Skip to content

Skip to table of contents

ਸਫ਼ਾਈ ਇੰਨੀ ਜ਼ਰੂਰੀ ਕਿਉਂ ਹੈ?

ਸਫ਼ਾਈ ਇੰਨੀ ਜ਼ਰੂਰੀ ਕਿਉਂ ਹੈ?

ਸਫ਼ਾਈ ਇੰਨੀ ਜ਼ਰੂਰੀ ਕਿਉਂ ਹੈ?

ਹਜ਼ਾਰਾਂ ਸਾਲਾਂ ਤੋਂ ਲੋਕ ਮਹਾਂਮਾਰੀਆਂ ਅਤੇ ਬੀਮਾਰੀਆਂ ਦੇ ਸ਼ਿਕਾਰ ਬਣੇ ਹਨ। ਕਈ ਲੋਕ ਸੋਚਦੇ ਸਨ ਕਿ ਪਾਪੀਆਂ ਨੂੰ ਸਜ਼ਾ ਦੇਣ ਲਈ ਇਹ ਰੱਬ ਵੱਲੋਂ ਭੇਜੀਆਂ ਗਈਆਂ ਸਨ। ਸਦੀਆਂ ਤੋਂ ਕੀਤੀ ਗਈ ਮਿਹਨਤ ਤੇ ਰਿਸਰਚ ਨੇ ਦਿਖਾਇਆ ਹੈ ਕਿ ਅਸਲ ਵਿਚ ਇਨ੍ਹਾਂ ਦਾ ਕਾਰਨ ਉਹ ਜੀਵ-ਜੰਤੂ ਅਤੇ ਕੀੜੇ-ਮਕੌੜੇ ਹਨ ਜੋ ਸਾਡੇ ਨਾਲ ਰਹਿੰਦੇ ਹਨ।

ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਚੂਹੇ, ਕਾਕਰੋਚ, ਮੱਖੀਆਂ ਅਤੇ ਮੱਛਰ ਬੀਮਾਰੀ ਦਾ ਘਰ ਹੁੰਦੇ ਹਨ ਅਤੇ ਦੂਸਰਿਆਂ ਤਕ ਰੋਗ ਫੈਲਾ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਬੀਮਾਰੀਆਂ ਉਦੋਂ ਫੈਲਦੀਆਂ ਹਨ ਜਦ ਲੋਕ ਨਹਾਉਂਦੇ-ਧੋਂਦੇ ਨਹੀਂ ਅਤੇ ਆਪਣੇ ਘਰ ਦੀ ਸਫ਼ਾਈ ਨਹੀਂ ਰੱਖਦੇ। ਕਿਹਾ ਜਾ ਸਕਦਾ ਹੈ ਕਿ ਸਫ਼ਾਈ ਰੱਖਣ ਨਾਲ ਸਾਡੀ ਜ਼ਿੰਦਗੀ ਬਚ ਸਕਦੀ ਹੈ।

ਇਹ ਸੱਚ ਹੈ ਕਿ ਦੁਨੀਆਂ ਭਰ ਵਿਚ ਲੋਕਾਂ ਦੇ ਸਫ਼ਾਈ ਰੱਖਣ ਦੇ ਤਰੀਕੇ ਵੱਖ-ਵੱਖ ਹੁੰਦੇ ਹਨ। ਪਰ ਕਈ ਥਾਵਾਂ ਵਿਚ ਬਹੁਤੀ ਸਫ਼ਾਈ ਨਹੀਂ ਹੁੰਦੀ। ਮਿਸਾਲ ਲਈ, ਜਿੱਥੇ ਸਾਫ਼ ਪਾਣੀ ਤੇ ਨਾਲੀਆਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉੱਥੇ ਸਫ਼ਾਈ ਰੱਖਣੀ ਮੁਸ਼ਕਲ ਹੋ ਸਕਦੀ ਹੈ। ਫਿਰ ਵੀ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਸਫ਼ਾਈ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਸਨ ਜਦ ਉਹ ਉਜਾੜ ਵਿੱਚੋਂ ਦੀ ਲੰਘ ਰਹੇ ਸਨ। ਜ਼ਰਾ ਸੋਚੋ ਕਿ ਇਨ੍ਹਾਂ ਹਾਲਾਤਾਂ ਵਿਚ ਉਨ੍ਹਾਂ ਲਈ ਸਫ਼ਾਈ ਰੱਖਣੀ ਕਿੰਨੀ ਮੁਸ਼ਕਲ ਸੀ!

ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਅਸੀਂ ਸਫ਼ਾਈ ਰੱਖੀਏ? ਸਫ਼ਾਈ ਰੱਖਣ ਬਾਰੇ ਸਹੀ ਨਜ਼ਰੀਆ ਕੀ ਹੈ? ਤੁਹਾਡਾ ਪਰਿਵਾਰ ਬੀਮਾਰੀ ਤੋਂ ਬਚਣ ਲਈ ਕਿਹੋ ਜਿਹੇ ਕਦਮ ਚੁੱਕ ਸਕਦਾ ਹੈ?

ਸਕੂਲ ਖ਼ਤਮ ਹੋਣ ਤੋਂ ਬਾਅਦ ਮੈਕਸ * ਜੋ ਅਫ਼ਰੀਕਾ ਦੇ ਕੈਮਰੂਨ ਦੇਸ਼ ਵਿਚ ਰਹਿੰਦਾ ਹੈ ਦੌੜਦਾ-ਦੌੜਦਾ ਘਰ ਵਾਪਸ ਆਉਂਦਾ ਹੈ। ਭੁੱਖਾ-ਪਿਆਸਾ ਉਹ ਘਰ ਦੇ ਅੰਦਰ ਆ ਕੇ ਆਪਣੇ ਕੁੱਤੇ ਨੂੰ ਗਲੇ ਲਾਉਂਦਾ ਹੈ ਤੇ ਆਪਣਾ ਸਕੂਲ ਦਾ ਬੈਗ ਮੇਜ਼ ਉੱਤੇ ਰੱਖਦਾ ਹੈ। ਫਿਰ ਉਹ ਖਾਣਾ ਖਾਣ ਲਈ ਬੈਠ ਜਾਂਦਾ ਹੈ।

ਮੈਕਸ ਦੀ ਮਾਂ ਰਸੋਈ ਵਿਚ ਹੈ। ਉਸ ਨੂੰ ਅੰਦਰ ਆਉਂਦੇ ਸੁਣ ਕੇ ਉਹ ਉਸ ਲਈ ਗਰਮ-ਗਰਮ ਚੌਲ ਲੈ ਕੇ ਆਉਂਦੀ ਹੈ। ਪਰ ਸਾਫ਼ ਮੇਜ਼ ਉੱਤੇ ਉਸ ਦਾ ਬੈਗ ਦੇਖ ਕੇ ਉਸ ਦਾ ਚਿਹਰਾ ਬਦਲ ਜਾਂਦਾ ਹੈ। ਉਹ ਸਿਰਫ਼ ਉਸ ਦਾ ਨਾਂ ਲੈਂਦੀ ਹੈ ਤੇ ਮੈਕਸ ਸਮਝ ਜਾਂਦਾ ਹੈ। ਉਹ ਜਲਦੀ ਉੱਠ ਕੇ ਆਪਣਾ ਬੈਗ ਚੁੱਕਦਾ ਹੈ ਤੇ ਆਪਣੇ ਹੱਥ ਧੋਣ ਦੌੜ ਜਾਂਦਾ ਹੈ। ਵਾਪਸ ਆ ਕੇ ਉਹ ਆਪਣੀ ਮਾਂ ਨੂੰ ਸੌਰੀ ਕਹਿੰਦਾ ਹੈ।

ਇਕ ਮਾਂ ਆਪਣੇ ਪਰਿਵਾਰ ਦੀ ਸਿਹਤ ਲਈ ਅਤੇ ਘਰ ਦੀ ਸਫ਼ਾਈ ਰੱਖਣ ਲਈ ਬਹੁਤ ਕੁਝ ਕਰ ਸਕਦੀ ਹੈ। ਪਰ ਉਸ ਨੂੰ ਆਪਣੇ ਪਰਿਵਾਰ ਦੀ ਮਦਦ ਦੀ ਲੋੜ ਹੈ ਕਿਉਂਕਿ ਸਫ਼ਾਈ ਰੱਖਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮੈਕਸ ਦੀ ਮਿਸਾਲ ਤੋਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਸਫ਼ਾਈ ਰੱਖਣ ਬਾਰੇ ਸਿਖਾਉਣਾ ਪੈਂਦਾ ਹੈ ਤੇ ਉਨ੍ਹਾਂ ਨੂੰ ਇਸ ਬਾਰੇ ਵਾਰ-ਵਾਰ ਯਾਦ ਕਰਾਉਣਾ ਪੈਂਦਾ ਹੈ।

ਮੈਕਸ ਦੀ ਮਾਂ ਨੂੰ ਪਤਾ ਹੈ ਕਿ ਬੀਮਾਰੀਆਂ ਕਈ ਤਰੀਕਿਆਂ ਨਾਲ ਫੈਲ ਸਕਦੀਆਂ ਹਨ। ਇਸ ਲਈ ਉਹ ਖਾਣਾ ਤਿਆਰ ਕਰਨ ਤੋਂ ਪਹਿਲਾਂ ਆਪਣੇ ਹੱਥ ਧੋਂਦੀ ਹੈ ਅਤੇ ਖਾਣੇ ਨੂੰ ਢੱਕ ਕੇ ਰੱਖਦੀ ਹੈ ਤਾਂਕਿ ਉਸ ਉੱਤੇ ਮੱਖੀਆਂ ਨਾ ਬੈਠਣ। ਖਾਣਾ ਢੱਕ ਕੇ ਰੱਖਣ ਅਤੇ ਘਰ ਸਾਫ਼-ਸੁਥਰਾ ਰੱਖਣ ਨਾਲ ਉਸ ਦੇ ਘਰ ਵਿਚ ਚੂਹੇ ਅਤੇ ਕਾਕਰੋਚ ਘੱਟ ਹੀ ਨਜ਼ਰ ਆਉਂਦੇ ਹਨ।

ਇੰਨੀ ਮਿਹਨਤ ਕਰਨ ਦਾ ਇਕ ਕਾਰਨ ਇਹ ਹੈ ਕਿ ਮੈਕਸ ਦੀ ਮਾਂ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ। ਉਹ ਸਮਝਾਉਂਦੀ ਹੈ: “ਪਰਮੇਸ਼ੁਰ ਦੇ ਲੋਕਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ ਕਿਉਂਕਿ ਉਹ ਵੀ ਪਵਿੱਤਰ ਹੈ।” (1 ਪਤਰਸ 1:16) ਉਹ ਅੱਗੇ ਕਹਿੰਦੀ ਹੈ ਕਿ “ਪਵਿੱਤਰ ਹੋਣਾ ਸਾਫ਼ ਹੋਣ ਦੇ ਬਰਾਬਰ ਹੈ। ਸੋ ਮੈਂ ਆਪਣਾ ਘਰ ਸਾਫ਼ ਰੱਖਣਾ ਚਾਹੁੰਦੀ ਹਾਂ ਅਤੇ ਇਹ ਵੀ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ ਸਾਫ਼-ਸੁਥਰਾ ਹੋਵੇ। ਪਰ ਇਹ ਉਦੋਂ ਹੀ ਹੋ ਸਕਦਾ ਹੈ ਜੇ ਘਰ ਦੇ ਸਾਰੇ ਜੀਅ ਇਸ ਵਿਚ ਹੱਥ ਵਟਾਉਣ।”

ਪਰਿਵਾਰ ਵਜੋਂ ਮਿਲ ਕੇ ਕੰਮ ਕਰੋ

ਜਿਵੇਂ ਮੈਕਸ ਦੀ ਮਾਂ ਨੇ ਕਿਹਾ ਸੀ ਸਫ਼ਾਈ ਰੱਖਣ ਵਿਚ ਪੂਰੇ ਪਰਿਵਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਮੇਂ-ਸਮੇਂ ਤੇ ਕਈ ਪਰਿਵਾਰ ਬੈਠ ਕੇ ਇਸ ਬਾਰੇ ਗੱਲ ਕਰਦੇ ਹਨ ਕਿ ਘਰ ਦੇ ਅੰਦਰ-ਬਾਹਰ ਸਫ਼ਾਈ ਕਿਵੇਂ ਰੱਖੀ ਜਾ ਸਕਦੀ ਹੈ ਤੇ ਉਨ੍ਹਾਂ ਨੂੰ ਕੀ-ਕੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਪਰਿਵਾਰ ਮਿਲ ਕੇ ਕੰਮ ਕਰਦਾ ਹੈ ਅਤੇ ਸਾਰੇ ਜਣੇ ਆਪੋ-ਆਪਣੀ ਜ਼ਿੰਮੇਵਾਰੀ ਚੁੱਕਦੇ ਹਨ। ਹੋ ਸਕਦੇ ਹੈ ਕਿ ਮਾਂ ਵੱਡੇ ਬੱਚਿਆਂ ਨੂੰ ਸਮਝਾਵੇ ਕਿ ਟਾਇਲਟ ਜਾਣ ਤੋਂ ਬਾਅਦ, ਪੈਸਿਆਂ ਨੂੰ ਹੱਥ ਲਾਉਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਜ਼ਰੂਰੀ ਕਿਉਂ ਹਨ। ਫਿਰ ਵੱਡੇ ਬੱਚੇ ਛੋਟਿਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਗੰਭੀਰਤਾ ਸਿਖਾ ਸਕਦੇ ਹਨ।

ਘਰ ਵਿਚ ਸਾਰਿਆਂ ਨੂੰ ਕੰਮ ਵੰਡੇ ਜਾ ਸਕਦੇ ਹਨ। ਹੋ ਸਕਦਾ ਹੈ ਕਿ ਪਰਿਵਾਰ ਘਰ ਦੀ ਸਫ਼ਾਈ ਹਰ ਹਫ਼ਤੇ ਕਰੇ ਅਤੇ ਫਿਰ ਸਾਲ ਵਿਚ ਇਕ-ਦੋ ਵਾਰ ਪੂਰੇ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰੇ। ਘਰ ਨੂੰ ਬਾਹਰੋਂ ਸਾਫ਼ ਕਰਨ ਦਾ ਵੀ ਪ੍ਰੋਗ੍ਰਾਮ ਬਣਾਓ। ਧਰਤੀ ਦੀ ਸੁਰੱਖਿਆ ਕਰਨ ਵਾਲੇ ਇਕ ਵਿਗਿਆਨੀ ਨੇ ਅਮਰੀਕਾ ਬਾਰੇ ਕਿਹਾ: “ਅਸੀਂ ਅਜਿਹੇ ਦੇਸ਼ ਵਿਚ ਰਹਿੰਦਾ ਹਾਂ ਜਿਸ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਸਾਰੇ ਪਾਸੀਂ ਹਰਿਆਲੀ ਅਤੇ ਖੁੱਲ੍ਹੇ ਥਾਂ ਘੱਟੀ ਜਾ ਰਹੇ ਹਨ ਅਤੇ ਪ੍ਰਦੂਸ਼ਣ ਵਧੀ ਜਾ ਰਿਹਾ ਹੈ।”

ਕੀ ਤੁਸੀਂ ਵੀ ਆਪਣੇ ਇਲਾਕੇ ਬਾਰੇ ਇਸੇ ਤਰ੍ਹਾਂ ਸੋਚਦੇ ਹੋ? ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ਮੱਧ ਅਫ਼ਰੀਕਾ ਦੇ ਕੁਝ ਨਗਰਾਂ ਵਿਚ ਇਕ ਐਲਾਨ ਕਰਨ ਵਾਲਾ ਭੇਜਿਆ ਜਾਂਦਾ ਹੈ ਜੋ ਲੋਕਾਂ ਦਾ ਧਿਆਨ ਖਿੱਚਣ ਲਈ ਘੰਟੀ ਵਜਾਉਂਦਾ ਹੈ। ਫਿਰ ਉੱਚੀ ਆਵਾਜ਼ ਵਿਚ ਉਹ ਉਨ੍ਹਾਂ ਨੂੰ ਯਾਦ ਕਰਾਉਂਦਾ ਹੈ ਕਿ ਉਹ ਨਗਰ ਸਾਫ਼ ਕਰਨ, ਗੰਦੀਆਂ ਨਾਲੀਆਂ ਸਾਫ਼ ਕਰਨ, ਦਰਖ਼ਤਾਂ ਨੂੰ ਛਾਂਗਣ, ਘਾਹ-ਫੂਸ ਪੁੱਟਣ ਅਤੇ ਕੂੜਾ ਸੁੱਟਣ।

ਦੁਨੀਆਂ ਭਰ ਵਿਚ ਸਰਕਾਰਾਂ ਲਈ ਕੂੜਾ ਇਕੱਠਾ ਕਰਨ ਤੇ ਸੁੱਟਣ ਦੀ ਸਮੱਸਿਆ ਬਹੁਤ ਵੱਡੀ ਹੈ। ਕਈ ਮਿਊਨਸਪੈਲਿਟੀ ਕੂੜਾ ਇਕੱਠਾ ਕਰਨ ਵਿਚ ਪਿੱਛੇ ਪੈ ਜਾਂਦੇ ਹਨ ਜਿਸ ਕਰਕੇ ਸੜਕਾਂ ’ਤੇ ਕੂੜਾ ਪਿਆ ਰਹਿੰਦਾ ਹੈ। ਸ਼ਾਇਦ ਉੱਥੇ ਰਹਿਣ ਵਾਲੇ ਲੋਕਾਂ ਤੋਂ ਮਦਦ ਮੰਗੀ ਜਾਵੇ। ਯਹੋਵਾਹ ਦੇ ਗਵਾਹ ਇਸ ਵਿਚ ਸਰਕਾਰਾਂ ਦਾ ਕਹਿਣਾ ਮੰਨਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਰੋਮੀਆਂ 13:3, 5-7) ਉਹ ਅਜਿਹੇ ਕੰਮਾਂ ਵਿਚ ਪਿੱਛੇ ਨਹੀਂ ਹਟਦੇ ਤੇ ਨਾ ਹੀ ਉਨ੍ਹਾਂ ਨੂੰ ਸਫ਼ਾਈ ਰੱਖਣ ਲਈ ਹਮੇਸ਼ਾ ਯਾਦ ਕਰਾਉਣਾ ਪੈਂਦਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਆਂਢ-ਗੁਆਂਢ ਸਾਫ਼-ਸੁਥਰਾ ਹੋਵੇ। ਉਹ ਸਮਝਦੇ ਹਨ ਕਿ ਸਫ਼ਾਈ ਰੱਖਣ ਵਿਚ ਉਨ੍ਹਾਂ ਦਾ ਵੀ ਕੋਈ ਫ਼ਰਜ਼ ਬਣਦਾ ਹੈ। ਇਸ ਕਰਕੇ ਉਹ ਆਪਣੇ ਘਰਾਂ ਵਿਚ ਸਫ਼ਾਈ ਰੱਖਣੀ ਜ਼ਰੂਰੀ ਸਮਝਦੇ ਹਨ। ਸਫ਼ਾਈ ਰੱਖਣ ਨਾਲ ਨਾ ਸਿਰਫ਼ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ, ਪਰ ਪੂਰੇ ਆਂਢ-ਗੁਆਂਢ ਦੀ ਸ਼ਾਨ ਵੀ ਵਧਦੀ ਹੈ।

ਸਾਫ਼-ਸੁਥਰੇ ਰਹਿਣ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

ਜਦ ਅਸੀਂ ਨਹਾ-ਧੋ ਕੇ ਸਹੀ ਢੰਗ ਦੇ ਕੱਪੜੇ ਪਾਉਂਦੇ ਹਾਂ, ਤਾਂ ਇਹ ਸਾਡੀ ਭਗਤੀ ਨੂੰ ਸ਼ੋਭਾ ਦਿੰਦਾ ਹੈ ਅਤੇ ਸਾਡੇ ਵੱਲ ਲੋਕਾਂ ਦਾ ਧਿਆਨ ਖਿੱਚਦਾ ਹੈ। ਮਿਸਾਲ ਲਈ, ਟੂਲੂਸ, ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਤੋਂ ਬਾਅਦ 15 ਕੁ ਨੌਜਵਾਨ ਇਕ ਰੈਸਤੋਰਾਂ ਨੂੰ ਗਏ। ਨਾਲ ਦੇ ਮੇਜ਼ ’ਤੇ ਇਕ ਸਿਆਣਾ ਜੋੜਾ ਬੈਠੇ ਸਨ ਤੇ ਉਨ੍ਹਾਂ ਨੇ ਸੋਚਿਆ ਕਿ ਇਨ੍ਹਾਂ ਨੌਜਵਾਨਾਂ ਨੇ ਸ਼ੋਰ ਮਚਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਦੇਣਾ ਹੈ। ਪਰ ਉਹ ਹੈਰਾਨ ਹੋਏ ਕਿ ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ਼ ਸੋਹਣੇ ਕੱਪੜੇ ਪਹਿਨੇ ਹੋਏ ਸਨ, ਲੇਕਿਨ ਉਹ ਤਮੀਜ਼ ਨਾਲ ਬੈਠ ਕੇ ਗੱਲਾਂ-ਬਾਤਾਂ ਵੀ ਕਰ ਰਹੇ ਸਨ। ਜਦ ਨੌਜਵਾਨ ਘਰ ਜਾਣ ਲਈ ਉੱਠੇ, ਤਾਂ ਇਸ ਜੋੜੇ ਨੇ ਉਨ੍ਹਾਂ ਦੇ ਚਾਲ-ਚਲਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ-ਕੱਲ੍ਹ ਚੰਗੇ ਨੌਜਵਾਨ ਬਹੁਤ ਘੱਟ ਹੀ ਮਿਲਦੇ ਹਨ।

ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ, ਛਾਪੇਖ਼ਾਨਿਆਂ ਅਤੇ ਰਹਿਣ ਦੀ ਜਗ੍ਹਾ ਨੂੰ ਆਉਣ ਵਾਲੇ ਮਹਿਮਾਨ ਉੱਥੇ ਦੀ ਸਫ਼ਾਈ ਦੇਖ ਕੇ ਹੈਰਾਨ ਹੁੰਦੇ ਹਨ। ਇੱਥੇ ਸੇਵਾ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੋਜ਼ ਨਹਾਉਣ ਅਤੇ ਸਾਫ਼-ਸੁਥਰੇ ਕੱਪੜੇ ਪਾਉਣ। ਭਾਵੇਂ ਅਸੀਂ ਪਰਫਿਊਮ ਜਾਂ ਸਪ੍ਰੇ ਵਰਤਦੇ ਹਾਂ, ਫਿਰ ਵੀ ਨਹਾਉਣਾ-ਧੋਣਾ ਜ਼ਰੂਰੀ ਹੈ। ਜਦ ਇਹ ਸੇਵਾ ਕਰਨ ਵਾਲੇ ਭੈਣ-ਭਰਾ ਸ਼ਾਮ ਨੂੰ ਜਾਂ ਸ਼ਨੀਵਾਰ-ਐਤਵਾਰ ਨੂੰ ਪ੍ਰਚਾਰ ਕਰਨ ਜਾਂਦੇ ਹਨ, ਤਾਂ ਉਨ੍ਹਾਂ ਦਾ ਚੰਗਾ ਪਹਿਰਾਵਾ ਦੇਖ ਕੇ ਲੋਕਾਂ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ।

“ਪਰਮੇਸ਼ੁਰ ਦੀ ਰੀਸ ਕਰੋ”

ਮਸੀਹੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ “ਪਰਮੇਸ਼ੁਰ ਦੀ ਰੀਸ” ਕਰਨ। (ਅਫ਼ਸੀਆਂ 5:1) ਯਸਾਯਾਹ ਨਬੀ ਨੂੰ ਇਕ ਦਰਸ਼ਣ ਦਿੱਤਾ ਗਿਆ ਸੀ ਜਿਸ ਵਿਚ ਫ਼ਰਿਸ਼ਤੇ ਕਹਿੰਦੇ ਹਨ ਕਿ ਪਰਮੇਸ਼ੁਰ “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ” ਹੈ। (ਯਸਾਯਾਹ 6:3) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸ਼ੁੱਧਤਾ ਅਤੇ ਪਵਿੱਤਰਤਾ ਦੀ ਸਭ ਤੋਂ ਵਧੀਆ ਮਿਸਾਲ ਹੈ। ਇਸੇ ਲਈ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਪਵਿੱਤਰ ਅਤੇ ਸਾਫ਼ ਹੋਣ। ਉਹ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।”—1 ਪਤਰਸ 1:16.

ਬਾਈਬਲ ਵਿਚ ਲਿਖਿਆ ਹੈ ਕਿ ਮਸੀਹੀਆਂ ਨੂੰ “ਸ਼ੋਬਾ ਦੇਣ ਵਾਲੇ . . . ਕਪੜੇ ਪਹਿਨਣ” ਦੀ ਲੋੜ ਹੈ। (1 ਤਿਮੋਥਿਉਸ 2:9, CL) ਪਰਕਾਸ਼ ਦੀ ਪੋਥੀ ਵਿਚ “ਭੜਕੀਲੇ ਅਤੇ ਸਾਫ ਕਤਾਨ ਦੀ ਪੁਸ਼ਾਕ” ਉਨ੍ਹਾਂ ਸੇਵਕਾਂ ਦੇ ਧਰਮੀ ਕੰਮਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਪਵਿੱਤਰ ਸਮਝਦਾ ਹੈ। (ਪਰਕਾਸ਼ ਦੀ ਪੋਥੀ 19:8) ਦੂਸਰੇ ਪਾਸੇ, ਬਾਈਬਲ ਵਿਚ ਪਾਪ ਨੂੰ ਇਕ ਦਾਗ਼ ਜਾਂ ਕਲੰਕ ਨਾਲ ਦਰਸਾਇਆ ਜਾਂਦਾ ਹੈ।—ਕਹਾਉਤਾਂ 15:26; ਯਸਾਯਾਹ 1:16; ਯਾਕੂਬ 1:27.

ਅੱਜ ਲੱਖਾਂ ਹੀ ਲੋਕ ਅਜਿਹੀ ਜਗ੍ਹਾ ਰਹਿੰਦੇ ਹਨ ਜਿੱਥੇ ਸਾਫ਼-ਸੁਥਰੇ ਰਹਿਣਾ, ਨੇਕੀ ਨਾਲ ਚੱਲਣਾ ਅਤੇ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਰਨੀ ਮੁਸ਼ਕਲ ਹੈ। ਇਸ ਮੁਸ਼ਕਲ ਦਾ ਹੱਲ ਉਦੋਂ ਹੋਵੇਗਾ ਜਦ ਪਰਮੇਸ਼ੁਰ ‘ਸੱਭੋ ਕੁਝ ਨਵਾਂ ਬਣਾਵੇਗਾ।’ (ਪਰਕਾਸ਼ ਦੀ ਪੋਥੀ 21:5) ਜਦ ਪਰਮੇਸ਼ੁਰ ਇਸ ਤਰ੍ਹਾਂ ਕਰੇਗਾ, ਤਾਂ ਹਰ ਤਰ੍ਹਾਂ ਦੀ ਗੰਦਗੀ ਹਮੇਸ਼ਾ ਲਈ ਮਿਟਾਈ ਜਾਵੇਗੀ। (w09 12/1)

[ਫੁਟਨੋਟ]

^ ਪੈਰਾ 6 ਅਸਲੀ ਨਾਂ ਨਹੀਂ।

[ਸਫ਼ਾ 10 ਉੱਤੇ ਡੱਬੀ]

ਪਰਮੇਸ਼ੁਰ ਸਫ਼ਾਈ ਚਾਹੁੰਦਾ ਹੈ

ਜਦ ਇਸਰਾਏਲੀ ਉਜਾੜ ਵਿਚ ਸਨ, ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਟੱਟੀ ਬੈਠਣ ਤੋਂ ਬਾਅਦ ਉਸ ਨੂੰ ਦੱਬਿਆ ਜਾਵੇ। (ਬਿਵਸਥਾ ਸਾਰ 23:12-14) ਇੰਨੇ ਸਾਰੇ ਲੋਕ ਹੋਣ ਕਰਕੇ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ। ਪਰ ਇਸ ਤਰ੍ਹਾਂ ਕਰਨ ਨਾਲ ਟਾਈਫਾਈਡ ਅਤੇ ਹੈਜ਼ਾ ਵਰਗੀਆਂ ਬੀਮਾਰੀਆਂ ਤੋਂ ਉਨ੍ਹਾਂ ਦਾ ਬਚਾਅ ਹੋਇਆ।

ਲੋਕਾਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਜੋ ਵੀ ਚੀਜ਼ ਲਾਸ਼ ਨਾਲ ਲੱਗਦੀ ਸੀ ਉਸ ਨੂੰ ਧੋਤਾ ਜਾਵੇ ਜਾਂ ਭੰਨ ਸੁੱਟਿਆ ਜਾਵੇ। ਇਸਰਾਏਲੀ ਸ਼ਾਇਦ ਇਸ ਤਰ੍ਹਾਂ ਕਰਨ ਦਾ ਕਾਰਨ ਨਹੀਂ ਸਮਝਦੇ ਸਨ, ਪਰ ਇਸ ਤਰ੍ਹਾਂ ਬੀਮਾਰੀਆਂ ਤੋਂ ਬਚਣ ਵਿਚ ਉਨ੍ਹਾਂ ਦੀ ਮਦਦ ਹੋਈ।—ਲੇਵੀਆਂ 11:32-38.

ਜਾਜਕਾਂ ਨੂੰ ਡੇਹਰੇ ਵਿਚ ਸੇਵਾ ਕਰਨ ਤੋਂ ਪਹਿਲਾਂ ਹੱਥ-ਪੈਰ ਧੋਣੇ ਪੈਂਦੇ ਸਨ। ਇਸ ਲਈ ਤਾਂਬੇ ਦਾ ਇਕ ਵੱਡਾ ਕਟੋਰਾ ਸੀ ਜਿਸ ਵਿਚ ਪਾਣੀ ਭਰਿਆ ਹੁੰਦਾ ਸੀ। ਇਸ ਵਿਚ ਪਾਣੀ ਭਰਨਾ ਕੋਈ ਸੌਖਾ ਕੰਮ ਨਹੀਂ ਸੀ, ਫਿਰ ਵੀ ਯਹੋਵਾਹ ਦੇ ਕਹਿਣੇ ਅਨੁਸਾਰ ਹੱਥ-ਪੈਰ ਧੋਣੇ ਜ਼ਰੂਰੀ ਸਨ।—ਕੂਚ 30:17-21.

[ਸਫ਼ਾ 11 ਉੱਤੇ ਡੱਬੀ]

ਇਕ ਡਾਕਟਰ ਦੀ ਸਲਾਹ

ਪਾਣੀ ਤੋਂ ਬਿਨਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਪਰ ਜੇ ਪਾਣੀ ਗੰਦਾ ਹੋਵੇ, ਤਾਂ ਅਸੀਂ ਬੀਮਾਰ ਹੋ ਸਕਦੇ ਹਾਂ ਜਾਂ ਮਰ ਵੀ ਸਕਦੇ ਹਾਂ। ਡਾਕਟਰ ਅਮਬੰਗਾ ਲੋਬੇ ਕੈਮਰੂਨ ਦੀ ਡੂਆਲਾ ਬੰਦਰਗਾਹ ਦੇ ਮੈਡੀਕਲ ਸੈਂਟਰ ਵਿਚ ਕੰਮ ਕਰਦਾ ਹੈ। ਉਸ ਨੇ ਇਕ ਇੰਟਰਵਿਊ ਵਿਚ ਸਲਾਹ-ਮਸ਼ਵਰਾ ਦਿੱਤਾ।

“ਜੇ ਤੁਹਾਨੂੰ ਲੱਗਦਾ ਹੈ ਕਿ ਪਾਣੀ ਸਾਫ਼ ਨਹੀਂ, ਤਾਂ ਪੀਣ ਤੋਂ ਪਹਿਲਾਂ ਉਸ ਨੂੰ ਉਬਾਲ ਲਓ।” ਉਸ ਨੇ ਚੇਤਾਵਨੀ ਦਿੱਤੀ: “ਜੇ ਤੁਸੀਂ ਬਲੀਚ ਜਾਂ ਹੋਰ ਦਵਾਈਆਂ ਵਰਤਣੀਆਂ ਚਾਹੁੰਦੇ ਹੋ, ਤਾਂ ਇਨ੍ਹਾਂ ਨੂੰ ਖ਼ਿਆਲ ਨਾਲ ਵਰਤੋ ਕਿਉਂਕਿ ਇਹ ਖ਼ਤਰਨਾਕ ਵੀ ਹੋ ਸਕਦੀਆਂ ਹਨ। ਖਾਣਾ ਖਾਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਹਮੇਸ਼ਾ ਪਾਣੀ ਅਤੇ ਸਾਬਣ ਨਾਲ ਧੋਵੋ। ਸਾਬਣ ਮਹਿੰਗਾ ਨਹੀਂ ਹੁੰਦਾ, ਸੋ ਗ਼ਰੀਬ ਲੋਕ ਵੀ ਇਸ ਨੂੰ ਖ਼ਰੀਦ ਸਕਦੇ ਹਨ। ਜੇ ਤੁਹਾਨੂੰ ਚਮੜੀ ਦੀ ਬੀਮਾਰੀ ਹੈ, ਤਾਂ ਬਾਕਾਇਦਾ ਆਪਣੇ ਕੱਪੜੇ ਗਰਮ ਪਾਣੀ ਨਾਲ ਧੋਵੋ।”

ਡਾਕਟਰ ਨੇ ਅੱਗੇ ਕਿਹਾ: “ਪਰਿਵਾਰ ਦੇ ਸਾਰੇ ਜੀਆਂ ਨੂੰ ਘਰ ਨੂੰ ਅੰਦਰੋਂ-ਬਾਹਰੋਂ ਸਾਫ਼ ਰੱਖਣਾ ਚਾਹੀਦਾ ਹੈ। ਕਈ ਵਾਰ ਟਾਇਲਟ ਵਿਚ ਸਫ਼ਾਈ ਨਹੀਂ ਰੱਖੀ ਜਾਂਦੀ ਜਿਸ ਕਰਕੇ ਉੱਥੇ ਕਾਕਰੋਚ ਅਤੇ ਮੱਖੀਆਂ ਡੇਰਾ ਲਾ ਲੈਂਦੀਆਂ ਹਨ।” ਬੱਚਿਆਂ ਬਾਰੇ ਜ਼ਰੂਰੀ ਗੱਲ ਦੱਸਦੇ ਹੋਏ ਉਸ ਨੇ ਇਹ ਚੇਤਾਵਨੀ ਦਿੱਤੀ: “ਸਮੁੰਦਰ ਵਿੱਚੋਂ ਨਿਕਲਦੀਆਂ ਛੋਟੀਆਂ ਨਦੀਆਂ ਜਾਂ ਖਾੜੀਆਂ ਵਿਚ ਨਾ ਨਹਾਓ ਕਿਉਂਕਿ ਉਨ੍ਹਾਂ ਵਿਚ ਕਈ ਖ਼ਤਰਨਾਕ ਰੋਗਾਣੂ ਹੁੰਦੇ ਹਨ। ਰਾਤ ਨੂੰ ਨਹਾ ਕੇ ਅਤੇ ਦੰਦ ਸਾਫ਼ ਕਰ ਕੇ ਸੌਂਵੋ। ਮੱਛਰਦਾਨੀ ਵਰਤੋਂ।” ਇਹ ਸਲਾਹ ਇਸ ਲਈ ਦਿੱਤੀ ਜਾਂਦੀ ਹੈ ਤਾਂਕਿ ਤੁਸੀਂ ਪਹਿਲਾਂ ਸੋਚੋ, ਫਿਰ ਕਦਮ ਚੁੱਕੋ ਅਤੇ ਮੁਸੀਬਤ ਤੋਂ ਬਚੋ।

[ਸਫ਼ਾ 10 ਉੱਤੇ ਤਸਵੀਰ]

ਆਪਣੇ ਕੱਪੜੇ ਧੋਣ ਨਾਲ ਤੁਸੀਂ ਚਮੜੀ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ

[ਸਫ਼ਾ 10 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਆਪਣਾ ਆਂਢ-ਗੁਆਂਢ ਵੀ ਸਾਫ਼ ਰੱਖਦੇ ਹਨ

[ਸਫ਼ਾ 10 ਉੱਤੇ ਤਸਵੀਰ]

ਇਕ ਮਾਂ ਆਪਣੇ ਪਰਿਵਾਰ ਦੀ ਸਿਹਤ ਲਈ ਬਹੁਤ ਕੁਝ ਕਰ ਸਕਦੀ ਹੈ