੀ ਸਿੱਖਦੇ ਹਾਂ।​—ਲੂਕਾ 15:11-32

[ਸਫ਼ਾ 25 ਉੱਤੇ ਤਸਵੀਰ]

ਪਤੀ-ਪਤਨੀ ਨੂੰ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ