Skip to content

Skip to table of contents

ਪਾਠਕਾਂ ਦੇ ਸਵਾਲ

ਪਰਮੇਸ਼ੁਰ ਕੁਝ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦਾ?

ਪਰਮੇਸ਼ੁਰ ਕੁਝ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦਾ?

ਪਰਮੇਸ਼ੁਰ ਇਕ ਪਿਆਰੇ ਪਿਤਾ ਵਾਂਗ ਹੈ ਜੋ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਨਾਲ ਦਿਲ ਖੋਲ੍ਹ ਕੇ ਗੱਲ ਕਰਨ। ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਲੇਕਿਨ ਇਕ ਸਮਝਦਾਰ ਪਿਤਾ ਵਾਂਗ ਉਹ ਸਾਡੀ ਹਰ ਮੰਗ ਪੂਰੀ ਨਹੀਂ ਕਰਦਾ। ਤਾਂ ਫਿਰ ਪਰਮੇਸ਼ੁਰ ਕੁਝ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦਾ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਯੂਹੰਨਾ ਰਸੂਲ ਕਹਿੰਦਾ ਹੈ: ‘ਸਾਨੂੰ ਉਸ ਤੇ ਪੂਰਾ ਭਰੋਸਾ ਹੈ ਕਿ ਜੇਕਰ ਅਸੀਂ ਉਸ ਦੀ ਇੱਛਾ ਅਨੁਸਾਰ ਉਸ ਤੋਂ ਕੁਝ ਮੰਗਾਂਗੇ, ਤਾਂ ਉਹ ਸਾਡੀ ਸੁਣੇਗਾ।’ (1 ਯੂਹੰਨਾ 5:14, CL) ਜੋ ਕੁਝ ਅਸੀਂ ਮੰਗਦੇ ਹਾਂ ਉਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ। ਕਈ ਉਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਦੇ ਹਨ ਜੋ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਹਨ, ਜਿਵੇਂ ਕਿ ਲਾਟਰੀ ਜਾਂ ਕੋਈ ਬਾਜ਼ੀ ਜਿੱਤਣੀ। ਦੂਸਰੇ ਸਹੀ ਇਰਾਦੇ ਨਾਲ ਪ੍ਰਾਰਥਨਾ ਨਹੀਂ ਕਰਦੇ। ਯਾਕੂਬ ਨੇ ਅਜਿਹੀਆਂ ਪ੍ਰਾਰਥਨਾਵਾਂ ਬਾਰੇ ਕਿਹਾ: “ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।”—ਯਾਕੂਬ 4:3.

ਫ਼ਰਜ਼ ਕਰੋ ਕਿ ਫੁਟਬਾਲ ਖੇਡਣ ਤੋਂ ਪਹਿਲਾਂ ਦੋਵੇਂ ਟੀਮਾਂ ਜਿੱਤਣ ਲਈ ਪ੍ਰਾਰਥਨਾ ਕਰਦੀਆਂ ਹਨ। ਪਰਮੇਸ਼ੁਰ ਇਨ੍ਹਾਂ ਦੋਹਾਂ ਦੀ ਕਿਵੇਂ ਸੁਣ ਸਕਦਾ ਹੈ? ਇਹੀ ਸਵਾਲ ਉਦੋਂ ਵੀ ਪੁੱਛਿਆ ਜਾ ਸਕਦਾ ਹੈ ਜਦ ਲੜਾਈ ਵਿਚ ਦੋਵੇਂ ਪਾਸੇ ਦੇ ਲੋਕ ਜਿੱਤਣ ਲਈ ਦੁਆ ਕਰਦੇ ਹਨ।

ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਬੇਨਤੀ ਨਹੀਂ ਸੁਣਦਾ ਜੋ ਜਾਣ-ਬੁੱਝ ਕੇ ਉਸ ਦਾ ਕਹਿਣਾ ਨਹੀਂ ਮੰਨਦੇ। ਯਹੋਵਾਹ ਨੇ ਪਖੰਡੀ ਲੋਕਾਂ ਨੂੰ ਕਿਹਾ: “ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।” (ਯਸਾਯਾਹ 1:15) ਬਾਈਬਲ ਇਹ ਵੀ ਕਹਿੰਦੀ ਹੈ ਕਿ “ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।”—ਕਹਾਉਤਾਂ 28:9.

ਦੂਸਰੇ ਪਾਸੇ ਯਹੋਵਾਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ ਜੋ ਸੱਚੇ ਦਿਲ ਨਾਲ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਉਨ੍ਹਾਂ ਦੀ ਹਰ ਮੰਗ ਪੂਰੀ ਕਰੇਗਾ? ਨਹੀਂ। ਆਓ ਆਪਾਂ ਬਾਈਬਲ ਵਿੱਚੋਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।

ਮੂਸਾ ਦਾ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਸੀ, ਫਿਰ ਵੀ ਉਸ ਨੂੰ ਪਰਮੇਸ਼ੁਰ ਦੀ “ਇੱਛਿਆ ਦੇ ਅਨੁਸਾਰ” ਚੱਲਣਾ ਪਿਆ। ਮੂਸਾ ਨੇ ਕਨਾਨ ਦੇਸ਼ ਵਿਚ ਜਾਣ ਲਈ ਪਰਮੇਸ਼ੁਰ ਅੱਗੇ ਬੇਨਤੀ ਕੀਤੀ: “ਮੈਨੂੰ ਪਾਰ ਲੰਘਣ ਦੇਹ ਕਿ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ . . . ਨੂੰ ਵੇਖਾਂ।” ਪਰ ਇਹ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਸੀ। ਮੂਸਾ ਨੇ ਪਾਪ ਕੀਤਾ ਸੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਕਨਾਨ ਦੇਸ਼ ਵਿਚ ਨਹੀਂ ਜਾ ਸਕੇਗਾ। ਸੋ ਉਸ ਦੀ ਮੰਗ ਪੂਰੀ ਕਰਨ ਦੀ ਬਜਾਇ ਪਰਮੇਸ਼ੁਰ ਨੇ ਉਸ ਨੂੰ ਜਵਾਬ ਦਿੱਤਾ: “ਬੱਸ ਕਰ! ਫੇਰ ਮੇਰੇ ਨਾਲ ਏਹ ਗੱਲ ਕਦੀ ਨਾ ਛੇੜੀਂ!”—ਬਿਵਸਥਾ ਸਾਰ 3:25, 26; 32:51.

ਪੌਲੁਸ ਰਸੂਲ ਨੇ ਕਿਹਾ ਸੀ ਕਿ ਉਸ ਦੇ “ਸਰੀਰ ਵਿੱਚ ਇੱਕ ਕੰਡਾ ਚੋਭਿਆ” ਗਿਆ ਸੀ। ਉਸ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕੀਤੀ। (2 ਕੁਰਿੰਥੀਆਂ 12:7) ਹੋ ਸਕਦਾ ਹੈ ਕਿ ਇਹ “ਕੰਡਾ” ਅੱਖ ਦੀ ਕੋਈ ਬੀਮਾਰੀ ਸੀ ਜਾਂ ਉਸ ਨੂੰ ਸਤਾਉਣ ਵਾਲੇ ਵਿਰੋਧੀ ਅਤੇ ‘ਖੋਟੇ ਭਰਾ’ ਸਨ। (2 ਕੁਰਿੰਥੀਆਂ 11:26; ਗਲਾਤੀਆਂ 4:14, 15) ਪੌਲੁਸ ਨੇ ਲਿਖਿਆ: “ਤਿੰਨ ਵਾਰ ਮੈਂ ਪਰਮੇਸ਼ਰ ਅੱਗੇ ਅਰਦਾਸ ਕੀਤੀ ਕਿ ਉਹ ਇਸ ਨੂੰ ਮੇਰੇ ਤੋਂ ਦੂਰ ਕਰੇ।” ਫਿਰ ਵੀ ਪਰਮੇਸ਼ੁਰ ਜਾਣਦਾ ਸੀ ਕਿ ਜੇ ਪੌਲੁਸ ‘ਸਰੀਰ ਦੇ ਇਸ ਕੰਡੇ’ ਦੇ ਬਾਵਜੂਦ ਪ੍ਰਚਾਰ ਕਰਦਾ ਰਿਹਾ, ਤਾਂ ਇਸ ਤੋਂ ਪਰਮੇਸ਼ੁਰ ਦੀ ਸ਼ਕਤੀ ਦਾ ਸਬੂਤ ਮਿਲਦਾ ਅਤੇ ਇਹ ਵੀ ਪਤਾ ਲੱਗਦਾ ਕਿ ਪੌਲੁਸ ਉਸ ਉੱਤੇ ਪੂਰਾ ਭਰੋਸਾ ਰੱਖਦਾ ਸੀ। ਸੋ ਪੌਲੁਸ ਦੀ ਮੰਗ ਪੂਰੀ ਕਰਨ ਦੀ ਬਜਾਇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੇਰੀ ਸ਼ਕਤੀ ਕਮਜ਼ੋਰੀ ਵਿਚ ਹੀ ਪੂਰਨ ਹੁੰਦੀ ਹੈ।”—2 ਕੁਰਿੰਥੀਆਂ 12:8, 9, CL.

ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਸਹੀ ਜਵਾਬ ਦੇਣਾ ਸਾਡੇ ਨਾਲੋਂ ਬਿਹਤਰ ਜਾਣਦਾ ਹੈ। ਜੋ ਵੀ ਜਵਾਬ ਯਹੋਵਾਹ ਦਿੰਦਾ ਹੈ ਉਹ ਹਮੇਸ਼ਾ ਬਾਈਬਲ ਵਿਚ ਦੱਸੀ ਉਸ ਦੀ ਇੱਛਾ ਮੁਤਾਬਕ ਹੁੰਦਾ ਹੈ ਅਤੇ ਸਾਡੇ ਭਲੇ ਲਈ ਹੁੰਦਾ ਹੈ। (w09 1/1)