Skip to content

Skip to table of contents

ਮਨਮਾਰ ਵਿਚ ਤੂਫ਼ਾਨ ਦੇ ਸ਼ਿਕਾਰਾਂ ਨੂੰ ਮਦਦ ਮਿਲੀ

ਮਨਮਾਰ ਵਿਚ ਤੂਫ਼ਾਨ ਦੇ ਸ਼ਿਕਾਰਾਂ ਨੂੰ ਮਦਦ ਮਿਲੀ

ਮਨਮਾਰ ਵਿਚ ਤੂਫ਼ਾਨ ਦੇ ਸ਼ਿਕਾਰਾਂ ਨੂੰ ਮਦਦ ਮਿਲੀ

ਦੋ ਮਈ 2008 ਨੂੰ ਮਨਮਾਰ ਵਿਚ ਸਮੁੰਦਰੀ ਤੂਫ਼ਾਨ ਨਰਗਿਸ ਆਇਆ ਸੀ ਜਿਸ ਨੇ ਇਰਾਵਦੀ ਨਦੀ ਦੇ ਮੁਹਾਨੇ ਤੋਂ ਜੁੜੇ ਇਲਾਕੇ ਵਿਚ ਭਾਰੀ ਤਬਾਹੀ ਮਚਾਈ। ਇਸ ਦੀ ਖ਼ਬਰ ਜਲਦੀ ਦੁਨੀਆਂ ਭਰ ਵਿਚ ਫੈਲ ਗਈ। ਤੂਫ਼ਾਨ ਕਰਕੇ 1,40,000 ਲੋਕਾਂ ਦੀਆਂ ਜਾਂ ਤਾਂ ਜਾਨਾਂ ਗਈਆਂ ਜਾਂ ਉਹ ਲਾਪਤਾ ਸਨ।

ਉਸ ਇਲਾਕੇ ਵਿਚ ਕਈ ਯਹੋਵਾਹ ਦੇ ਗਵਾਹ ਰਹਿੰਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਦੀ ਜਾਨ ਨਹੀਂ ਗਈ। ਕੁਝ ਹੱਦ ਤਕ ਇਹ ਇਸ ਕਰਕੇ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਕਿੰਗਡਮ ਹਾਲਾਂ ਵਿਚ ਪਨਾਹ ਲਈ ਜੋ ਚੰਗੀ ਤਰ੍ਹਾਂ ਉਸਾਰੇ ਗਏ ਸਨ। ਇਕ ਪਿੰਡ ਵਿਚ 20 ਗਵਾਹ ਅਤੇ 80 ਲੋਕ ਕਿੰਗਡਮ ਹਾਲ ਦੀ ਛੱਤ ਉੱਤੇ ਨੌਂ ਘੰਟਿਆਂ ਤਕ ਬੈਠੇ ਰਹੇ ਜਿਵੇਂ ਪਾਣੀ 15 ਫੁੱਟ ਚੜ੍ਹਦਾ ਗਿਆ। ਉਹ ਸਾਰੇ ਬਚ ਗਏ। ਪਰ ਦੁੱਖ ਦੀ ਗੱਲ ਹੈ ਕਿ ਉਸ ਪਿੰਡ ਵਿਚ 300 ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਕਈ ਪਿੰਡਾਂ ਵਿਚ ਕਿੰਗਡਮ ਹਾਲ ਤੋਂ ਇਲਾਵਾ ਹੋਰ ਕੋਈ ਇਮਾਰਤ ਖੜ੍ਹੀ ਨਹੀਂ ਰਹੀ।

ਤੂਫ਼ਾਨ ਤੋਂ ਦੋ ਦਿਨ ਬਾਅਦ ਯਾਂਗੁਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਇਕ ਰਲੀਫ਼ ਟੀਮ ਇਰਾਵਦੀ ਨਦੀ ਦੇ ਮੁਹਾਨੇ ਨੇੜੇ ਬੋਥਿੰਗੋਨ ਦੀ ਕਲੀਸਿਯਾ ਨੂੰ ਭੇਜੀ। ਉੱਥੇ ਪਹੁੰਚਣ ਲਈ ਉਨ੍ਹਾਂ ਨੂੰ ਤਬਾਹ ਕੀਤੇ ਇਲਾਕਿਆਂ ਵਿੱਚੋਂ ਦੀ ਲੰਘਣਾ ਪਿਆ ਜਿੱਥੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਹੋਈਆਂ ਸਨ। ਲੁਟੇਰਿਆਂ ਤੋਂ ਬਚਦੇ ਹੋਏ ਉਹ ਚੌਲ, ਨੂਡਲ, ਪਾਣੀ ਅਤੇ ਮੋਮਬੱਤੀਆਂ ਵਰਗਾ ਜ਼ਰੂਰੀ ਸਮਾਨ ਲਿਆਉਣ ਵਾਲੇ ਪਹਿਲੇ ਲੋਕ ਸਨ ਜੋ ਬੋਥਿੰਗੋਨ ਪਹੁੰਚੇ। ਉੱਥੇ ਦੇ ਰਹਿਣ ਵਾਲੇ ਗਵਾਹਾਂ ਨੂੰ ਸਮਾਨ ਦੇਣ ਤੋਂ ਬਾਅਦ ਉਨ੍ਹਾਂ ਨੇ ਬਾਈਬਲ ਵਿੱਚੋਂ ਉਨ੍ਹਾਂ ਨੂੰ ਹੌਸਲਾ ਵੀ ਦਿੱਤਾ। ਉਨ੍ਹਾਂ ਨੇ ਗਵਾਹਾਂ ਨੂੰ ਬਾਈਬਲਾਂ ਅਤੇ ਹੋਰ ਪ੍ਰਕਾਸ਼ਨ ਵੀ ਦਿੱਤੇ ਕਿਉਂਕਿ ਤੂਫ਼ਾਨ ਵਿਚ ਉਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਸੀ।

ਸਭ ਕੁਝ ਗੁਆ ਬੈਠਣ ਦੇ ਬਾਵਜੂਦ ਇਰਾਵਦੀ ਇਲਾਕੇ ਵਿਚ ਰਹਿਣ ਵਾਲੇ ਗਵਾਹ ਹੌਸਲਾ ਨਹੀਂ ਹਾਰੇ। ਉੱਥੇ ਰਹਿਣ ਵਾਲੇ ਇਕ ਗਵਾਹ ਨੇ ਕਿਹਾ: “ਸਾਡਾ ਸਭ ਕੁਝ ਬਰਬਾਦ ਹੋ ਗਿਆ ਹੈ। ਤੂਫ਼ਾਨ ਕਰਕੇ ਸਾਡੇ ਨਾ ਘਰ ਰਹੇ, ਨਾ ਫ਼ਸਲ ਤੇ ਨਾ ਹੀ ਸਾਡੇ ਕੋਲ ਪੀਣ ਲਈ ਪਾਣੀ ਰਿਹਾ। ਫਿਰ ਵੀ ਭੈਣਾਂ-ਭਰਾਵਾਂ ਨੂੰ ਉੱਨੀ ਚਿੰਤਾ ਨਹੀਂ ਜਿੰਨੀ ਦੂਜਿਆਂ ਨੂੰ ਹੈ। ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੀ ਸੰਸਥਾ ਉੱਤੇ ਪੂਰਾ ਭਰੋਸਾ ਹੈ। ਸੰਸਥਾ ਜੋ ਵੀ ਸਾਨੂੰ ਕਹੇਗੀ ਅਸੀਂ ਉਸ ਨੂੰ ਮੰਨਾਂਗੇ ਚਾਹੇ ਸਾਨੂੰ ਇਸ ਪਿੰਡ ਵਿਚ ਰਹਿਣਾ ਪਵੇ ਜਾਂ ਕੀਤੇ ਹੋਰ ਜਾਣਾ ਪਵੇ।”

30 ਹੋਰ ਗਵਾਹ ਸਨ ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਸੀ। ਭਾਵੇਂ ਉਨ੍ਹਾਂ ਨੂੰ ਦਸ ਘੰਟਿਆਂ ਦਾ ਸਫ਼ਰ ਕਰ ਕੇ ਉੱਥੇ ਪਹੁੰਚਣਾ ਪਿਆ ਜਿੱਥੇ ਉਨ੍ਹਾਂ ਲਈ ਖਾਣਾ, ਕੱਪੜੇ ਅਤੇ ਰਹਿਣ ਲਈ ਜਗ੍ਹਾ ਤਿਆਰ ਕੀਤੀ ਗਈ ਸੀ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਵਡਿਆਈ ਕਰਦੇ ਗੀਤ ਗਾਉਂਦੇ ਗਏ। ਰਸਤੇ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਨੇੜਲੇ ਨਗਰ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਸੰਮੇਲਨ ਹੋ ਰਿਹਾ ਸੀ। ਉਨ੍ਹਾਂ ਨੇ ਪਹਿਲਾਂ ਇਸ ਸੰਮੇਲਨ ਵਿਚ ਜਾਣ ਦਾ ਫ਼ੈਸਲਾ ਕੀਤਾ ਤਾਂਕਿ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੌਸਲਾ ਮਿਲੇ ਅਤੇ ਉਹ ਆਪਣੇ ਭੈਣਾਂ-ਭਰਾਵਾਂ ਨੂੰ ਮਿਲ ਸਕਣ।

ਤੂਫ਼ਾਨ ਕਰਕੇ ਗਵਾਹਾਂ ਦੇ 35 ਘਰ ਪੂਰੀ ਤਰ੍ਹਾਂ ਬਰਬਾਦ ਹੋਏ, 125 ਘਰਾਂ ਦਾ ਕੁਝ-ਕੁਝ ਨੁਕਸਾਨ ਹੋਇਆ ਤੇ ਅੱਠ ਕਿੰਗਡਮ ਹਾਲਾਂ ਦਾ ਥੋੜ੍ਹਾ-ਬਹੁਤਾ ਨੁਕਸਾਨ ਹੋਇਆ। ਬ੍ਰਾਂਚ ਆਫ਼ਿਸ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਪਹਿਲਾਂ-ਪਹਿਲਾਂ ਤੂਫ਼ਾਨ ਕਰਕੇ ਬ੍ਰਾਂਚ ਆਫ਼ਿਸ ਨੂੰ ਆਉਣਾ-ਜਾਣਾ ਨਾਮੁਮਕਿਨ ਸੀ ਕਿਉਂਕਿ ਵੱਡੇ-ਵੱਡੇ ਦਰਖ਼ਤਾਂ ਦੇ ਡਿੱਗਣ ਕਰਕੇ ਰਸਤਾ ਬੰਦ ਸੀ। ਤੂਫ਼ਾਨ ਥੰਮ੍ਹ ਜਾਣ ਤੋਂ ਕੁਝ ਹੀ ਘੰਟੇ ਬਾਅਦ ਬ੍ਰਾਂਚ ਆਫ਼ਿਸ ਦੇ 30 ਕੁ ਮੈਂਬਰਾਂ ਨੇ ਕਿਸੇ ਵੀ ਮਸ਼ੀਨ ਤੋਂ ਬਗੈਰ ਰਸਤਾ ਸਾਫ਼ ਕਰਨਾ ਸ਼ੁਰੂ ਕੀਤਾ। ਲੋਕ ਉਨ੍ਹਾਂ ਨੂੰ ਇੰਨੀ ਮਿਹਨਤ ਕਰਦਿਆਂ ਦੇਖ ਕੇ ਹੱਕੇ-ਬੱਕੇ ਰਹਿ ਗਏ। ਥੋੜ੍ਹੀ ਦੇਰ ਬਾਅਦ ਕੁਝ ਭੈਣਾਂ ਪੀਣ ਲਈ ਠੰਢਾ ਅਤੇ ਫਲ ਲੈ ਕੇ ਆਈਆਂ। ਉਨ੍ਹਾਂ ਨੇ ਇਹ ਗਵਾਹਾਂ ਅਤੇ ਗੁਆਂਢੀਆਂ ਨੂੰ ਵੀ ਵੰਡਿਆ। ਜਦ ਇਕ ਪੱਤਰਕਾਰ ਨੇ ਇਹ ਸਭ ਕੁਝ ਦੇਖਿਆ, ਤਾਂ ਉਸ ਨੇ ਪੁੱਛਿਆ: “ਇਹ ਲੋਕ ਕੌਣ ਹਨ ਜੋ ਇੰਨੀ ਮਿਹਨਤ ਕਰ ਰਹੇ ਹਨ?” ਜਵਾਬ ਮਿਲਣ ਤੋਂ ਬਾਅਦ ਉਸ ਨੇ ਕਿਹਾ: “ਕਾਸ਼, ਯਹੋਵਾਹ ਦੇ ਗਵਾਹਾਂ ਵਾਂਗ ਹੋਰ ਲੋਕ ਵੀ ਆਪਣੇ ਗੁਆਂਢੀਆਂ ਦੀ ਮਦਦ ਕਰਨ ਲਈ ਤਿਆਰ ਹੁੰਦੇ!”

ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਸਹਾਇਤਾ ਕਰਨ ਦਾ ਪ੍ਰਬੰਧ ਕੀਤਾ ਅਤੇ ਦੋ ਰਿਲੀਫ ਕਮੇਟੀਆਂ ਤਿਆਰ ਕੀਤੀਆਂ ਗਈਆਂ। ਸੈਂਕੜੇ ਹੀ ਗਵਾਹ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਸਨ। ਥੋੜ੍ਹੇ ਹੀ ਦਿਨਾਂ ਵਿਚ ਉਨ੍ਹਾਂ ਗਵਾਹਾਂ ਲਈ ਨਵੇਂ ਘਰ ਬਣਾਏ ਗਏ ਜਿਨ੍ਹਾਂ ਦੇ ਘਰ ਢਹਿ-ਢੇਰੀ ਹੋ ਗਏ ਸਨ। ਜਦ ਗਵਾਹਾਂ ਦੀ ਇਕ ਟੀਮ ਕਿਸੇ ਗਵਾਹ ਲਈ ਘਰ ਬਣਾਉਣ ਆਈ, ਤਾਂ ਉਸ ਦੇ ਗੁਆਂਢੀਆਂ ਨੂੰ ਯਕੀਨ ਹੀ ਨਾ ਆਵੇ। ਇਕ ਗੁਆਂਢਣ ਨੇ ਕਿਹਾ: “ਮੇਰੀ ਗੁਆਂਢਣ ਦੇ ਚਰਚ ਦੇ ਮੈਂਬਰ ਆ ਕੇ ਉਹ ਦਾ ਘਰ ਬਣਾ ਰਹੇ ਹਨ। ਮੈਂ ਤਾਂ ਬੋਧੀ ਹਾਂ, ਪਰ ਮੇਰੇ ਲੋਕਾਂ ਨੇ ਤਾਂ ਮੇਰੀ ਕੋਈ ਮਦਦ ਨਹੀਂ ਕੀਤੀ। ਮੈਨੂੰ ਵੀ ਗਵਾਹ ਬਣ ਜਾਣਾ ਚਾਹੀਦਾ ਸੀ ਜਦ ਉਸ ਨੇ ਮੈਨੂੰ ਪ੍ਰਚਾਰ ਕੀਤਾ!”

ਜਦ ਉਸਾਰੀ ਦਾ ਕੰਮ ਕਰਨ ਵਾਲੇ ਗਵਾਹ ਅਤੇ ਰਿਲੀਫ ਕਮੇਟੀ ਦੇ ਕੁਝ ਮੈਂਬਰ ਥੈਂਲਿਨ ਨਗਰ ਵਿਚ ਗਵਾਹਾਂ ਦਾ ਇਕ ਘਰ ਦੇਖਣ ਗਏ, ਤਾਂ ਉਸ ਦਾ ਕਾਫ਼ੀ ਨੁਕਸਾਨ ਹੋਇਆ ਸੀ। ਪਰ ਉਹ ਇਹ ਸੁਣ ਕੇ ਹੈਰਾਨ ਹੋਏ ਜਦ ਪਰਿਵਾਰ ਨੇ ਕਿਹਾ: “ਤੁਸੀਂ ਸਾਡਾ ਫ਼ਿਕਰ ਨਾ ਕਰੋ। ਸਾਡਾ ਘਰ ਤਾਂ ਠੀਕ ਹੈ। ਸਾਨੂੰ ਇੱਥੇ ਰਹਿ ਕੇ ਕੋਈ ਤਕਲੀਫ਼ ਨਹੀਂ! ਕਈਆਂ ਗਵਾਹਾਂ ਦੇ ਤਾਂ ਘਰ ਹੀ ਨਹੀਂ ਰਹੇ। ਉਨ੍ਹਾਂ ਦੀ ਜਾ ਕੇ ਮਦਦ ਕਰੋ।”

ਯਾਂਗੁਨ ਦੇ ਇਕ ਇਲਾਕੇ ਵਿਚ ਕੁਝ ਲੋਕਾਂ ਨੇ ਇਕ ਚਰਚ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕੀਤੀ, ਪਰ ਚਰਚ ਦੇ ਦਰਵਾਜ਼ੇ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ ਕੋਈ ਵੀ ਅੰਦਰ ਨਹੀਂ ਜਾ ਸਕਦਾ ਸੀ। ਲੋਕ ਬਹੁਤ ਗੁੱਸੇ ਹੋਏ ਅਤੇ ਦਰਵਾਜ਼ਾ ਤੋੜਨਾ ਚਾਹੁੰਦੇ ਸਨ। ਇਸ ਦੇ ਉਲਟ ਯਹੋਵਾਹ ਦੇ ਗਵਾਹਾਂ ਨੇ ਆਪਣੇ ਕਿੰਗਡਮ ਹਾਲਾਂ ਵਿਚ ਲੋਕਾਂ ਨੂੰ ਪਨਾਹ ਦਿੱਤੀ। ਮਿਸਾਲ ਲਈ, ਇਕ ਪਤੀ-ਪਤਨੀ ਨੇ ਕਿੰਗਡਮ ਹਾਲ ਵਿਚ 20 ਪਰੇਸ਼ਾਨ ਲੋਕਾਂ ਨੂੰ ਅੰਦਰ ਵਾੜਿਆ ਜੋ ਉੱਥੇ ਭੱਜ ਕੇ ਆਏ ਸਨ। ਜਦ ਉਹ ਸਵੇਰ ਨੂੰ ਉੱਠੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਘਰ ਬਰਬਾਦ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਪਤੀ ਨੇ ਜਾ ਕੇ ਕਿਸੇ ਨੂੰ ਚੌਲ ਵੇਚਦੇ ਲੱਭਿਆ ਅਤੇ ਉਸ ਨੇ ਸਾਰਿਆਂ ਲਈ ਖਾਣਾ ਖ਼ਰੀਦਿਆ।

ਯਾਂਗੁਨ ਵਿਚ ਇਕ ਪਰਿਵਾਰ ਦੇ ਸਿਰਫ਼ ਕੁਝ ਮੈਂਬਰ ਯਹੋਵਾਹ ਦੇ ਗਵਾਹ ਹਨ ਤੇ ਬਾਕੀ ਚਰਚ ਨੂੰ ਜਾਂਦੇ ਹਨ। ਪਰ ਤੂਫ਼ਾਨ ਤੋਂ ਬਾਅਦ ਸਾਰਾ ਪਰਿਵਾਰ ਇਕ ਮੀਟਿੰਗ ਲਈ ਕਿੰਗਡਮ ਹਾਲ ਨੂੰ ਗਿਆ। ਕਿਉਂ? ਇਕ ਮੈਂਬਰ ਨੇ ਸਮਝਾਇਆ: “ਸਾਡੇ ਚਰਚ ਵਾਲਿਆਂ ਨੇ ਕਿਹਾ ਸੀ ਕਿ ਤੂਫ਼ਾਨ ਤੋਂ ਬਾਅਦ ਉਹ ਸਾਡੀ ਮਦਦ ਕਰਨ ਆਉਣਗੇ, ਪਰ ਕੋਈ ਨਹੀਂ ਆਇਆ। ਸਿਰਫ਼ ਯਹੋਵਾਹ ਦੇ ਗਵਾਹ ਆਏ। ਤੁਸੀਂ ਸਾਨੂੰ ਚੌਲ ਅਤੇ ਪਾਣੀ ਦਿੱਤਾ। ਤੁਸੀਂ ਬਾਕੀ ਚਰਚ ਵਾਲਿਆਂ ਵਰਗੇ ਨਹੀਂ ਹੋ!” ਪੂਰੇ ਪਰਿਵਾਰ ਨੇ ਪਹਿਰਾਬੁਰਜ ਦੇ ਅਧਿਐਨ ਦਾ ਆਨੰਦ ਮਾਣਿਆ ਜਿਸ ਦਾ ਵਿਸ਼ਾ ਸੀ: “ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ।” ਉਨ੍ਹਾਂ ਸਾਰਿਆਂ ਨੇ ਸਵਾਲ-ਜਵਾਬ ਵਿਚ ਹਿੱਸਾ ਵੀ ਲਿਆ।

ਇਕ ਔਰਤ ਜੋ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ ਤੂਫ਼ਾਨ ਤੋਂ ਇਕ ਹਫ਼ਤੇ ਬਾਅਦ ਮੀਟਿੰਗ ਵਿਚ ਆਈ। ਮੀਟਿੰਗ ਦੌਰਾਨ ਬ੍ਰਾਂਚ ਆਫ਼ਿਸ ਤੋਂ ਇਕ ਚਿੱਠੀ ਪੜ੍ਹੀ ਗਈ ਜਿਸ ਵਿਚ ਸਮਝਾਇਆ ਗਿਆ ਸੀ ਕਿ ਲੋਕਾਂ ਦੀ ਮਦਦ ਕਰਨ ਲਈ ਕੀ ਕੀਤਾ ਜਾ ਰਿਹਾ ਸੀ। ਚਿੱਠੀ ਸੁਣ ਕੇ ਔਰਤ ਰੋਣ ਲੱਗ ਪਈ। ਇਹ ਗੱਲ ਉਸ ਦੇ ਦਿਲ ਨੂੰ ਬਹੁਤ ਲੱਗੀ ਕੇ ਸਾਰੇ ਗਵਾਹਾਂ ਦਾ ਪਤਾ ਲੱਗ ਗਿਆ ਸੀ ਤੇ ਉਹ ਠੀਕ ਸਨ। ਬਾਅਦ ਵਿਚ ਉਸ ਨੂੰ ਕੁਝ ਜ਼ਰੂਰੀ ਸਮਾਨ ਦਿੱਤਾ ਗਿਆ ਅਤੇ ਉਸ ਦੇ ਘਰ ਦੇ ਨਾਲ ਹੀ ਇਕ ਤੰਬੂ ਲਾਇਆ ਗਿਆ। ਉਸ ਨੇ ਕਿਹਾ ਕਿ ਗਵਾਹਾਂ ਨੇ ਉਸ ਦੀ ਬਹੁਤ ਚੰਗੀ ਦੇਖ-ਭਾਲ ਕੀਤੀ ਹੈ।

ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਯਿਸੂ ਦੇ ਚੇਲੇ ਯਾਕੂਬ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਨਿਹਚਾ ਕਰਨ ਦੇ ਨਾਲ-ਨਾਲ ਚੰਗੇ ਕੰਮ ਵੀ ਕਰਨੇ ਜ਼ਰੂਰੀ ਹਨ। (ਯਾਕੂਬ 2:14-17) ਯਹੋਵਾਹ ਦੇ ਗਵਾਹ ਇਨ੍ਹਾਂ ਸ਼ਬਦਾਂ ’ਤੇ ਚੱਲ ਕੇ ਪਿਆਰ ਨਾਲ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। (w09 3/1)

[ਸਫ਼ਾ 27 ਉੱਤੇ ਸੁਰਖੀ]

ਬਾਈਬਲ ਕਹਿੰਦੀ ਹੈ ਕਿ ਨਿਹਚਾ ਕਰਨ ਦੇ ਨਾਲ-ਨਾਲ ਚੰਗੇ ਕੰਮ ਵੀ ਕਰਨੇ ਜ਼ਰੂਰੀ ਹਨ