Skip to content

Skip to table of contents

ਦੂਰ ਤਕ ਫੈਲੀ ਹੋਈ ਸਿੱਖਿਆ

ਦੂਰ ਤਕ ਫੈਲੀ ਹੋਈ ਸਿੱਖਿਆ

ਦੂਰ ਤਕ ਫੈਲੀ ਹੋਈ ਸਿੱਖਿਆ

“ਮੈਨੂੰ ਨਰਕ ਬਾਰੇ ਬੜੇ ਡਰਾਉਣੇ ਸੁਪਨੇ ਆਉਂਦੇ ਹੁੰਦੇ ਸਨ। ਸੁਪਨਿਆਂ ਵਿਚ ਮੈਨੂੰ ਅੱਗ ਵਿਚ ਸੁੱਟਿਆ ਜਾਂਦਾ ਸੀ ਅਤੇ ਮੈਂ ਚੀਕਾਂ ਮਾਰਦੀ ਜਾਗ ਉੱਠਦੀ ਸੀ! ਇਸ ਲਈ ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਮੈਂ ਪਾਪ ਨਾ ਕਰਾਂ।”—ਆਰਲੀਨ।

ਕੀ ਤੁਸੀਂ ਮੰਨਦੇ ਹੋ ਕਿ ਬੁਰੇ ਲੋਕਾਂ ਨੂੰ ਨਰਕ ਵਿਚ ਤਸੀਹੇ ਦਿੱਤੇ ਜਾਣਗੇ? ਕਈ ਲੋਕ ਇਸੇ ਤਰ੍ਹਾਂ ਮੰਨਦੇ ਹਨ। ਮਿਸਾਲ ਲਈ, 2005 ਵਿਚ ਸਕਾਟਲੈਂਡ ਦੀ ਸੇਂਟ ਐਂਡਰੂਜ਼ ਯੂਨੀਵਰਸਿਟੀ ਦੇ ਇਕ ਵਿਦਵਾਨ ਨੇ ਸਰਵੇਖਣ ਕੀਤਾ। ਇਸ ਤੋਂ ਪਤਾ ਲੱਗਾ ਕਿ ਸਕਾਟਲੈਂਡ ਦੇ ਪਾਦਰੀਆਂ ਦਾ ਤੀਜਾ ਹਿੱਸਾ ਮੰਨਦੇ ਹਨ ਕਿ ਪਰਮੇਸ਼ੁਰ ਤੋਂ ਦੂਰ ਹੋਏ ਲੋਕ “ਨਰਕ ਵਿਚ ਹਮੇਸ਼ਾ ਲਈ ਮਨ ਦਾ ਕਸ਼ਟ ਭੋਗਣਗੇ।” ਪਾਦਰੀਆਂ ਵਿੱਚੋਂ 20 ਫੀ ਸਦੀ ਮੰਨਦੇ ਹਨ ਕਿ ਨਰਕ ਵਿਚ ਜਾਣ ਵਾਲਿਆਂ ਨੂੰ ਤਸੀਹੇ ਦਿੱਤੇ ਜਾਣਗੇ।

ਕਈ ਦੇਸ਼ਾਂ ਵਿਚ ਲੋਕ ਮੰਨਦੇ ਹਨ ਕਿ ਨਰਕ ਵਰਗੀ ਕੋਈ ਜਗ੍ਹਾ ਹੈ। ਮਿਸਾਲ ਲਈ, 2007 ਵਿਚ ਅਮਰੀਕਾ ਵਿਚ ਕੀਤੇ ਇਕ ਸਰਵੇਖਣ ਅਨੁਸਾਰ 70 ਫੀ ਸਦੀ ਲੋਕ ਮੰਨਦੇ ਹਨ ਕਿ ਨਰਕ ਹੈ। ਉਨ੍ਹਾਂ ਦੇਸ਼ਾਂ ਵਿਚ ਵੀ ਨਰਕ ਦੀ ਸਿੱਖਿਆ ਆਮ ਹੈ ਜਿੱਥੇ ਲੋਕ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ। 2004 ਵਿਚ ਇਕ ਰਿਪੋਰਟ ਅਨੁਸਾਰ ਕੈਨੇਡਾ ਵਿਚ 42 ਪ੍ਰਤਿਸ਼ਤ ਲੋਕ ਨਰਕ ਦੀ ਸਿੱਖਿਆ ਨੂੰ ਮੰਨਦੇ ਹਨ। ਇੰਗਲੈਂਡ ਵਿਚ 32 ਪ੍ਰਤਿਸ਼ਤ ਲੋਕਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਨਰਕ ਵਰਗੀ ਕੋਈ ਜਗ੍ਹਾ ਹੈ।

ਪਾਦਰੀ ਕੀ ਸਿਖਾਉਂਦੇ ਹਨ

ਕਈ ਪਾਦਰੀ ਹੁਣ ਇਹ ਨਹੀਂ ਸਿਖਾਉਂਦੇ ਕਿ ਨਰਕ ਦੀ ਅੱਗ ਵਿਚ ਲੋਕਾਂ ਨੂੰ ਸਾੜਿਆ ਜਾਵੇਗਾ। ਤਾਂ ਫਿਰ ਉਹ ਕੀ ਸਿਖਾਉਂਦੇ ਹਨ? ਉਹੀ ਗੱਲ ਜੋ 1994 ਵਿਚ ਕੈਥੋਲਿਕ ਗਿਰਜੇ ਬਾਰੇ ਸਵਾਲਾਂ-ਜਵਾਬਾਂ ਦੀ ਕਿਤਾਬ ਵਿਚ ਛਾਪੀ ਗਈ ਸੀ। ਇਸ ਕਿਤਾਬ ਨੇ ਕਿਹਾ ਕਿ “ਨਰਕ ਦੀ ਸਜ਼ਾ ਇਹੀ ਹੈ ਕਿ ਲੋਕ ਹਮੇਸ਼ਾ ਲਈ ਪਰਮੇਸ਼ੁਰ ਤੋਂ ਅੱਡ ਹੋ ਜਾਣਗੇ।”

ਕਈ ਲੋਕ ਅੱਜ ਵੀ ਮੰਨਦੇ ਹਨ ਕਿ ਨਰਕ ਇਕ ਅਜਿਹੀ ਜਗ੍ਹਾ ਹੈ ਜਿੱਥੇ ਲੋਕਾਂ ਨੂੰ ਮਾਨਸਿਕ ਜਾਂ ਸਰੀਰਕ ਕਸ਼ਟ ਸਹਿਣੇ ਪੈਣਗੇ। ਇਸ ਸਿੱਖਿਆ ਨੂੰ ਸਿਖਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਬਾਈਬਲ ਤੋਂ ਲਈ ਗਈ ਹੈ। ਪਾਦਰੀਆਂ ਦੇ ਇਕਿ ਟ੍ਰੇਨਿੰਗ ਕਾਲਜ ਦੇ ਪ੍ਰੈਜ਼ੀਡੈਂਟ ਨੇ ਕਿਹਾ: “ਇਹ ਸਿੱਖਿਆ ਬਾਈਬਲ ਵਿੱਚੋਂ ਹੀ ਹੈ।”

ਕੀ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਮੰਨਦੇ ਹੋ?

ਜੇ ਨਰਕ ਵਰਗੀ ਕੋਈ ਜਗ੍ਹਾ ਹੈ, ਤਾਂ ਤੁਹਾਨੂੰ ਉੱਥੇ ਜਾਣ ਤੋਂ ਜ਼ਰੂਰ ਡਰਨਾ ਚਾਹੀਦਾ ਹੈ। ਪਰ ਜੇ ਇਹ ਸਿੱਖਿਆ ਝੂਠੀ ਹੈ, ਤਾਂ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਨਾ ਸਿਰਫ਼ ਉਲਝਣ ਵਿਚ ਪਾਇਆ ਹੋਇਆ ਹੈ, ਸਗੋਂ ਉਨ੍ਹਾਂ ਨੂੰ ਡਰਾ ਕੇ ਵੀ ਰੱਖਿਆ ਹੈ। ਇਸ ਤੋਂ ਇਲਾਵਾ ਇਹ ਸਿੱਖਿਆ ਪਰਮੇਸ਼ੁਰ ਨੂੰ ਵੀ ਬਦਨਾਮ ਕਰਦੀ ਹੈ।

ਪਰਮੇਸ਼ੁਰ ਦਾ ਬਚਨ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ? ਅਗਲੇ ਲੇਖਾਂ ਵਿਚ ਬਾਈਬਲ ਤੋਂ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: (1) ਮਰਨ ਤੋਂ ਬਾਅਦ ਕੀ ਹੁੰਦਾ ਹੈ? (2) ਕੀ ਯਿਸੂ ਨੇ ਨਰਕ ਬਾਰੇ ਸਿਖਾਇਆ ਸੀ? (3) ਸੱਚਾਈ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪਵੇਗਾ? (w08 11/1)