ਭਾਵੇਂ ਅਸੀਂ ਪਰਮੇਸ਼ੁਰ ਦੇ ਨਾਂ ਦੇ ਉਚਾਰਣ ਬਾਰੇ ਨਹੀਂ ਜਾਣਦੇ, ਫਿਰ ਵੀ ਇਸ ਨੂੰ ਕਿਉਂ ਵਰਤੀਏ?
ਪਾਠਕਾਂ ਦੇ ਸਵਾਲ
ਭਾਵੇਂ ਅਸੀਂ ਪਰਮੇਸ਼ੁਰ ਦੇ ਨਾਂ ਦੇ ਉਚਾਰਣ ਬਾਰੇ ਨਹੀਂ ਜਾਣਦੇ, ਫਿਰ ਵੀ ਇਸ ਨੂੰ ਕਿਉਂ ਵਰਤੀਏ?
ਅੱਜ ਕਿਸੇ ਨੂੰ ਨਹੀਂ ਪਤਾ ਕਿ ਪੁਰਾਣੀ ਇਬਰਾਨੀ ਭਾਸ਼ਾ ਵਿਚ ਪਰਮੇਸ਼ੁਰ ਦਾ ਨਾਂ ਕਿਵੇਂ ਉਚਾਰਿਆ ਜਾਂਦਾ ਸੀ। ਪਰ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਤਕਰੀਬਨ 7,000 ਵਾਰੀ ਪਾਇਆ ਜਾਂਦਾ ਹੈ। ਜਦ ਯਿਸੂ ਧਰਤੀ ’ਤੇ ਸੀ, ਉਦੋਂ ਉਸ ਨੇ ਪਰਮੇਸ਼ੁਰ ਦੇ ਨਾਂ ਬਾਰੇ ਲੋਕਾਂ ਨੂੰ ਦੱਸਿਆ ਅਤੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਨਾਂ ਨੂੰ ਉੱਚਾ ਕਰਨ ਸੰਬੰਧੀ ਪ੍ਰਾਰਥਨਾ ਕਰਨ ਲਈ ਕਿਹਾ ਸੀ। (ਮੱਤੀ 6:9; ਯੂਹੰਨਾ 17:6) ਤਾਂ ਫਿਰ ਕੋਈ ਸ਼ੱਕ ਨਹੀਂ ਕਿ ਮਸੀਹੀਆਂ ਲਈ ਪਰਮੇਸ਼ੁਰ ਦਾ ਨਾਂ ਵਰਤਣਾ ਬਹੁਤ ਜ਼ਰੂਰੀ ਹੈ। ਫਿਰ ਸਾਨੂੰ ਅੱਜ ਕਿਉਂ ਨਹੀਂ ਪਤਾ ਕਿ ਪਰਮੇਸ਼ੁਰ ਦਾ ਨਾਂ ਕਿਵੇਂ ਉਚਾਰੀਦਾ ਹੈ? ਇਸ ਦੇ ਦੋ ਮੁੱਖ ਕਾਰਨ ਹਨ।
ਪਹਿਲਾ, ਕੁਝ ਦੋ ਹਜ਼ਾਰ ਸਾਲ ਪਹਿਲਾਂ ਯਹੂਦੀ ਵਹਿਮ ਕਰਨ ਲੱਗ ਪਏ ਸੀ ਕਿ ਪਰਮੇਸ਼ੁਰ ਦਾ ਨਾਂ ਬੁੱਲ੍ਹਾਂ ’ਤੇ ਲਿਆਉਣਾ ਗ਼ਲਤ ਸੀ। ਇਸ ਲਈ ਬਾਈਬਲ ਦੀਆਂ ਲਿਖਤਾਂ ਪੜ੍ਹਦੇ ਸਮੇਂ ਉਹ ਪਰਮੇਸ਼ੁਰ ਦੇ ਨਾਂ ਦੀ ਬਜਾਇ “ਪ੍ਰਭੂ” ਕਹਿੰਦੇ ਸਨ। ਹੌਲੀ-ਹੌਲੀ ਲੋਕ ਪਰਮੇਸ਼ੁਰ ਦੇ ਨਾਂ ਦਾ ਉਚਾਰਣ ਭੁੱਲ ਗਏ।
ਦੂਜਾ, ਇਬਰਾਨੀ ਭਾਸ਼ਾ ਸ੍ਵਰਾਂ (ਆ, ਈ, ਓ, ਉ ਆਦਿ) ਤੋਂ ਬਿਨਾਂ ਲਿਖੀ ਜਾਂਦੀ ਸੀ। ਜਦੋਂ ਲੋਕੀ ਇਬਰਾਨੀ ਲਿਖਤਾਂ ਨੂੰ ਪੜ੍ਹਦੇ ਸਨ, ਤਾਂ ਉਹ ਆਪਣੇ ਵੱਲੋਂ ਸ੍ਵਰ ਲਾਉਂਦੇ ਸਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਇਕ ਤਰੀਕਾ ਲੱਭਿਆ ਤਾਂਕਿ ਉਹ ਇਬਰਾਨੀ ਲਫ਼ਜ਼ਾਂ ਦੇ ਉਚਾਰਣ ਨੂੰ ਨਾ ਭੁੱਲਣ। ਇਬਰਾਨੀ ਬਾਈਬਲ ਵਿਚ ਹਰ ਸ਼ਬਦ ਉੱਤੇ ਸ੍ਵਰ-ਚਿੰਨ੍ਹ ਲਾਏ ਗਏ ਸਨ। ਪਰ ਜਿੱਥੇ ਕਿਤੇ ਪਰਮੇਸ਼ੁਰ ਦਾ ਪਵਿੱਤਰ ਨਾਂ ਆਉਂਦਾ ਸੀ, ਉੱਥੇ ਉਨ੍ਹਾਂ ਨੇ ਜਾਂ ਤਾਂ “ਪ੍ਰਭੂ” ਸ਼ਬਦ ਦੇ ਸ੍ਵਰ-ਚਿੰਨ੍ਹ ਲਾਏ ਜਾਂ ਕੋਈ ਵੀ ਸ੍ਵਰ-ਚਿੰਨ੍ਹ ਨਹੀਂ ਲਾਏ। ਇਸ ਤਰ੍ਹਾਂ ਪੜ੍ਹਨ ਵਾਲੇ ਨੂੰ ਪਤਾ ਸੀ ਕਿ ਉਸ ਨੂੰ “ਪ੍ਰਭੂ” ਕਹਿਣਾ ਚਾਹੀਦਾ ਹੈ।
ਲਿਖਤਾਂ ਵਿਚ ਜੋ ਬਚਿਆ ਸੀ, ਉਹ ਸਨ ਪਰਮੇਸ਼ੁਰ ਦੇ ਨਾਂ ਦੇ ਚਾਰ ਅੱਖਰ। ਇਕ ਸ਼ਬਦ-ਕੋਸ਼ ਇਨ੍ਹਾਂ ਚਾਰ ਅੱਖਰਾਂ ਦਾ ਮਤਲਬ ਸਮਝਾਉਂਦਾ ਹੈ: “ਇਹ ਚਾਰ ਇਬਰਾਨੀ ਅੱਖਰ, ਜੋ ਅੰਗ੍ਰੇਜ਼ੀ ਵਿਚ YHWH ਜਾਂ JHVH ਲਿਖੇ ਜਾਂਦੇ ਹਨ, ਪਰਮੇਸ਼ੁਰ ਦੇ ਨਾਂ ਦਾ ਸਹੀ ਰੂਪ ਹਨ।” ਜਦੋਂ ਅਸੀਂ JHVH ਨਾਲ ਅੰਗ੍ਰੇਜ਼ੀ ਸ੍ਵਰ ਲਾਉਂਦੇ ਹਾਂ, ਤਾਂ ਇਹ “Jehovah” (ਪੰਜਾਬੀ ਵਿਚ ਯਹੋਵਾਹ) ਬਣ ਜਾਂਦਾ ਹੈ। ਅੰਗ੍ਰੇਜ਼ੀ ਦੇ ਇਸ ਰੂਪ ਨੂੰ ਦੁਨੀਆਂ ਭਰ ਵਿਚ ਲੋਕਾਂ ਨੇ ਕਬੂਲ ਕੀਤਾ ਹੈ ਤੇ ਉਹ ਇਸ ਨਾਂ ਨੂੰ ਵਰਤਦੇ ਹਨ।
ਪਰ ਕਈ ਵਿਦਵਾਨ ਕਹਿੰਦੇ ਹਨ ਕਿ “ਯਾਹਵੇਹ” ਵਰਤਣਾ ਠੀਕ ਹੈ। ਕੀ ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਂ ਨੂੰ ਉਚਾਰਦੇ ਸਨ? ਕੋਈ ਯਕੀਨ ਨਾਲ ਨਹੀਂ ਦੱਸ ਸਕਦਾ। ਦੂਸਰੇ ਪਾਸੇ ਕਈ ਵਿਦਵਾਨ “ਯਾਹਵੇਹ” ਨਾਂ ਨੂੰ ਨਾ ਵਰਤਣ ਦੇ ਕਾਰਨ ਦੱਸਦੇ ਹਨ। ਬਾਈਬਲ ਵਿਚ ਹੋਰ ਬਥੇਰੇ ਨਾਂ ਹਨ ਜੋ ਉਸ ਤਰ੍ਹਾਂ ਨਹੀਂ ਉਚਾਰੇ ਜਾਂਦੇ ਜਿਵੇਂ ਉਹ ਪੁਰਾਣੀ ਇਬਰਾਨੀ ਭਾਸ਼ਾ ਵਿਚ ਉਚਾਰੇ ਜਾਂਦੇ ਸਨ। ਪਰ ਇਨ੍ਹਾਂ ਨਾਵਾਂ ਬਾਰੇ ਕੋਈ ਇਤਰਾਜ਼ ਨਹੀਂ ਕਰਦਾ। ਇਹ ਇਸ ਲਈ ਹੈ ਕਿਉਂਕਿ ਇਹ ਨਾਮ ਸਾਡੀ ਭਾਸ਼ਾ ਦਾ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਇਹੀ ਗੱਲ ਯਹੋਵਾਹ ਦੇ ਨਾਂ ਬਾਰੇ ਸੱਚ ਹੈ।
ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਲੋਕਾਂ ਅੱਗੇ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਇਹ ਨਾਂ ਵਰਤਣ ਲਈ ਕਿਹਾ। (ਰਸੂਲਾਂ ਦੇ ਕਰਤੱਬ 2:21; 15:14; ਰੋਮੀਆਂ 10:13-15) ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਸਾਡੀ ਭਾਸ਼ਾ ਜੋ ਮਰਜ਼ੀ ਹੋਵੇ, ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦਾ ਨਾਂ ਵਰਤੀਏ, ਇਸ ਨਾਂ ਦਾ ਮਤਲਬ ਜਾਣੀਏ ਅਤੇ ਇਸ ਨਾਂ ਦੇ ਅਨੁਸਾਰ ਜ਼ਿੰਦਗੀ ਜੀਵੀਏ। (w08 8/1)