ਤੁਸੀਂ ਚੰਗੇ ਪਿਤਾ ਕਿੱਦਾਂ ਬਣ ਸਕਦੇ ਹੋ?
ਤੁਸੀਂ ਚੰਗੇ ਪਿਤਾ ਕਿੱਦਾਂ ਬਣ ਸਕਦੇ ਹੋ?
“ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21.
ਇ ਕ ਪਿਤਾ ਆਪਣੇ ਬਾਲਕਾਂ ਨੂੰ ਖਿਝਾਉਣ ਤੋਂ ਕਿਵੇਂ ਬਚ ਸਕਦਾ ਹੈ? ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਪਿਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ। ਮਾਨਸਿਕ ਸਿਹਤ ਬਾਰੇ ਇਕ ਰਸਾਲੇ ਨੇ ਕਿਹਾ: “ਪਿਤਾ ਦੀ ਭੂਮਿਕਾ ਭਾਰੀ ਜ਼ਿੰਮੇਵਾਰੀ ਹੈ ਕਿਉਂਕਿ ਬੱਚਿਆਂ ਦੀ ਭਾਵਾਤਮਕ ਅਤੇ ਦਿਮਾਗ਼ੀ ਤਰੱਕੀ ਉਸ ਦੇ ਹੱਥਾਂ ਵਿਚ ਹੈ।”
ਪਿਤਾ ਦੀ ਕੀ ਜ਼ਿੰਮੇਵਾਰੀ ਹੈ? ਕਈਆਂ ਪਰਿਵਾਰਾਂ ਵਿਚ ਪਿਤਾ ਹੀ ਆਪਣੇ ਬੱਚਿਆਂ ਨੂੰ ਹਮੇਸ਼ਾ ਤਾੜਨਾ ਦਿੰਦਾ ਦੇਖਿਆ ਜਾਂਦਾ ਹੈ। ਇਸ ਕਰਕੇ ਅਸੀਂ ਕਈ ਵਾਰ ਮਾਵਾਂ ਨੂੰ ਆਪਣੇ ਸ਼ਰਾਰਤੀ ਬੱਚਿਆਂ ਨੂੰ ਇਹ ਕਹਿੰਦੀਆਂ ਸੁਣਦੇ ਹਾਂ ਕਿ ‘ਆ ਲੈਣ ਦੇ ਤੇਰੇ ਪੇ ਨੂੰ।’ ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਨੂੰ ਸੁਧਾਰਨ ਅਤੇ ਤਾੜਨ ਦੀ ਲੋੜ ਹੈ। ਉਨ੍ਹਾਂ ਨਾਲ ਕੁਝ ਹੱਦ ਤਕ ਸਖ਼ਤੀ ਵੀ ਵਰਤਣ ਦੀ ਲੋੜ ਹੈ ਜੇ ਉਨ੍ਹਾਂ ਨੇ ਵੱਡੇ ਹੋ ਕੇ ਚੰਗੇ ਵਿਅਕਤੀ ਬਣਨਾ ਹੈ। ਪਰ ਚੰਗਾ ਪਿਤਾ ਬਣਨ ਵਿਚ ਹੋਰ ਕਈ ਕੁਝ ਸ਼ਾਮਲ ਹੈ।
ਅਫ਼ਸੋਸ ਦੀ ਗੱਲ ਹੈ ਕਿ ਹਰੇਕ ਪਿਤਾ ਆਪਣੇ ਮੁੰਡਿਆਂ ਲਈ ਚੰਗੀ ਮਿਸਾਲ ਨਹੀਂ ਕਾਇਮ ਕਰਦਾ। ਇਸ ਲਈ ਵੱਡੇ ਹੋ ਕੇ ਮੁੰਡਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਈਆਂ ਮੁੰਡਿਆਂ ਦੀ ਪਰਵਰਿਸ਼ ਪਿਤਾ ਤੋਂ ਬਗੈਰ ਹੋਈ ਹੈ। ਦੂਜੇ ਪਾਸੇ, ਸਖ਼ਤ ਮਾਹੌਲ ਵਿਚ ਪਲੇ ਕਈ ਆਦਮੀ ਹੁਣ ਖ਼ੁਦ ਆਪਣੇ ਬੱਚਿਆਂ ਨਾਲ ਸਖ਼ਤੀ ਵਰਤਦੇ ਹਨ। ਸੋ ਅਜਿਹਾ ਪਿਤਾ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਨੀ ਕਿੱਦਾਂ ਸਿੱਖ ਸਕਦਾ ਹੈ?
ਇਕ ਅਜਿਹੀ ਪੁਸਤਕ ਹੈ ਜਿਸ ਵਿਚ ਚੰਗੇ ਪਿਤਾ ਬਣਨ ਲਈ ਚੰਗੀ ਸਲਾਹ ਦਿੱਤੀ ਗਈ ਹੈ। ਇਹ ਪੁਸਤਕ ਬਾਈਬਲ ਹੈ। ਇਸ ਵਿਚ ਪਰਿਵਾਰਕ ਜ਼ਿੰਦਗੀ ਲਈ ਸਭ ਤੋਂ ਵਧੀਆ ਸਲਾਹ ਦਿੱਤੀ ਗਈ ਹੈ। ਬਾਈਬਲ ਦੀ ਸਲਾਹ ਥਿਊਰੀ ਹੀ ਨਹੀਂ ਹੈ ਤੇ ਨਾ ਹੀ ਇਸ ਦੀ ਅਗਵਾਈ ਉੱਤੇ ਚੱਲਣ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ। ਬਾਈਬਲ ਦਾ ਲਿਖਵਾਉਣ ਵਾਲਾ ਯਹੋਵਾਹ ਪਰਮੇਸ਼ੁਰ ਹੈ ਅਤੇ ਇਸ ਵਿਚ ਉਸ ਦੀ ਬੁੱਧ ਪਾਈ ਜਾਂਦੀ ਹੈ। ਯਹੋਵਾਹ ਨੇ ਹੀ ਪਰਿਵਾਰਕ ਜ਼ਿੰਦਗੀ ਨੂੰ ਸ਼ੁਰੂ ਕੀਤਾ ਸੀ। (ਅਫ਼ਸੀਆਂ 3:14, 15) ਜੇ ਤੁਸੀਂ ਇਕ ਪਿਤਾ ਹੋ, ਤਾਂ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬਾਈਬਲ ਦੀ ਸਲਾਹ ਬਹੁਤ ਲਾਭਦਾਇਕ ਸਾਬਤ ਹੋਵੇਗੀ। *
ਜੇ ਤੁਸੀਂ ਇਕ ਚੰਗਾ ਪਿਤਾ ਬਣੋਗੇ, ਤਾਂ ਤੁਹਾਡੇ ਬੱਚਿਆਂ ਦਾ ਸਰੀਰਕ ਤੇ ਭਾਵਾਤਮਕ ਤੌਰ ਤੇ ਫ਼ਾਇਦਾ ਹੋਵੇਗਾ ਅਤੇ ਉਹ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਵੀ ਕਾਇਮ ਕਰ ਸਕਣਗੇ। ਆਪਣੇ ਪਿਤਾ ਨਾਲ ਨਜ਼ਦੀਕ ਰਿਸ਼ਤਾ ਕਾਇਮ ਰੱਖਣ ਵਾਲੇ ਬੱਚਿਆਂ ਲਈ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨਾ ਵੀ ਸੌਖਾ ਹੋ ਸਕਦਾ ਹੈ। ਬਾਈਬਲ ਮੁਤਾਬਕ ਸਾਡਾ ਪਰਮੇਸ਼ੁਰ ਯਹੋਵਾਹ ਸਾਡਾ ਪਿਤਾ ਹੈ। (ਯਸਾਯਾਹ 64:8) ਆਓ ਆਪਾਂ ਛੇ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੀ ਬੱਚਿਆਂ ਨੂੰ ਆਪਣੇ ਪਿਤਾ ਤੋਂ ਲੋੜ ਹੁੰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਦੇ ਅਸੂਲ ਲਾਗੂ ਕਰ ਕੇ ਪਿਤਾ ਆਪਣੇ ਬੱਚਿਆਂ ਦੀਆਂ ਲੋੜਾਂ ਕਿੱਦਾਂ ਪੂਰੀਆਂ ਕਰ ਸਕਦਾ ਹੈ।
1 ਬੱਚਿਆਂ ਨੂੰ ਆਪਣੇ ਪਿਤਾ ਦੇ ਪਿਆਰ ਦੀ ਲੋੜ ਹੈ
ਇਕ ਪਿਤਾ ਵਜੋਂ ਯਹੋਵਾਹ ਸਭ ਤੋਂ ਉੱਤਮ ਮਿਸਾਲ ਹੈ। ਪਰਮੇਸ਼ੁਰ ਆਪਣੇ ਇਕਲੌਤਾ ਪੁੱਤਰ ਯਿਸੂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਬਾਈਬਲ ਕਹਿੰਦੀ ਹੈ: “ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ।” (ਯੂਹੰਨਾ 3:35; ਕੁਲੁੱਸੀਆਂ 1:15) ਯਹੋਵਾਹ ਨੇ ਇੱਕੋ ਵਾਰ ਹੀ ਨਹੀਂ, ਸਗੋਂ ਕਈ ਵਾਰ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਪਿਆਰ ਕਰਦਾ ਸੀ ਤੇ ਉਸ ਤੋਂ ਖ਼ੁਸ਼ ਸੀ। ਜਦੋਂ ਯਿਸੂ ਨੇ ਬਪਤਿਸਮਾ ਲਿਆ ਸੀ, ਤਾਂ ਯਹੋਵਾਹ ਨੇ ਸਵਰਗ ਤੋਂ ਕਿਹਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਲੂਕਾ 3:22) ਯਿਸੂ ਨੂੰ ਆਪਣੇ ਪਿਤਾ ਦੇ ਪਿਆਰ ਬਾਰੇ ਕਦੇ ਕੋਈ ਸ਼ੱਕ ਨਹੀਂ ਸੀ। ਇਕ ਪਿਤਾ ਪਰਮੇਸ਼ੁਰ ਦੀ ਮਿਸਾਲ ਤੋਂ ਕੀ ਸਿੱਖ ਸਕਦਾ ਹੈ?
ਕਦੇ ਵੀ ਆਪਣੇ ਬੱਚਿਆਂ ਨੂੰ ਇਹ ਦੱਸਣ ਤੋਂ ਨਾ ਝਿਜਕੋ ਕਿ ਤੁਸੀਂ ਉਨ੍ਹਾਂ ਨਾਲ ਪਿਆਰ ਕਰਦੇ ਹੋ। ਪੰਜ ਬੱਚਿਆਂ ਦੇ ਪਿਤਾ ਕੈਲਵਿਨ ਨੇ ਕਿਹਾ: “ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਸਿਰਫ਼ ਦੱਸਦਾ ਹੀ ਨਹੀਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਪਰ ਉਨ੍ਹਾਂ ਸਾਰਿਆਂ ਵਿਚ ਦਿਲਚਸਪੀ ਵੀ ਲੈਂਦਾ ਹਾਂ। ਜਦੋਂ ਉਹ ਛੋਟੇ ਸਨ, ਤਾਂ ਮੈਂ ਉਨ੍ਹਾਂ ਦੀਆਂ ਨਾਪੀਆਂ ਵੀ ਬਦਲੀਆਂ ਤੇ ਉਨ੍ਹਾਂ ਨੂੰ ਨਹਾਉਂਦਾ ਵੀ ਹੁੰਦਾ ਸੀ।” ਇਸ ਤੋਂ ਇਲਾਵਾ ਤੁਹਾਡੇ ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਤੁਸੀਂ ਉਨ੍ਹਾਂ ਨਾਲ ਖ਼ੁਸ਼ ਹੋ। ਇਸ ਲਈ ਉਨ੍ਹਾਂ ਨੂੰ ਹਮੇਸ਼ਾ ਤਾੜਦੇ ਨਾ ਰਹੋ ਤੇ ਨਾ ਹੀ ਉਨ੍ਹਾਂ ਵਿਚ ਦੋਸ਼ ਕੱਢਦੇ ਰਹੋ। ਇਸ ਦੀ ਬਜਾਇ ਦਿਲੋਂ ਉਨ੍ਹਾਂ ਦੀ ਤਾਰੀਫ਼ ਕਰੋ। ਦੋ ਜਵਾਨ ਕੁੜੀਆਂ ਦੇ ਡੈਡੀ ਡੋਨੀਜ਼ੈਟੀ ਨੇ ਸਲਾਹ ਦਿੱਤੀ: “ਇਕ ਪਿਤਾ ਨੂੰ ਆਪਣੇ ਬੱਚਿਆਂ ਦੀ ਤਾਰੀਫ਼ ਕਰਨ ਦੇ ਮੌਕੇ ਲੱਭਦੇ ਰਹਿਣਾ ਚਾਹੀਦਾ ਹੈ।” ਜਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਖ਼ੁਸ਼ ਹੋ ਉਹ ਛੇਤੀ ਦਿਲ ਨਹੀਂ ਹਾਰਦੇ, ਸਗੋਂ ਖ਼ੁਸ਼ ਰਹਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਜ਼ਦੀਕ ਰਹਿਣ ਵਿਚ ਵੀ ਮਦਦ ਮਿਲਦੀ ਹੈ।
2 ਬੱਚਿਆਂ ਨੂੰ ਚੰਗੀ ਮਿਸਾਲ ਦੀ ਲੋੜ ਹੈ
ਯੂਹੰਨਾ 5:19 ਵਿਚ ਕਿਹਾ ਗਿਆ ਹੈ ਕਿ ਯਿਸੂ ਉਹੀ ਕਰ ਸਕਦਾ ਹੈ “ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ।” ਧਿਆਨ ਦਿਓ ਕਿ ਯਿਸੂ ਨੇ ਦੇਖ ਕੇ ਉਹੀ ਕੀਤਾ ਜੋ ਉਸ ਦਾ ਪਿਤਾ ‘ਕਰਦਾ ਸੀ।’ ਬੱਚੇ ਅਕਸਰ ਆਪਣੇ ਮਾਪਿਆਂ ਦੀ ਨਕਲ ਕਰਦੇ ਹਨ। ਮਿਸਾਲ ਲਈ, ਜੇ ਪਿਤਾ ਆਪਣੀ ਪਤਨੀ ਨਾਲ ਇੱਜ਼ਤ-ਮਾਣ ਨਾਲ ਪੇਸ਼ ਆਉਂਦਾ ਹੈ, ਤਾਂ ਪੁੱਤਰ ਵੀ ਵੱਡਾ ਹੋ ਕੇ ਔਰਤਾਂ ਦਾ ਆਦਰ ਕਰੇਗਾ। ਸਿਰਫ਼ ਮੁੰਡਿਆਂ ਦੇ ਰਵੱਈਏ ’ਤੇ ਹੀ ਨਹੀਂ ਆਪਣੇ ਪਿਤਾ ਦਾ ਪ੍ਰਭਾਵ ਪੈਂਦਾ, ਪਰ ਕੁੜੀਆਂ ਦੇ ਰਵੱਈਏ ’ਤੇ ਵੀ ਪੈਂਦਾ ਹੈ ਕਿਉਂਕਿ ਉਹ ਆਪਣੇ ਪਿਤਾ ਦੀ ਮਿਸਾਲ ਅਨੁਸਾਰ ਆਦਮੀਆਂ ਬਾਰੇ ਆਪਣੀ ਰਾਇ ਕਾਇਮ ਕਰ ਲੈਂਦੀਆਂ ਹਨ।
ਕੀ ਤੁਹਾਡੇ ਲਈ ਮਾਫ਼ੀ ਮੰਗਣੀ ਔਖੀ ਹੈ? ਇਸ ਮਾਮਲੇ ਵਿਚ ਵੀ ਚੰਗੀ ਮਿਸਾਲ ਜ਼ਰੂਰੀ ਹੈ। ਕੈਲਵਿਨ ਨੇ ਕਿਹਾ ਕਿ ਉਸ ਨੂੰ ਯਾਦ ਹੈ ਜਦੋਂ ਉਸ ਦੇ ਦੋ ਮੁੰਡਿਆਂ ਨੇ ਉਸ ਦਾ ਮਹਿੰਗਾ ਕੈਮਰਾ ਤੋੜ ਦਿੱਤਾ ਸੀ। ਉਹ ਇੰਨਾ ਗੁੱਸੇ ਹੋਇਆ ਕਿ ਉਸ ਨੇ ਲੱਕੜ ਦੇ ਮੇਜ਼ ’ਤੇ ਜ਼ੋਰ ਨਾਲ ਮੁੱਕਾ ਮਾਰ ਕੇ ਉਸ ਦੇ ਦੋ ਟੋਟੇ ਕਰ ਦਿੱਤੇ। ਬਾਅਦ ਵਿਚ ਉਹ ਬਹੁਤ ਪਛਤਾਇਆ ਤੇ ਸਾਰੇ ਪਰਿਵਾਰ ਤੋਂ ਮਾਫ਼ੀ ਮੰਗੀ। ਉਸ ਨੇ ਦੇਖਿਆ ਕਿ ਮਾਫ਼ੀ ਮੰਗਣ ਨਾਲ ਉਸ ਦੇ ਬੱਚਿਆਂ ’ਤੇ ਬਹੁਤ ਚੰਗਾ ਅਸਰ ਪਿਆ ਕਿਉਂਕਿ ਉਹ ਹੁਣ ਦੂਸਰਿਆਂ ਤੋਂ ਮਾਫ਼ੀ ਮੰਗਣ ਤੋਂ ਜ਼ਰਾ ਵੀ ਨਹੀਂ ਝਿਜਕਦੇ।
3 ਬੱਚਿਆਂ ਨੂੰ ਖ਼ੁਸ਼ਹਾਲ ਮਾਹੌਲ ਦੀ ਲੋੜ ਹੈ
ਯਹੋਵਾਹ ਖ਼ੁਸ਼ ਪਰਮੇਸ਼ੁਰ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦਾ ਪੁੱਤਰ ਯਿਸੂ ਆਪਣੇ ਪਿਤਾ ਨਾਲ ਰਹਿ ਕੇ ਵੀ ਬਹੁਤ ਖ਼ੁਸ਼ ਸੀ। ਬਾਈਬਲ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਹਾਉਤਾਂ 8:30, CL) ਪਿਤਾ ਤੇ ਪੁੱਤਰ ਦੇ ਆਪਸ ਵਿਚ ਕਿੰਨਾ ਪਿਆਰ ਸੀ!
ਉਹ ਆਪਸ ਵਿਚ ਇਕ-ਦੂਜੇ ਦੇ ਕਿੰਨੇ ਨਜ਼ਦੀਕ ਸਨ: ‘ਮੈਂ ਪਿਤਾ ਦੇ ਪਾਸੇ ਤੇ ਕਾਰੀਗਰ ਵਾਂਗ ਸਾਂ। ਮੈਂ ਹਰ ਸਮੇਂ ਉਸਦੀ ਹਾਜ਼ਰੀ ਵਿੱਚ ਆਨੰਦ ਮਾਣਿਆ।’ (ਤੁਹਾਡੇ ਬੱਚਿਆਂ ਨੂੰ ਖ਼ੁਸ਼ਹਾਲ ਮਾਹੌਲ ਦੀ ਲੋੜ ਹੈ। ਜਦੋਂ ਤੁਸੀਂ ਸਮਾਂ ਕੱਢ ਕੇ ਉਨ੍ਹਾਂ ਨਾਲ ਖੇਡਦੇ ਹੋ, ਤਾਂ ਅਜਿਹਾ ਮਾਹੌਲ ਪੈਦਾ ਹੋ ਸਕਦਾ ਹੈ। ਇਕੱਠਿਆਂ ਖੇਡ ਕੇ ਇਕ-ਦੂਜੇ ਨਾਲ ਪਿਆਰ ਵਧਦਾ ਹੈ। ਫ਼ੇਲਿਕਸ, ਜਿਸ ਦਾ ਇਕ ਜਵਾਨ ਪੁੱਤਰ ਹੈ, ਇਸ ਗੱਲ ਨਾਲ ਸਹਿਮਤ ਹੁੰਦਾ ਹੈ। ਉਸ ਨੇ ਕਿਹਾ: “ਮੈਂ ਤੇ ਮੇਰਾ ਲੜਕਾ ਇਕੱਠੇ ਮਨੋਰੰਜਨ ਕਰ ਕੇ ਬਹੁਤ ਖ਼ੁਸ਼ ਹੁੰਦੇ ਹਾਂ। ਅਸੀਂ ਇਕੱਠੇ ਗੇਮਾਂ ਖੇਡਦੇ, ਦੋਸਤਾਂ-ਮਿੱਤਰਾਂ ਨਾਲ ਮਿਲਦੇ ਅਤੇ ਸੈਰ-ਸਪਾਟੇ ਵੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਪਰਿਵਾਰ ਵਿਚ ਪਿਆਰ ਵਧਿਆ ਹੈ।”
4 ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿੱਖਿਆ ਦੇਣ ਦੀ ਲੋੜ ਹੈ
ਯਿਸੂ ਨੂੰ ਆਪਣੇ ਪਿਤਾ ਤੋਂ ਸਿੱਖਿਆ ਮਿਲੀ ਸੀ। ਇਸ ਕਰਕੇ ਉਸ ਨੇ ਕਿਹਾ: “ਜਿਹੜੀਆਂ ਗੱਲਾਂ ਮੈਂ ਉਸ [ਪਿਤਾ] ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ।” (ਯੂਹੰਨਾ 8:26) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਿਤਾ ਆਪਣੇ ਬੱਚਿਆਂ ਨੂੰ ਭਲੇ-ਬੁਰੇ ਦੀ ਪਛਾਣ ਕਰਨ ਅਤੇ ਪਰਮੇਸ਼ੁਰ ਬਾਰੇ ਸਿੱਖਿਆ ਦੇਣ ਲਈ ਜ਼ਿੰਮੇਵਾਰ ਹੈ। ਪਿਤਾ ਵਜੋਂ ਆਪਣੇ ਬੱਚਿਆਂ ਦੇ ਦਿਲਾਂ-ਦਿਮਾਗ਼ਾਂ ਵਿਚ ਸਹੀ ਅਸੂਲ ਬਿਠਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਅਜਿਹੀ ਸਿਖਲਾਈ ਬਚਪਨ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। (2 ਤਿਮੋਥਿਉਸ 3:14, 15) ਫ਼ੇਲਿਕਸ ਆਪਣੇ ਮੁੰਡੇ ਨੂੰ ਛੋਟੀ ਉਮਰ ਤੋਂ ਬਾਈਬਲ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਸੀ। ਉਸ ਦਾ ਦਿਲ ਬਹਿਲਾਉਣ ਲਈ ਫ਼ੇਲਿਕਸ ਨੇ ਰੰਗ-ਬਰੰਗੀਆਂ ਤਸਵੀਰਾਂ ਵਾਲੀ ਬਾਈਬਲ ਕਹਾਣੀਆਂ ਦੀ ਕਿਤਾਬ ਵਰਤੀ। * ਜਿਉਂ-ਜਿਉਂ ਫ਼ੇਲਿਕਸ ਦਾ ਪੁੱਤਰ ਵੱਡਾ ਹੁੰਦਾ ਗਿਆ ਉਸ ਨੇ ਮੁੰਡੇ ਦੀ ਉਮਰ ਮੁਤਾਬਕ ਬਾਈਬਲ ਉੱਤੇ ਆਧਾਰਿਤ ਢੁਕਵੀਆਂ ਕਿਤਾਬਾਂ ਵਰਤੀਆਂ।
ਡੋਨੀਜ਼ੈਟੀ ਨੇ ਕਿਹਾ: “ਬਾਈਬਲ ਸਟੱਡੀ ਨੂੰ ਦਿਲਚਸਪ ਬਣਾਉਣਾ ਸੌਖਾ ਨਹੀਂ ਹੈ। ਇਹ ਜ਼ਰੂਰੀ ਹੈ ਕਿ ਮਾਪੇ ਖ਼ੁਦ ਬਾਈਬਲ ਦੀਆਂ ਗੱਲਾਂ ਦੀ ਕਦਰ ਕਰਨ ਕਿਉਂਕਿ ਬੱਚੇ ਕਹਿਣੀ ਤੇ ਕਰਨੀ ਵਿਚ ਝੱਟ ਫ਼ਰਕ ਦੇਖ ਲੈਂਦੇ ਹਨ।” ਕਾਰਲੌਸ, ਜਿਸ ਦੇ ਤਿੰਨ ਮੁੰਡੇ ਹਨ, ਨੇ ਕਿਹਾ: “ਅਸੀਂ ਹਰ ਹਫ਼ਤੇ ਇਕੱਠੇ ਮਿਲ ਕੇ ਪਰਿਵਾਰ ਦੀਆਂ ਲੋੜਾਂ ਬਾਰੇ ਗੱਲਾਂ ਕਰਦੇ ਹਾਂ। ਪਰਿਵਾਰ ਦੇ ਹਰ ਜੀਅ ਨੂੰ ਇਹ ਚੁਣਨ ਦਾ ਮੌਕਾ ਮਿਲਦਾ ਹੈ ਕਿ ਅਸੀਂ ਕਿਸ ਵਿਸ਼ੇ ਉੱਤੇ ਗੱਲ ਕਰਾਂਗੇ।” ਕੈਲਵਿਨ ਆਪਣੇ ਬੱਚਿਆਂ ਨਾਲ ਪਰਮੇਸ਼ੁਰ ਬਾਰੇ ਹਮੇਸ਼ਾ ਗੱਲਾਂ ਕਰਨ ਦੇ ਮੌਕੇ ਭਾਲਦਾ ਰਹਿੰਦਾ ਹੈ। ਇਸ ਤੋਂ ਸਾਨੂੰ ਮੂਸਾ ਦੇ ਸ਼ਬਦ ਯਾਦ ਆਉਂਦੇ ਹਨ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:6, 7.
5 ਬਚਿੱਆਂ ਨੂੰ ਸੁਧਾਰਨ ਦੀ ਲੋੜ ਹੈ
ਬੱਚਿਆਂ ਨੂੰ ਸੁਧਾਰਨ ਦੀ ਲੋੜ ਹੈ ਤਾਂਕਿ ਉਹ ਵੱਡੇ ਹੋ ਕੇ ਮਿਹਨਤੀ ਬਣਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ। ਕਈ ਮਾਪੇ ਸੋਚਦੇ ਹਨ ਕਿ ਬੱਚਿਆਂ ਨੂੰ ਸੁਧਾਰਨ ਜਾਂ ਤਾੜਨ ਦਾ ਮਤਲਬ ਹੈ ਉਨ੍ਹਾਂ ਨੂੰ ਕੁੱਟਣਾ-ਮਾਰਨਾ, ਧਮਕੀਆਂ ਦੇਣਾ ਜਾਂ ਗਾਲਾਂ ਕੱਢਣੀਆਂ। ਬਾਈਬਲ ਬੱਚਿਆਂ ਨੂੰ ਸੁਧਾਰਨ ਦੇ ਮਾਮਲੇ ਵਿਚ ਸਖ਼ਤੀ ਵਰਤਣ ਦੀ ਸਲਾਹ ਨਹੀਂ ਦਿੰਦੀ, ਪਰ ਮਾਪਿਆਂ ਨੂੰ ਯਹੋਵਾਹ ਵਾਂਗ ਪਿਆਰ ਨਾਲ ਸੁਧਾਰਨ ਦੀ ਸਲਾਹ ਦਿੰਦੀ ਹੈ। (ਇਬਰਾਨੀਆਂ 12:4-11) ਬਾਈਬਲ ਕਹਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4.
ਕਹਾਉਤਾਂ 16:32) ਕੈਲਵਿਨ ਨੇ ਕਿਹਾ: “ਜਦੋਂ ਵੀ ਕਿਸੇ ਗੰਭੀਰ ਮਾਮਲੇ ਦੇ ਸੰਬੰਧ ਵਿਚ ਮੈਨੂੰ ਆਪਣੇ ਬੱਚਿਆਂ ਨੂੰ ਤਾੜਨਾ ਦੇਣੀ ਪੈਂਦੀ ਸੀ, ਮੈਂ ਹਮੇਸ਼ਾ ਉਨ੍ਹਾਂ ਨੂੰ ਸਮਝਾਉਂਦਾ ਸੀ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ ਤੇ ਇਸੇ ਕਰਕੇ ਉਨ੍ਹਾਂ ਨੂੰ ਸਜ਼ਾ ਮਿਲ ਰਹੀ ਸੀ।”
ਕਦੇ-ਕਦੇ ਸਜ਼ਾ ਦੇਣ ਦੀ ਲੋੜ ਵੀ ਹੁੰਦੀ ਹੈ। ਪਰ ਬੱਚੇ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਉਸ ਨੂੰ ਸਜ਼ਾ ਕਿਉਂ ਮਿਲ ਰਹੀ ਹੈ। ਸਜ਼ਾ ਮਿਲਣ ਤੇ ਬੱਚੇ ਨੂੰ ਕਦੇ ਵੀ ਇਵੇਂ ਨਹੀਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਮੰਮੀ-ਡੈਡੀ ਉਸ ਨੂੰ ਪਿਆਰ ਨਹੀਂ ਕਰਦੇ। ਬਾਈਬਲ ਗੁੱਸੇ ਨਾਲ ਕੁੱਟਣ-ਮਾਰਨ ਦੀ ਸਲਾਹ ਨਹੀਂ ਦਿੰਦੀ ਜਿਸ ਨਾਲ ਬੱਚੇ ਨੂੰ ਸੱਟ ਲੱਗ ਸਕਦੀ ਹੈ। (6 ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ
ਬੱਚਿਆਂ ਨੂੰ ਭੈੜੀ ਸੰਗਤ ਅਤੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਵਿਚ ਅਜਿਹੇ “ਦੁਸ਼ਟ ਮਨੁੱਖ” ਹਨ ਜੋ ਮਾਸੂਮ ਬੱਚਿਆਂ ਦਾ ਲਿੰਗੀ ਸ਼ੋਸ਼ਣ ਕਰਨ ਤੇ ਤੁਲੇ ਹੋਏ ਹਨ। (2 ਤਿਮੋਥਿਉਸ 3:1-5, 13) ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਤੋਂ ਕਿਵੇਂ ਬੱਚਾ ਕੇ ਰੱਖ ਸਕਦੇ ਹੋ? ਬਾਈਬਲ ਇਹ ਵਧੀਆ ਸਲਾਹ ਦਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਆਪਣੇ ਬੱਚਿਆਂ ਨੂੰ ਬਿਪਤਾ ਤੋਂ ਬਚਾਉਣ ਲਈ ਤੁਹਾਨੂੰ ਖ਼ਤਰਿਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਪਹਿਲਾਂ ਹੀ ਸੋਚੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਖ਼ਤਰਿਆਂ ਦਾ ਸਾਮ੍ਹਣਾ ਕਰਨ ਵਿਚ ਕਿੱਦਾਂ ਮਦਦ ਕਰ ਸਕਦੇ ਹੋ। ਮਿਸਾਲ ਲਈ, ਜੇ ਤੁਸੀਂ ਆਪਣੇ ਬੱਚਿਆਂ ਨੂੰ ਇੰਟਰਨੈੱਟ ਵਰਤਣ ਦਿੰਦੇ ਹੋ, ਤਾਂ ਉਨ੍ਹਾਂ ਨੂੰ ਦਿਖਾਓ ਕਿ ਇੰਟਰਨੈੱਟ ਸਹੀ ਤਰ੍ਹਾਂ ਕਿੱਦਾਂ ਵਰਤਣਾ ਚਾਹੀਦਾ ਹੈ। ਕੰਪਿਊਟਰ ਨੂੰ ਅਜਿਹੀ ਜਗ੍ਹਾ ਰੱਖੋ ਜਿੱਥੇ ਤੁਸੀਂ ਧਿਆਨ ਰੱਖ ਸਕਦੇ ਹੋ ਕਿ ਬੱਚੇ ਕੀ ਦੇਖ ਰਹੇ ਹਨ।
ਬੁਰੇ ਲੋਕਾਂ ਦਾ ਸਾਮ੍ਹਣਾ ਕਰਨ ਲਈ ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇ ਕੇ ਤਿਆਰ ਕਰਨਾ ਚਾਹੀਦਾ ਹੈ। ਕੀ ਤੁਹਾਡੇ ਬੱਚਿਆਂ ਨੂੰ ਪਤਾ ਹੈ ਕਿ ਤੁਹਾਡੀ ਗ਼ੈਰ-ਹਾਜ਼ਰੀ ਵਿਚ ਜੇ ਉਨ੍ਹਾਂ ਨਾਲ ਕੋਈ ਗੰਦੇ ਕੰਮ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? * ਤੁਹਾਡੇ ਬੱਚਿਆਂ ਨੂੰ ਆਪਣੇ ਗੁਪਤ ਅੰਗਾਂ ਦੀ ਸਹੀ ਤੇ ਗ਼ਲਤ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ। ਕੈਲਵਿਨ ਨੇ ਕਿਹਾ: “ਮੈਂ ਇਸ ਵਿਸ਼ੇ ਬਾਰੇ ਸਿਖਲਾਈ ਕਿਸੇ ਹੋਰ ’ਤੇ ਨਹੀਂ ਛੱਡੀ, ਇੱਥੋਂ ਤਕ ਕਿ ਟੀਚਰਾਂ ’ਤੇ ਵੀ ਨਹੀਂ। ਮੈਂ ਸੋਚਿਆ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਅਤੇ ਉਨ੍ਹਾਂ ਬੁਰੇ ਲੋਕਾਂ ਬਾਰੇ ਸਮਝਾਵਾਂ ਜੋ ਉਨ੍ਹਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ।” ਉਸ ਦੇ ਸਾਰੇ ਬੱਚੇ ਸੁਖ-ਸਾਂਦ ਵੱਡੇ ਹੋ ਗਏ ਅਤੇ ਹੁਣ ਆਪੋ-ਆਪਣੇ ਘਰੀਂ ਵਿਆਹੇ ਹੋਏ ਹਨ।
ਪਰਮੇਸ਼ੁਰ ਦੀ ਮਦਦ ਭਾਲੋ
ਇਕ ਪਿਤਾ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰੇ। ਪਿਤਾ ਦੀ ਵਧੀਆ ਮਿਸਾਲ ਬਹੁਤ ਅਹਿਮੀਅਤ ਰੱਖਦੀ ਹੈ। ਡੋਨੀਜ਼ੈਟੀ ਨੇ ਕਿਹਾ: “ਪਿਤਾ ਨੂੰ ਆਪਣੇ ਬੱਚਿਆਂ ਨੂੰ ਦਿਖਾਉਣ ਦੀ ਲੋੜ ਹੈ ਕਿ ਪਰਮੇਸ਼ੁਰ ਨਾਲ ਉਸ ਦਾ ਆਪਣਾ ਰਿਸ਼ਤਾ ਕਿੰਨਾ ਅਨਮੋਲ ਹੈ। ਇਹ ਖ਼ਾਸ ਤੌਰ ਤੇ ਉਦੋਂ ਜ਼ਾਹਰ ਹੋਣਾ ਚਾਹੀਦਾ ਹੈ ਜਦ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ। ਅਜਿਹਿਆਂ ਮੌਕਿਆਂ ਤੇ ਪਿਤਾ ਨੂੰ ਦਿਖਾਉਣ ਦੀ ਲੋੜ ਹੈ ਕਿ ਉਹ ਯਹੋਵਾਹ ਉੱਤੇ ਕਿੰਨਾ ਭਰੋਸਾ ਕਰਦਾ ਹੈ। ਪਰਿਵਾਰ ਵਜੋਂ ਇਕੱਠੇ ਪ੍ਰਾਰਥਨਾ ਕਰਨੀ ਤੇ ਯਹੋਵਾਹ ਦੀ ਕਿਰਪਾ ਦਾ ਵਾਰ-ਵਾਰ ਧੰਨਵਾਦ ਕਰਨਾ, ਇਹ ਸਭ ਕੁਝ ਬੱਚਿਆਂ ਨੂੰ ਸਿਖਾਵੇਗਾ ਕਿ ਪਰਮੇਸ਼ੁਰ ਨੂੰ ਦੋਸਤ ਵਜੋਂ ਮੰਨਣਾ ਕਿੰਨਾ ਜ਼ਰੂਰੀ ਹੈ।”
ਇਕ ਚੰਗਾ ਪਿਤਾ ਬਣਨ ਦਾ ਕੀ ਰਾਜ਼ ਹੈ? ਯਹੋਵਾਹ ਪਰਮੇਸ਼ੁਰ ਦੀ ਸਲਾਹ ਭਾਲੋ ਜਿਸ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਸਭ ਤੋਂ ਜ਼ਿਆਦਾ ਪਤਾ ਹੈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਲਾਹ ਮੁਤਾਬਕ ਸਿਖਲਾਈ ਦੇਵੋਗੇ, ਤਾਂ ਹੋ ਸਕਦਾ ਹੈ ਕਿ ਤੁਸੀਂ ਕਹਾਉਤਾਂ 22:6 ਵਿਚ ਜ਼ਿਕਰ ਕੀਤਾ ਫਲ ਪਾਓਗੇ ਕਿ ਤੁਹਾਡਾ ਬੱਚਾ ਯਹੋਵਾਹ ਦੇ ਰਾਹ ਤੋਂ “ਵੱਡਾ ਹੋ ਕੇ ਵੀ . . . ਕਦੀ ਨਾ ਹਟੇਗਾ।” (w08 10/1)
[ਫੁਟਨੋਟ]
^ ਪੈਰਾ 6 ਭਾਵੇਂ ਕਿ ਇਸ ਲੇਖ ਵਿਚ ਬਾਈਬਲ ਤੋਂ ਸਲਾਹ ਮੁੱਖ ਤੌਰ ਤੇ ਪਿਤਾਵਾਂ ਲਈ ਹੈ, ਪਰ ਇਸ ਦੇ ਕਈ ਅਸੂਲ ਮਾਵਾਂ ’ਤੇ ਵੀ ਲਾਗੂ ਹੁੰਦੇ ਹਨ।
^ ਪੈਰਾ 18 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
^ ਪੈਰਾ 25 ਬੱਚਿਆਂ ਨੂੰ ਲਿੰਗੀ ਸ਼ੋਸ਼ਣ ਤੋਂ ਬਚਾਉਣ ਦੇ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ ਅਕਤੂਬਰ 2007 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 3-11 ਦੇਖੋ।
[ਸਫ਼ਾ 21 ਉੱਤੇ ਤਸਵੀਰ]
ਪਿਤਾ ਨੂੰ ਆਪਣੇ ਬੱਚਿਆਂ ਲਈ ਇਕ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ
[ਸਫ਼ਾ 22 ਉੱਤੇ ਤਸਵੀਰ]
ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣਾ ਚਾਹੀਦਾ ਹੈ
[ਸਫ਼ਾ 23 ਉੱਤੇ ਤਸਵੀਰ]
ਬੱਚਿਆਂ ਨੂੰ ਪ੍ਰੇਮ ਨਾਲ ਤਾੜਨਾ ਦੇਣ ਦੀ ਲੋੜ ਹੈ