ਕੀ ਯਿਸੂ ਨੇ ਨਰਕ ਬਾਰੇ ਸਿਖਾਇਆ ਸੀ?
ਕੀ ਯਿਸੂ ਨੇ ਨਰਕ ਬਾਰੇ ਸਿਖਾਇਆ ਸੀ?
ਯਿਸੂ ਨੇ ਕਿਹਾ: “ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ।”—ਮਰਕੁਸ 9:47, 48.
ਇਕ ਹੋਰ ਮੌਕੇ ਤੇ ਯਿਸੂ ਨੇ ਨਿਆਂ ਦੇ ਸਮੇਂ ਬਾਰੇ ਗੱਲ ਕੀਤੀ ਜਦ ਉਹ ਦੁਸ਼ਟਾਂ ਨੂੰ ਸਜ਼ਾ ਸੁਣਾ ਕੇ ਕਹੇਗਾ: “ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।” ਉਸ ਨੇ ਇਹ ਵੀ ਕਿਹਾ ਕਿ ਉਹ “ਸਦੀਪਕ ਸਜ਼ਾ ਵਿੱਚ ਜਾਣਗੇ।”—ਮੱਤੀ 25:41, 46.
ਯਿਸੂ ਦੀਆਂ ਇਹ ਗੱਲਾਂ ਪੜ੍ਹ ਕੇ ਲੱਗਦਾ ਹੈ ਕਿ ਉਹ ਨਰਕ ਦੀ ਅੱਗ ਬਾਰੇ ਸਿਖਾ ਰਿਹਾ ਸੀ। ਪਰ ਯਿਸੂ ਨੇ ਕਦੀ ਵੀ ਬਾਈਬਲ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸਿਖਾਈ ਸੀ। ਬਾਈਬਲ ਤਾਂ ਸਾਫ਼-ਸਾਫ਼ ਕਹਿੰਦੀ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।”—ਉਪਦੇਸ਼ਕ ਦੀ ਪੋਥੀ 9:5.
ਤਾਂ ਫਿਰ ਜਦ ਯਿਸੂ ਨੇ ਲੋਕਾਂ ਦੇ “ਨਰਕ ਵਿੱਚ” ਸੁੱਟੇ ਜਾਣ ਦੀ ਗੱਲ ਕੀਤੀ ਸੀ, ਤਾਂ ਉਸ ਦਾ ਕੀ ਮਤਲਬ ਸੀ? ਕੀ “ਸਦੀਪਕ ਅੱਗ” ਸੱਚ-ਮੁੱਚ ਦੀ ਅੱਗ ਹੈ? ਦੁਸ਼ਟ ਲੋਕ “ਸਦੀਪਕ ਸਜ਼ਾ ਵਿੱਚ” ਕਿਵੇਂ ਜਾਂਦੇ ਹਨ? ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਈਏ।
ਜਦ ਯਿਸੂ ਨੇ ਲੋਕਾਂ ਦੇ “ਨਰਕ ਵਿੱਚ” ਸੁੱਟੇ ਜਾਣ ਦੀ ਗੱਲ ਕੀਤੀ ਸੀ, ਤਾਂ ਉਸ ਦਾ ਕੀ ਮਤਲਬ ਸੀ? ਮਰਕੁਸ 9:47 ਵਿਚ ਜਿਸ ਸ਼ਬਦ ਦਾ ਤਰਜਮਾ “ਨਰਕ” ਕੀਤਾ ਗਿਆ ਹੈ ਉਹ ਯੂਨਾਨੀ ਭਾਸ਼ਾ ਵਿਚ ਗ਼ਹੈਨਾ ਹੈ। ਇਹ ਸ਼ਬਦ ਇਬਰਾਨੀ ਸ਼ਬਦ ਜਹੰਨਮ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਹਿੰਨੋਮ ਦੀ ਵਾਦੀ।” ਇਹ ਵਾਦੀ ਪ੍ਰਾਚੀਨ ਯਰੂਸ਼ਲਮ ਸ਼ਹਿਰ ਤੋਂ ਬਾਹਰ ਹੁੰਦੀ ਸੀ। ਇਸਰਾਏਲੀ ਰਾਜਿਆਂ ਦੇ ਪੁਰਾਣੇ ਜ਼ਮਾਨੇ ਵਿਚ ਲੋਕ ਇਸ ਵਾਦੀ ਵਿਚ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਆਪਣੇ ਜੀਉਂਦੇ ਬੱਚਿਆਂ ਦੀ ਬਲੀ ਚੜ੍ਹਾਉਂਦੇ ਹੁੰਦੇ ਸਨ। ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਘਿਣਾਉਣਾ ਕੰਮ ਸੀ। ਪਰਮੇਸ਼ੁਰ ਨੇ ਕਿਹਾ ਕਿ ਉਹ ਅਜਿਹਾ ਕੰਮ ਕਰਨ ਵਾਲੇ ਲੋਕਾਂ ਦਾ ਨਾਸ਼ ਕਰੇਗਾ। ਉਸ ਸਮੇਂ ਹਿੰਨੋਮ ਦੀ ਵਾਦੀ ਨੂੰ “ਕਤਲ ਦੀ ਵਾਦੀ” ਕਿਹਾ ਜਾਣਾ ਸੀ ਅਤੇ ਉੱਥੇ ਇਸ “ਪਰਜਾ ਦੀਆਂ ਲੋਥਾਂ” ਪਈਆਂ ਹੋਣੀਆਂ ਸਨ। (ਯਿਰਮਿਯਾਹ 7:30-34) ਇਸ ਤਰ੍ਹਾਂ ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹਿੰਨੋਮ ਦੀ ਵਾਦੀ ਜੀਉਂਦੀਆਂ ਬਲੀਆਂ ਚੜ੍ਹਾਉਣ ਦੀ ਜਗ੍ਹਾ ਨਹੀਂ, ਬਲਕਿ ਲੋਕਾਂ ਦੀਆਂ ਲਾਸ਼ਾਂ ਸੁੱਟਣ ਦੀ ਜਗ੍ਹਾ ਬਣ ਜਾਣੀ ਸੀ।
ਯਿਸੂ ਦੇ ਜ਼ਮਾਨੇ ਵਿਚ ਇਸ ਜਗ੍ਹਾ ਨੂੰ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਉੱਥੇ ਹਮੇਸ਼ਾ ਅੱਗ ਬਲਦੀ ਰਹਿੰਦੀ ਸੀ। ਕੂੜੇ ਦੇ ਨਾਲ-ਨਾਲ ਉੱਥੇ ਕੁਝ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਵੀ ਸੁੱਟਿਆ ਜਾਂਦਾ ਸੀ।
ਜਦ ਯਿਸੂ ਨੇ ਕਿਹਾ ਸੀ ਕਿ “ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ,” ਤਾਂ ਲੱਗਦਾ ਹੈ ਕਿ ਉਹ ਯਸਾਯਾਹ 66:24 ਦਾ ਹਵਾਲਾ ਦੇ ਰਿਹਾ ਸੀ। ਯਸਾਯਾਹ ਨੇ “ਉਨ੍ਹਾਂ ਮਨੁੱਖਾਂ ਦੀਆਂ ਲੋਥਾਂ” ਦੀ ਗੱਲ ਕੀਤੀ ਸੀ ‘ਜੋ ਪਰਮੇਸ਼ੁਰ ਦੇ ਅਪਰਾਧੀ’ ਸਨ। ਉਨ੍ਹਾਂ ਬਾਰੇ ਉਸ ਨੇ ਕਿਹਾ ਕਿ “ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ।” ਯਿਸੂ ਅਤੇ ਉਸ ਦੇ ਸੁਣਨ ਵਾਲਿਆਂ ਨੂੰ ਪਤਾ ਸੀ ਕਿ ਯਸਾਯਾਹ ਦੇ ਇਹ ਸ਼ਬਦ ਉਨ੍ਹਾਂ ਲਾਸ਼ਾਂ ਲਈ ਵਰਤੇ ਗਏ ਸਨ ਜਿਨ੍ਹਾਂ ਨੂੰ ਦਫ਼ਨਾਉਣ ਦੇ ਲਾਇਕ ਨਹੀਂ ਸਮਝਿਆ ਗਿਆ ਸੀ।
ਇਸ ਲਈ ਜਦ ਯਿਸੂ ਨੇ ਹਿੰਨੋਮ ਦੀ ਵਾਦੀ ਜਾਂ ਗ਼ਹੈਨਾ ਦੀ ਗੱਲ ਕੀਤੀ ਸੀ, ਤਾਂ ਇਸ ਦਾ ਮਤਲਬ ਸੀ ਅਜਿਹੀ ਮੌਤ ਜਿਸ ਤੋਂ ਇਨਸਾਨ ਨੂੰ ਕਦੇ ਦੁਬਾਰਾ ਜ਼ਿੰਦਾ ਨਹੀਂ ਕੀਤਾ ਜਾਣਾ। ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਜਦ ਉਸ ਨੇ ਕਿਹਾ ਕਿ ਪਰਮੇਸ਼ੁਰ “ਦੇਹੀ ਅਤੇ ਰੂਹ ਦੋਹਾਂ ਦਾ ਨਰਕ [ਯੂਨਾਨੀ ਭਾਸ਼ਾ ਵਿਚ “ਗ਼ਹੈਨਾ”] ਵਿੱਚ ਨਾਸ ਕਰ ਸੱਕਦਾ ਹੈ।” (ਮੱਤੀ 10:28) ਗ਼ਹੈਨਾ ਦਾ ਮਤਲਬ ਹੈ ਹਮੇਸ਼ਾ ਦੀ ਮੌਤ ਨਾ ਕਿ ਹਮੇਸ਼ਾ ਲਈ ਤੜਫ਼ਣਾ।
ਕੀ “ਸਦੀਪਕ ਅੱਗ” ਸੱਚ-ਮੁੱਚ ਦੀ ਅੱਗ ਹੈ? ਧਿਆਨ ਦਿਓ ਕਿ ਜਿਸ “ਸਦੀਪਕ ਅੱਗ” ਦਾ ਯਿਸੂ ਨੇ ਮੱਤੀ 25:41 ਵਿਚ ਜ਼ਿਕਰ ਕੀਤਾ ਸੀ ਉਹ “ਸ਼ਤਾਨ ਅਤੇ ਉਹ ਦੇ ਦੂਤਾਂ ਲਈ” ਤਿਆਰ ਕੀਤੀ ਗਈ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਸੱਚ-ਮੁੱਚ ਦੀ ਅੱਗ ਦੂਤਾਂ ਨੂੰ ਜਲਾ ਸਕਦੀ ਹੈ? ਜਾਂ ਕੀ ਇੱਥੇ ਅੱਗ ਦਾ ਕੋਈ ਹੋਰ ਮਤਲਬ ਹੈ? ਯਿਸੂ ਨੇ ਆਪਣੀ ਗੱਲਬਾਤ ਵਿਚ “ਭੇਡਾਂ” ਅਤੇ “ਬੱਕਰੀਆਂ” ਦਾ ਜ਼ਿਕਰ ਕੀਤਾ ਸੀ। ਪਰ ਇਹ ਅਸਲੀ ਭੇਡਾਂ-ਬੱਕਰੀਆਂ ਨਹੀਂ ਸਨ, ਬਲਕਿ ਧਰਮੀ ਅਤੇ ਦੁਸ਼ਟ ਲੋਕਾਂ ਨੂੰ ਦਰਸਾਉਂਦੀਆਂ ਸਨ। (ਮੱਤੀ 25:32, 33) ਫਿਰ ਯਿਸੂ ਨੇ ਅੱਗ ਦਾ ਜ਼ਿਕਰ ਕੀਤਾ। ਇਹ ਅੱਗ ਸੱਚ-ਮੁੱਚ ਦੀ ਨਹੀਂ, ਪਰ ਦੁਸ਼ਟਾਂ ਦੇ ਨਾਸ਼ ਨੂੰ ਦਰਸਾਉਂਦੀ ਹੈ।
ਦੁਸ਼ਟ ਲੋਕ “ਸਦੀਪਕ ਸਜ਼ਾ ਵਿੱਚ” ਕਿਵੇਂ ਜਾਂਦੇ ਹਨ? ਭਾਵੇਂ ਮੱਤੀ 25:46 ਵਿਚ ਬਾਈਬਲ ਦੇ ਕਈ ਤਰਜਮੇ “ਸਜ਼ਾ” ਸ਼ਬਦ ਵਰਤਦੇ ਹਨ, ਪਰ ਉੱਥੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਮਤਲਬ ਹੈ “ਛਾਂਗਣਾ।” ਜਿਸ ਤਰ੍ਹਾਂ ਕਿਸੇ ਦਰਖ਼ਤ ਦੀਆਂ ਟਹਿਣੀਆਂ ਨੂੰ ਛਾਂਗਿਆ ਜਾਂ ਕੱਟਿਆ ਜਾਂਦਾ ਹੈ ਉਸੇ ਤਰ੍ਹਾਂ ਦੁਸ਼ਟ ਲੋਕਾਂ ਨੂੰ “ਸਦੀਪਕ ਸਜ਼ਾ” ਦੇ ਕੇ ਹਮੇਸ਼ਾ ਲਈ ਜ਼ਿੰਦਗੀ ਤੋਂ ਕੱਟਿਆ ਜਾਵੇਗਾ। ਪਰ ਦੂਜੇ ਪਾਸੇ ਧਰਮੀ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ।
ਤੁਹਾਡਾ ਕੀ ਖ਼ਿਆਲ ਹੈ?
ਯਿਸੂ ਨੇ ਇਹ ਕਦੀ ਨਹੀਂ ਸਿਖਾਇਆ ਸੀ ਕਿ ਇਨਸਾਨਾਂ ਵਿਚ ਅਮਰ ਆਤਮਾ ਹੈ। ਪਰ ਉਸ ਨੇ ਮੁਰਦਿਆਂ ਦੇ ਦੁਬਾਰਾ ਜੀ ਉੱਠਣ ਦੀ ਸਿੱਖਿਆ ਦਿੱਤੀ ਸੀ। (ਲੂਕਾ 14:13, 14; ਯੂਹੰਨਾ 5:25-29; 11:25) ਜੇ ਯਿਸੂ ਮੰਨਦਾ ਕਿ ਇਨਸਾਨਾਂ ਦੀ ਆਤਮਾ ਅਮਰ ਹੈ, ਤਾਂ ਉਸ ਨੇ ਇਹ ਨਹੀਂ ਸਿਖਾਉਣਾ ਸੀ ਕਿ ਮੁਰਦਿਆਂ ਨੂੰ ਫਿਰ ਤੋਂ ਜ਼ਿੰਦਾ ਕੀਤਾ ਜਾਵੇਗਾ।
ਯਿਸੂ ਨੇ ਇਹ ਨਹੀਂ ਸਿਖਾਇਆ ਸੀ ਕਿ ਪਰਮੇਸ਼ੁਰ ਬੇਰਹਿਮੀ ਨਾਲ ਦੁਸ਼ਟਾਂ ਨੂੰ ਹਮੇਸ਼ਾ ਲਈ ਤਸੀਹੇ ਦੇਵੇਗਾ। ਇਸ ਦੇ ਉਲਟ ਉਸ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਯੂਹੰਨਾ 3:16) ਯਿਸੂ ਨੇ ਇੱਥੇ ਇਹ ਨਹੀਂ ਕਿਹਾ ਸੀ ਕਿ ਉਸ ਉੱਤੇ ਨਿਹਚਾ ਨਾ ਕਰਨ ਵਾਲੇ ਨਰਕ ਵਿਚ ਜਲਾਏ ਜਾਣਗੇ, ਸਗੋਂ ਇਹ ਕਿਹਾ ਸੀ ਕਿ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।
ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਬਾਈਬਲ ਇਹ ਨਹੀਂ ਸਿਖਾਉਂਦੀ ਹੈ ਕਿ ਨਰਕ ਅਜਿਹੀ ਜਗ੍ਹਾ ਹੈ ਜਿੱਥੇ ਦੁਸ਼ਟਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਇਹ ਇਕ ਝੂਠੀ ਸਿੱਖਿਆ ਹੈ। (ਸਫ਼ਾ 6 ਉੱਤੇ “ਨਰਕ ਦੀ ਅੱਗ ਦੀ ਸਿੱਖਿਆ ਕਿੱਥੋਂ ਆਈ” ਨਾਂ ਦੀ ਡੱਬੀ ਦੇਖੋ।) ਪਰਮੇਸ਼ੁਰ ਲੋਕਾਂ ਨੂੰ ਨਰਕ ਵਿਚ ਹਮੇਸ਼ਾ ਲਈ ਸਜ਼ਾ ਨਹੀਂ ਦਿੰਦਾ। ਸੱਚਾਈ ਜਾਣ ਕੇ ਤੁਸੀਂ ਪਰਮੇਸ਼ੁਰ ਬਾਰੇ ਕੀ ਸਿੱਖੋਗੇ? (w08 11/1)
[ਸਫ਼ਾ 6 ਉੱਤੇ ਡੱਬੀ]
ਨਰਕ ਦੀ ਅੱਗ ਦੀ ਸਿੱਖਿਆ ਕਿੱਥੋਂ ਆਈ
ਇਸ ਝੂਠੀ ਸਿੱਖਿਆ ਦੀ ਜੜ੍ਹ: ਪ੍ਰਾਚੀਨ ਮਿਸਰੀ ਲੋਕ ਨਰਕ ਦੀ ਅੱਗ ਦੀ ਸਿੱਖਿਆ ਨੂੰ ਮੰਨਦੇ ਸਨ। 1375 ਈਸਵੀ ਪੂਰਵ ਵਿਚ ਲਿਖੀ ਗਈ ਇਕ ਪੁਸਤਕ ਨੇ ਕਿਹਾ ਕਿ ‘ਲੋਕ ਅੱਗ ਦੀਆਂ ਲਾਟਾਂ ਵਿਚ ਸਿਰ ਪਰਨੇ ਸੁੱਟੇ ਜਾਣਗੇ ਅਤੇ ਉਹ ਨਰਕ ਤੋਂ ਬਚ ਨਹੀਂ ਸਕਣਗੇ ਤੇ ਨਾ ਹੀ ਅੱਗ ਤੋਂ ਬਚ ਸਕਣਗੇ।’ ਲਗਭਗ 1,900 ਸਾਲ ਪਹਿਲਾਂ ਰਹਿਣ ਵਾਲੇ ਯੂਨਾਨੀ ਫ਼ਿਲਾਸਫ਼ਰ ਪਲੂਟਾਰਕ ਨੇ ਨਰਕ ਬਾਰੇ ਲਿਖਿਆ: ‘ਉਹ ਚੀਕਾਂ ਮਾਰਦੇ ਹਰ ਤਰ੍ਹਾਂ ਦਾ ਦੁੱਖ ਭੋਗਦੇ ਹਨ ਅਤੇ ਤੜਫ਼-ਤੜਫ਼ ਕੇ ਰੋਂਦੇ ਹਨ।’
ਇਹ ਸਿੱਖਿਆ ਯਹੂਦੀ ਪੰਥਾਂ ਵਿਚ ਫੈਲੀ: ਜੋਸੀਫ਼ਸ ਨਾਂ ਦੇ ਪਹਿਲੀ ਸਦੀ ਦੇ ਇਤਿਹਾਸਕਾਰ ਨੇ ਕਿਹਾ ਕਿ ਏਸੰਨੀਸ ਨਾਂ ਦਾ ਯਹੂਦੀ ਪੰਥ ਮੰਨਦਾ ਸੀ ਕਿ “ਆਤਮਾ ਅਮਰ ਹੈ।” ਉਸ ਨੇ ਅੱਗੇ ਕਿਹਾ: “ਇਹ ਵਿਸ਼ਵਾਸ ਯੂਨਾਨੀ ਲੋਕਾਂ ਦੇ ਵਿਸ਼ਵਾਸਾਂ ਨਾਲ ਰਲਦਾ-ਮਿਲਦਾ ਹੈ। . . . ਉਹ ਕਹਿੰਦੇ ਹਨ ਕਿ ਬੁਰੇ ਲੋਕਾਂ ਨੂੰ ਇਕ ਹਨੇਰੀ ਤੇ ਡਰਾਉਣੀ ਜਗ੍ਹਾ ਵਿਚ ਰੱਖਿਆ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਹਰ ਪਲ ਤਸੀਹੇ ਦਿੱਤੇ ਜਾਂਦੇ ਹਨ।”
ਈਸਾਈ ਜਗਤ ਵਿਚ ਇਸ ਦੀ ਸ਼ੁਰੂਆਤ: ਦੂਜੀ ਸਦੀ ਤੋਂ ਇਕ ਘੜੀ ਹੋਈ ਲਿਖਤ ਨੇ ਦੁਸ਼ਟ ਲੋਕਾਂ ਬਾਰੇ ਕਿਹਾ: “ਉਨ੍ਹਾਂ ਦੇ ਲਈ ਅਜਿਹੀ ਅੱਗ ਤਿਆਰ ਕੀਤੀ ਜਾਂਦੀ ਹੈ ਜੋ ਕਦੀ ਬੁਝਦੀ ਨਹੀਂ।” ਇਸ ਵਿਚ ਇਹ ਵੀ ਲਿਖਿਆ ਗਿਆ: “ਏਜ਼ਰੀਏਲ ਨਾਂ ਦਾ ਰਾਖ਼ਸ਼ ਅੱਧੇ ਸਾੜੇ ਹੋਏ ਸਰੀਰਾਂ ਵਾਲੇ ਆਦਮੀਆਂ ਔਰਤਾਂ ਨੂੰ ਘੜੀਸ ਕੇ ਹਨੇਰੇ ਵਿਚ ਸੁੱਟ ਦਿੰਦਾ ਹੈ ਜਿੱਥੇ ਇਕ ਹੋਰ ਰਾਖ਼ਸ਼ ਉਨ੍ਹਾਂ ਨੂੰ ਕੁੱਟਦਾ-ਮਾਰਦਾ ਹੈ।” ਅੰਤਾਕਿਯਾ ਦੇ ਰਹਿਣ ਵਾਲੇ ਲੇਖਕ ਥੀਓਫ਼ੀਲਸ ਨੇ ਸਿਬਲ ਨਾਂ ਦੀ ਯੂਨਾਨੀ ਨਬੀਆ ਦੀ ਕਹੀ ਗੱਲ ਦੱਸੀ: “ਤੁਹਾਡੇ ਉੱਤੇ ਅੱਗ ਡਿੱਗੇਗੀ ਅਤੇ ਤੁਸੀਂ ਹਮੇਸ਼ਾ ਲਈ ਉਸ ਦੀਆਂ ਲਾਟਾਂ ਵਿਚ ਸਾੜੇ ਜਾਓਗੇ।” ਥੀਓਫ਼ੀਲਸ ਨੇ ਕਿਹਾ ਕਿ ਇਹ ਸ਼ਬਦ “ਸੱਚੇ, ਫ਼ਾਇਦੇਮੰਦ, ਸਹੀ ਅਤੇ ਸਾਰਿਆਂ ਦੇ ਭਲੇ ਲਈ ਹਨ।”
ਮੱਧਕਾਲ ਦੌਰਾਨ ਨਰਕ ਦੀ ਸਿੱਖਿਆ ਕਾਰਨ ਖ਼ੂਨ-ਖ਼ਰਾਬਾ: ਮੈਰੀ ਪਹਿਲੀ ਇੰਗਲੈਂਡ ਦੀ ਮਹਾਰਾਣੀ (1553-1558) ਨੇ ਪ੍ਰੋਟੈਸਟੈਂਟ ਧਰਮ ਦੇ ਲਗਭਗ 300 ਲੋਕਾਂ ਨੂੰ ਸੂਲੀ ’ਤੇ ਸਾੜ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਕਿਹਾ: “ਜੇ ਰੱਬ ਨੇ ਇਨ੍ਹਾਂ ਧਰਮ-ਵਿਰੋਧੀਆਂ ਨੂੰ ਹਮੇਸ਼ਾ ਲਈ ਨਰਕ ਵਿਚ ਸਾੜ ਹੀ ਦੇਣਾ ਹੈ, ਤਾਂ ਇਸ ਵਿਚ ਕੀ ਹਰਜ਼ ਹੈ ਕਿ ਮੈਂ ਉਸ ਦੀ ਰੀਸ ਕਰ ਕੇ ਧਰਤੀ ਉੱਤੇ ਉਨ੍ਹਾਂ ਨੂੰ ਜਲਾ ਦੇਵਾਂ।”
ਨਰਕ ਦੀ ਸਿੱਖਿਆ ਵਿਚ ਤਬਦੀਲੀ: ਹਾਲ ਹੀ ਦੇ ਸਮੇਂ ਵਿਚ ਕਈ ਧਰਮਾਂ ਨੇ ਨਰਕ ਦੀ ਆਪਣੀ ਸਿੱਖਿਆ ਵਿਚ ਤਬਦੀਲੀਆਂ ਲਿਆਂਦੀਆਂ ਹਨ। ਮਿਸਾਲ ਲਈ, 1995 ਵਿਚ ਚਰਚ ਆਫ਼ ਇੰਗਲੈਂਡ ਦੀ ਇਕ ਰਿਪੋਰਟ ਅਨੁਸਾਰ “ਨਰਕ ਦਾ ਇਹ ਅਰਥ ਨਹੀਂ ਕਿ ਇੱਥੇ ਸਦਾ ਹੀ ਤੜਫ਼ਾਇਆ ਜਾਂਦਾ ਹੈ, ਸਗੋਂ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਇਨਸਾਨ ਅਜਿਹਾ ਰਾਹ ਚੁਣਦਾ ਹੈ ਜੋ ਪੂਰੀ ਤਰ੍ਹਾਂ ਪਰਮੇਸ਼ੁਰ ਤੋਂ ਉਲਟ ਹੈ, ਤਾਂ ਇਸ ਦਾ ਨਤੀਜਾ ਹਮੇਸ਼ਾ ਸਦਾ ਦਾ ਨਾਸ਼ ਹੁੰਦਾ ਹੈ।”
[ਸਫ਼ਾ 7 ਉੱਤੇ ਡੱਬੀ/ਤਸਵੀਰ]
‘ਅੱਗ ਦੀ ਝੀਲ’ ਕੀ ਹੈ?
ਪਰਕਾਸ਼ ਦੀ ਪੋਥੀ 20:10 ਵਿਚ ਲਿਖਿਆ ਹੈ ਕਿ ਸ਼ਤਾਨ ਨੂੰ ‘ਅੱਗ ਦੀ ਝੀਲ’ ਵਿਚ ਸੁੱਟਿਆ ਜਾਵੇਗਾ ਜਿੱਥੇ ‘ਰਾਤ ਦਿਨ ਓਹ ਜੁੱਗੋ ਜੁੱਗ ਕਸ਼ਟ ਭੋਗੇਗਾ।’ ਜੇ ਸ਼ਤਾਨ ਨੇ ਹਮੇਸ਼ਾ ਲਈ ਕਸ਼ਟ ਭੋਗਣਾ ਹੈ, ਤਾਂ ਪਰਮੇਸ਼ੁਰ ਨੂੰ ਉਸ ਨੂੰ ਹਮੇਸ਼ਾ ਲਈ ਜ਼ਿੰਦਾ ਰੱਖਣਾ ਪਵੇਗਾ, ਪਰ ਬਾਈਬਲ ਕਹਿੰਦੀ ਹੈ ਕਿ ਯਿਸੂ “ਸ਼ਤਾਨ ਨੂੰ ਨਾਸ” ਕਰੇਗਾ। (ਇਬਰਾਨੀਆਂ 2:14) ਅੱਗ ਦੀ ਝੀਲ ਦਾ ਮਤਲਬ ਹੈ ‘ਦੂਈ ਮੌਤ।’ (ਪਰਕਾਸ਼ ਦੀ ਪੋਥੀ 21:8) ਇਹ ਉਹ ਮੌਤ ਨਹੀਂ ਜੋ ਆਦਮ ਦੇ ਪਾਪ ਕਰਕੇ ਸਾਡੇ ਉੱਤੇ ਆਈ ਕਿਉਂਕਿ ਜਿਹੜੇ ਇਸ ਮੌਤ ਕਰਕੇ ਮਰਦੇ ਹਨ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ। (1 ਕੁਰਿੰਥੀਆਂ 15:21, 22) ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ‘ਅੱਗ ਦੀ ਝੀਲ’ ਵਿਚ ਸੁੱਟੇ ਜਾਣ ਵਾਲਿਆਂ ਨੂੰ ਕਦੀ ਛੁਡਾਇਆ ਜਾਵੇਗਾ। ਸੋ “ਦੂਈ ਮੌਤ” ਦਾ ਮਤਲਬ ਹੈ ਹਮੇਸ਼ਾ ਲਈ ਮੌਤ ਦੇ ਪੰਜੇ ਵਿਚ ਰਹਿਣਾ।
ਤਾਂ ਫਿਰ ਅੱਗ ਦੀ ਝੀਲ ਵਿਚ ਜੁੱਗੋ-ਜੁੱਗ ਕਸ਼ਟ ਭੋਗਣ ਦਾ ਕੀ ਮਤਲਬ ਹੈ? “ਕਸ਼ਟ ਭੋਗਣ” ਦਾ ਮਤਲਬ ਕਿਸੇ ਨੂੰ “ਕੈਦ ਕਰਨਾ” ਵੀ ਹੋ ਸਕਦਾ ਹੈ। ਇਕ ਵਾਰ ਜਦ ਯਿਸੂ ਨੇ ਬੁਰੇ ਦੂਤਾਂ ਦਾ ਸਾਮ੍ਹਣਾ ਕੀਤਾ, ਤਾਂ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ [ਅਥਾਹ ਕੁੰਡ ਵਿਚ ਕੈਦ ਕਰਨ] ਐਥੇ ਆਇਆ ਹੈਂ?” (ਮੱਤੀ 8:29; ਲੂਕਾ 8:30, 31) “ਝੀਲ” ਵਿਚ ਸੁੱਟੇ ਜਾਣ ਵਾਲੇ ਹਮੇਸ਼ਾ ਲਈ “ਦੂਈ ਮੌਤ” ਦੀ ਕੈਦ ਵਿਚ ਬੰਦ ਕੀਤੇ ਜਾਣਗੇ।