“ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ”
“ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ”
ਇਕ ਟਰੱਕ ਡ੍ਰਾਈਵਰ ਆਪਣਾ ਟਰੱਕ ਚਲਾਉਂਦਾ-ਚਲਾਉਂਦਾ ਅਚਾਨਕ ਫੁਟਪਾਥ ’ਤੇ ਚੜ੍ਹ ਗਿਆ ਤੇ ਇਕ ਜੋੜੇ ਅਤੇ ਇਕ 23 ਸਾਲਾਂ ਦੇ ਆਦਮੀ ਵਿਚ ਜਾ ਵੱਜਿਆ। ਇਸ ਹਾਦਸੇ ਬਾਰੇ ਨਿਊਯਾਰਕ ਸਿਟੀ ਦੇ ਇਕ ਅਖ਼ਬਾਰ ਨੇ ਕਿਹਾ ਕਿ ਜੋੜਾ ਉੱਥੇ ਹੀ ਪੂਰਾ ਹੋ ਗਿਆ ਤੇ ਆਦਮੀ ਬੇਹੋਸ਼ ਪਿਆ ਸੀ। ਜਦ ਉਹ ਹੋਸ਼ ਵਿਚ ਆਇਆ ਅਤੇ ਉਸ ਨੂੰ ਪਤਾ ਲੱਗਾ ਕਿ ਕੀ ਹੋਇਆ, ਤਾਂ ਉਸ ਨੇ ਸੋਚਿਆ: ‘ਹੇ ਰੱਬਾ, ਇਹ ਕੀ ਹੋ ਗਿਆ? ਮੈਨੂੰ ਬਚਾ ਲਓ।’ ਬਾਅਦ ਵਿਚ ਉਸ ਨੇ ਕਿਹਾ: “ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ।”
ਸ਼ਾਇਦ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਅੱਗੇ ਵੀ ਸੁਣ ਚੁੱਕੇ ਹੋ। ਜਦ ਕੋਈ ਕਿਸੇ ਆਫ਼ਤ ਤੋਂ ਮਸਾਂ ਬਚਦਾ ਹੈ, ਤਾਂ ਬਹੁਤ ਲੋਕ ਮੰਨਦੇ ਹਨ ਕਿ ਇਹ ਉਸ ਦੇ ਜਾਣ ਦਾ ਵੇਲਾ ਨਹੀਂ ਸੀ। ਦੂਸਰੇ ਪਾਸੇ, ਜਦ ਕੋਈ ਕਿਸੇ ਹਾਦਸੇ ਵਿਚ ਮਰ ਜਾਂਦਾ ਹੈ, ਤਾਂ ਕਈਆਂ ਦਾ ਕਹਿਣਾ ਹੈ ਕਿ ਉਸ ਦਾ ਸਮਾਂ ਆ ਗਿਆ ਸੀ ਅਤੇ ਸਭ ਕੁਝ ਉੱਪਰ ਵਾਲੇ ਦੇ ਹੱਥ ਵਿਚ ਹੀ ਹੈ। ਚਾਹੇ ਉਹ ਕਿਸਮਤ, ਨਸੀਬ, ਤਕਦੀਰ ਜਾਂ ਰੱਬ ਨੂੰ ਮੰਨਦੇ ਹੋਣ, ਉਨ੍ਹਾਂ ਦੀ ਸੋਚਣੀ ਇੱਕੋ ਹੀ ਹੁੰਦੀ ਹੈ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ ਅਤੇ ਉਹ ਇਸ ਨੂੰ ਬਦਲ ਨਹੀਂ ਸਕਦੇ। ਇਹ ਸਿਰਫ਼ ਮੌਤ ਜਾਂ ਬੁਰੀ ਘਟਨਾ ਹੋਣ ਤੇ ਹੀ ਨਹੀਂ ਸੋਚਿਆ ਜਾਂਦਾ ਅਤੇ ਨਾ ਹੀ ਇਹ ਸਿਰਫ਼ ਅੱਜ ਦੇ ਦਿਨਾਂ ਦੇ ਖ਼ਿਆਲ ਹਨ।
ਪ੍ਰਾਚੀਨ ਬਾਬਲੀ ਲੋਕ ਜੋਤਸ਼-ਵਿਦਿਆ ਪ੍ਰਾਪਤ ਕਰਨ ਲਈ ਤਾਰਿਆਂ ਦਾ ਅਧਿਐਨ ਕਰਦੇ ਸਨ। ਉਹ ਮੰਨਦੇ ਸਨ ਕਿ ਇਸ ਵਿਦਿਆ ਰਾਹੀਂ ਉਹ ਭਵਿੱਖ ਜਾਣ ਸਕਦੇ ਸਨ। ਯੂਨਾਨੀ ਅਤੇ ਰੋਮੀ ਲੋਕ ਕਿਸਮਤ ਦੀਆਂ ਦੇਵੀਆਂ ਨੂੰ ਪੂਜਦੇ ਸਨ। ਮੰਨਿਆ ਜਾਂਦਾ ਸੀ ਕਿ ਇਨ੍ਹਾਂ ਦੇਵੀਆਂ ਦੇ ਹੱਥ ਵਿਚ ਲੋਕਾਂ ਦੀ ਚੰਗੀ ਜਾਂ ਮਾੜੀ ਕਿਸਮਤ ਸੀ ਅਤੇ ਉਨ੍ਹਾਂ ਦੇ ਮੁੱਖ ਦੇਵਤੇ ਜ਼ੂਸ ਅਤੇ ਜੁਪੀਟਰ ਵੀ ਇਸ ਨੂੰ ਬਦਲ ਨਹੀਂ ਸਕਦੇ ਸਨ।
ਪੂਰਬੀ ਦੇਸ਼ਾਂ ਵਿਚ ਹਿੰਦੂ ਤੇ ਬੋਧੀ ਲੋਕ ਮੰਨਦੇ ਹਨ ਕਿ ਜੋ ਲੋਕ ਅੱਜ ਭੁਗਤ ਰਹੇ ਹਨ ਇਹ ਉਨ੍ਹਾਂ ਦੇ ਪਿਛਲੇ ਜਨਮ ਦੇ ਕਰਮਾਂ ਕਰਕੇ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਜੋ ਇਨਸਾਨ ਇਸ ਜ਼ਿੰਦਗੀ ਵਿਚ ਕਰੇਗਾ ਉਸ ਦਾ ਅਸਰ ਅਗਲੇ ਜਨਮ ਵਿਚ ਹੋਵੇਗਾ। ਹੋਰਨਾਂ ਧਰਮਾਂ ਦੇ ਲੋਕ ਮੰਨਦੇ ਹਨ ਕਿ ਰੱਬ ਪਹਿਲਾਂ ਹੀ ਤੈਅ ਕਰ ਚੁੱਕਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੀ ਹੋਵੇਗਾ। ਬਹੁਤ ਸਾਰੇ ਈਸਾਈ ਇਸ ਸਿੱਖਿਆ ਨੂੰ ਮੰਨਦੇ ਹਨ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਦੇ ਜ਼ਮਾਨੇ ਵਿਚ ਵੀ ਕਈ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਉਹ ਸੋਚਦੇ ਹਨ ਕਿ ਹਰ ਰੋਜ਼ ਜੋ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਹੁੰਦਾ ਹੈ ਉਹ ਸਭ ਕਿਸਮਤ ਦੀ ਖੇਡ ਹੈ ਅਤੇ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ। ਕੀ ਤੁਸੀਂ ਵੀ ਇਹੀ ਮੰਨਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਜਨਮ-ਮਰਨ ਅਤੇ ਜ਼ਿੰਦਗੀ ਦੀ ਹਰ ਘਟਨਾ, ਚਾਹੇ ਉਹ ਚੰਗੀ ਹੋਵੇ ਜਾਂ ਮਾੜੀ, ਪਹਿਲਾਂ ਹੀ ਲਿਖੀ ਹੋਈ ਹੈ? ਕੀ ਤੁਹਾਡੀ ਜ਼ਿੰਦਗੀ ਤਕਦੀਰ ਦੇ ਹੱਥ ਵਿਚ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। (w09 3/1)
[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Ken Murray/New York Daily News