Skip to content

Skip to table of contents

ਸੱਚਾਈ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?

ਸੱਚਾਈ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?

ਸੱਚਾਈ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?

ਨਰਕ ਦੀ ਸਿੱਖਿਆ ਸਿਖਾਉਣ ਵਾਲੇ ਯਹੋਵਾਹ ਪਰਮੇਸ਼ੁਰ ਨੂੰ ਬਦਨਾਮ ਕਰਦੇ ਹਨ ਅਤੇ ਉਸ ਦੀ ਅਸਲੀਅਤ ਲੋਕਾਂ ਤੋਂ ਲੁਕਾਉਂਦੇ ਹਨ। ਇਹ ਸੱਚ ਹੈ ਕਿ ਇਨਸਾਫ਼ ਕਰਨ ਲਈ ਪਰਮੇਸ਼ੁਰ ਦੁਸ਼ਟਾਂ ਦਾ ਨਾਸ਼ ਕਰੇਗਾ। (2 ਥੱਸਲੁਨੀਕੀਆਂ 1:6-9) ਭਾਵੇਂ ਕਿ ਯਹੋਵਾਹ ਕਦੇ-ਕਦੇ ਗੁੱਸਾ ਕਰਦਾ ਹੈ ਅਤੇ ਉਸ ਕੋਲ ਨਾਸ਼ ਕਰਨ ਦੀ ਸ਼ਕਤੀ ਹੈ, ਪਰ ਗੁੱਸਾ ਉਸ ਦਾ ਮੁੱਖ ਗੁਣ ਨਹੀਂ ਹੈ।

ਪਰਮੇਸ਼ੁਰ ਕਿਸੇ ਦਾ ਬੁਰਾ ਨਹੀਂ ਤੱਕਦਾ। ਇਸ ਦੇ ਉਲਟ ਉਹ ਪੁੱਛਦਾ ਹੈ: “ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖ਼ੁਸ਼ੀ ਹੈ”? (ਹਿਜ਼ਕੀਏਲ 18:23) ਜੇ ਪਰਮੇਸ਼ੁਰ ਨੂੰ ਦੁਸ਼ਟ ਲੋਕਾਂ ਦੀ ਮੌਤ ਵਿਚ ਖ਼ੁਸ਼ੀ ਨਹੀਂ ਹੁੰਦੀ, ਤਾਂ ਫਿਰ ਉਹ ਇਨ੍ਹਾਂ ਨੂੰ ਹਮੇਸ਼ਾ ਲਈ ਤਸੀਹੇ ਦੇ ਕੇ ਖ਼ੁਸ਼ ਕਿਵੇਂ ਹੋ ਸਕਦਾ ਹੈ?

ਪਰਮੇਸ਼ੁਰ ਪ੍ਰੇਮ ਹੈ। ਉਹ ਪਿਆਰ ਦਾ ਸਾਗਰ ਹੈ। (1 ਯੂਹੰਨਾ 4:8) “ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।” (ਜ਼ਬੂਰਾਂ ਦੀ ਪੋਥੀ 145:9) ਪਰਮੇਸ਼ੁਰ ਇਹੀ ਚਾਹੁੰਦਾ ਹੈ ਕਿ ਅਸੀਂ ਵੀ ਉਸ ਨੂੰ ਦਿਲੋਂ ਪਿਆਰ ਕਰੀਏ।—ਮੱਤੀ 22:35-38.

ਨਰਕ ਦਾ ਡਰ ਜਾਂ ਪਰਮੇਸ਼ੁਰ ਦਾ ਪਿਆਰ—ਤੁਹਾਡੇ ਉੱਤੇ ਕਿਸ ਦਾ ਅਸਰ ਪੈਂਦਾ ਹੈ?

ਨਰਕ ਦੀ ਸਿੱਖਿਆ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰਦੀ ਹੈ। ਪਰ ਜਿਹੜਾ ਇਨਸਾਨ ਪਰਮੇਸ਼ੁਰ ਬਾਰੇ ਸੱਚਾਈ ਜਾਣ ਲੈਂਦਾ ਹੈ ਉਹ ਉਸ ਨੂੰ ਪਿਆਰ ਕਰਨਾ ਸਿੱਖਦਾ ਹੈ। ਬਾਈਬਲ ਕਹਿੰਦੀ ਹੈ ਕਿ “ਪ੍ਰਭੂ ਦਾ ਭੈ ਬੁੱਧ ਦਾ ਸ਼ੁਰੂ ਹੈ, ਉਸ ਦੇ ਮੰਨਣ ਵਾਲੇ ਚੰਗੀ ਸਮਝ ਵਾਲੇ ਹਨ।” (ਭਜਨ 111:10 CL) ਪਰਮੇਸ਼ੁਰ ਦਾ ਡਰ ਰੱਖਣ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰੀਏ ਅਤੇ ਪੂਰੀ ਸ਼ਰਧਾ ਨਾਲ ਉਸ ਦੀ ਭਗਤੀ ਕਰੀਏ। ਅਸੀਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਤੋਂ ਉਸ ਦਾ ਦਿਲ ਦੁਖੀ ਹੋਵੇ।

ਸੱਚਾਈ ਸਿੱਖ ਕੇ ਲੋਕਾਂ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ? ਆਓ ਆਪਾਂ 32 ਸਾਲਾਂ ਦੀ ਕੈਥਲੀਨ ਦੀ ਮਿਸਾਲ ਵੱਲ ਧਿਆਨ ਦੇਈਏ ਜੋ ਪਹਿਲਾਂ ਡ੍ਰੱਗਜ਼ ਲੈਂਦੀ ਹੁੰਦੀ ਸੀ। ਪਾਰਟੀਆਂ ਤੋਂ ਇਲਾਵਾ ਉਸ ਦੀ ਜ਼ਿੰਦਗੀ ਹਿੰਸਾ, ਨਫ਼ਰਤ ਅਤੇ ਬਦਚਲਣੀ ਨਾਲ ਭਰੀ ਹੋਈ ਸੀ। ਉਸ ਨੇ ਕਿਹਾ: “ਮੈਂ ਸੋਚਦੀ ਹੁੰਦੀ ਸੀ ਕਿ ਮੈਂ ਆਪਣੀ ਇਕ ਸਾਲ ਦੀ ਬੱਚੀ ਨੂੰ ਕਿਹੋ ਜਿਹੀ ਜ਼ਿੰਦਗੀ ਦੇ ਰਹੀ ਹਾਂ। ਮੈਂ ਆਪਣੀ ਕੀਤੀ ਲਈ ਜ਼ਰੂਰ ਨਰਕ ਵਿਚ ਸੜਾਂਗੀ।” ਕੈਥਲੀਨ ਨੇ ਡ੍ਰੱਗਜ਼ ਛੱਡਣ ਦੀ ਲੱਖ ਕੋਸ਼ਿਸ਼ ਕੀਤੀ, ਪਰ ਛੱਡ ਨਾ ਸਕੀ। ਉਸ ਨੇ ਅੱਗੇ ਕਿਹਾ: “ਮੇਰੀ ਜ਼ਿੰਦਗੀ ਉਲਟ-ਪੁਲਟ ਸੀ ਅਤੇ ਦੁਨੀਆਂ ਵਿਚ ਹਰ ਪਾਸੇ ਬੁਰਾਈ ਹੀ ਬੁਰਾਈ ਨਜ਼ਰ ਆਉਂਦੀ ਸੀ। ਮੈਂ ਸੋਚਿਆ ਕਿ ਚੰਗੀ ਬਣਨ ਦਾ ਕੀ ਫ਼ਾਇਦਾ?”

ਫਿਰ ਕੈਥਲੀਨ ਯਹੋਵਾਹ ਦੇ ਗਵਾਹਾਂ ਨੂੰ ਮਿਲੀ। ਉਹ ਕਹਿੰਦੀ ਹੈ: “ਮੈਂ ਬਾਈਬਲ ਤੋਂ ਸਿੱਖਿਆ ਕਿ ਨਰਕ ਵਰਗੀ ਕੋਈ ਜਗ੍ਹਾ ਹੈ ਹੀ ਨਹੀਂ। ਇਹ ਗੱਲ ਮੈਨੂੰ ਬਿਲਕੁਲ ਸਹੀ ਲੱਗੀ। ਇਹ ਜਾਣ ਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਕਿ ਮੈਂ ਨਰਕ ਦੀ ਅੱਗ ਵਿਚ ਨਹੀਂ ਸੜਾਂਗੀ।” ਉਸ ਨੇ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਬੁਰਾਈ ਨੂੰ ਖ਼ਤਮ ਕਰੇਗਾ ਅਤੇ ਸਾਰੇ ਇਨਸਾਨ ਧਰਤੀ ਉੱਤੇ ਹਮੇਸ਼ਾ ਲਈ ਸੁੱਖ-ਸ਼ਾਂਤੀ ਨਾਲ ਵੱਸਣਗੇ। (ਜ਼ਬੂਰਾਂ ਦੀ ਪੋਥੀ 37:10, 11, 29) ਕੈਥਲੀਨ ਨੇ ਕਿਹਾ: “ਇਹ ਗੱਲਾਂ ਸਿੱਖ ਕੇ ਮੈਨੂੰ ਜੀਣ ਦਾ ਕਾਰਨ ਅਤੇ ਵਧੀਆ ਉਮੀਦ ਮਿਲੀ!”

ਜੇ ਕੈਥਲੀਨ ਦੇ ਦਿਲ ਵਿਚ ਨਰਕ ਦੀ ਅੱਗ ਦਾ ਡਰ ਨਹੀਂ ਰਿਹਾ, ਤਾਂ ਉਹ ਡ੍ਰੱਗਜ਼ ਲੈਣੇ ਕਿਵੇਂ ਛੱਡ ਸਕੀ? ਉਹ ਦੱਸਦੀ ਹੈ: “ਜਦ ਮੈਂ ਡ੍ਰੱਗਜ਼ ਲੈਣੇ ਚਾਹੁੰਦੀ ਸੀ, ਤਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਅੱਗੇ ਮਿੰਨਤਾਂ ਕਰਦੀ ਸੀ ਕਿ ਉਹ ਮੇਰੀ ਮਦਦ ਕਰੇ। ਮੈਂ ਜਾਣਦੀ ਸੀ ਕਿ ਇਹ ਆਦਤ ਉਸ ਦੀਆਂ ਨਜ਼ਰਾਂ ਵਿਚ ਕਿੰਨੀ ਭੈੜੀ ਹੈ ਤੇ ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਉਸ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।” (2 ਕੁਰਿੰਥੀਆਂ 7:1) ਪਰਮੇਸ਼ੁਰ ਨੂੰ ਪਿਆਰ ਕਰਨ ਕਰਕੇ ਕੈਥਲੀਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਸਕੀ।

ਸਾਨੂੰ ਨਰਕ ਤੋਂ ਡਰਨ ਦੀ ਲੋੜ ਨਹੀਂ, ਸਗੋਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਅਤੇ ਉਸ ਨੂੰ ਪਿਆਰ ਕਰਨ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਪਾਵਾਂਗੇ ਅਤੇ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆਵੇਗੀ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!”—ਜ਼ਬੂਰਾਂ ਦੀ ਪੋਥੀ 128:1. (w08 11/1)

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਕਿਨ੍ਹਾਂ ਨੂੰ ਛੁਡਾਇਆ ਜਾਵੇਗਾ?

ਬਾਈਬਲ ਦੇ ਕਈ ਤਰਜਮੇ ਲੋਕਾਂ ਨੂੰ ਉਲਝਣ ਵਿਚ ਪਾ ਦਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਦੋ ਵੱਖ-ਵੱਖ ਯੂਨਾਨੀ ਸ਼ਬਦਾਂ ਯਾਨੀ ਗ਼ਹੈਨਾ ਅਤੇ ਹੇਡੀਜ਼ ਦਾ ਤਰਜਮਾ “ਨਰਕ” ਜਾਂ “ਪਤਾਲ” ਕੀਤਾ ਜਾਂਦਾ ਹੈ। ਬਾਈਬਲ ਵਿਚ ਗ਼ਹੈਨਾ ਦਾ ਮਤਲਬ ਹੈ ਕਿਸੇ ਦਾ ਅਜਿਹਾ ਨਾਸ਼ ਕਰਨਾ ਕਿ ਉਸ ਨੂੰ ਦੁਬਾਰਾ ਕਦੀ ਵੀ ਜ਼ਿੰਦਾ ਨਹੀਂ ਕੀਤਾ ਜਾਵੇਗਾ। ਇਸ ਦੇ ਉਲਟ ਜਿਹੜੇ ਲੋਕ ਹੇਡੀਜ਼ ਵਿਚ ਹਨ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ।

ਯਿਸੂ ਦੇ ਮਰਨ ਅਤੇ ਜੀ ਉੱਠਣ ਤੋਂ ਬਾਅਦ ਪਤਰਸ ਨੇ ਆਪਣੇ ਸੁਣਨ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਯਿਸੂ ਨੂੰ ‘ਪਤਾਲ [ਜਾਂ ਨਰਕ] ਵਿੱਚ ਨਹੀਂ ਛੱਡਿਆ’ ਗਿਆ ਸੀ। (ਰਸੂਲਾਂ ਦੇ ਕਰਤੱਬ 2:27, 31, 32; ਜ਼ਬੂਰਾਂ ਦੀ ਪੋਥੀ 16:10) ਇਸ ਆਇਤ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਪਤਾਲ” ਕੀਤਾ ਗਿਆ ਹੈ ਉਹ ਹੇਡੀਜ਼ ਹੈ। ਯਿਸੂ ਦੇ ਮਰਨ ਤੋਂ ਬਾਅਦ ਉਹ ਹੋਰ ਕਿਤੇ ਨਹੀਂ, ਸਿਰਫ਼ ਹੇਡੀਜ਼ ਯਾਨੀ ਆਪਣੀ ਕਬਰ ਵਿਚ ਸੀ। ਪਰਮੇਸ਼ੁਰ ਨੇ ਯਿਸੂ ਨੂੰ ਜੀ ਉਠਾ ਕੇ ਹੇਡੀਜ਼ ਵਿੱਚੋਂ ਛੁਡਾਇਆ ਸੀ ਤੇ ਉਹ ਹੋਰਨਾਂ ਨੂੰ ਵੀ ਛੁਡਾਵੇਗਾ।

ਮੁਰਦਿਆਂ ਦੇ ਜੀ ਉੱਠਣ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ: “ਮੌਤ ਤੇ ਨਰਕ ਕੁੰਢ ਨੇ ਆਪਣੇ ਵਿਚ ਰੱਖੇ ਗਏ ਮਰਿਆ ਹੋਇਆਂ ਨੂੰ ਵਾਪਸ ਮੋੜ ਦਿੱਤਾ।” (ਪਰਕਾਸ਼ ਦੀ ਪੋਥੀ 20:13, 14, CL) “ਨਰਕ” ਨੂੰ ਖਾਲੀ ਕਰਨ ਦਾ ਮਤਲਬ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਜ਼ਰਾ ਸੋਚੋ ਕਿ ਅਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਮਿਲ ਸਕਾਂਗੇ! ਇਹ ਕਿੰਨੀ ਵਧੀਆ ਉਮੀਦ ਹੈ! ਪਿਆਰ ਦਾ ਪਰਮੇਸ਼ੁਰ ਯਹੋਵਾਹ ਇਹ ਕੰਮ ਕਰੇਗਾ।