ਆਪਣੇ ਬੱਚਿਆਂ ਨੂੰ ਸਿਖਾਓ
ਯੂਸੁਫ਼ ਦੇ ਭਰਾ ਈਰਖਾ ਕਰਦੇ ਸਨ ਕੀ ਤੁਸੀਂ ਵੀ ਈਰਖਾ ਕਰਦੇ ਹੋ?
ਕੀ ਤੁਹਾਨੂੰ ਕਿਸੇ ਸੋਹਣੇ-ਸੁਨੱਖੇ ਤੇ ਸਮਝਦਾਰ ਇਨਸਾਨ ਦੀ ਤਾਰੀਫ਼ ਸੁਣ ਕੇ ਚੰਗਾ ਲੱਗਦਾ ਹੈ?— * ਜੇ ਨਹੀਂ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਨਾਲ ਈਰਖਾ ਕਰਦੇ ਹੋ।
ਜਦੋਂ ਮਾਪੇ ਇਕ ਬੱਚੇ ਨੂੰ ਦੂਜੇ ਨਾਲੋਂ ਜ਼ਿਆਦਾ ਲਾਡ-ਪਿਆਰ ਕਰਦੇ ਹਨ, ਤਾਂ ਬੱਚਿਆਂ ਵਿਚ ਈਰਖਾ ਹੋ ਸਕਦੀ ਹੈ। ਬਾਈਬਲ ਵਿਚ ਵੀ ਇਕ ਪਰਿਵਾਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਈਰਖਾ ਕਰਕੇ ਮੁਸ਼ਕਲ ਖੜ੍ਹੀ ਹੋਈ ਸੀ। ਆਓ ਆਪਾਂ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।
ਯੂਸੁਫ਼ ਦੇ ਦਸ ਵੱਡੇ ਭਰਾ ਸੀ ਜੋ ਉਸ ਨਾਲ ਬਹੁਤ ਈਰਖਾ ਕਰਦੇ ਸਨ। ਤੁਹਾਨੂੰ ਪਤਾ ਕਿਉਂ?— ਕਿਉਂਕਿ ਉਨ੍ਹਾਂ ਦਾ ਪਿਤਾ ਯਾਕੂਬ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ। ਮਿਸਾਲ ਲਈ, ਯਾਕੂਬ ਨੇ ਉਸ ਲਈ ਸੋਹਣਾ ਚੋਗਾ ਬਣਾਇਆ ਸੀ। ਯਾਕੂਬ, ਯੂਸੁਫ਼ ਨੂੰ ਇਸ ਲਈ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਉਹ ਉਸ ਦੀ ਪਿਆਰੀ ਪਤਨੀ ਰਾਖੇਲ ਦਾ ਪਹਿਲਾ ਮੁੰਡਾ ਸੀ ਅਤੇ ਉਹ ਯਾਕੂਬ ਦੀ ਬਿਰਧ ਉਮਰ ਵਿਚ ਪੈਦਾ ਹੋਇਆ ਸੀ।
ਬਾਈਬਲ ਵਿਚ ਲਿਖਿਆ ਹੈ: ‘ਜਾਂ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਤੇਹ ਕਰਦਾ ਹੈ ਤਾਂ ਓਹ ਉਸ ਦੇ ਨਾਲ ਵੈਰ ਰੱਖਣ ਲੱਗੇ।’ ਫਿਰ ਯੂਸੁਫ਼ ਨੇ ਇਕ ਸੁਪਨੇ ਵਿਚ ਦੇਖਿਆ ਕਿ ਉਸ ਦਾ ਪਿਤਾ ਅਤੇ ਭਰਾ ਉਸ ਨੂੰ ਮੱਥਾ ਟੇਕ ਰਹੇ ਸਨ। ਜਦ ਉਸ ਨੇ ਇਹ ਸੁਪਨਾ ਉਨ੍ਹਾਂ ਨੂੰ ਦੱਸਿਆ, ਤਾਂ ‘ਉਹ ਦੇ ਭਰਾ ਉਸ ਨਾਲ ਖੁਣਸ ਕਰਨ ਲੱਗ ਪਏ’ ਅਤੇ ਉਸ ਦੇ ਪਿਤਾ ਨੇ ਵੀ ਉਸ ਨੂੰ ਝਿੜਕਿਆ।—ਉਤਪਤ 37:1-11.
ਫਿਰ ਜਦ ਯੂਸੁਫ਼ 17 ਸਾਲਾਂ ਦਾ ਸੀ, ਤਾਂ ਉਸ ਦੇ ਭਰਾ ਘਰੋਂ ਦੂਰ ਬੱਕਰੀਆਂ ਚਾਰਨ ਗਏ ਹੋਏ ਸਨ। ਉਨ੍ਹਾਂ ਦੀ ਖ਼ਬਰ ਲੈਣ ਲਈ ਯਾਕੂਬ ਨੇ ਯੂਸੁਫ਼ ਨੂੰ ਭੇਜਿਆ। ਤੁਹਾਨੂੰ ਪਤਾ ਜਦ ਉਸ ਦੇ ਭਰਾਵਾਂ ਨੇ ਉਸ
ਨੂੰ ਆਉਂਦਾ ਦੇਖਿਆ, ਤਾਂ ਉਸ ਨਾਲ ਕੀ ਕਰਨਾ ਚਾਹੁੰਦੇ ਸਨ?— ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ! ਪਰ ਦੋ ਭਰਾ, ਰਊਬੇਨ ਤੇ ਯਹੂਦਾਹ ਉਸ ਨੂੰ ਮਾਰਨਾ ਨਹੀਂ ਚਾਹੁੰਦੇ ਸਨ।ਉਸ ਵੇਲੇ ਕੁਝ ਵਪਾਰੀ ਮਿਸਰ ਨੂੰ ਜਾ ਰਹੇ ਸਨ। ਯਹੂਦਾਹ ਨੇ ਆਪਣੇ ਭਰਾਵਾਂ ਨੂੰ ਕਿਹਾ ‘ਆਓ ਅਸੀਂ ਯੂਸੁਫ਼ ਨੂੰ ਵੇਚ ਦੇਈਏ।’ ਤੇ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ। ਫਿਰ ਉਨ੍ਹਾਂ ਨੇ ਇਕ ਬੱਕਰੇ ਨੂੰ ਮਾਰ ਕੇ ਉਸ ਦੇ ਲਹੂ ਵਿਚ ਯੂਸੁਫ਼ ਦਾ ਚੋਗਾ ਡੁਬੋਇਆ। ਇਹ ਚੋਗਾ ਉਨ੍ਹਾਂ ਨੇ ਘਰ ਜਾ ਕੇ ਆਪਣੇ ਪਿਤਾ ਨੂੰ ਦਿਖਾਇਆ ਅਤੇ ਉਹ ਉੱਚੀ-ਉੱਚੀ ਰੋਣ ਲੱਗਾ ਤੇ ਉਸ ਨੇ ਕਿਹਾ: “ਕੋਈ ਬੁਰਾ ਜਾਨਵਰ ਉਹ ਨੂੰ ਭੱਛ ਗਿਆ।”—ਉਤਪਤ 37:12-36.
ਮਿਸਰ ਦੇ ਰਾਜੇ ਫਿਰਊਨ ਨੇ ਦੋ ਸੁਪਨੇ ਦੇਖੇ। ਇਕ ਵਿਚ ਉਸ ਨੇ ਸੱਤ ਮੋਟੀਆਂ ਅਤੇ ਸੱਤ ਲਿੱਸੀਆਂ ਗਾਵਾਂ ਦੇਖੀਆਂ। ਦੂਜੇ ਵਿਚ ਉਸ ਨੇ ਸੱਤ ਪੱਕੇ ਤੇ ਸੱਤ ਸੁੱਕੇ ਕਣਕ ਦੇ ਸਿੱਟੇ ਦੇਖੇ। ਪਰਮੇਸ਼ੁਰ ਦੀ ਮਦਦ ਨਾਲ ਯੂਸੁਫ਼ ਨੇ ਇਨ੍ਹਾਂ ਸੁਪਨਿਆਂ ਦਾ ਮਤਲਬ ਰਾਜੇ ਨੂੰ ਸਮਝਾਇਆ। ਯੂਸੁਫ਼ ਨੇ ਦੱਸਿਆ ਕਿ ਦੋਵੇਂ ਸੁਪਨਿਆਂ ਮੁਤਾਬਕ ਸੱਤ ਸਾਲ ਭਰਪੂਰ ਫ਼ਸਲ ਹੋਵੇਗੀ ਅਤੇ ਸੱਤ ਸਾਲ ਕਾਲ ਪਵੇਗਾ। ਫਿਰਊਨ ਨੇ ਯੂਸੁਫ਼ ਤੋਂ ਖ਼ੁਸ਼ ਹੋ ਕੇ ਉਸ ਨੂੰ ਖ਼ੁਰਾਕ ਮੰਤਰੀ ਬਣਾ ਦਿੱਤਾ ਅਤੇ ਉਸ ਨੂੰ ਅਨਾਜ ਇਕੱਠਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਤਾਂਕਿ ਕਾਲ ਦੇ ਸਮੇਂ ਦੌਰਾਨ ਕੋਈ ਭੁੱਖਾ ਨਾ ਮਰੇ।
ਕਾਲ ਦਾ ਅਸਰ ਯੂਸੁਫ਼ ਦੇ ਪਰਿਵਾਰ ਉੱਤੇ ਵੀ ਪਿਆ ਅਤੇ ਉਸ ਦੇ ਪਿਤਾ ਯਾਕੂਬ ਨੇ ਉਸ ਦੇ ਭਰਾਵਾਂ ਨੂੰ ਅਨਾਜ ਲੈਣ ਲਈ ਮਿਸਰ ਨੂੰ ਘੱਲਿਆ। ਜਦ ਉਸ ਦੇ ਭਰਾ ਉਸ ਨੂੰ ਮਿਸਰ ਵਿਚ ਮਿਲੇ, ਤਾਂ ਉਨ੍ਹਾਂ ਨੇ ਯੂਸੁਫ਼ ਨੂੰ ਨਾ ਪਛਾਣਿਆ। ਆਪਣੀ ਪਛਾਣ ਕਰਾਈ ਬਿਨਾਂ ਉਸ ਨੇ ਆਪਣੇ ਭਰਾਵਾਂ ਦਾ ਇਮਤਿਹਾਨ ਲਿਆ। ਜਦ ਯੂਸੁਫ਼ ਨੇ ਜਾਣ ਲਿਆ ਕਿ ਉਸ ਦੇ ਭਰਾ ਸੱਚ-ਮੁੱਚ ਆਪਣੀ ਕੀਤੀ ਤੇ ਪਛਤਾ ਰਹੇ ਸਨ, ਤਾਂ ਉਸ ਨੇ ਆਪਣੀ ਪਛਾਣ ਕਰਵਾਈ। ਉਹ ਯੂਸੁਫ਼ ਨੂੰ ਮਿਲ ਕੇ ਬੜੇ ਖ਼ੁਸ਼ ਹੋਏ ਤੇ ਇਕ-ਦੂਜੇ ਦੇ ਗਲੇ ਮਿਲੇ।—ਉਤਪਤ ਅਧਿਆਇ 40 ਤੋਂ 45.
ਅਸੀਂ ਇਸ ਕਹਾਣੀ ਤੋਂ ਈਰਖਾ ਬਾਰੇ ਕੀ ਸਬਕ ਸਿੱਖਦੇ ਹਾਂ?— ਈਰਖਾ ਕਈ ਮੁਸ਼ਕਲਾਂ ਦੀ ਜੜ੍ਹ ਹੈ ਅਤੇ ਇਸ ਕਾਰਨ ਭਰਾ ਭਰਾ ਦਾ ਦੁਸ਼ਮਣ ਬਣ ਸਕਦਾ ਹੈ! ਆਓ ਆਪਾਂ ਰਸੂਲਾਂ ਦੇ ਕਰਤੱਬ 5:17, 18 ਅਤੇ 7:54-59 ਪੜ੍ਹੀਏ ਅਤੇ ਦੇਖੀਏ ਕਿ ਲੋਕਾਂ ਨੇ ਈਰਖਾ ਕਰਕੇ ਯਿਸੂ ਦੇ ਚੇਲਿਆਂ ਦਾ ਕੀ ਹਾਲ ਕੀਤਾ ਸੀ।— ਇਨ੍ਹਾਂ ਆਇਤਾਂ ਤੋਂ ਕੀ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਈਰਖਾ ਕਿਉਂ ਨਹੀਂ ਕਰਨੀ ਚਾਹੀਦੀ?—
ਯੂਸੁਫ਼ 110 ਸਾਲ ਜੀਉਂਦਾ ਰਿਹਾ ਸੀ। ਉਸ ਦੇ ਪੋਤੇ-ਪੋਤੀਆਂ ਅਤੇ ਅੱਗੋਂ ਉਨ੍ਹਾਂ ਦੇ ਬੱਚੇ ਸਨ। ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਨਾ ਕਿ ਈਰਖਾ ਕਰਨੀ ਜ਼ਰੂਰ ਸਿਖਾਇਆ ਹੋਣਾ।—ਉਤਪਤ 50:22, 23, 26. (w08 10/1)
^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।