Skip to content

Skip to table of contents

ਜੇ ਆਦਮ ਸੰਪੂਰਣ ਸੀ, ਤਾਂ ਉਸ ਨੇ ਪਾਪ ਕਿਉਂ ਕੀਤਾ?

ਜੇ ਆਦਮ ਸੰਪੂਰਣ ਸੀ, ਤਾਂ ਉਸ ਨੇ ਪਾਪ ਕਿਉਂ ਕੀਤਾ?

ਪਾਠਕਾਂ ਦੇ ਸਵਾਲ

ਜੇ ਆਦਮ ਸੰਪੂਰਣ ਸੀ, ਤਾਂ ਉਸ ਨੇ ਪਾਪ ਕਿਉਂ ਕੀਤਾ?

ਆਦਮ ਨੇ ਇਸ ਲਈ ਪਾਪ ਕੀਤਾ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਯੋਗਤਾ ਨਾਲ ਬਣਾਇਆ ਸੀ। ਪੂਰਾ ਜਾਂ ਸੰਪੂਰਣ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਆਦਮ ਰੋਬੋਟ ਦੀ ਤਰ੍ਹਾਂ ਸੀ। ਅਸਲ ਵਿਚ ਸਿਰਫ਼ ਪਰਮੇਸ਼ੁਰ ਹੀ ਹਰ ਪੱਖੋਂ ਸੰਪੂਰਣ ਹੈ। (ਬਿਵਸਥਾ ਸਾਰ 32:3, 4; ਜ਼ਬੂਰਾਂ ਦੀ ਪੋਥੀ 18:30; ਮਰਕੁਸ 10:18) ਹਰ ਚੀਜ਼ ਕਿਸੇ-ਨ-ਕਿਸੇ ਕੰਮ ਲਈ ਹੀ ਬਣਾਈ ਜਾਂਦੀ ਹੈ, ਪਰ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਕੰਮ ਲਈ ਅਪੂਰਣ ਜਾਂ ਅਧੂਰੀ ਵੀ ਸਾਬਤ ਹੋਵੇ। ਮਿਸਾਲ ਲਈ, ਇਕ ਚਾਕੂ ਫਲ-ਸਬਜ਼ੀ ਕੱਟਣ ਲਈ ਬਣਾਇਆ ਜਾਂਦਾ ਹੈ, ਪਰ ਉਹ ਦਾਲ ਖਾਣ ਦੇ ਕੰਮ ਨਹੀਂ ਆਵੇਗਾ।

ਫਿਰ ਪਰਮੇਸ਼ੁਰ ਨੇ ਆਦਮ ਨੂੰ ਕਿਸ ਕੰਮ ਲਈ ਬਣਾਇਆ ਸੀ? ਉਸ ਦਾ ਇਰਾਦਾ ਸੀ ਕਿ ਆਦਮ ਦੇ ਜ਼ਰੀਏ ਸੰਸਾਰ ਭਰ ਵਿਚ ਅਜਿਹੇ ਲੋਕ ਪੈਦਾ ਕੀਤੇ ਜਾਣ ਜੋ ਆਪਣੇ ਫ਼ੈਸਲੇ ਆਪ ਕਰ ਸਕਣਗੇ। ਜੋ ਲੋਕ ਪਰਮੇਸ਼ੁਰ ਅਤੇ ਉਸ ਦੇ ਤੌਰ-ਤਰੀਕਿਆਂ ਲਈ ਪਿਆਰ ਪੈਦਾ ਕਰਦੇ ਉਨ੍ਹਾਂ ਨੇ ਉਸ ਦਾ ਕਹਿਣਾ ਮੰਨਣ ਲਈ ਤਿਆਰ ਹੋਣਾ ਸੀ। ਮਨੁੱਖ ਦਾ ਦਿਮਾਗ਼ ਰੋਬੋਟ ਦੀ ਤਰ੍ਹਾਂ ਨਹੀਂ ਬਣਾਇਆ ਗਿਆ ਸੀ, ਪਰ ਉਸ ਨੇ ਦਿਲੋਂ ਯਹੋਵਾਹ ਦਾ ਕਹਿਣਾ ਮੰਨਣਾ ਸੀ। (ਬਿਵਸਥਾ ਸਾਰ 10:12, 13; 30:19, 20) ਜੇ ਆਦਮ ਵਿਚ ਆਪਣੇ ਫ਼ੈਸਲੇ ਆਪ ਕਰਨ ਦੀ ਯੋਗਤਾ ਨਾ ਹੁੰਦੀ, ਤਾਂ ਉਸ ਨੇ ਸੰਪੂਰਣ ਨਹੀਂ, ਸਗੋਂ ਅਪੂਰਣ ਹੋਣਾ ਸੀ। ਆਦਮ ਨੇ ਕਿਹੜਾ ਫ਼ੈਸਲਾ ਕੀਤਾ? ਬਾਈਬਲ ਕਹਿੰਦੀ ਹੈ ਉਸ ਨੇ ਆਪਣੀ ਪਤਨੀ ਦਾ ਕਹਿਣਾ ਮੰਨ ਕੇ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਖਾਧਾ ਅਤੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ।—ਉਤਪਤ 2:17; 3:1-6.

ਪਰ ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੇ ਆਦਮ ਨੂੰ ਅਜਿਹੀ ਕਮਜ਼ੋਰੀ ਨਾਲ ਬਣਾਇਆ ਸੀ ਕਿ ਉਹ ਚੰਗੇ ਫ਼ੈਸਲੇ ਕਰਨ ਦੇ ਯੋਗ ਨਹੀਂ ਸੀ ਜਾਂ ਉਹ ਪਰਤਾਵੇ ਦਾ ਸਾਮ੍ਹਣਾ ਨਹੀਂ ਕਰ ਸਕਦਾ ਸੀ? ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਆਦਮ ਦੇ ਪਾਪ ਤੋਂ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਆਪਣੀ ਸਾਰੀ ਰਚਨਾ ’ਤੇ ਨਜ਼ਰ ਮਾਰ ਕੇ ਕਿਹਾ ਕਿ ਉਹ ‘ਬਹੁਤ ਹੀ ਚੰਗੀ ਸੀ।’ ਇਸ ਵਿਚ ਆਦਮ ਤੇ ਹੱਵਾਹ ਵੀ ਸ਼ਾਮਲ ਸਨ। (ਉਤਪਤ 1:31) ਇਸ ਲਈ ਜਦੋਂ ਆਦਮ ਨੇ ਪਾਪ ਕੀਤਾ, ਤਾਂ ਉਸ ਦੇ ਬਣਾਉਣ ਵਾਲੇ ਨੂੰ ਉਸ ਦੀ ਬਣਤਰ ਵਿਚ ਕੋਈ ਕਮੀ ਪੂਰੀ ਕਰਨ ਦੀ ਲੋੜ ਨਹੀਂ ਸੀ, ਸਗੋਂ ਆਦਮ ਹੀ ਕਸੂਰਵਾਰ ਸੀ। (ਉਤਪਤ 3:17-19) ਆਦਮ ਦੀ ਗ਼ਲਤੀ ਇਹ ਸੀ ਕਿ ਉਸ ਨੇ ਪਰਮੇਸ਼ੁਰ ਲਈ ਪ੍ਰੇਮ ਨਹੀਂ ਦਿਖਾਇਆ ਅਤੇ ਉਸ ਦੇ ਅਸੂਲਾਂ ਦੀ ਪਾਲਣਾ ਨਹੀਂ ਕੀਤੀ।

ਇਸ ਗੱਲ ਉੱਤੇ ਵੀ ਵਿਚਾਰ ਕਰੋ ਕਿ ਜਦੋਂ ਯਿਸੂ ਧਰਤੀ ਉੱਤੇ ਸੀ ਉਹ ਆਦਮ ਦੀ ਤਰ੍ਹਾਂ ਸੰਪੂਰਣ ਸੀ। ਪਰ ਉਹ ਆਦਮ ਦੀ ਸੰਤਾਨ ਤੋਂ ਇਸ ਭਾਵ ਵਿਚ ਵੱਖਰਾ ਸੀ ਕਿ ਉਹ ਪਵਿੱਤਰ ਸ਼ਕਤੀ ਦੇ ਜ਼ਰੀਏ ਪੈਦਾ ਹੋਇਆ ਸੀ। ਇਸ ਕਰਕੇ ਉਸ ਵਿਚ ਕੋਈ ਕਮਜ਼ੋਰੀ ਨਹੀਂ ਸੀ ਜਿਸ ਕਰਕੇ ਉਹ ਪਾਪ ਵੱਲ ਖਿੱਚਿਆ ਜਾ ਸਕਦਾ ਸੀ। (ਲੂਕਾ 1:30, 31; 2:21; 3:23, 38) ਭਾਵੇਂ ਯਿਸੂ ਉੱਤੇ ਹੱਦੋਂ ਵਧ ਦਬਾਅ ਆਏ, ਫਿਰ ਵੀ ਉਹ ਪਰਮੇਸ਼ੁਰ ਦੇ ਵਫ਼ਾਦਾਰ ਰਿਹਾ। ਇਸ ਦੇ ਉਲਟ ਆਦਮ ਨੇ ਖ਼ੁਦ ਆਪਣੀ ਮਰਜ਼ੀ ਅਨੁਸਾਰ ਯਹੋਵਾਹ ਦਾ ਹੁਕਮ ਤੋੜਿਆ।

ਪਰ ਆਦਮ ਨੇ ਪਰਮੇਸ਼ੁਰ ਦਾ ਕਹਿਣਾ ਕਿਉਂ ਨਹੀਂ ਮੰਨਿਆ? ਕੀ ਉਸ ਨੂੰ ਇਸ ਵਿਚ ਕੋਈ ਫ਼ਾਇਦਾ ਦਿੱਸਦਾ ਸੀ? ਨਹੀਂ, ਪੌਲੁਸ ਰਸੂਲ ਨੇ ਲਿਖਿਆ ਕੇ “ਆਦਮ ਨੇ ਧੋਖਾ ਨਹੀਂ ਖਾਧਾ।” (1 ਤਿਮੋਥਿਉਸ 2:14) ਆਦਮ ਨੇ ਆਪਣੀ ਪਤਨੀ ਦਾ ਕਹਿਣਾ ਮੰਨਿਆ ਜੋ ਪਹਿਲਾਂ ਹੀ ਫਲ ਖਾ ਚੁੱਕੀ ਸੀ। ਉਹ ਆਪਣੀ ਪਤਨੀ ਨੂੰ ਆਪਣੇ ਕਰਤਾਰ ਨਾਲੋਂ ਜ਼ਿਆਦਾ ਖ਼ੁਸ਼ ਕਰਨਾ ਚਾਹੁੰਦਾ ਸੀ। ਜਦ ਉਸ ਦੀ ਪਤਨੀ ਨੇ ਉਸ ਨੂੰ ਫਲ ਦਿੱਤਾ, ਤਾਂ ਆਦਮ ਨੂੰ ਰੁਕ ਕੇ ਸੋਚਣਾ ਚਾਹੀਦਾ ਸੀ ਕਿ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦਾ ਉਸ ਦੇ ਪਰਮੇਸ਼ੁਰ ਨਾਲ ਰਿਸ਼ਤੇ ਉੱਤੇ ਕੀ ਅਸਰ ਪਵੇਗਾ। ਪਰਮੇਸ਼ੁਰ ਲਈ ਗੂੜ੍ਹਾ ਪ੍ਰੇਮ ਨਾ ਹੋਣ ਕਰਕੇ ਆਦਮ ਆਪਣੀ ਪਤਨੀ ਦੇ ਦਬਾਅ ਹੇਠ ਆ ਗਿਆ।

ਆਦਮ ਦੇ ਪਾਪ ਕਰਨ ਤੋਂ ਬਾਅਦ ਹੀ ਉਸ ਦੀ ਔਲਾਦ ਪੈਦਾ ਹੋਈ ਜਿਸ ਕਰਕੇ ਉਹ ਸਾਰੇ ਦੇ ਸਾਰੇ ਅਪੂਰਣ ਪੈਦਾ ਹੋਏ। ਪਰ ਆਦਮ ਦੀ ਤਰ੍ਹਾਂ ਸਾਡੇ ਸਾਰਿਆਂ ਕੋਲ ਆਪਣੇ ਫ਼ੈਸਲੇ ਆਪ ਕਰਨ ਦੀ ਯੋਗਤਾ ਹੈ। ਇਸ ਲਈ ਆਓ ਆਪਾਂ ਦਿਲੋਂ ਸ਼ੁਕਰਗੁਜ਼ਾਰੀ ਨਾਲ ਯਹੋਵਾਹ ਦੀ ਭਲਾਈ ਉੱਤੇ ਮਨਨ ਕਰ ਕੇ ਉਸ ਲਈ ਆਪਣਾ ਪਿਆਰ ਮਜ਼ਬੂਤ ਰੱਖੀਏ। ਪਰਮੇਸ਼ੁਰ ਸਾਡੀ ਆਗਿਆ ਅਤੇ ਭਗਤੀ ਦੇ ਲਾਇਕ ਹੈ।—ਜ਼ਬੂਰਾਂ ਦੀ ਪੋਥੀ 63:6; ਮੱਤੀ 22:36, 37. (w08 10/1)