Skip to content

Skip to table of contents

“ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”

“ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”

ਪਰਮੇਸ਼ੁਰ ਨੂੰ ਜਾਣੋ

“ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”

ਕੂਚ 3:1-10

ਯਹੋਵਾਹ “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ” ਹੈ। (ਯਸਾਯਾਹ 6:3) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਸਾਫ਼ ਅਤੇ ਸ਼ੁੱਧ ਹੈ ਤੇ ਉਸ ਜਿੰਨਾ ਪਵਿੱਤਰ ਹੋਰ ਕੋਈ ਨਹੀਂ ਹੈ। ਤੁਸੀਂ ਸ਼ਾਇਦ ਪੁੱਛੋ: ‘ਕੀ ਉਸ ਦੇ ਪਵਿੱਤਰ ਹੋਣ ਦਾ ਇਹ ਮਤਲਬ ਹੈ ਕਿ ਉਹ ਪੱਥਰ ਦਿਲ ਅਤੇ ਮੈਥੋਂ ਦੂਰ ਹੈ? ਕੀ ਅਜਿਹੇ ਪਵਿੱਤਰ ਪਰਮੇਸ਼ੁਰ ਨੂੰ ਮੇਰੇ ਵਰਗੇ ਪਾਪੀ ਇਨਸਾਨ ਦਾ ਕੋਈ ਫ਼ਿਕਰ ਹੈ?’ ਆਓ ਆਪਾਂ ਕੂਚ 3:1-10 ਵਿਚ ਮੂਸਾ ਨੂੰ ਕਹੇ ਪਰਮੇਸ਼ੁਰ ਦੇ ਸ਼ਬਦਾਂ ਵੱਲ ਧਿਆਨ ਦੇਈਏ।

ਇਕ ਦਿਨ ਭੇਡਾਂ ਚਾਰਦੇ ਹੋਏ ਮੂਸਾ ਨੇ ਇਕ ਅਜੀਬ ਚੀਜ਼ ਦੇਖੀ। ਇਕ ਝਾੜੀ ਅੱਗ ਵਿਚ ਬਲਦੀ ਸੀ, ਪਰ ਉਹ “ਭਸਮ ਨਹੀਂ ਹੁੰਦੀ ਸੀ।” (ਆਇਤ 2) ਹੈਰਾਨ ਹੋ ਕੇ ਮੂਸਾ ਝਾੜੀ ਦੇਖਣ ਲਈ ਨੇੜੇ ਗਿਆ। ਯਹੋਵਾਹ ਨੇ ਇਕ ਦੂਤ ਰਾਹੀਂ ਝਾੜੀ ਵਿੱਚੋਂ ਮੂਸਾ ਨਾਲ ਗੱਲ ਕਰਦੇ ਹੋਏ ਕਿਹਾ: “ਨੇੜੇ ਨਾ ਆ। ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਏਹ ਥਾਂ ਜਿੱਥੇ ਤੂੰ ਖੜਾ ਹੈਂ ਪਵਿੱਤ੍ਰ ਭੂਮੀ ਹੈ।” (ਆਇਤ 5) ਜ਼ਰਾ ਸੋਚੋ—ਕਿਉਂਕਿ ਯਹੋਵਾਹ ਮੂਸਾ ਨਾਲ ਉੱਥੇ ਗੱਲ ਕਰ ਰਿਹਾ ਸੀ ਜ਼ਮੀਨ ਵੀ ਪਵਿੱਤਰ ਹੋ ਗਈ!

ਪਵਿੱਤਰ ਪਰਮੇਸ਼ੁਰ ਯਹੋਵਾਹ ਮੂਸਾ ਨਾਲ ਇਕ ਖ਼ਾਸ ਗੱਲ ਕਰਨੀ ਚਾਹੁੰਦਾ ਸੀ। ਪਰਮੇਸ਼ੁਰ ਨੇ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਆਇਤ 7) ਪਰਮੇਸ਼ੁਰ ਆਪਣੇ ਲੋਕਾਂ ਦੇ ਦੁੱਖਾਂ ਤੋਂ ਅਣਜਾਣ ਨਹੀਂ ਸੀ। ਉਹ ਸਭ ਕੁਝ ਦੇਖ ਸਕਦਾ ਸੀ ਅਤੇ ਉਨ੍ਹਾਂ ਦੀ ਦੁਹਾਈ ਸੁਣ ਸਕਦਾ ਸੀ। ਉਹ ਸਮਝਦਾ ਸੀ ਕਿ ਉਨ੍ਹਾਂ ’ਤੇ ਕੀ ਬੀਤ ਰਹੀ ਸੀ। ਧਿਆਨ ਦਿਓ ਕਿ ਉਸ ਨੇ ਕਿਹਾ: “ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” “ਮੈਂ . . . ਜਾਣਦਾ ਹਾਂ” ਸ਼ਬਦਾਂ ਦੇ ਸੰਬੰਧ ਵਿਚ ਇਕ ਕਿਤਾਬ ਨੇ ਕਿਹਾ ਕਿ ਯਹੋਵਾਹ “ਪਿਆਰ, ਹਮਦਰਦੀ ਅਤੇ ਦਇਆ ਕਰਨ ਵਾਲਾ” ਪਰਮੇਸ਼ੁਰ ਹੈ। ਯਹੋਵਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਲੋਕਾਂ ਦਾ ਬਹੁਤ ਫ਼ਿਕਰ ਸੀ।

ਪਰਮੇਸ਼ੁਰ ਨੇ ਕੀ ਕੀਤਾ? ਉਸ ਨੇ ਆਪਣੇ ਲੋਕਾਂ ਦਾ ਦਰਦ ਮਹਿਸੂਸ ਹੀ ਨਹੀਂ ਕੀਤਾ ਸੀ, ਸਗੋਂ ਉਸ ਨੇ ਉਨ੍ਹਾਂ ਦਾ ਦਰਦ ਦੂਰ ਕਰਨ ਲਈ ਕਦਮ ਵੀ ਚੁੱਕਿਆ ਸੀ। ਉਸ ਨੇ ਤੈਅ ਕੀਤਾ ਕਿ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਅਜਿਹੀ “ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ” ਲਿਆਵੇਗਾ। (ਆਇਤ 8) ਇਸ ਤਰ੍ਹਾਂ ਕਰਨ ਲਈ ਯਹੋਵਾਹ ਨੇ ਮੂਸਾ ਨੂੰ ਚੁਣਿਆ ਤੇ ਉਸ ਨੂੰ ਕਿਹਾ: ‘ਤੂੰ ਮੇਰੀ ਪਰਜਾ ਨੂੰ ਮਿਸਰ ਵਿੱਚੋਂ ਕੱਢ ਲਿਆ।’ (ਆਇਤ 10) ਮੂਸਾ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ 1513 ਈ.ਪੂ. ਵਿਚ ਉਹ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।

ਯਹੋਵਾਹ ਬਦਲਿਆ ਨਹੀਂ ਹੈ। ਅੱਜ ਉਸ ਦੇ ਸੇਵਕ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੇ ਦੁੱਖ ਦੇਖਦਾ ਹੈ ਤੇ ਉਨ੍ਹਾਂ ਦੀ ਦੁਹਾਈ ਸੁਣਦਾ ਹੈ। ਉਹ ਉਨ੍ਹਾਂ ਦੇ ਦੁੱਖਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪਰ ਯਹੋਵਾਹ ਨੂੰ ਆਪਣੇ ਲੋਕਾਂ ਉੱਤੇ ਸਿਰਫ਼ ਦਇਆ ਹੀ ਨਹੀਂ ਆਉਂਦੀ, ਸਗੋਂ ਉਹ ਪਿਆਰ ਦੀ ਖ਼ਾਤਰ ਉਨ੍ਹਾਂ ਦੀ ਮਦਦ ਕਰਦਾ ਹੈ “ਕਿਉਂ ਜੋ ਉਹ ਨੂੰ [ਉਨ੍ਹਾਂ ਦਾ] ਫ਼ਿਕਰ ਹੈ।”—1 ਪਤਰਸ 5:7.

ਪਰਮੇਸ਼ੁਰ ਦਾ ਰਹਿਮ ਸਾਨੂੰ ਆਸਰਾ ਦਿੰਦਾ ਹੈ। ਉਸ ਦੀ ਮਦਦ ਨਾਲ ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਉਸ ਦੀਆਂ ਨਜ਼ਰਾਂ ਵਿਚ ਕੁਝ ਹੱਦ ਤਕ ਪਵਿੱਤਰ ਬਣ ਸਕਦੇ ਹਾਂ। (1 ਪਤਰਸ 1:15, 16) ਡਿਪਰੈਸ਼ਨ ਅਤੇ ਨਿਰਾਸ਼ਾ ਦੀ ਸ਼ਿਕਾਰ ਇਕ ਮਸੀਹੀ ਔਰਤ ਨੂੰ ਮੂਸਾ ਅਤੇ ਬਲਦੀ ਝਾੜੀ ਬਾਰੇ ਪੜ੍ਹ ਕੇ ਕਾਫ਼ੀ ਹੌਸਲਾ ਮਿਲਿਆ। ਉਸ ਨੇ ਕਿਹਾ: “ਜੇ ਯਹੋਵਾਹ ਮਿੱਟੀ ਨੂੰ ਪਵਿੱਤਰ ਬਣਾ ਸਕਦਾ ਹੈ, ਤਾਂ ਮੇਰੇ ਲਈ ਵੀ ਥੋੜ੍ਹੀ-ਬਹੁਤੀ ਉਮੀਦ ਹੋਵੇਗੀ। ਇਸ ਗੱਲ ਨੇ ਮੇਰੀ ਬਹੁਤ ਮਦਦ ਕੀਤੀ ਹੈ।”

ਕੀ ਤੁਸੀਂ ਇਸ ਪਵਿੱਤਰ ਪਰਮੇਸ਼ੁਰ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਉਸ ਨਾਲ ਨਜ਼ਦੀਕੀ ਰਿਸ਼ਤਾ ਮੁਮਕਿਨ ਹੈ ਕਿਉਂਕਿ ਉਹ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਜ਼ਬੂਰਾਂ ਦੀ ਪੋਥੀ 103:14. (w09 3/1)