Skip to content

Skip to table of contents

ਮਰਿਯਮ ਨੇ ਇਨ੍ਹਾਂ ਗੱਲਾਂ ਨੂੰ “ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ”

ਮਰਿਯਮ ਨੇ ਇਨ੍ਹਾਂ ਗੱਲਾਂ ਨੂੰ “ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ”

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਮਰਿਯਮ ਨੇ ਇਨ੍ਹਾਂ ਗੱਲਾਂ ਨੂੰ “ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ”

ਮਰਿਯਮ ਤਕਲੀਫ਼ ਨਾਲ ਇਕ ਪਸ਼ੂ ਉੱਤੇ ਘੰਟਿਆਂ-ਬੱਧੀ ਸਫ਼ਰ ਕਰ ਰਹੀ ਸੀ। ਉਸ ਦੇ ਮੁਹਰੇ ਯੂਸੁਫ਼ ਹੌਲੀ-ਹੌਲੀ ਪਸ਼ੂ ਨੂੰ ਬੈਤਲਹਮ ਵੱਲ ਤੋਰ ਰਿਹਾ ਸੀ। ਮਰਿਯਮ ਦੀ ਪੇਟ ਵਿਚ ਬੱਚਾ ਫਿਰ ਤੋਂ ਉੱਛਲਿਆ।

ਬਾਈਬਲ ਮੁਤਾਬਕ ਮਰਿਯਮ ਇਸ ਸਮੇਂ “ਗਰਭਵੰਤੀ” ਸੀ ਅਤੇ ਉਸ ਦੇ ਜਣੇਪੇ ਦਾ ਸਮਾਂ ਨੇੜੇ ਸੀ। (ਲੂਕਾ 2:5) ਜਿਉਂ-ਜਿਉਂ ਉਹ ਖੇਤਾਂ ਦੇ ਕੋਲੋਂ ਲੰਘਦੇ ਸਨ, ਤਾਂ ਕਈ ਕਿਸਾਨ ਹੱਲ ਵਾਹ ਰਹੇ ਸਨ ਤੇ ਦੂਜੇ ਬੀ ਬੀਜ ਰਹੇ ਸਨ। ਉਨ੍ਹਾਂ ਵਿੱਚੋਂ ਸ਼ਾਇਦ ਕਈਆਂ ਨੇ ਉਨ੍ਹਾਂ ਨੂੰ ਦੇਖ ਕੇ ਮਨ ਹੀ ਮਨ ਵਿਚ ਸੋਚਿਆ ਹੋਣਾ ਕਿ ਅਜਿਹੀ ਹਾਲਤ ਵਿਚ ਕਿੱਥੇ ਜਾ ਰਹੀ ਹੋਵੇਗੀ ਇਹ ਔਰਤ। ਮਰਿਯਮ ਆਪਣੇ ਸ਼ਹਿਰ ਨਾਸਰਤ ਤੋਂ ਇੰਨੀ ਦੂਰ ਕਿਉਂ ਆਈ ਹੋਈ ਸੀ?

ਕਈ ਮਹੀਨੇ ਪਹਿਲਾਂ ਇਸ ਜਵਾਨ ਯਹੂਦੀ ਲੜਕੀ ਨਾਲ ਕੁਝ ਅਨੋਖਾ ਬੀਤਿਆ ਸੀ ਜੋ ਇਤਿਹਾਸ ਵਿਚ ਪਹਿਲਾਂ ਕਦੇ ਕਿਸੇ ਨਾਲ ਨਹੀਂ ਬੀਤਿਆ। ਉਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਣਾ ਸੀ ਜਿਸ ਨੇ ਮਸੀਹਾ ਬਣਨਾ ਸੀ! (ਲੂਕਾ 1:35) ਉਸ ਨੂੰ ਉਸ ਸਮੇਂ ਸਫ਼ਰ ਕਰਨ ਦੀ ਲੋੜ ਪਈ ਜਦ ਬੱਚੇ ਨੂੰ ਜਨਮ ਦੇਣ ਦਾ ਸਮਾਂ ਨੇੜੇ ਆਇਆ ਹੋਇਆ ਸੀ। ਇਸ ਸਫ਼ਰ ਦੌਰਾਨ ਮਰਿਯਮ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਨੇ ਉਸ ਦੀ ਨਿਹਚਾ ਨੂੰ ਪਰਖਿਆ। ਆਓ ਆਪਾਂ ਦੇਖੀਏ ਕਿ ਉਹ ਆਪਣੀ ਨਿਹਚਾ ਪੱਕੀ ਕਿਵੇਂ ਰੱਖ ਸਕੀ।

ਬੈਤਲਹਮ ਦਾ ਸਫ਼ਰ

ਇਕੱਲੇ ਯੂਸੁਫ਼ ਤੇ ਮਰਿਯਮ ਹੀ ਨਹੀਂ ਸਫ਼ਰ ਕਰ ਰਹੇ ਸਨ। ਥੋੜ੍ਹਾ ਸਮਾਂ ਪਹਿਲਾਂ ਕੈਸਰ ਔਗੂਸਤੁਸ ਨੇ ਦੇਸ਼ ਦੇ ਸਾਰਿਆਂ ਲੋਕਾਂ ਨੂੰ ਆਪੋ ਆਪਣੇ ਜੱਦੀ ਨਗਰ ਜਾ ਕੇ ਆਪਣੇ ਨਾਂ ਲਿਖਵਾਉਣ ਦਾ ਹੁਕਮ ਦਿੱਤਾ ਸੀ। ਕੀ ਯੂਸੁਫ਼ ਨੇ ਵੀ ਇਹ ਹੁਕਮ ਮੰਨਿਆ ਸੀ? ਬਾਈਬਲ ਦੱਸਦੀ ਹੈ: “ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ।”—ਲੂਕਾ 2:1-4.

ਇਹ ਕੋਈ ਇਤਫ਼ਾਕ ਨਹੀਂ ਸੀ ਕਿ ਕੈਸਰ ਨੇ ਉਸੇ ਸਮੇਂ ਇਹ ਹੁਕਮ ਦਿੱਤਾ ਸੀ ਜਦ ਯਿਸੂ ਦਾ ਜਨਮ ਹੋਣ ਵਾਲਾ ਸੀ। ਸੱਤ ਸੌ ਸਾਲ ਪਹਿਲਾਂ ਲਿਖੀ ਗਈ ਇਕ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਮਸੀਹਾ ਬੈਤਲਹਮ ਵਿਚ ਪੈਦਾ ਹੋਵੇਗਾ। ਦਿਲਚਸਪੀ ਦੀ ਗੱਲ ਹੈ ਕਿ ਨਾਸਰਤ ਤੋਂ 11 ਕਿਲੋਮੀਟਰ ਦੂਰ ਬੈਤਲਹਮ ਨਾਂ ਦਾ ਇਕ ਨਗਰ ਸੀ। ਪਰ ਭਵਿੱਖਬਾਣੀ ਵਿਚ ਖ਼ਾਸ ਤੌਰ ਤੇ “ਬੈਤਲਹਮ ਅਫ਼ਰਾਥਾਹ” ਦਾ ਜ਼ਿਕਰ ਕੀਤਾ ਗਿਆ ਸੀ ਜਿੱਥੇ ਮਸੀਹਾ ਨੇ ਪੈਦਾ ਹੋਣਾ ਸੀ। (ਮੀਕਾਹ 5:2) ਅੱਜ-ਕੱਲ੍ਹ ਦੀਆਂ ਪਹਾੜੀ ਸੜਕਾਂ ’ਤੇ ਚੱਲ ਕੇ ਨਾਸਰਤ ਤੋਂ ਲੈ ਕੇ ਦੱਖਣ ਵਿਚ ਉਸ ਛੋਟੇ ਜਿਹੇ ਨਗਰ ਵਿਚਕਾਰ 150 ਕਿਲੋਮੀਟਰ ਦਾ ਫ਼ਾਸਲਾ ਹੈ। ਯੂਸੁਫ਼ ਨੂੰ ਇਸੇ ਬੈਤਲਹਮ ਵਿਚ ਸੱਦਿਆ ਗਿਆ ਸੀ ਕਿਉਂਕਿ ਇਹ ਰਾਜਾ ਦਾਊਦ ਦੇ ਖ਼ਾਨਦਾਨ ਦਾ ਜੱਦੀ ਨਗਰ ਸੀ ਅਤੇ ਦੋਵੇਂ ਯੂਸੁਫ਼ ਤੇ ਮਰਿਯਮ ਇਸੇ ਖ਼ਾਨਦਾਨ ਤੋਂ ਸਨ।

ਯੂਸੁਫ਼ ਨੇ ਜਾ ਕੇ ਆਪਣਾ ਨਾਂ ਲਿਖਵਾਉਣ ਦਾ ਫ਼ੈਸਲਾ ਕੀਤਾ, ਪਰ ਕੀ ਮਰਿਯਮ ਵੀ ਉਸ ਦੇ ਨਾਲ ਸਹਿਮਤ ਸੀ? ਇਸ ਹਾਲਤ ਵਿਚ ਐਡਾ ਸਫ਼ਰ ਕਰਨਾ ਉਸ ਲਈ ਬਹੁਤ ਔਖਾ ਹੋਣਾ ਸੀ। ਪਤਝੜ ਦੀ ਰੁੱਤ ਸ਼ੁਰੂ ਹੋਣ ਤੇ ਹਲਕੀਆਂ-ਹਲਕੀਆਂ ਬਰਸਾਤਾਂ ਵੀ ਪੈਣ ਲੱਗ ਪੈਂਦੀਆਂ ਸਨ। ਇਸ ਤੋਂ ਇਲਾਵਾ ਇਸ ਗੱਲ ਉੱਤੇ ਵੀ ਧਿਆਨ ਦਿਓ ਕਿ ਗਲੀਲ ਤੋਂ ਬੈਤਲਹਮ ਨੂੰ ਜਾਣ ਵਿਚ ਬਹੁਤ ਚੜ੍ਹਾਈ ਚੜ੍ਹਨੀ ਪੈਂਦੀ ਸੀ ਕਿਉਂਕਿ ਬੈਤਲਹਮ 760 ਮੀਟਰ ਉਚਾਈ ਤੇ ਸੀ। ਕਈਆਂ ਦਿਨਾਂ ਦੇ ਸਫ਼ਰ ਤੋਂ ਬਾਅਦ ਇਹ ਚੜ੍ਹਾਈ ਚੜ੍ਹਨੀ ਕੋਈ ਸੌਖੀ ਗੱਲ ਨਹੀਂ ਸੀ। ਮਰਿਯਮ ਦੀ ਨਾਜ਼ੁਕ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਸਫ਼ਰ ਪੂਰਾ ਕਰਨ ਲਈ ਸ਼ਾਇਦ ਆਮ ਨਾਲੋਂ ਜ਼ਿਆਦਾ ਸਮਾਂ ਲੱਗਾ ਹੋਣਾ ਕਿਉਂਕਿ ਉਸ ਨੂੰ ਕਈ ਵਾਰ ਰੁਕ ਕੇ ਆਰਾਮ ਵੀ ਕਰਨਾ ਪਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਹਾਲਤ ਵਿਚ ਇਕ ਨੌਜਵਾਨ ਔਰਤ ਆਰਾਮ ਨਾਲ ਆਪਣੇ ਘਰ ਹੀ ਰਹਿਣਾ ਪਸੰਦ ਕਰੇਗੀ ਜਿੱਥੇ ਉਸ ਨੂੰ ਪਤਾ ਹੈ ਕਿ ਜਣੇਪੇ ਦੀਆਂ ਪੀੜਾਂ ਸ਼ੁਰੂ ਹੋਣ ਤੇ ਉਸ ਦਾ ਪਰਿਵਾਰ ਤੇ ਸਾਕ-ਸੰਬੰਧੀ ਸਭ ਮਦਦ ਦੇਣ ਲਈ ਲਾਗੇ ਹੀ ਹਨ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਮਰਿਯਮ ਨੂੰ ਇਹ ਸਫ਼ਰ ਕਰਨ ਲਈ ਹਿੰਮਤ ਦੀ ਲੋੜ ਸੀ।

ਲੂਕਾ ਨੇ ਆਪਣੀ ਇੰਜੀਲ ਵਿਚ ਲਿਖਿਆ ਕਿ ਯੂਸੁਫ਼ ‘ਮਰਿਯਮ ਸਣੇ ਆਪਣਾ ਨਾਉਂ ਲਿਖਵਾਉਣ ਲਈ ਗਿਆ।’ ਉਸ ਨੇ ਇਹ ਵੀ ਕਿਹਾ ਕਿ ‘ਮਰਿਯਮ ਯੂਸੁਫ਼ ਦੀ ਮੰਗ’ ਯਾਨੀ ਪਤਨੀ ਸੀ। (ਲੂਕਾ 2:4, 5) ਯੂਸੁਫ਼ ਦੀ ਪਤਨੀ ਹੋਣ ਕਰਕੇ ਮਰਿਯਮ ਦੇ ਫ਼ੈਸਲਿਆਂ ਉੱਤੇ ਵੱਡਾ ਅਸਰ ਪਿਆ। ਮਰਿਯਮ ਨੇ ਕਬੂਲ ਕੀਤਾ ਕਿ ਯੂਸੁਫ਼ ਪਰਿਵਾਰ ਦਾ ਸਿਰ ਸੀ। ਪਤਨੀ ਵਜੋਂ ਉਸ ਨੇ ਪਰਮੇਸ਼ੁਰ ਵੱਲੋਂ ਮਿਲੀ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਹਰ ਗੱਲ ਵਿਚ ਆਪਣੇ ਪਤੀ ਦਾ ਸਾਥ ਦਿੱਤਾ। * ਉਸ ਨੇ ਦਿਲੋਂ ਆਪਣੇ ਪਤੀ ਦਾ ਕਹਿਣਾ ਮੰਨਿਆ ਅਤੇ ਇਸ ਤਰ੍ਹਾਂ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ।

ਮਰਿਯਮ ਦਾ ਸਫ਼ਰ ਕਰਨ ਦਾ ਕੋਈ ਹੋਰ ਵੀ ਕਾਰਨ ਸੀ? ਕੀ ਉਸ ਨੂੰ ਉਸ ਭਵਿੱਖਬਾਣੀ ਦਾ ਪਤਾ ਸੀ ਕਿ ਮਸੀਹਾ ਨੇ ਬੈਤਲਹਮ ਵਿਚ ਜਨਮ ਲੈਣਾ ਹੈ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਹੋ ਸਕਦਾ ਹੈ ਕਿ ਉਹ ਇਸ ਭਵਿੱਖਬਾਣੀ ਨੂੰ ਜਾਣਦੀ ਸੀ ਕਿਉਂਕਿ ਗ੍ਰੰਥੀ ਨਾਲੇ ਆਮ ਲੋਕ ਇਸ ਗੱਲ ਬਾਰੇ ਜਾਣਦੇ ਸਨ। (ਮੱਤੀ 2:1-7; ਯੂਹੰਨਾ 7:40-42) ਮਰਿਯਮ ਸ਼ਸਤਰਾਂ ਤੋਂ ਅਣਜਾਣ ਨਹੀਂ ਸੀ। (ਲੂਕਾ 1:46-55) ਹੋ ਸਕਦਾ ਹੈ ਕਿ ਮਰਿਯਮ ਨੇ ਆਪਣੇ ਪਤੀ ਦਾ ਕਹਿਣਾ ਮੰਨਣ ਲਈ, ਕੈਸਰ ਦਾ ਹੁਕਮ ਮੰਨਣ ਲਈ ਜਾਂ ਯਹੋਵਾਹ ਦੀ ਭਵਿੱਖਬਾਣੀ ਕਰਕੇ ਸਫ਼ਰ ਕੀਤਾ ਸੀ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਤਿੰਨਾਂ ਗੱਲਾਂ ਕਰਕੇ ਵੀ ਉਸ ਨੇ ਸਫ਼ਰ ਕੀਤਾ ਹੋਵੇ। ਪਰ ਕਾਰਨ ਜੋ ਵੀ ਸੀ, ਉਸ ਨੇ ਵਧੀਆ ਮਿਸਾਲ ਕਾਇਮ ਕੀਤੀ। ਯਹੋਵਾਹ ਆਦਮੀਆਂ ਤੇ ਔਰਤਾਂ ਦੋਹਾਂ ਵਿਚ ਹਲੀਮੀ ਤੇ ਅਗਿਆਕਾਰਤਾ ਦੇ ਗੁਣ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ। ਸਾਡੇ ਜ਼ਮਾਨੇ ਵਿਚ ਜਦ ਕਿ ਅਧੀਨਗੀ ਨੂੰ ਤੁੱਛ ਸਮਝਿਆ ਜਾਂਦਾ ਹੈ, ਪਰਮੇਸ਼ੁਰ ਦੇ ਸੇਵਕ ਮਰਿਯਮ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।

ਮਸੀਹ ਦਾ ਜਨਮ

ਬੈਤਲਹਮ ਸ਼ਹਿਰ ਦੇ ਲਾਗੇ ਪਹੁੰਚ ਕੇ ਮਰਿਯਮ ਨੇ ਰੱਬ ਦਾ ਸ਼ੁਕਰ ਕੀਤਾ ਹੋਣਾ। ਮਰਿਯਮ ਤੇ ਯੂਸੁਫ਼ ਨੇ ਪਹਾੜੀਆਂ ਚੜ੍ਹਦੇ ਹੋਏ ਜ਼ੈਤੂਨ ਦੇ ਬਗ਼ੀਚਿਆਂ ਨੂੰ ਦੇਖਿਆ ਹੋਣਾ। ਇਹ ਸਾਲ ਦਾ ਆਖ਼ਰੀ ਫਲ ਸੀ ਜੋ ਇਕੱਠਾ ਕੀਤਾ ਜਾਂਦਾ ਸੀ। ਹੋ ਸਕਦਾ ਹੈ ਕਿ ਉਨ੍ਹਾਂ ਨੇ ਇਸ ਛੋਟੇ ਜਿਹੇ ਨਗਰ ਦੇ ਇਤਿਹਾਸ ਬਾਰੇ ਵੀ ਸੋਚਿਆ ਹੋਵੇ। ਜਿਸ ਤਰ੍ਹਾਂ ਮੀਕਾਹ ਨੇ ਭਵਿੱਖਬਾਣੀ ਵਿਚ ਕਿਹਾ ਸੀ ਬੈਤਲਹਮ ਛੋਟਾ ਹੋਣ ਕਰਕੇ ਯਹੂਦਾਹ ਦਿਆਂ ਸ਼ਹਿਰਾਂ ਵਿਚ ਨਹੀਂ ਗਿਣਿਆ ਜਾਂਦਾ ਸੀ, ਪਰ ਲਗਭਗ ਹਜ਼ਾਰ ਸਾਲ ਪਹਿਲਾਂ ਇਸੇ ਨਗਰ ਵਿਚ ਬੋਅਜ਼, ਨਾਓਮੀ ਤੇ ਬਾਅਦ ਵਿਚ ਦਾਊਦ ਦਾ ਜਨਮ ਹੋਇਆ ਸੀ।

ਬੈਤਲਹਮ ਪਹੁੰਚ ਕੇ ਮਰਿਯਮ ਤੇ ਯੂਸੁਫ਼ ਨੇ ਦੇਖਿਆ ਕਿ ਉੱਥੇ ਬਹੁਤ ਭੀੜ-ਭੜਕਾ ਸੀ। ਹੋਰ ਬਹੁਤ ਲੋਕ ਆਪੋ-ਆਪਣੇ ਨਾਂ ਲਿਖਵਾਉਣ ਲਈ ਉਨ੍ਹਾਂ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੇ ਸਨ ਜਿਸ ਕਰਕੇ ਉਨ੍ਹਾਂ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। * ਇਸ ਕਰਕੇ ਉਨ੍ਹਾਂ ਨੂੰ ਇਕ ਤਬੇਲੇ ਵਿਚ ਹੀ ਰਾਤ ਕੱਟਣੀ ਪਈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਯੂਸੁਫ਼ ਨੂੰ ਕਿੰਨੀ ਚਿੰਤਾ ਹੋਈ ਹੋਣੀ ਜਦੋਂ ਉਸ ਦੀ ਪਤਨੀ ਨੂੰ ਅਜਿਹੀਆਂ ਪੀੜਾਂ ਲੱਗੀਆਂ ਜਿੱਦਾਂ ਦੀਆਂ ਉਸ ਨੇ ਕਦੇ ਵੀ ਪਹਿਲਾਂ ਨਹੀਂ ਮਹਿਸੂਸ ਕੀਤੀਆਂ ਸਨ। ਇਕ ਤਬੇਲੇ ਵਿਚ ਜਨਮ ਦੇਣਾ ਕਿੰਨਾ ਔਖਾ ਹੋਣਾ ਸੀ!

ਸੰਸਾਰ ਭਰ ਵਿਚ ਔਰਤਾਂ ਮਰਿਯਮ ਨਾਲ ਹਮਦਰਦੀ ਕਰ ਸਕਦੀਆਂ ਹਨ। ਤਕਰੀਬਨ 4,000 ਸਾਲ ਪਹਿਲਾਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਵਿਰਾਸਤ ਵਿਚ ਮਿਲੇ ਪਾਪ ਦੇ ਕਾਰਨ ਔਰਤਾਂ ਨੂੰ ਜਣੇਪੇ ਦੀ ਪੀੜ ਸਹਿਣੀ ਪਵੇਗੀ। (ਉਤਪਤ 3:16) ਮਰਿਯਮ ਨਾਲ ਵੀ ਇਵੇਂ ਹੋਇਆ ਹੋਣਾ। ਲੂਕਾ ਨੇ ਇਸ ਘਟਨਾ ਬਾਰੇ ਆਪਣੇ ਬਿਆਨ ਵਿਚ ਸਿਰਫ਼ ਇਹੀ ਕਿਹਾ: “ਉਹ ਆਪਣਾ ਜੇਠਾ ਪੁੱਤ੍ਰ ਜਣੀ।” (ਲੂਕਾ 2:7) ਜੀ ਹਾਂ, ਮਰਿਯਮ ਦੇ ਘੱਟੋ-ਘੱਟ ਸੱਤਾਂ ਧੀਆਂ-ਪੁੱਤਰਾਂ ਵਿੱਚੋਂ ਉਸ ਦੇ ‘ਜੇਠੇ’ ਪੁੱਤਰ ਦਾ ਜਨਮ ਇਵੇਂ ਹੋਇਆ ਸੀ। (ਮਰਕੁਸ 6:3) ਪਰ ਇਹ ਜੇਠਾ ਹਮੇਸ਼ਾ ਦੂਸਰਿਆਂ ਤੋਂ ਵੱਖਰਾ ਸੀ। ਉਹ ਸਿਰਫ਼ ਮਰਿਯਮ ਦਾ ਹੀ ਜੇਠਾ ਨਹੀਂ ਸੀ, ਪਰ ਉਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਯਾਨੀ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਸੀ।—ਕੁਲੁੱਸੀਆਂ 1:15.

ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਮਰਿਯਮ ਨੇ “ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ।” (ਲੂਕਾ 2:7) ਦੁਨੀਆਂ ਭਰ ਵਿਚ ਯਿਸੂ ਦੇ ਜਨਮ ਬਾਰੇ ਇਹ ਦ੍ਰਿਸ਼ ਨਾਟਕਾਂ ਅਤੇ ਤਸਵੀਰਾਂ ਵਿਚ ਦਿਖਾਇਆ ਜਾਂਦਾ ਹੈ, ਪਰ ਇਸ ਵਿਚ ਸਾਰੀ ਅਸਲੀਅਤ ਨਹੀਂ ਦਿਖਾਈ ਜਾਂਦੀ। ਫਿਰ ਅਸਲੀਅਤ ਕੀ ਸੀ? ਖੁਰਲੀ ਵਿੱਚੋਂ ਪਸ਼ੂ ਖਾਂਦੇ ਹਨ। ਯਾਦ ਰੱਖੋ ਕਿ ਇਹ ਪਰਿਵਾਰ ਤਬੇਲੇ ਵਿਚ ਠਹਿਰ ਰਿਹਾ ਸੀ ਜਿਸ ਨੂੰ ਉਸ ਜ਼ਮਾਨੇ ਵਿਚ ਤੇ ਅੱਜ-ਕੱਲ੍ਹ ਵੀ ਸਾਫ਼-ਸੁਥਰੀ ਜਗ੍ਹਾ ਨਹੀਂ ਮੰਨਿਆ ਜਾਂਦਾ। ਆਪਣੇ ਬੱਚੇ ਦੇ ਜਨਮ ਲਈ ਕੋਈ ਵੀ ਮਾਂ-ਬਾਪ ਅਜਿਹੀ ਜਗ੍ਹਾ ਨਹੀਂ ਚੁਣੇਗਾ ਜੇ ਉਨ੍ਹਾਂ ਕੋਲ ਕੋਈ ਹੋਰ ਚਾਰਾ ਹੋਵੇ। ਮਾਪੇ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਹੀ ਚਾਹੁੰਦੇ ਹਨ। ਮਰਿਯਮ ਤੇ ਯੂਸੁਫ਼ ਪਰਮੇਸ਼ੁਰ ਦੇ ਪੁੱਤਰ ਲਈ ਇਸ ਤੋਂ ਕੁਝ ਘੱਟ ਨਹੀਂ ਚਾਹੁੰਦੇ ਸਨ!

ਪਰ ਉਨ੍ਹਾਂ ਨੇ ਦਿਲ ਨਹੀਂ ਹਾਰਿਆ, ਸਗੋਂ ਆਪਣੇ ਹਾਲਾਤਾਂ ਮੁਤਾਬਕ ਜੋ ਹੋ ਸਕਿਆ ਕੀਤਾ। ਮਿਸਾਲ ਲਈ, ਧਿਆਨ ਦਿਓ ਕਿ ਮਰਿਯਮ ਨੇ ਖ਼ੁਦ ਨੰਨ੍ਹੇ ਯਿਸੂ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਤਾਂਕਿ ਉਹ ਨਿੱਘਾ ਰਹਿ ਕੇ ਸੌਂ ਸਕੇ। ਮਰਿਯਮ ਨੇ ਆਪਣੇ ਹਾਲਾਤਾਂ ਬਾਰੇ ਚਿੰਤਾ ਕਰਨ ਦੀ ਬਜਾਇ ਉਹ ਕੀਤਾ ਜੋ ਉਹ ਕਰ ਸਕਦੀ ਸੀ। ਮਰਿਯਮ ਅਤੇ ਯੂਸੁਫ਼ ਜਾਣਦੇ ਸਨ ਕਿ ਆਪਣੇ ਬੱਚੇ ਨੂੰ ਪਰਮੇਸ਼ੁਰ ਦੇ ਰਾਹ ਵਿਚ ਲਾਉਣਾ ਸਭ ਤੋਂ ਵੱਡੀ ਗੱਲ ਸੀ। (ਬਿਵਸਥਾ ਸਾਰ 6:6-8) ਅੱਜ-ਕੱਲ੍ਹ ਵੀ ਮਾਪੇ ਇਸ ਕਾਫ਼ਰ ਦੁਨੀਆਂ ਵਿਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਇਹੀ ਗੱਲ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਅਯਾਲੀ ਖ਼ੁਸ਼ ਖ਼ਬਰੀ ਦਾ ਸੁਨੇਹਾ ਲਿਆਉਂਦੇ ਹਨ

ਤਬੇਲਾ ਸ਼ਾਂਤ ਸੀ, ਪਰ ਬਾਹਰ ਕੁਝ ਹਲਚਲ ਮੱਚ ਰਹੀ ਸੀ। ਕੁਝ ਅਯਾਲੀ ਜੋ ਪਹਾੜਾਂ ਤੇ ਰਹਿ ਕੇ ਆਪਣੇ ਇੱਜੜਾਂ ਦੀ ਦੇਖ-ਭਾਲ ਕਰ ਰਹੇ ਸਨ ਹੁਣ ਖ਼ੁਸ਼ੀ-ਖ਼ੁਸ਼ੀ ਇਕ ਸੁਨੇਹਾ ਲੈ ਕੇ ਆਏ ਸਨ। * ਉਹ ਖ਼ਾਸ ਤੌਰ ਤੇ ਨਵ-ਜੰਮੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਉਤਾਵਲੇ ਸਨ। ਯੂਸੁਫ਼ ਤੇ ਮਰਿਯਮ ਉਨ੍ਹਾਂ ਨੂੰ ਦੇਖ ਕੇ ਕਾਫ਼ੀ ਹੈਰਾਨ ਹੋਏ। ਅਯਾਲੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਿਉਂ ਆਏ ਹੋਏ ਸਨ। ਅੱਧੀ ਕੁ ਰਾਤ ਨੂੰ ਅਚਾਨਕ ਹੀ ਉਨ੍ਹਾਂ ਨੂੰ ਪਹਾੜੀ ਉੱਤੇ ਇਕ ਫ਼ਰਿਸ਼ਤੇ ਨੇ ਦਰਸ਼ਣ ਦਿੱਤਾ। ਯਹੋਵਾਹ ਦਾ ਤੇਜ ਉਨ੍ਹਾਂ ਦੇ ਚਾਰੇ ਪਾਸੇ ਚਮਕਿਆ। ਫ਼ਰਿਸ਼ਤੇ ਨੇ ਉਨ੍ਹਾਂ ਨੂੰ ਦੱਸਿਆ ਕਿ ਬੈਤਲਹਮ ਵਿਚ ਇਕ ਮੁਕਤੀਦਾਤਾ ਯਾਨੀ ਮਸੀਹਾ ਪੈਦਾ ਹੋਇਆ ਹੈ। ਉਹ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਅਤੇ ਖੁਰਲੀ ਵਿਚ ਪਿਆ ਹੋਇਆ ਪਾਉਣਗੇ। ਫਿਰ ਇਕ ਹੋਰ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਈ। ਇਕਦਮ ਸਵਰਗੋਂ ਹੋਰ ਕਈ ਫ਼ਰਿਸ਼ਤੇ ਉੱਤਰ ਕੇ ਯਹੋਵਾਹ ਦੇ ਜਸ ਗਾਉਣ ਲੱਗ ਪਏ!

ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਹਲੀਮ ਬੰਦੇ ਬੈਤਲਹਮ ਨੂੰ ਭੱਜੇ ਆਏ! ਫ਼ਰਿਸ਼ਤੇ ਦੀ ਗੱਲ ਬਿਲਕੁਲ ਸਹੀ ਨਿਕਲੀ ਅਤੇ ਉਹ ਨਵ-ਜੰਮੇ ਬੱਚੇ ਨੂੰ ਖੁਰਲੀ ਵਿਚ ਪਿਆ ਦੇਖ ਕੇ ਫੁੱਲੇ ਨਹੀਂ ਸਮਾਏ ਹੋਣੇ। ਉਹ ਇਸ ਖ਼ੁਸ਼ ਖ਼ਬਰੀ ਬਾਰੇ ਚੁੱਪ ਨਹੀਂ ਰਹੇ। ਉਨ੍ਹਾਂ ਨੇ ਹੋਰਨਾਂ ਨੂੰ ‘ਉਹ ਬਚਨ ਸੁਣਾਇਆ ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ।’ (ਲੂਕਾ 2:17, 18) ਉਸ ਜ਼ਮਾਨੇ ਦੇ ਗ੍ਰੰਥੀ ਅਯਾਲੀਆਂ ਨੂੰ ਤੁੱਛ ਸਮਝਦੇ ਸਨ। ਪਰ ਯਹੋਵਾਹ ਇਨ੍ਹਾਂ ਹਲੀਮ ਤੇ ਵਫ਼ਾਦਾਰ ਬੰਦਿਆਂ ਨੂੰ ਅਨਮੋਲ ਸਮਝਦਾ ਸੀ। ਉਨ੍ਹਾਂ ਦੇ ਆਉਣ ਦਾ ਮਰਿਯਮ ਉੱਤੇ ਕੀ ਅਸਰ ਪਿਆ?

ਭਾਵੇਂ ਮਰਿਯਮ ਯਿਸੂ ਨੂੰ ਜਨਮ ਦੇਣ ਤੋਂ ਬਾਅਦ ਥੱਕੀ ਹੋਈ ਸੀ, ਪਰ ਫਿਰ ਵੀ ਉਸ ਨੇ ਧਿਆਨ ਨਾਲ ਉਨ੍ਹਾਂ ਦਾ ਹਰ ਲਫ਼ਜ਼ ਸੁਣਿਆ। ਉਸ ਨੇ ਇਸ ਤੋਂ ਵੀ ਜ਼ਿਆਦਾ ਕੀਤਾ। “ਮਰਿਯਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ।” (ਲੂਕਾ 2:19) ਮਰਿਯਮ ਵਾਕਈ ਸਮਝਦਾਰ ਲੜਕੀ ਸੀ। ਉਹ ਜਾਣਦੀ ਸੀ ਕਿ ਫ਼ਰਿਸ਼ਤੇ ਦਾ ਸੁਨੇਹਾ ਬਹੁਤ ਅਹਿਮ ਸੀ। ਉਸ ਦਾ ਪਰਮੇਸ਼ੁਰ ਯਹੋਵਾਹ ਚਾਹੁੰਦਾ ਸੀ ਕਿ ਉਹ ਇਸ ਗੱਲ ਨੂੰ ਨਾ ਭੁੱਲੇ ਕਿ ਉਸ ਦਾ ਪੁੱਤਰ ਅਸਲ ਵਿਚ ਕੌਣ ਤੇ ਕਿੰਨਾ ਅਹਿਮ ਸੀ। ਮਰਿਯਮ ਨੇ ਧਿਆਨ ਨਾਲ ਸੁਣਿਆ ਹੀ ਨਹੀਂ, ਸਗੋਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿਚ ਸਾਂਭ ਕੇ ਵੀ ਰੱਖਿਆ ਤਾਂਕਿ ਉਹ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਉੱਤੇ ਮੁੜ-ਮੁੜ ਕੇ ਮਨਨ ਕਰ ਸਕੇ। ਜ਼ਿੰਦਗੀ ਭਰ ਮਰਿਯਮ ਦੀ ਮਜ਼ਬੂਤ ਨਿਹਚਾ ਦਾ ਇਹੀ ਰਾਜ਼ ਸੀ।

ਕੀ ਤੁਸੀਂ ਮਰਿਯਮ ਦੀ ਮਿਸਾਲ ਉੱਤੇ ਚੱਲੋਗੇ? ਯਹੋਵਾਹ ਦਾ ਬਚਨ ਸੱਚਾਈਆਂ ਨਾਲ ਭਰਿਆ ਹੋਇਆ ਹੈ। ਪਰ ਸਾਨੂੰ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਜੇ ਅਸੀਂ ਉਨ੍ਹਾਂ ਵੱਲ ਪੂਰਾ ਧਿਆਨ ਨਾ ਦੇਈਏ। ਅਸੀਂ ਇਨ੍ਹਾਂ ਵੱਲ ਧਿਆਨ ਕਿਵੇਂ ਦੇ ਸਕਦੇ ਹਾਂ? ਸਾਨੂੰ ਬਾਈਬਲ ਨੂੰ ਆਮ ਕਿਤਾਬ ਵਜੋਂ ਨਹੀਂ, ਸਗੋਂ ਪਰਮੇਸ਼ੁਰ ਦੇ ਬਚਨ ਵਜੋਂ ਹਰ ਰੋਜ਼ ਪੜ੍ਹਨਾ ਚਾਹੀਦਾ ਹੈ। (2 ਤਿਮੋਥਿਉਸ 3:16) ਫਿਰ ਮਰਿਯਮ ਵਾਂਗ ਸਾਨੂੰ ਵੀ ਯਹੋਵਾਹ ਦੀਆਂ ਕਹੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਉੱਤੇ ਗੌਰ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। ਜੇ ਅਸੀਂ ਬਾਈਬਲ ਵਿਚ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਾਂਗੇ ਅਤੇ ਚੰਗੀ ਤਰ੍ਹਾਂ ਧਿਆਨ ਨਾਲ ਦੇਖਾਂਗੇ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ, ਤਾਂ ਸਾਡੀ ਨਿਹਚਾ ਵਧਦੀ ਰਹੇਗੀ।

ਸਾਂਭ ਕੇ ਰੱਖਣ ਵਾਲੀਆਂ ਹੋਰ ਗੱਲਾਂ

ਮੂਸਾ ਦੀ ਬਿਵਸਥਾ ਮੁਤਾਬਕ ਅੱਠਵੇਂ ਦਿਨ ਮਰਿਯਮ ਤੇ ਯੂਸੁਫ਼ ਨੇ ਬੱਚੇ ਦੀ ਸੁੰਨਤ ਕਰਾਈ ਅਤੇ ਫ਼ਰਿਸ਼ਤੇ ਦੇ ਕਹੇ ਅਨੁਸਾਰ ਉਸ ਦਾ ਨਾਮ ਯਿਸੂ ਹੀ ਰੱਖਿਆ। (ਲੂਕਾ 1:31) ਫਿਰ 40ਵੇਂ ਦਿਨ ਉਹ ਯਿਸੂ ਨੂੰ ਬੈਤਲਹਮ ਤੋਂ ਕੁਝ ਕਿਲੋਮੀਟਰ ਦੂਰ ਯਰੂਸ਼ਲਮ ਲੈ ਕੇ ਗਏ। ਉੱਥੇ ਉਨ੍ਹਾਂ ਨੇ ਬਿਵਸਥਾ ਵਿਚ ਦਿੱਤੀਆਂ ਹਿਦਾਇਤਾਂ ਮੁਤਾਬਕ ਸ਼ੁੱਧ ਹੋਣ ਲਈ ਬਲੀਦਾਨ ਚੜ੍ਹਾਇਆ। ਗ਼ਰੀਬ ਲੋਕ ਦੋ ਘੁੱਗੀਆਂ ਜਾਂ ਦੋ ਕਬੂਤਰ ਚੜ੍ਹਾ ਸਕਦੇ ਸਨ। ਕਈ ਮਾਪੇ ਇਕ ਭੇਡ ਤੇ ਇਕ ਘੁੱਗੀ ਵਰਗੇ ਮਹਿੰਗੇ ਚੜ੍ਹਾਵੇ ਚੜ੍ਹਾ ਰਹੇ ਸਨ। ਪਰ ਜੇ ਮਰਿਯਮ ਤੇ ਯੂਸੁਫ਼ ਨੂੰ ਲੱਗਾ ਕਿ ਉਨ੍ਹਾਂ ਦੇ ਚੜ੍ਹਾਵੇ ਸਸਤੇ ਹੀ ਸਨ, ਤਾਂ ਉਨ੍ਹਾਂ ਨੇ ਇਹ ਜ਼ਾਹਰ ਨਹੀਂ ਕੀਤਾ। ਜੋ ਵੀ ਸੀ, ਉਨ੍ਹਾਂ ਨੂੰ ਉੱਥੇ ਆਣ ਕੇ ਬਹੁਤ ਹੌਸਲਾ ਮਿਲਿਆ।—ਲੂਕਾ 2:21-24.

ਸਿਮਓਨ ਨਾਂ ਦਾ ਇਕ ਬਿਰਧ ਮਨੁੱਖ ਉਨ੍ਹਾਂ ਕੋਲ ਆਇਆ ਤੇ ਉਸ ਨੇ ਮਰਿਯਮ ਨੂੰ ਆਪਣੇ ਦਿਲ ਵਿਚ ਸਾਂਭ ਕੇ ਰੱਖਣ ਲਈ ਕਈ ਹੋਰ ਗੱਲਾਂ ਕਹੀਆਂ। ਸਿਮਓਨ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਮਸੀਹਾ ਦੇਖਣ ਤੋਂ ਪਹਿਲਾਂ ਨਹੀਂ ਮਰੇਗਾ ਤੇ ਯਹੋਵਾਹ ਦੀ ਸ਼ਕਤੀ ਰਾਹੀਂ ਉਸ ਨੂੰ ਪਤਾ ਲੱਗਾ ਕਿ ਨੰਨ੍ਹਾ ਯਿਸੂ ਉਹੀ ਮੁਕਤੀਦਾਤਾ ਸੀ। ਸਿਮਓਨ ਨੇ ਮਰਿਯਮ ਨੂੰ ਉਸ ਦੁੱਖ ਬਾਰੇ ਵੀ ਦੱਸਿਆ ਜੋ ਉਸ ਨੂੰ ਇਕ ਦਿਨ ਸਹਿਣਾ ਪਵੇਗਾ। ਉਸ ਨੇ ਕਿਹਾ ਕਿ ਉਸ ਨੂੰ ਇਵੇਂ ਲੱਗੇਗਾ ਜਿਵੇਂ ਉਸ ਦੀ ਜਿੰਦ ਵਿੱਚੋਂ ਤਲਵਾਰ ਫਿਰ ਗਈ ਹੋਵੇ। (ਲੂਕਾ 2:25-35) ਤੀਹ ਸਾਲਾਂ ਬਾਅਦ ਜਦੋਂ ਉਹ ਸਮਾਂ ਆਇਆ ਮਰਿਯਮ ਨੂੰ ਇਨ੍ਹਾਂ ਸ਼ਬਦਾਂ ਤੋਂ ਦੁੱਖ ਸਹਿਣ ਦੀ ਸ਼ਕਤੀ ਜ਼ਰੂਰ ਮਿਲੀ ਹੋਣੀ। ਸਿਮਓਨ ਤੋਂ ਬਾਅਦ ਆੱਨਾ ਨਾਮ ਦੀ ਇਕ ਨਬੀਆ ਨੇ ਯਿਸੂ ਨੂੰ ਦੇਖਿਆ ਤੇ ਉਸ ਬਾਰੇ ਉਨ੍ਹਾਂ ਸਾਰਿਆਂ ਨਾਲ ਗੱਲਾਂ ਕਰਨ ਲੱਗ ਪਈ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿਚ ਸਨ।—ਲੂਕਾ 2:36-38.

ਯੂਸੁਫ਼ ਤੇ ਮਰਿਯਮ ਨੇ ਆਪਣੇ ਬੱਚੇ ਯਿਸੂ ਨੂੰ ਯਰੂਸ਼ਲਮ ਵਿਚ ਯਹੋਵਾਹ ਦੇ ਘਰ ਲਿਆ ਕੇ ਕਿੰਨਾ ਚੰਗਾ ਕੀਤਾ! ਯਹੋਵਾਹ ਦੇ ਘਰ ਵਿਚ ਜ਼ਿੰਦਗੀ ਭਰ ਦੀ ਸੇਵਾ ਵਿਚ ਇਹ ਉਨ੍ਹਾਂ ਦੇ ਪੁੱਤਰ ਦਾ ਪਹਿਲਾ ਕਦਮ ਸੀ। ਉੱਥੇ ਉਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਉਹ ਕੀਤਾ ਜੋ ਉਹ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਸਲਾਹ ਤੇ ਹੌਸਲਾ ਮਿਲਿਆ। ਯਕੀਨਨ ਉਸ ਦਿਨ ਘਰ ਵਾਪਸ ਮੁੜਨ ਤੇ ਮਰਿਯਮ ਦਾ ਦਿਲ ਪਰਮੇਸ਼ੁਰ ਦੀਆਂ ਸੱਚਾਈਆਂ ਨਾਲ ਜ਼ਰੂਰ ਭਰਿਆ ਹੋਣਾ। ਉਹ ਉਨ੍ਹਾਂ ਉੱਤੇ ਮਨਨ ਕਰ ਸਕਦੀ ਸੀ ਤੇ ਉਨ੍ਹਾਂ ਬਾਰੇ ਦੂਸਰਿਆਂ ਨਾਲ ਗੱਲਾਂ ਕਰ ਸਕਦੀ ਸੀ।

ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਜਦੋਂ ਅਸੀਂ ਅੱਜ-ਕੱਲ੍ਹ ਮਾਪਿਆਂ ਨੂੰ ਇਸੇ ਮਿਸਾਲ ’ਤੇ ਚੱਲਦੇ ਦੇਖਦੇ ਹਾਂ। ਯਹੋਵਾਹ ਦੇ ਗਵਾਹ ਵਫ਼ਾਦਾਰੀ ਨਾਲ ਆਪਣੇ ਬੱਚਿਆਂ ਨੂੰ ਮੀਟਿੰਗਾਂ ਵਿਚ ਲਿਆਉਂਦੇ ਹਨ। ਅਜਿਹੇ ਮਾਪੇ ਪਰਮੇਸ਼ੁਰ ਦੀ ਸੇਵਾ ਵਿਚ ਉੱਨਾ ਕਰਦੇ ਹਨ ਜਿੰਨਾ ਉਹ ਕਰ ਸਕਦੇ ਹਨ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਹਨ। ਇਨ੍ਹਾਂ ਮੀਟਿੰਗਾਂ ਵਿਚ ਜਾ ਕੇ ਉਹ ਖ਼ੁਸ਼ ਹੁੰਦੇ ਹਨ ਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ। ਉਹ ਚੰਗੀਆਂ ਗੱਲਾਂ ਸਿੱਖ ਕੇ ਦੂਸਰਿਆਂ ਨੂੰ ਇਨ੍ਹਾਂ ਬਾਰੇ ਦੱਸਦੇ ਹਨ। ਯਹੋਵਾਹ ਦੇ ਗਵਾਹ ਤੁਹਾਨੂੰ ਦਿਲੋਂ ਸੱਦਾ ਦਿੰਦੇ ਹਨ ਕਿ ਤੁਸੀਂ ਆਣ ਕੇ ਉਨ੍ਹਾਂ ਨੂੰ ਮਿਲੋ। ਜੇ ਤੁਸੀਂ ਆਓਗੇ, ਤਾਂ ਮਰਿਯਮ ਦੀ ਤਰ੍ਹਾਂ ਤੁਹਾਡੀ ਨਿਹਚਾ ਵੀ ਮਜ਼ਬੂਤ ਹੋਵੇਗੀ। (w08 10/1)

[ਫੁਟਨੋਟ]

^ ਪੈਰਾ 10 ਇਸ ਹਵਾਲੇ ਅਤੇ ਬਾਈਬਲ ਦੇ ਇਕ ਹੋਰ ਹਵਾਲੇ ਵਿਚ ਫ਼ਰਕ ਉੱਤੇ ਧਿਆਨ ਦਿਓ: “ਮਰਿਯਮ ਉੱਠ ਕੇ” ਇਲੀਸਬਤ ਨੂੰ ਮਿਲਣ ਗਈ। (ਲੂਕਾ 1:39) ਇਸ ਸਮੇਂ ਮਰਿਯਮ ਅਜੇ ਵਿਆਹੀ ਹੋਈ ਨਹੀਂ ਸੀ ਜਿਸ ਕਰਕੇ ਉਹ ਸ਼ਾਇਦ ਯੂਸੁਫ਼ ਨੂੰ ਪੁੱਛੇ ਬਗੈਰ ਇਲੀਸਬਤ ਨੂੰ ਮਿਲਣ ਗਈ ਸੀ। ਪਰ ਵਿਆਹ ਤੋਂ ਬਾਅਦ ਇਕੱਠਿਆਂ ਸਫ਼ਰ ਕਰਨ ਦਾ ਫ਼ੈਸਲਾ ਯੂਸੁਫ਼ ਨੇ ਕੀਤਾ ਸੀ।

^ ਪੈਰਾ 14 ਉਸ ਜ਼ਮਾਨੇ ਵਿਚ ਹਰ ਨਗਰ ਵਿਚ ਮੁਸਾਫ਼ਰਾਂ ਦੇ ਠਹਿਰਨ ਲਈ ਕਮਰੇ ਹੁੰਦੇ ਸਨ ਅਤੇ ਬਾਹਰ ਵੇਹੜੇ ਵਿਚ ਉਨ੍ਹਾਂ ਦੇ ਪਸ਼ੂਆਂ ਲਈ ਜਗ੍ਹਾ ਹੁੰਦੀ ਸੀ।

^ ਪੈਰਾ 19 ਧਿਆਨ ਦਿਓ ਕਿ ਉਸ ਸਮੇਂ ਅਯਾਲੀ ਬਾਹਰ ਰਹਿ ਕੇ ਆਪਣੇ ਇੱਜੜਾਂ ਦੀ ਦੇਖ-ਭਾਲ ਕਰ ਰਹੇ ਸਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ ਕਿਉਂਕਿ ਦਸੰਬਰ ਵਿਚ ਅਯਾਲੀ ਆਪਣੇ ਇੱਜੜਾਂ ਨਾਲ ਬਾਹਰ ਨਹੀਂ ਹੁੰਦੇ ਸਨ, ਸਗੋਂ ਉਨ੍ਹਾਂ ਨੂੰ ਆਪਣੇ ਘਰਾਂ ਲਾਗੇ ਅੰਦਰ ਰੱਖਦੇ ਸਨ। ਸੋ ਬਾਈਬਲ ਸੰਕੇਤ ਕਰਦੀ ਹੈ ਕਿ ਯਿਸੂ ਦਾ ਜਨਮ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੋਇਆ ਸੀ।