Skip to content

Skip to table of contents

“ਪਰਮੇਸ਼ੁਰ ਦੀ ਰੀਸ ਕਰੋ”

“ਪਰਮੇਸ਼ੁਰ ਦੀ ਰੀਸ ਕਰੋ”

ਪਰਮੇਸ਼ੁਰ ਨੂੰ ਜਾਣੋ

“ਪਰਮੇਸ਼ੁਰ ਦੀ ਰੀਸ ਕਰੋ”

ਅਫ਼ਸੀਆਂ 4:32–5:2

ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜ਼ਿਆਦਾਤਰ ਲੋਕਾਂ ਵਿਚ ਦਇਆ, ਹਮਦਰਦੀ ਤੇ ਪਿਆਰ ਵਰਗੇ ਗੁਣ ਨਹੀਂ ਰਹੇ ਅਤੇ ਨਾ ਹੀ ਲੋਕ ਇਕ-ਦੂਜੇ ਨੂੰ ਮਾਫ਼ ਕਰਦੇ ਹਨ। ਤੁਹਾਡੇ ਬਾਰੇ ਕੀ? ਕੀ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰ ਹੀ ਨਹੀਂ ਸਕਦੇ? ਮਾੜੀਆਂ ਆਦਤਾਂ ਜਾਂ ਕੌੜੇ ਤਜਰਬਿਆਂ ਕਰਕੇ ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਤੁਹਾਡੇ ਲਈ ਚੰਗੇ ਗੁਣ ਪੈਦਾ ਕਰਨੇ ਨਾਮੁਮਕਿਨ ਹੈ। ਪਰ ਬਾਈਬਲ ਵਿਚ ਸਾਨੂੰ ਇਹ ਭਰੋਸਾ ਦਿਵਾਇਆ ਗਿਆ ਹੈ: ਸਾਡਾ ਸਿਰਜਣਹਾਰ ਜਾਣਦਾ ਹੈ ਕਿ ਸਾਡੇ ਅੰਦਰ ਚੰਗੇ ਗੁਣ ਪੈਦਾ ਕਰਨ ਦੀ ਕਾਬਲੀਅਤ ਹੈ।

ਪਰਮੇਸ਼ੁਰ ਦਾ ਬਚਨ ਸੱਚੇ ਮਸੀਹੀਆਂ ਨੂੰ ਨਸੀਹਤ ਦਿੰਦਾ ਹੈ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਨੂੰ ਆਪਣੇ ਭਗਤਾਂ ਉੱਤੇ ਭਰੋਸਾ ਹੈ। ਕਿਹੜਾ ਭਰੋਸਾ? ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ। (ਉਤਪਤ 1:26, 27) ਇਸ ਦਾ ਮਤਲਬ ਹੈ ਕਿ ਇਨਸਾਨ ਵੀ ਆਪਣੇ ਅੰਦਰ ਉਸ ਵਰਗੇ ਗੁਣ ਪੈਦਾ ਕਰ ਸਕਦਾ ਹੈ। * ਇਸ ਲਈ ਜਦੋਂ ਬਾਈਬਲ ਮਸੀਹੀਆਂ ਨੂੰ “ਪਰਮੇਸ਼ੁਰ ਦੀ ਰੀਸ” ਕਰਨ ਲਈ ਕਹਿੰਦੀ ਹੈ, ਤਾਂ ਇਹ ਇਵੇਂ ਹੈ ਜਿਵੇਂ ਯਹੋਵਾਹ ਆਪ ਉਨ੍ਹਾਂ ਨੂੰ ਕਹਿ ਰਿਹਾ ਹੈ: ‘ਮੈਨੂੰ ਤੁਹਾਡੇ ਉੱਤੇ ਭਰੋਸਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੀਆਂ ਖ਼ਾਮੀਆਂ ਦੇ ਬਾਵਜੂਦ ਕੁਝ ਹੱਦ ਤਕ ਮੇਰੇ ਵਰਗੇ ਬਣ ਸਕਦੇ ਹੋ।’

ਪਰਮੇਸ਼ੁਰ ਦੇ ਕੁਝ ਗੁਣ ਕਿਹੜੇ ਹਨ ਜਿਹੜੇ ਅਸੀਂ ਆਪਣੇ ਅੰਦਰ ਪੈਦਾ ਕਰ ਸਕਦੇ ਹਾਂ? ਅਫ਼ਸੀਆਂ 5:1 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਇਸ ਦਾ ਜਵਾਬ ਮਿਲਦਾ ਹੈ। ਪਿਛਲੀ ਆਇਤ ਵਿਚ ਮਸੀਹੀਆਂ ਨੂੰ ਇਕ-ਦੂਜੇ ਉੱਤੇ ਕਿਰਪਾ ਅਤੇ ਤਰਸ ਕਰਨ ਅਤੇ ਇਕ-ਦੂਜੇ ਨੂੰ ਮਾਫ਼ ਕਰਨ ਦੀ ਤਾਕੀਦ ਕੀਤੀ ਗਈ ਹੈ। (ਅਫ਼ਸੀਆਂ 4:32) ਅਫ਼ਸੀਆਂ 5:2 ਵਿਚ ਪੌਲੁਸ ਨੇ ਮਸੀਹੀਆਂ ਨੂੰ ਇਕ-ਦੂਜੇ ਨਾਲ ਸੱਚਾ ਪਿਆਰ ਕਰਨ ਦੀ ਤਾਕੀਦ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਨ੍ਹਾਂ ਗੁਣਾਂ ਦਾ ਇਜ਼ਹਾਰ ਕਰਨ ਵਿਚ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ।

ਸਾਨੂੰ ਆਪਣੇ ਪਰਮੇਸ਼ੁਰ ਵਰਗੇ ਕਿਉਂ ਬਣਨਾ ਚਾਹੀਦਾ ਹੈ? ਪੌਲੁਸ ਦੇ ਸ਼ਬਦਾਂ ਤੋਂ ਹੀ ਇਸ ਦਾ ਜਵਾਬ ਮਿਲਦਾ ਹੈ: ‘ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।’ ਯਹੋਵਾਹ ਆਪਣੇ ਸਾਰੇ ਭਗਤਾਂ ਨੂੰ ਆਪਣੇ ਬੱਚੇ ਸਮਝਦਾ ਹੈ ਅਤੇ ਉਨ੍ਹਾਂ ਨੂੰ ਬੇਹੱਦ ਪਿਆਰ ਕਰਦਾ ਹੈ। ਜਿਵੇਂ ਛੋਟਾ ਬੱਚਾ ਆਪਣੇ ਪਿਤਾ ਦੀ ਨਕਲ ਕਰਦਾ ਹੈ, ਉਸੇ ਤਰ੍ਹਾਂ ਸੱਚੇ ਮਸੀਹੀ ਆਪਣੇ ਪਿਤਾ ਯਹੋਵਾਹ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਯਹੋਵਾਹ ਇਨਸਾਨਾਂ ਨੂੰ ਉਸ ਵਰਗੇ ਬਣਨ ਲਈ ਮਜਬੂਰ ਨਹੀਂ ਕਰਦਾ। ਇਸ ਦੇ ਉਲਟ ਉਸ ਨੇ ਉਨ੍ਹਾਂ ਨੂੰ ਇਸ ਸੰਬੰਧੀ ਆਪ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ। ਇਸ ਲਈ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਪਰਮੇਸ਼ੁਰ ਵਰਗੇ ਬਣੋਗੇ ਜਾਂ ਨਹੀਂ। (ਬਿਵਸਥਾ ਸਾਰ 30:19, 20) ਪਰ ਇਹ ਕਦੀ ਨਾ ਭੁੱਲੋ ਕਿ ਤੁਹਾਡੇ ਵਿਚ ਪਰਮੇਸ਼ੁਰ ਦੇ ਗੁਣ ਪੈਦਾ ਕਰਨ ਦੀ ਕਾਬਲੀਅਤ ਹੈ। ਯਹੋਵਾਹ ਵਰਗੇ ਬਣਨ ਲਈ ਤੁਹਾਨੂੰ ਜਾਣਨਾ ਪਵੇਗਾ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਬਾਈਬਲ ਦੀ ਮਦਦ ਨਾਲ ਤੁਸੀਂ ਯਹੋਵਾਹ ਦੇ ਗੁਣਾਂ ਅਤੇ ਅਸੂਲਾਂ ਨੂੰ ਜਾਣ ਸਕਦੇ ਹੋ। ਯਹੋਵਾਹ ਦੀ ਸ਼ਾਨਦਾਰ ਸ਼ਖ਼ਸੀਅਤ ਬਾਰੇ ਜਾਣ ਕੇ ਲੱਖਾਂ ਲੋਕ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। (w08 10/1)

[ਫੁਟਨੋਟ]

^ ਪੈਰਾ 2 ਕੁਲੁੱਸੀਆਂ 3:9, 10 ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਜਾਣ ਦਾ ਮਤਲਬ ਇਹ ਨਹੀਂ ਕਿ ਸਾਡੀ ਸ਼ਕਲ-ਸੂਰਤ ਉਸ ਵਰਗੀ ਹੈ, ਸਗੋਂ ਸਾਡੇ ਵਿਚ ਉਸ ਵਰਗੇ ਗੁਣ ਹਨ। ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ‘ਨਵੀਂ ਇਨਸਾਨੀਅਤ’ ਪਹਿਨਣ ਜਿਹੜੀ “ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।”