ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹਿੰਦਾ—ਮੈਂ ਨਾਜ਼ੀ ਕੈਂਪਾਂ ਵਿੱਚੋਂ ਕਿਵੇਂ ਬਚਿਆ
ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹਿੰਦਾ—ਮੈਂ ਨਾਜ਼ੀ ਕੈਂਪਾਂ ਵਿੱਚੋਂ ਕਿਵੇਂ ਬਚਿਆ
ਜੋਸਫ਼ ਹੀਜ਼ੀਗਾ ਦੀ ਜ਼ਬਾਨੀ
ਮੈਂ ਆਪਣੇ ਨਾਲ ਦੇ ਕੈਦੀ ਨੂੰ ਪੁੱਛਿਆ, “ਤੂੰ ਕੀ ਪੜ੍ਹ ਰਿਹਾ ਹੈ?” ਉਸ ਨੇ ਜਵਾਬ ਦਿੱਤਾ, “ਬਾਈਬਲ” ਅਤੇ ਅੱਗੇ ਕਿਹਾ: “ਜੇ ਤੂੰ ਇਸ ਹਫ਼ਤੇ ਦੀ ਆਪਣੀ ਰੋਟੀ ਮੈਨੂੰ ਦੇ ਦੇਵੇਂ, ਤਾਂ ਮੈਂ ਤੈਨੂੰ ਆਪਣੀ ਬਾਈਬਲ ਦੇ ਦਿਆਂਗਾ।”
ਮੇ ਰਾ ਜਨਮ ਮੋਜ਼ਲ ਦੇ ਜ਼ਿਲ੍ਹੇ ਵਿਚ 1 ਮਾਰਚ 1914 ਨੂੰ ਹੋਇਆ ਸੀ। ਉਸ ਸਮੇਂ ਮੋਜ਼ਲ ਜਰਮਨੀ ਵਿਚ ਸੀ। 1918 ਵਿਚ ਪਹਿਲੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਇਹ ਮੁੜ ਫਰਾਂਸ ਦਾ ਹੋ ਗਿਆ। ਪਰ 1940 ਵਿਚ ਜਰਮਨੀ ਨੇ ਇਸ ਨੂੰ ਫਿਰ ਆਪਣੇ ਕਬਜ਼ੇ ਵਿਚ ਕਰ ਲਿਆ। 1945 ਵਿਚ ਜਦ ਦੂਜਾ ਵਿਸ਼ਵ ਯੁੱਧ ਖ਼ਤਮ ਹੋਇਆ, ਤਾਂ ਇਹ ਫਿਰ ਤੋਂ ਫਰਾਂਸ ਦਾ ਹਿੱਸਾ ਬਣ ਗਿਆ। ਇਸ ਕਰਕੇ ਮੈਂ ਕਦੀ ਫਰਾਂਸ ਦਾ ਵਾਸੀ ਤੇ ਕਦੀ ਜਰਮਨੀ ਦਾ ਵਾਸੀ ਬਣ ਜਾਂਦਾ ਸੀ। ਨਤੀਜੇ ਵਜੋਂ ਮੈਂ ਦੋਵੇਂ ਭਾਸ਼ਾਵਾਂ ਬੋਲਣੀਆਂ ਸਿੱਖ ਲਈਆਂ।
ਮੇਰੇ ਮਾਪੇ ਕੈਥੋਲਿਕ ਸਨ। ਹਰ ਸ਼ਾਮ ਸੌਣ ਤੋਂ ਪਹਿਲਾਂ ਸਾਡਾ ਪਰਿਵਾਰ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰਦਾ ਸੀ। ਹਰ ਐਤਵਾਰ ਅਤੇ ਛੁੱਟੀਆਂ ਦੇ ਦਿਨਾਂ ਨੂੰ ਅਸੀਂ ਚਰਚ ਜਾਂਦੇ ਸੀ। ਮੇਰੇ ਲਈ ਮੇਰਾ ਧਰਮ ਬਹੁਤ ਅਹਿਮੀਅਤ ਰੱਖਦਾ ਸੀ ਅਤੇ ਮੈਂ ਇਕ ਕੈਥੋਲਿਕ ਸਟੱਡੀ ਗਰੁੱਪ ਦਾ ਵੀ ਮੈਂਬਰ ਸੀ।
ਮੈਂ ਸੇਵਾ ਵਿਚ ਰੁੱਝ ਗਿਆ
1935 ਵਿਚ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਉਨ੍ਹਾਂ ਨੇ ਮੇਰੇ ਮਾਪਿਆਂ ਨਾਲ ਪਹਿਲੇ ਵਿਸ਼ਵ ਯੁੱਧ ਵਿਚ ਧਰਮਾਂ ਦੇ ਸ਼ਾਮਲ ਹੋਣ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਮੈਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਅਤੇ 1936 ਵਿਚ ਮੈਂ ਬਾਈਬਲ ਲੈਣ ਬਾਰੇ ਪਾਦਰੀ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਬਾਈਬਲ ਸਮਝਣ ਲਈ ਮੈਨੂੰ ਆਪਣੇ ਧਰਮ ਬਾਰੇ ਹੋਰ ਸਿੱਖਣ ਲਈ ਕਾਲਜ ਜਾਣਾ ਪਵੇਗਾ। ਉਸ ਦੀ ਗੱਲ ਦੇ ਬਾਵਜੂਦ ਬਾਈਬਲ ਲੈਣ ਅਤੇ ਪੜ੍ਹਨ ਦੀ ਮੇਰੀ ਭੁੱਖ ਨਹੀਂ ਮਿੱਟੀ।
ਮੇਰੇ ਨਾਲ ਕੰਮ ਕਰਨ ਵਾਲਾ ਐਲਬਿਨ ਰਲਵਿਟਜ਼ ਯਹੋਵਾਹ ਦਾ ਗਵਾਹ ਸੀ। ਜਨਵਰੀ 1937 ਵਿਚ ਉਸ ਨੇ ਮੇਰੇ ਨਾਲ ਬਾਈਬਲ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਮੈਂ ਉਸ ਨੂੰ ਪੁੱਛਿਆ: “ਤੇਰੇ ਕੋਲ ਤਾਂ ਬਾਈਬਲ ਹੋਣੀ ਆ, ਹੈ ਨਾ?” ਉਸ ਕੋਲ ਬਾਈਬਲ ਸੀ ਅਤੇ ਥੋੜ੍ਹੀ ਦੇਰ ਬਾਅਦ ਉਸ ਨੇ ਇਕ ਜਰਮਨ ਬਾਈਬਲ ਵਿੱਚੋਂ ਮੈਨੂੰ ਰੱਬ ਦਾ ਨਾਂ, ਯਹੋਵਾਹ, ਦਿਖਾਇਆ। ਫਿਰ ਉਸ ਨੇ ਮੈਨੂੰ ਉਹ ਬਾਈਬਲ ਦੇ ਦਿੱਤੀ। ਮੈਂ ਇਸ ਨੂੰ ਬੜੀ ਚਾਹ ਨਾਲ ਪੜ੍ਹਨ ਲੱਗ ਪਿਆ ਤੇ ਨੇੜਲੇ ਟਿਓਂਵੀਲ ਨਗਰ ਵਿਚ ਗਵਾਹਾਂ ਦੀਆਂ ਮੀਟਿੰਗਾਂ ਵਿਚ ਵੀ ਜਾਣ ਲੱਗ ਪਿਆ।
ਅਗਸਤ 1937 ਵਿਚ ਮੈਂ ਐਲਬਿਨ ਨਾਲ ਪੈਰਿਸ ਵਿਚ ਗਵਾਹਾਂ ਦੇ ਇਕ ਅੰਤਰਰਾਸ਼ਟਰੀ ਸੰਮੇਲਨ ਨੂੰ ਗਿਆ। ਉੱਥੇ ਮੈਂ ਘਰ-ਘਰ ਪ੍ਰਚਾਰ ਕਰਨ ਲੱਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਮੈਂ ਬਪਤਿਸਮਾ ਲਿਆ ਤੇ 1939 ਦੇ ਸ਼ੁਰੂ ਵਿਚ ਮੈਂ ਜ਼ਿਆਦਾਤਰ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਣ ਲੱਗਾ। ਮੈਨੂੰ ਪ੍ਰਚਾਰ ਕਰਨ ਲਈ ਮੈਟਜ਼ ਸ਼ਹਿਰ ਭੇਜਿਆ ਗਿਆ। ਫਿਰ ਜੁਲਾਈ ਵਿਚ ਮੈਨੂੰ ਪੈਰਿਸ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਲਈ ਬੁਲਾਇਆ ਗਿਆ।
ਯੁੱਧ ਦੌਰਾਨ ਮੁਸੀਬਤਾਂ
ਮੈਨੂੰ ਬ੍ਰਾਂਚ ਆਫ਼ਿਸ ਵਿਚ ਮਹੀਨਾ ਕੁ ਹੀ ਹੋਇਆ ਸੀ ਜਦ ਅਗਸਤ 1939 ਵਿਚ ਮੈਨੂੰ ਫਰਾਂਸ ਦੀ ਫ਼ੌਜ ਵਿਚ ਭਰਤੀ ਹੋਣ ਲਈ ਕਿਹਾ ਗਿਆ। ਮੇਰੀ ਜ਼ਮੀਰ ਮੈਨੂੰ ਯੁੱਧ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ ਦਿੰਦੀ ਇਸ ਲਈ ਮੈਨੂੰ ਜੇਲ੍ਹ ਵਿਚ
ਸੁੱਟਿਆ ਗਿਆ। ਅਗਲੇ ਮਈ ਜਦ ਮੈਂ ਅਜੇ ਜੇਲ੍ਹ ਵਿਚ ਹੀ ਸੀ, ਤਾਂ ਜਰਮਨੀ ਨੇ ਫਰਾਂਸ ਉੱਤੇ ਅਚਾਨਕ ਹਮਲਾ ਕੀਤਾ। ਜੂਨ ਵਿਚ ਉਨ੍ਹਾਂ ਨੇ ਫਰਾਂਸ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਮੈਂ ਫਿਰ ਤੋਂ ਜਰਮਨੀ ਦਾ ਵਾਸੀ ਬਣ ਗਿਆ। ਇਸ ਕਰਕੇ ਜੁਲਾਈ 1940 ਵਿਚ ਮੈਨੂੰ ਜੇਲ੍ਹ ਤੋਂ ਛੁਟਕਾਰਾ ਮਿਲਿਆ ਅਤੇ ਮੈਂ ਆਪਣੇ ਮਾਪਿਆਂ ਨਾਲ ਰਹਿਣ ਚਲਾ ਗਿਆ।ਨਾਜ਼ੀ ਸਰਕਾਰ ਕਾਰਨ ਅਸੀਂ ਚੋਰੀ-ਚੋਰੀ ਬਾਈਬਲ ਸਟੱਡੀ ਕਰਨ ਲਈ ਮਿਲਦੇ ਹੁੰਦੇ ਸੀ। ਮਾਰੀਜ਼ ਆਨਾਜ਼ੀਅਕ ਇਕ ਬਹੁਤ ਹਿੰਮਤੀ ਗਵਾਹ ਸੀ ਜੋ ਸਾਨੂੰ ਪਹਿਰਾਬੁਰਜ ਦੇਣ ਲਈ ਇਕ ਹੋਰ ਗਵਾਹ ਦੇ ਦੁਕਾਨ ਵਿਚ ਸਾਨੂੰ ਮਿਲਣ ਆਉਂਦੀ ਹੁੰਦੀ ਸੀ। ਮੈਂ 1941 ਤਕ ਉਨ੍ਹਾਂ ਮੁਸੀਬਤਾਂ ਤੋਂ ਬਚ ਸਕਿਆ ਜੋ ਆਮ ਕਰਕੇ ਜਰਮਨੀ ਵਿਚ ਰਹਿਣ ਵਾਲੇ ਗਵਾਹਾਂ ਉੱਤੇ ਆਉਂਦੀਆਂ ਸਨ।
ਇਕ ਦਿਨ ਜਰਮਨੀ ਦੀ ਖੁਫੀਆ ਪੁਲਸ, ਗਸਤਾਪੋ, ਮੇਰੇ ਘਰ ਆਈ। ਇਹ ਦੱਸਣ ਤੋਂ ਬਾਅਦ ਕਿ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ ਅਫ਼ਸਰ ਨੇ ਮੈਨੂੰ ਪੁੱਛਿਆ: “ਕੀ ਤੂੰ ਅਜੇ ਵੀ ਯਹੋਵਾਹ ਦਾ ਗਵਾਹ ਰਹਿਣਾ ਚਾਹੁੰਦਾ ਹੈਂ?” ਜਦ ਮੈਂ ਹਾਂ ਵਿਚ ਜਵਾਬ ਦਿੱਤਾ, ਤਾਂ ਉਸ ਨੇ ਮੈਨੂੰ ਉਸ ਦੇ ਨਾਲ ਆਉਣ ਲਈ ਕਿਹਾ। ਡਰ ਦੇ ਮਾਰੇ ਮੇਰੀ ਮਾਂ ਬੇਹੋਸ਼ ਹੋ ਗਈ। ਇਹ ਦੇਖ ਕੇ ਗਸਤਾਪੋ ਦੇ ਅਫ਼ਸਰ ਨੇ ਮੈਨੂੰ ਘਰ ਰਹਿ ਕੇ ਉਸ ਦੀ ਦੇਖ-ਭਾਲ ਕਰਨ ਲਈ ਕਿਹਾ।
ਜਿਸ ਫੈਕਟਰੀ ਵਿਚ ਮੈਂ ਕੰਮ ਕਰਦਾ ਸੀ ਉੱਥੇ ਮੈਂ ਮੈਨੇਜਰ ਨੂੰ “ਹਾਈਲ ਹਿਟਲਰ” ਕਹਿ ਕਿ ਨਹੀਂ ਸੀ ਬੁਲਾਇਆ। ਮੈਂ ਨਾਜ਼ੀ ਪਾਰਟੀ ਦਾ ਮੈਂਬਰ ਵੀ ਬਣਨ ਤੋਂ ਇਨਕਾਰ ਕੀਤਾ। ਸੋ ਅਗਲੇ ਦਿਨ ਗਸਤਾਪੋ ਨੇ ਮੈਨੂੰ ਗਿਰਫ਼ਤਾਰ ਕਰ ਲਿਆ। ਪੁੱਛ-ਗਿੱਛ ਦੌਰਾਨ ਮੈਂ ਕਿਸੇ ਵੀ ਗਵਾਹ ਦਾ ਨਾਂ ਨਹੀਂ ਦਿੱਤਾ। ਅਫ਼ਸਰ ਨੇ ਮੇਰੇ ਸਿਰ ’ਚ ਬੰਦੂਕ ਦਾ ਬੱਟ ਇੰਨੀ ਜ਼ੋਰ ਨਾਲ ਮਾਰਿਆ ਕਿ ਮੈਂ ਬੇਹੋਸ਼ ਹੋ ਗਿਆ। ਫਿਰ 11 ਸਤੰਬਰ 1942 ਨੂੰ ਮੈਟਜ਼ ਦੀ ਨਾਜ਼ੀ ਅਦਾਲਤ ਨੇ “ਯਹੋਵਾਹ ਦੇ ਗਵਾਹਾਂ ਅਤੇ ਬਾਈਬਲ ਸਟੂਡੈਂਟਸ ਦੀ ਸੰਸਥਾ ਲਈ ਪ੍ਰਚਾਰ ਕਰਨ ਕਰਕੇ” ਮੈਨੂੰ ਤਿੰਨ ਸਾਲਾਂ ਦੀ ਕੈਦ ਦਿੱਤੀ।
ਦੋ ਹਫ਼ਤਿਆਂ ਬਾਅਦ ਮੈਨੂੰ ਮੈਟਜ਼ ਦੀ ਜੇਲ੍ਹ ਤੋਂ ਸਵਿਬਰੂਕਨ ਲੇਬਰ ਕੈਂਪ ਲਿਜਾਇਆ ਗਿਆ। ਉੱਥੇ ਮੈਨੂੰ ਰੇਲਵੇ ਲਾਈਨਾਂ ਦੀ ਮੁਰੰਮਤ ਕਰਨ ਦਾ ਕੰਮ ਦਿੱਤਾ ਗਿਆ। ਅਸੀਂ ਭਾਰੀਆਂ ਰੇਲਵੇ ਲਾਈਨਾਂ ਨੂੰ ਬਦਲ ਕੇ ਉਨ੍ਹਾਂ ਨੂੰ ਫਿਰ ਤੋਂ ਟਿਕਾਉਂਦੇ ਹੁੰਦੇ ਸੀ। ਇਸ ਤੋਂ ਬਾਅਦ ਅਸੀਂ ਰੇਲ ਦੀ ਪਟੜੀ ’ਤੇ ਬਜਰੀ ਖਿਲਾਰਦੇ ਹੁੰਦੇ ਸੀ। ਸਾਨੂੰ ਹਰ ਰੋਜ਼ ਸਵੇਰ ਨੂੰ ਕਾਫ਼ੀ ਦਾ ਕੱਪ ਅਤੇ ਥੋੜ੍ਹੀ ਜਿਹੀ ਰੋਟੀ ਤੇ ਦੁਪਹਿਰ ਅਤੇ ਸ਼ਾਮ ਨੂੰ ਸੂਪ ਦੀ ਕੌਲੀ ਮਿਲਦੀ ਸੀ। ਫਿਰ ਮੈਨੂੰ ਇਕ ਨੇੜਲੇ ਨਗਰ ਦੀ ਜੇਲ੍ਹ ਵਿਚ ਭੇਜਿਆ ਗਿਆ ਜਿੱਥੇ ਮੈਂ ਮੋਚੀ ਦਾ ਕੰਮ ਕੀਤਾ। ਕੁਝ ਮਹੀਨਿਆਂ ਬਾਅਦ ਮੈਨੂੰ ਸਵਿਬਰੂਕਨ ਵਾਪਸ ਭੇਜਿਆ ਗਿਆ, ਪਰ ਇਸ ਵਾਰ ਮੈਂ ਖੇਤਾਂ ਵਿਚ ਕੰਮ ਕੀਤਾ।
ਨਿਰੀ ਰੋਟੀ ਨਾਲ ਨਹੀਂ ਜੀਣਾ
ਜੇਲ੍ਹ ਦੀ ਕੋਠੜੀ ਵਿਚ ਮੇਰੇ ਨਾਲ ਨੀਦਰਲੈਂਡਜ਼ ਤੋਂ ਇਕ ਨੌਜਵਾਨ ਸੀ। ਮੈਂ ਕੁਝ ਹੱਦ ਤਕ ਉਸ ਦੀ ਬੋਲੀ ਸਿੱਖ ਲਈ ਸੀ ਜਿਸ ਕਰਕੇ ਮੈਂ ਉਸ ਨੂੰ ਆਪਣੇ ਧਰਮ ਬਾਰੇ ਦੱਸ ਸਕਿਆ। ਕਈ ਗੱਲਾਂ ਸਿੱਖਣ ਤੋਂ ਬਾਅਦ ਉਹ ਵੀ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਸੀ। ਇਸ ਲਈ ਉਸ ਨੇ ਮੈਨੂੰ ਨਦੀ ਵਿਚ ਉਸ ਨੂੰ ਬਪਤਿਸਮਾ ਦੇਣ ਲਈ ਕਿਹਾ। ਪਾਣੀ ਵਿੱਚੋਂ ਨਿਕਲ ਕੇ ਉਸ ਨੇ ਮੇਰੇ ਗਲੇ ਲੱਗ ਕੇ ਕਿਹਾ: “ਜੋਸਫ਼, ਹੁਣ ਮੈਂ ਤੇਰਾ ਭਰਾ ਬਣ ਗਿਆ!” ਜਦ ਮੈਨੂੰ ਫਿਰ ਤੋਂ ਰੇਲਵੇ ’ਤੇ ਕੰਮ ਕਰਨ ਲਈ ਭੇਜਿਆ ਗਿਆ, ਤਾਂ ਸਾਨੂੰ ਜੁਦਾ ਕਰ ਦਿੱਤਾ ਗਿਆ।
ਇਸ ਵਾਰ ਜੇਲ੍ਹ ਦੀ ਕੋਠੜੀ ਵਿਚ ਮੇਰੇ ਨਾਲ ਜਰਮਨੀ ਤੋਂ ਇਕ ਬੰਦਾ ਸੀ। ਇਕ ਸ਼ਾਮ ਉਹ ਇਕ ਛੋਟੀ ਜਿਹੀ ਕਿਤਾਬ ਪੜ੍ਹ ਰਿਹਾ ਸੀ ਜੋ ਬਾਈਬਲ ਸੀ! ਫਿਰ ਉਸ ਨੇ ਇਕ ਹਫ਼ਤੇ ਦੀ ਰੋਟੀ ਲਈ ਮੈਨੂੰ ਆਪਣੀ ਬਾਈਬਲ ਦੇਣ ਦਾ ਵਾਅਦਾ ਕੀਤਾ। ਮੈਂ ਇਕਦਮ ਉਸ ਦੀ ਗੱਲ ਮੰਨ ਲਈ! ਭਾਵੇਂ ਆਪਣੇ ਪੂਰੇ ਹਫ਼ਤੇ ਦੀ ਰੋਟੀ ਦੇਣੀ ਮੇਰੇ ਲਈ ਵੱਡੀ ਕੁਰਬਾਨੀ ਸੀ, ਪਰ ਮੈਨੂੰ ਇਸ ਗੱਲ ਦਾ ਕਦੀ ਪਛਤਾਵਾ ਨਹੀਂ ਹੋਇਆ। ਮੈਂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਿਆ ਕਿ “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.
ਮੈਨੂੰ ਬਾਈਬਲ ਤਾਂ ਮਿਲ ਗਈ ਸੀ, ਪਰ ਹੁਣ ਮੈਨੂੰ ਸੋਚਣਾ ਪਿਆ ਕਿ ਮੈਂ ਇਸ ਨੂੰ ਸਾਂਭ ਕੇ ਕਿੱਦਾਂ ਰੱਖਾਂ। ਦੂਸਰੇ ਕੈਦੀਆਂ ਵਾਂਗ ਗਵਾਹਾਂ ਨੂੰ ਬਾਈਬਲ ਰੱਖਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਸੋ ਮੈਨੂੰ ਰਾਤ ਨੂੰ ਕੰਬਲ ਵਿਚ ਲੁਕ-ਛਿਪ ਕੇ ਬਾਈਬਲ ਪੜ੍ਹਨੀ ਪੈਂਦੀ ਸੀ। ਦਿਨ ਨੂੰ ਮੈਂ ਇਸ ਨੂੰ ਆਪਣੀ ਕਮੀਜ਼ ਵਿਚ ਲੁਕੋ ਕੇ ਆਪਣੇ ਨਾਲ ਰੱਖਦਾ ਹੁੰਦਾ ਸੀ। ਮੈਂ ਇਸ ਨੂੰ ਕੋਠੜੀ ਵਿਚ ਨਹੀਂ ਸੀ ਰੱਖਦਾ ਕਿਉਂਕਿ ਉੱਥੇ ਸਿਪਾਹੀ ਫੋਲਾਫਾਲੀ ਕਰਦੇ ਹੁੰਦੇ ਸਨ।
ਇਕ ਦਿਨ ਹਾਜ਼ਰੀ ਲਗਾਉਣ ਵੇਲੇ ਮੈਨੂੰ ਯਾਦ ਆਇਆ ਕਿ ਮੈਂ ਆਪਣੀ ਬਾਈਬਲ ਭੁਲਾ ਦਿੱਤੀ ਹੈ। ਉਸ ਸ਼ਾਮ ਮੈਂ ਜਲਦੀ ਆਪਣੀ ਕੋਠੜੀ ਨੂੰ ਵਾਪਸ ਗਿਆ, ਪਰ ਮੇਰੀ ਬਾਈਬਲ ਉੱਥੇ ਨਹੀਂ ਸੀ। ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਸਿਪਾਹੀ ਨੂੰ ਮਿਲਣ ਗਿਆ। ਮੈਂ ਉਸ ਨੂੰ ਸਮਝਾਇਆ ਕਿ ਕਿਸੇ ਨੇ ਮੇਰੀ ਕਿਤਾਬ ਲੈ ਲਈ ਹੈ ਤੇ ਮੈਨੂੰ ਵਾਪਸ ਚਾਹੀਦੀ ਹੈ। ਉਹ ਜ਼ਿਆਦਾ ਧਿਆਨ ਨਹੀਂ ਸੀ ਦੇ ਰਿਹਾ ਇਸ ਲਈ ਉਸ ਨੇ ਮੈਨੂੰ ਬਾਈਬਲ ਵਾਪਸ ਕਰ ਦਿੱਤੀ। ਮੈਂ ਦਿਲੋਂ ਯਹੋਵਾਹ ਦਾ ਸ਼ੁਕਰ ਕੀਤਾ!
ਇਕ ਹੋਰ ਮੌਕੇ ਤੇ ਮੈਨੂੰ ਨਹਾਉਣ ਲਈ ਭੇਜਿਆ ਗਿਆ। ਆਪਣੇ ਗੰਦੇ ਕੱਪੜੇ ਲਾਹੁਣ ਵੇਲੇ ਜਦ ਕੋਈ ਦੇਖ ਨਹੀਂ ਸੀ ਰਿਹਾ ਮੈਂ ਆਪਣੀ ਬਾਈਬਲ ਥੱਲੇ ਡਿੱਗਣ ਦਿੱਤੀ ਅਤੇ ਆਪਣੇ ਪੈਰ ਨਾਲ ਇਕ ਪਾਸੇ ਕਰ ਦਿੱਤੀ। ਫਿਰ ਮੈਂ ਨਹਾਉਣ ਚੱਲਾ ਗਿਆ। ਜਦ ਮੈਂ ਨਹਾ ਹਟਿਆ, ਤਾਂ ਮੈਂ ਸਾਫ਼ ਕੱਪੜਿਆਂ ਵਿਚ ਆਪਣੀ ਬਾਈਬਲ ਲੁਕੋ ਲਈ।
ਕੈਦ ਵਿਚ ਚੰਗੇ ਤੇ ਮਾੜੇ ਸਮੇਂ
1943 ਵਿਚ ਇਕ ਦਿਨ ਜਦ ਸਾਰੇ ਕੈਦੀ ਵੇਹੜੇ ਵਿਚ ਇਕੱਠੇ ਸਨ, ਤਾਂ ਮੈਂ ਦੂਰੋਂ ਐਲਬਿਨ ਨੂੰ ਦੇਖਿਆ! ਉਹ ਵੀ ਗਿਰਫ਼ਤਾਰ ਕੀਤਾ ਗਿਆ ਸੀ। ਉਸ ਨੇ ਪਿਆਰ ਨਾਲ ਮੇਰੇ ਵੱਲ ਨਿਗਾਹ ਕੀਤੀ ਅਤੇ ਆਪਣੇ ਦਿਲ ’ਤੇ ਹੱਥ ਰੱਖਿਆ। ਫਿਰ ਉਸ ਨੇ ਇਸ਼ਾਰੇ ਕਰ ਕੇ ਸਮਝਾਇਆ ਕਿ ਉਹ ਮੈਨੂੰ ਚਿੱਠੀ ਲਿਖੇਗਾ। ਦੂਜੇ ਦਿਨ ਜਦ ਉਹ ਮੇਰੇ ਕੋਲ ਦੀ ਲੰਘਿਆ, ਤਾਂ ਉਸ ਨੇ ਛੋਟਾ ਜਿਹਾ ਕਾਗਜ਼ ਥੱਲੇ ਸੁੱਟਿਆ। ਪਰ ਇਕ ਸਿਪਾਹੀ ਨੇ ਦੇਖ ਲਿਆ ਅਤੇ ਸਾਨੂੰ ਦੋਹਾਂ ਨੂੰ ਦੋ ਹਫ਼ਤਿਆਂ ਲਈ ਜੁਦੀ-ਜੁਦੀ ਕਾਲ ਕੋਠੜੀ ਵਿਚ ਬੰਦ ਕੀਤਾ ਗਿਆ। ਸਾਨੂੰ ਸਿਰਫ਼ ਬੇਹੀ ਰੋਟੀ ਤੇ ਪਾਣੀ ਦਿੱਤਾ ਗਿਆ ਨਾਲੇ ਸਾਨੂੰ ਬਿਨਾਂ ਕੰਬਲ ਲੱਕੜ ਦੇ ਫੱਟਿਆਂ ਤੇ ਸੌਣਾ ਪਿਆ।
ਇਸ ਤੋਂ ਬਾਅਦ ਮੈਨੂੰ ਜ਼ੀਗਬਰਗ ਦੀ ਇਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਜਿੱਥੇ ਮੈਂ ਲੋਹੇ ਦਾ ਕੰਮ ਕੀਤਾ। ਕੰਮ ਬਹੁਤ ਸਖ਼ਤ ਸੀ ਅਤੇ ਖਾਣਾ ਬਹੁਤ ਕਮ। ਰਾਤ ਨੂੰ ਮੈਂ ਮਿਠਾਈ ਅਤੇ ਫਲਾਂ ਦੇ ਸੁਪਨੇ ਦੇਖਦਾ ਸੀ ਤੇ ਸਵੇਰ ਨੂੰ ਮੇਰੇ ਢਿੱਡ ਵਿਚ ਚੂਹੇ ਦੌੜਦੇ
ਸਨ ਤੇ ਮੇਰਾ ਗਲਾ ਸੁੱਕਾ ਹੁੰਦਾ ਸੀ। ਮੇਰਾ ਭਾਰ ਸਿਰਫ਼ 45 ਕਿਲੋ ਸੀ। ਫਿਰ ਵੀ ਮੈਂ ਹਰ ਰੋਜ਼ ਆਪਣੀ ਛੋਟੀ ਬਾਈਬਲ ਪੜ੍ਹਦਾ ਹੁੰਦਾ ਸੀ ਅਤੇ ਮੈਨੂੰ ਜੀਣ ਦਾ ਕਾਰਨ ਮਿਲਿਆ।ਆਜ਼ਾਦੀ!
ਅਚਾਨਕ ਇਕ ਦਿਨ ਅਪ੍ਰੈਲ 1945 ਵਿਚ ਸਾਰੇ ਸਿਪਾਹੀ ਭੱਜ ਗਏ ਅਤੇ ਜੇਲ੍ਹ ਦੇ ਫਾਟਕ ਖੁੱਲ੍ਹੇ ਛੱਡ ਗਏ। ਮੈਂ ਆਜ਼ਾਦ ਸੀ! ਲੇਕਿਨ ਪਹਿਲਾਂ ਮੈਨੂੰ ਕੁਝ ਦੇਰ ਹਸਪਤਾਲ ਰਹਿਣਾ ਪਿਆ। ਮਈ ਦੇ ਅਖ਼ੀਰ ਵਿਚ ਮੈਂ ਆਪਣੇ ਮਾਪਿਆਂ ਦੇ ਘਰ ਗਿਆ। ਉਨ੍ਹਾਂ ਨੇ ਮੇਰੇ ਜ਼ਿੰਦਾ ਹੋਣ ਦੀ ਉਮੀਦ ਛੱਡ ਦਿੱਤੀ ਸੀ। ਮੈਨੂੰ ਦੇਖ ਕੇ ਮਾਂ ਖ਼ੁਸ਼ੀ ਦੇ ਮਾਰੇ ਆਪਣੇ ਹੰਝੂ ਰੋਕ ਨਾ ਸਕੀ। ਦੁੱਖ ਦੀ ਗੱਲ ਹੈ ਕਿ ਥੋੜ੍ਹੀ ਦੇਰ ਬਾਅਦ ਉਹ ਦੋਵੇਂ ਗੁਜ਼ਰ ਗਏ।
ਮੈਂ ਟਿਓਂਵੀਲ ਵਾਪਸ ਗਿਆ ਅਤੇ ਉੱਥੇ ਦੇ ਭਰਾਵਾਂ ਨੂੰ ਦੁਬਾਰਾ ਮਿਲ ਕੇ ਬਹੁਤ ਖ਼ੁਸ਼ ਹੋਇਆ। ਮੈਨੂੰ ਇਹ ਸੁਣ ਕੇ ਬਹੁਤ ਹੌਸਲਾ ਮਿਲਿਆ ਕਿ ਅਜ਼ਮਾਇਸ਼ਾਂ ਦੇ ਬਾਵਜੂਦ ਉਹ ਵੀ ਯਹੋਵਾਹ ਦੇ ਵਫ਼ਾਦਾਰ ਰਹੇ। ਮੇਰਾ ਪਿਆਰਾ ਦੋਸਤ ਐਲਬਿਨ ਜਰਮਨੀ ਦੇ ਰੈਗਨਸਬਰਗ ਕੈਂਪ ਵਿਚ ਦਮ ਤੋੜ ਗਿਆ ਸੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੇਰੇ ਚਾਚੇ ਦਾ ਮੁੰਡਾ ਜ਼ੌਨ ਹੀਜ਼ੀਗਾ ਵੀ ਯਹੋਵਾਹ ਦਾ ਗਵਾਹ ਬਣ ਗਿਆ ਸੀ, ਪਰ ਉਸ ਨੂੰ ਫ਼ੌਜ ਵਿਚ ਭਰਤੀ ਨਾ ਹੋਣ ਲਈ ਜਾਨੋਂ ਮਾਰਿਆ ਗਿਆ। ਪੈਰਿਸ ਦੇ ਬ੍ਰਾਂਚ ਆਫ਼ਿਸ ਵਿਚ ਮੈਂ ਜ਼ੌਨ ਕੇਹਰਾ ਨਾਲ ਕੰਮ ਕੀਤਾ ਸੀ ਤੇ ਮੈਂ ਸੁਣਿਆ ਕਿ ਉਸ ਨੇ ਪੰਜ ਸਾਲ ਜਰਮਨ ਕੈਂਪ ਵਿਚ ਗੁਜ਼ਾਰੇ ਸਨ।
ਮੈਂ ਮੈਟਜ਼ ਵਿਚ ਦੁਬਾਰਾ ਪ੍ਰਚਾਰ ਕਰਨ ਲੱਗ ਪਿਆ। ਉੱਥੇ ਮੇਰੀ ਮੁਲਾਕਾਤ ਮਿੰਜ਼ਾਨੀ ਪਰਿਵਾਰ ਨਾਲ ਹੋਈ ਤੇ ਉਨ੍ਹਾਂ ਦੇ ਮੇਰਾ ਆਉਣਾ-ਜਾਣਾ ਰਹਿੰਦਾ ਸੀ। ਉਨ੍ਹਾਂ ਦੀ ਧੀ ਟੀਨਾ ਨੇ 2 ਨਵੰਬਰ 1946 ਨੂੰ ਬਪਤਿਸਮਾ ਲਿਆ। ਉਹ ਜੋਸ਼ ਨਾਲ ਪ੍ਰਚਾਰ ਕਰਦੀ ਸੀ ਤੇ ਮੈਂ ਉਸ ਨੂੰ ਬਹੁਤ ਪਸੰਦ ਕਰਨ ਲੱਗਾ। ਸਾਡੀ ਸ਼ਾਦੀ 13 ਦਸੰਬਰ 1947 ਨੂੰ ਹੋਈ। ਸਤੰਬਰ 1967 ਵਿਚ ਟੀਨਾ ਜ਼ਿਆਦਾਤਰ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਣ ਲੱਗੀ ਤੇ ਉਹ ਮਰਦੇ ਦਮ ਤਕ ਇਸ ਸੇਵਾ ਵਿਚ ਰੁੱਝੀ ਰਹੀ। ਉਸ ਦੀ ਮੌਤ ਜੂਨ 2003 ਵਿਚ ਹੋਈ ਜਦ ਉਹ 98 ਸਾਲਾਂ ਦੀ ਸੀ। ਮੈਨੂੰ ਹੁਣ ਵੀ ਉਸ ਦੀ ਬਹੁਤ ਯਾਦ ਆਉਂਦੀ ਹੈ।
ਮੇਰੀ ਉਮਰ ਹੁਣ 94 ਸਾਲਾਂ ਤੋਂ ਉੱਪਰ ਹੈ ਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੇ ਬਚਨ ਨੇ ਮੈਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਹਮੇਸ਼ਾ ਤਾਕਤ ਦਿੱਤੀ ਹੈ। ਭਾਵੇਂ ਕਈ ਵਾਰ ਮੇਰਾ ਪੇਟ ਖਾਲੀ ਰਿਹਾ ਹੈ, ਪਰ ਮੈਂ ਆਪਣਾ ਦਿਲ ਅਰ ਮਨ ਹਮੇਸ਼ਾ ਪਰਮੇਸ਼ੁਰ ਦੇ ਬਚਨ ਨਾਲ ਭਰਿਆ ਹੈ। ਯਹੋਵਾਹ ਨੇ ਮੈਨੂੰ ਨਿਹਚਾ ਵਿਚ ਮਜ਼ਬੂਤ ਰੱਖਿਆ ਹੈ ਤੇ ਉਸ ਦੇ “ਬਚਨ ਨੇ ਮੈਨੂੰ ਜਿਵਾਲਿਆ ਹੈ।”—ਜ਼ਬੂਰਾਂ ਦੀ ਪੋਥੀ 119:50. (w09 3/1)
[ਸਫ਼ਾ 23 ਉੱਤੇ ਤਸਵੀਰ]
ਮੇਰਾ ਪਿਆਰਾ ਦੋਸਤ ਐਲਬਿਨ ਰਲਵਿਟਜ਼
[ਸਫ਼ਾ 23 ਉੱਤੇ ਤਸਵੀਰ]
ਮਾਰੀਜ਼ ਆਨਾਜ਼ੀਅਕ
[ਸਫ਼ਾ 24 ਉੱਤੇ ਤਸਵੀਰ]
ਉਹ ਬਾਈਬਲ ਜੋ ਮੈਨੂੰ ਇਕ ਹਫ਼ਤੇ ਦੀ ਰੋਟੀ ਬਦਲੇ ਮਿਲੀ
[ਸਫ਼ਾ 25 ਉੱਤੇ ਤਸਵੀਰ]
1946 ਵਿਚ ਆਪਣੀ ਮੰਗੇਤਰ ਟੀਨਾ ਨਾਲ
[ਸਫ਼ਾ 25 ਉੱਤੇ ਤਸਵੀਰ]
ਜ਼ੌਨ ਕੇਹਰਾ ਅਤੇ ਉਸ ਦੀ ਪਤਨੀ ਟਿਟੀਕਾ