Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਦਾਊਦ ਇੰਨਾ ਨਿਡਰ ਕਿਵੇਂ ਬਣਿਆ?

ਦਾਊਦ ਇੰਨਾ ਨਿਡਰ ਕਿਵੇਂ ਬਣਿਆ?

ਕੀ ਤੁਹਾਨੂੰ ਕਦੇ-ਕਦੇ ਡਰ ਲੱਗਦਾ ਹੈ?— * ਅਸੀਂ ਸਾਰੇ ਕਦੇ-ਕਦਾਈਂ ਡਰ ਜਾਂਦੇ ਹਾਂ। ਜਦੋਂ ਤੁਹਾਨੂੰ ਡਰ ਲੱਗਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?— ਤੁਸੀਂ ਆਪਣੀ ਮੰਮੀ ਜਾਂ ਡੈਡੀ ਕੋਲ ਜਾ ਸਕਦੇ ਹੋ ਕਿਉਂਕਿ ਉਹ ਤੁਹਾਡੇ ਨਾਲੋਂ ਵੱਡੇ ਤੇ ਤਕੜੇ ਹਨ। ਕੀ ਤੁਹਾਨੂੰ ਪਤਾ ਦਾਊਦ ਮਦਦ ਲਈ ਕਿਹਦੇ ਕੋਲ ਜਾਂਦਾ ਹੁੰਦਾ ਸੀ? ਉਸ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ। . . . ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ।”—ਜ਼ਬੂਰਾਂ ਦੀ ਪੋਥੀ 56:3, 4.

ਕੀ ਤੁਹਾਨੂੰ ਪਤਾ ਹੈ ਕਿ ਦਾਊਦ ਨੇ ਨਿਡਰ ਹੋਣਾ ਕਿਨ੍ਹਾਂ ਤੋਂ ਸਿੱਖਿਆ ਸੀ?— ਉਸ ਨੇ ਜ਼ਰੂਰ ਆਪਣੇ ਮਾਪਿਆਂ ਤੋਂ ਸਿੱਖਿਆ ਹੋਣਾ। “ਸ਼ਾਂਤੀ ਦਾ ਰਾਜ ਕੁਮਾਰ” ਯਿਸੂ ਮਸੀਹ ਦੇ ਦਾਦਿਆਂ-ਪੜਦਾਦਿਆਂ ਵਿੱਚੋਂ ਦਾਊਦ ਦਾ ਪਿਤਾ ਯੱਸੀ ਵੀ ਇਕ ਸੀ। (ਯਸਾਯਾਹ 9:6; 11:1-3, 10) ਯੱਸੀ ਦਾ ਪਿਤਾ ਓਬੇਦ ਸੀ। ਓਬੇਦ ਦੀ ਮਾਂ ਦੇ ਨਾਂ ਤੇ ਬਾਈਬਲ ਦੀ ਇਕ ਕਿਤਾਬ ਵੀ ਹੈ। ਕੀ ਤੁਹਾਨੂੰ ਪਤਾ ਉਸ ਦੀ ਮਾਂ ਦਾ ਨਾਂ ਕੀ ਸੀ?— ਉਸ ਦਾ ਨਾਂ ਰੂਥ ਸੀ ਤੇ ਉਸ ਦੇ ਪਤੀ ਦਾ ਨਾਂ ਬੋਅਜ਼ ਸੀ।—ਰੂਥ 4:21, 22.

ਰੂਥ ਤੇ ਬੋਅਜ਼ ਤਾਂ ਦਾਊਦ ਦੇ ਜਨਮ ਤੋਂ ਕਾਫ਼ੀ ਚਿਰ ਪਹਿਲਾਂ ਗੁਜ਼ਰ ਗਏ ਸਨ। ਸ਼ਾਇਦ ਤੁਸੀਂ ਦਾਊਦ ਦੇ ਪੜਦਾਦੇ ਬੋਅਜ਼ ਦੀ ਮਾਂ ਦਾ ਨਾਂ ਜਾਣਦੇ ਹੋ। ਉਹ ਯਰੀਹੋ ਸ਼ਹਿਰ ਵਿਚ ਰਹਿੰਦੀ ਸੀ ਤੇ ਉਸ ਨੇ ਇਸਰਾਏਲੀ ਜਾਸੂਸਾਂ ਦੀ ਜਾਣ ਬਚਾਈ ਸੀ। ਜਦ ਯਰੀਹੋ ਸ਼ਹਿਰ ਤਬਾਹ ਹੋਇਆ ਸੀ, ਤਾਂ ਉਹ ਤੇ ਉਸ ਦਾ ਪਰਿਵਾਰ ਬਚ ਗਿਆ ਸੀ ਕਿਉਂਕਿ ਉਸ ਨੇ ਬਾਰੀ ਵਿਚ ਲਾਲ ਡੋਰੀ ਲਟਕਾਈ ਸੀ। ਉਸ ਦਾ ਨਾਂ ਕੀ ਸੀ?— ਉਸ ਦਾ ਨਾਂ ਰਾਹਾਬ ਸੀ। ਉਹ ਯਹੋਵਾਹ ਦੀ ਸੇਵਕ ਬਣੀ ਤੇ ਉਹ ਸਾਰੇ ਮਸੀਹੀਆਂ ਲਈ ਦਲੇਰੀ ਦੀ ਇਕ ਬਹੁਤ ਵਧੀਆ ਮਿਸਾਲ ਹੈ।—ਯਹੋਸ਼ੁਆ 2:1-21; 6:22-25; ਇਬਰਾਨੀਆਂ 11:30, 31.

ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਦਾਊਦ ਦੇ ਮਾਪਿਆਂ ਨੇ ਇਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਉਸ ਨੂੰ ਦੱਸਿਆ ਹੋਣਾ ਕਿਉਂਕਿ ਯਹੋਵਾਹ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੀਆਂ ਗੱਲਾਂ ਬਾਰੇ ਸਿਖਾਉਣ ਦਾ ਹੁਕਮ ਦਿੱਤਾ ਸੀ। (ਬਿਵਸਥਾ ਸਾਰ 6:4-9) ਫਿਰ ਯਹੋਵਾਹ ਨੇ ਆਪਣੇ ਨਬੀ ਸਮੂਏਲ ਨੂੰ ਯੱਸੀ ਦੇ ਸਭ ਤੋਂ ਛੋਟੇ ਮੁੰਡੇ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣਨ ਦਾ ਹੁਕਮ ਦਿੱਤਾ।—1 ਸਮੂਏਲ 16:4-13.

ਇਕ ਦਿਨ ਯੱਸੀ ਨੇ ਦਾਊਦ ਨੂੰ ਆਪਣੇ ਤਿੰਨ ਭਰਾਵਾਂ ਦੀ ਖ਼ਬਰ ਲੈਣ ਤੇ ਉਨ੍ਹਾਂ ਨੂੰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਦੇਣ ਲਈ ਭੇਜਿਆ। ਉਹ ਦੇ ਭਰਾ ਪਰਮੇਸ਼ੁਰ ਦੇ ਦੁਸ਼ਮਣ ਫਲਿਸਤੀਆਂ ਨਾਲ ਲੜ ਰਹੇ ਸਨ। ਜਦ ਦਾਊਦ ਉੱਥੇ ਪਹੁੰਚਿਆ, ਤਾਂ ਗੋਲਿਅਥ ਨਾਂ ਦਾ ਫਲਿਸਤੀ ਦੈਂਤ “ਪਰਮੇਸ਼ੁਰ ਦੇ ਦਲਾਂ” ਦਾ ਮਜ਼ਾਕ ਉਡਾ ਰਿਹਾ ਸੀ। ਸਾਰੇ ਗੋਲਿਅਥ ਨਾਲ ਲੜਨ ਤੋਂ ਡਰ ਰਹੇ ਸਨ। ਜਦ ਰਾਜਾ ਸ਼ਾਊਲ ਨੂੰ ਪਤਾ ਲੱਗਿਆ ਕਿ ਦਾਊਦ ਉਹ ਦੇ ਨਾਲ ਲੜਨ ਲਈ ਤਿਆਰ ਸੀ, ਤਾਂ ਉਸ ਨੇ ਦਾਊਦ ਨੂੰ ਆਪਣੇ ਕੋਲ ਬੁਲਾਇਆ। ਜਦ ਉਹ ਨੇ ਦਾਊਦ ਨੂੰ ਦੇਖਿਆ ਉਸ ਨੇ ਕਿਹਾ: “ਤੂੰ ਮੁੰਡਾ ਹੀ ਹੈਂ।”

ਦਾਊਦ ਨੇ ਰਾਜੇ ਨੂੰ ਦੱਸਿਆ ਕਿ ਉਹ ਇਕ ਸ਼ੇਰ ਤੇ ਇਕ ਰਿੱਛ ਨੂੰ ਮਾਰ ਚੁੱਕਾ ਸੀ ਜੋ ਉਸ ਦੇ ਪਰਿਵਾਰ ਦੀਆਂ ਭੇਡਾਂ ਉਠਾ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਲਿਅਥ “ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ।” ਸ਼ਾਊਲ ਨੇ ਦਾਊਦ ਨੂੰ ਕਿਹਾ, “ਜਾਹ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ।” ਦਾਊਦ ਨੇ ਪੰਜ ਗੋਲ-ਗੋਲ ਪੱਥਰ ਚੁਣ ਕੇ ਆਪਣੀ ਥੈਲੀ ਵਿਚ ਪਾਏ ਤੇ ਆਪਣਾ ਗੋਪੀਆ ਲੈ ਕੇ ਗੋਲਿਅਥ ਨਾਲ ਲੜਨ ਗਿਆ। ਜਦ ਗੋਲਿਅਥ ਨੇ ਦਾਊਦ ਨੂੰ ਦੇਖਿਆ, ਤਾਂ ਉਸ ਨੇ ਕਿਹਾ: ‘ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪੰਛੀਆਂ ਨੂੰ ਵੰਡਾਂ!’ ਦਾਊਦ ਨੇ ਜਵਾਬ ਦਿੱਤਾ: ‘ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਤੇਰੇ ਕੋਲ ਆਉਂਦਾ ਹਾਂ! ਤੇ ਮੈਂ ਤੈਨੂੰ ਮਾਰ ਸੁੱਟਾਂਗਾ।’

ਦਾਊਦ ਗੋਲਿਅਥ ਵੱਲ ਨੱਠਿਆ। ਫਿਰ ਉਸ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਨੇ ਥੈਲੀ ਵਿੱਚੋਂ ਇਕ ਪੱਥਰ ਕੱਢ ਕੇ ਆਪਣੇ ਗੋਪੀਆ ਵਿਚ ਪਾਇਆ। ਉਹ ਪੱਥਰ ਜਾ ਕੇ ਗੋਲਿਅਥ ਦੇ ਮੱਥੇ ਵਿਚ ਵੱਜਿਆ ਤੇ ਉਹ ਉੱਥੇ ਹੀ ਢਹਿ-ਢੇਰੀ ਹੋ ਗਿਆ। ਜਦ ਫਲਿਸਤੀਆਂ ਨੇ ਦੇਖਿਆ ਕਿ ਉਨ੍ਹਾਂ ਦਾ ਸੂਰਬੀਰ ਮਰ ਗਿਆ ਹੈ, ਤਾਂ ਉਹ ਉੱਥੋਂ ਭੱਜ ਗਏ। ਇਸਰਾਏਲੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਲੜਾਈ ਜਿੱਤ ਗਏ। ਤੁਸੀਂ ਇਹ ਪੂਰੀ ਕਹਾਣੀ 1 ਸਮੂਏਲ 17:12-54 ਵਿਚ ਆਪਣੇ ਪਰਿਵਾਰ ਨਾਲ ਪੜ੍ਹ ਸਕਦੇ ਹੋ।

ਬੱਚਿਓ, ਸ਼ਾਇਦ ਤੁਸੀਂ ਵੀ ਕਈ ਵਾਰ ਪਰਮੇਸ਼ੁਰ ਦੇ ਹੁਕਮ ਮੰਨਣ ਤੋਂ ਘਬਰਾਉਂਦੇ ਹੋ। ਯਿਰਮਿਯਾਹ ਵੀ ਇਕ ਨੌਜਵਾਨ ਸੀ ਜਦ ਯਹੋਵਾਹ ਨੇ ਉਸ ਨੂੰ ਆਪਣੇ ਨਬੀ ਵਜੋਂ ਚੁਣਿਆ ਸੀ। ਉਹ ਘਬਰਾ ਗਿਆ ਸੀ, ਪਰ ਪਰਮੇਸ਼ੁਰ ਨੇ ਉਹ ਨੂੰ ਕਿਹਾ: “ਓਹਨਾਂ ਦੇ ਅੱਗਿਓਂ ਨਾ ਡਰੀਂ, ਮੈਂ . . . ਤੇਰੇ ਅੰਗ ਸੰਗ ਜੋ ਹਾਂ।” ਯਿਰਮਿਯਾਹ ਨੇ ਦਲੇਰੀ ਨਾਲ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ। ਦਾਊਦ ਅਤੇ ਯਿਰਮਿਯਾਹ ਵਾਂਗ ਤੁਸੀਂ ਵੀ ਨਿਡਰ ਹੋ ਸਕਦੇ ਹੋ ਜੇ ਤੁਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ।—ਯਿਰਮਿਯਾਹ 1:6-8. (w08 12/1)

^ ਪੈਰਾ 3 ਜੇ ਤੁਸੀਂ ਇਹ ਲੇਖ ਬੱਚੇ ਨਾਲ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।