Skip to content

Skip to table of contents

ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?

ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?

ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?

‘ਵਰਤ ਰੱਖਣ ਨਾਲ ਤੁਸੀਂ ਰੱਬ ਦੀ ਭਗਤੀ ਬਾਰੇ ਡੂੰਘੀ ਤਰ੍ਹਾਂ ਸੋਚ ਸਕਦੇ ਹੋ। ਨਾਲੇ ਤੁਹਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਭੋਜਨ ਤੇ ਦੁਨਿਆਵੀ ਚੀਜ਼ਾਂ ਇੰਨੀਆਂ ਜ਼ਰੂਰੀ ਨਹੀਂ।’—ਇਕ ਕੈਥੋਲਿਕ ਤੀਵੀਂ।

‘ਵਰਤ ਰੱਖ ਕੇ ਤੁਹਾਨੂੰ ਪਰਮੇਸ਼ੁਰ ਦੇ ਨਜ਼ਦੀਕ ਹੋਣ ਦਾ ਅਹਿਸਾਸ ਹੁੰਦਾ ਹੈ।’—ਇਕ ਯਹੂਦੀ ਆਗੂ।

‘ਮੇਰੇ ਧਰਮ ਵਿਚ ਵਰਤ ਰੱਖਣਾ ਇਕ ਫ਼ਰਜ਼ ਹੈ ਜਿਸ ਰਾਹੀਂ ਮੈਂ ਰੱਬ ਦੀ ਪੂਜਾ ਤੇ ਉਸ ਦਾ ਧੰਨਵਾਦ ਕਰ ਸਕਦੀ ਹਾਂ। ਮੈਂ ਇਸ ਲਈ ਵਰਤ ਰੱਖਦੀ ਹਾਂ ਕਿਉਂਕਿ ਮੈਂ ਰੱਬ ਨੂੰ ਪਿਆਰ ਕਰਦੀ ਹਾਂ।’—ਬਹਾਈ ਧਰਮ ਨੂੰ ਮੰਨਣ ਵਾਲੀ ਇਕ ਔਰਤ।

ਵਰਤ ਰੱਖਣੇ ਕਈਆਂ ਧਰਮਾਂ ਵਿਚ ਆਮ ਹਨ ਜਿਵੇਂ ਕਿ ਬੋਧੀ, ਹਿੰਦੂ, ਮੁਸਲਮਾਨ, ਜੈਨ ਅਤੇ ਯਹੂਦੀ ਲੋਕ ਰੱਖਦੇ ਹਨ। ਕਈ ਲੋਕ ਮੰਨਦੇ ਹਨ ਕਿ ਕੁਝ ਸਮੇਂ ਲਈ ਭੁੱਖੇ ਰਹਿਣ ਨਾਲ ਰੱਬ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਪੱਕਾ ਹੁੰਦਾ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਤੁਹਾਨੂੰ ਵਰਤ ਰੱਖਣੇ ਚਾਹੀਦੇ ਹਨ? ਬਾਈਬਲ ਵਿਚ ਇਸ ਬਾਰੇ ਰੱਬ ਕੀ ਕਹਿੰਦਾ ਹੈ?

ਬਾਈਬਲ ਦੇ ਜ਼ਮਾਨੇ ਵਿਚ ਵਰਤ

ਬਾਈਬਲ ਦੇ ਜ਼ਮਾਨੇ ਵਿਚ ਲੋਕੀ ਵੱਖ-ਵੱਖ ਕਾਰਨਾਂ ਲਈ ਵਰਤ ਰੱਖਦੇ ਸਨ ਜਿਸ ਤੋਂ ਰੱਬ ਖ਼ੁਸ਼ ਹੋਇਆ ਸੀ। ਕਈਆਂ ਨੇ ਆਪਣੇ ਪਾਪਾਂ ਕਰਕੇ ਸੋਗ ਜਾਂ ਤੋਬਾ ਕਰਨ ਲਈ (1 ਸਮੂਏਲ 7:4-6), ਰੱਬ ਦੀ ਮਿਹਰ ਪਾਉਣ ਲਈ ਜਾਂ ਉਸ ਦੀ ਸਲਾਹ ਮੰਗਣ ਲਈ (ਨਿਆਈਆਂ 20:26-28; ਲੂਕਾ 2:36, 37), ਜਾਂ ਮਨਨ ਕਰਨ ਲਈ ਵਰਤ ਰੱਖੇ ਸਨ।—ਮੱਤੀ 4:1, 2.

ਬਾਈਬਲ ਉਨ੍ਹਾਂ ਲੋਕਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਨੇ ਅਜਿਹੇ ਵਰਤ ਰੱਖੇ ਜਿਸ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਸੀ। ਰਾਜਾ ਸ਼ਾਊਲ ਨੇ ਜਾਦੂਗਰਨੀ ਕੋਲ ਜਾਣ ਤੋਂ ਪਹਿਲਾਂ ਵਰਤ ਰੱਖਿਆ ਸੀ। (ਲੇਵੀਆਂ 20:6; 1 ਸਮੂਏਲ 28:20) ਦੁਸ਼ਟ ਲੋਕਾਂ ਨੇ ਵੀ ਵਰਤ ਰੱਖੇ ਸਨ। ਮਿਸਾਲ ਲਈ, ਇਕ ਸੀ ਈਜ਼ਬਲ ਅਤੇ ਦੂਜੇ ਸਨ ਉਹ ਕੱਟੜ ਯਹੂਦੀ ਜਿਨ੍ਹਾਂ ਨੇ ਪੌਲੁਸ ਰਸੂਲ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਸੀ। (1 ਰਾਜਿਆਂ 21:7-12; ਰਸੂਲਾਂ ਦੇ ਕਰਤੱਬ 23:12-14) ਫ਼ਰੀਸੀ ਵੀ ਵਰਤ ਰੱਖਣ ਲਈ ਮਸ਼ਹੂਰ ਸਨ। (ਮਰਕੁਸ 2:18) ਫਿਰ ਵੀ ਯਿਸੂ ਨੇ ਉਨ੍ਹਾਂ ਦੀ ਨਿੰਦਿਆ ਕੀਤੀ ਤੇ ਉਨ੍ਹਾਂ ਉੱਤੇ ਰੱਬ ਦੀ ਮਿਹਰ ਨਹੀਂ ਸੀ। (ਮੱਤੀ 6:16; ਲੂਕਾ 18:12) ਇਸੇ ਤਰ੍ਹਾਂ ਕੁਝ ਇਸਰਾਏਲੀਆਂ ਨੇ ਵੀ ਵਰਤ ਰੱਖੇ ਸਨ, ਪਰ ਯਹੋਵਾਹ ਨੇ ਉਨ੍ਹਾਂ ਦੀ ਨਹੀਂ ਸੁਣੀ ਕਿਉਂਕਿ ਉਨ੍ਹਾਂ ਦੇ ਦਿਲ ਅਤੇ ਕੰਮ ਬੁਰੇ ਸਨ।—ਯਿਰਮਿਯਾਹ 14:12.

ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਵਰਤ ਰੱਖਣ ਨਾਲ ਹੀ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। ਪਰ ਪਰਮੇਸ਼ੁਰ ਦੇ ਕਈ ਸੇਵਕਾਂ ਨੇ ਵਰਤ ਰੱਖ ਕੇ ਉਸ ਦੀ ਮਿਹਰ ਪਾਈ ਸੀ। ਸੋ ਕੀ ਮਸੀਹੀਆਂ ਨੂੰ ਵੀ ਵਰਤ ਰੱਖਣੇ ਚਾਹੀਦੇ ਹਨ?

ਕੀ ਮਸੀਹੀਆਂ ਲਈ ਵਰਤ ਰੱਖਣੇ ਜ਼ਰੂਰੀ ਹਨ?

ਮੂਸਾ ਦੀ ਬਿਵਸਥਾ ਵਿਚ ਯਹੂਦੀਆਂ ਨੂੰ ਸਾਲ ਵਿਚ ਇਕ ਵਾਰ ਪ੍ਰਾਸਚਿਤ ਦੇ ਦਿਨ ਤੇ “ਆਪਣੇ ਪ੍ਰਾਣਾਂ ਨੂੰ ਦੁਖ” ਦੇਣ ਯਾਨੀ ਵਰਤ ਰੱਖਣ ਦਾ ਹੁਕਮ ਦਿੱਤਾ ਗਿਆ ਸੀ। (ਲੇਵੀਆਂ 16:29-31; ਜ਼ਬੂਰਾਂ ਦੀ ਪੋਥੀ 35:13) ਸਿਰਫ਼ ਇਸੇ ਸਮੇਂ ਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਵਰਤ ਰੱਖਣ ਦਾ ਹੁਕਮ ਦਿੱਤਾ ਸੀ। * ਮੂਸਾ ਦੀ ਬਿਵਸਥਾ ਦੇ ਅਧੀਨ ਯਹੂਦੀਆਂ ਨੇ ਇਹ ਹੁਕਮ ਮੰਨਿਆ ਸੀ। ਪਰ ਅੱਜ ਮਸੀਹੀ ਇਸ ਬਿਵਸਥਾ ਦੇ ਅਧੀਨ ਨਹੀਂ ਹਨ।—ਰੋਮੀਆਂ 10:4; ਕੁਲੁੱਸੀਆਂ 2:14.

ਭਾਵੇਂ ਯਿਸੂ ਨੇ ਬਿਵਸਥਾ ਮੁਤਾਬਕ ਵਰਤ ਰੱਖੇ ਸਨ, ਪਰ ਉਹ ਵਰਤ ਰੱਖਣ ਲਈ ਮਸ਼ਹੂਰ ਨਹੀਂ ਸੀ। ਉਸ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਸੀ ਕਿ ਵਰਤ ਰੱਖਣ ਵੇਲੇ ਉਨ੍ਹਾਂ ਨੂੰ ਕੀ-ਕੀ ਕਰਨਾ ਚਾਹੀਦਾ ਹੈ, ਪਰ ਉਸ ਨੇ ਕਦੀ ਵੀ ਉਨ੍ਹਾਂ ਨੂੰ ਵਰਤ ਰੱਖਣ ਦਾ ਹੁਕਮ ਨਹੀਂ ਦਿੱਤਾ ਸੀ। (ਮੱਤੀ 6:16-18; 9:14) ਜੇ ਇਹ ਸੱਚ ਹੈ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕਿਉਂ ਕਿਹਾ ਸੀ ਕਿ ਉਹ ਉਸ ਦੀ ਮੌਤ ਤੋਂ ਬਾਅਦ ਵਰਤ ਰੱਖਣਗੇ? (ਮੱਤੀ 9:15) ਇਹ ਹੁਕਮ ਨਹੀਂ ਸੀ। ਯਿਸੂ ਦਾ ਮਤਲਬ ਇਹ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਸੋਗ ਕਰਨਗੇ ਅਤੇ ਉਨ੍ਹਾਂ ਦੇ ਗਮ ਕਰਕੇ ਉਨ੍ਹਾਂ ਦੀ ਭੁੱਖ ਮਰ ਜਾਵੇਗੀ।

ਬਾਈਬਲ ਦੇ ਦੋ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਮਸੀਹੀਆਂ ਨੇ ਵਰਤ ਰੱਖੇ ਸਨ। ਇਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਕੋਈ ਸਹੀ ਇਰਾਦੇ ਨਾਲ ਵਰਤ ਰੱਖੇ, ਤਾਂ ਇਹ ਰੱਬ ਨੂੰ ਮਨਜ਼ੂਰ ਹੈ। (ਰਸੂਲਾਂ ਦੇ ਕਰਤੱਬ 13:2, 3; 14:23) * ਮਸੀਹੀਆਂ ਲਈ ਵਰਤ ਰੱਖਣੇ ਜ਼ਰੂਰੀ ਨਹੀਂ ਹਨ। ਪਰ ਜੇ ਕੋਈ ਵਰਤ ਰੱਖਣਾ ਚਾਹੇ, ਤਾਂ ਉਸ ਨੂੰ ਕੁਝ ਫੰਦਿਆਂ ਤੋਂ ਬਚਣਾ ਚਾਹੀਦਾ ਹੈ।

ਫੰਦਿਆਂ ਤੋਂ ਬਚੋ

ਇਕ ਫੰਦਾ ਹੈ ਇਸ ਲਈ ਵਰਤ ਰੱਖਣਾ ਤਾਂਕਿ ਦੂਸਰੇ ਤੁਹਾਨੂੰ ਧਰਮੀ ਸਮਝਣ। ਬਾਈਬਲ ਚੇਤਾਵਨੀ ਦਿੰਦੀ ਹੈ ਕਿ ਸਾਨੂੰ “ਅਧੀਨਤਾਈ” ਯਾਨੀ ਨਿਮਰ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ। (ਕੁਲੁੱਸੀਆਂ 2:20-23) ਯਿਸੂ ਨੇ ਇਕ ਦ੍ਰਿਸ਼ਟਾਂਤ ਦਿੱਤਾ ਸੀ ਜਿਸ ਵਿਚ ਇਕ ਘਮੰਡੀ ਫ਼ਰੀਸੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਚੰਗਾ ਸਮਝਦਾ ਸੀ ਕਿਉਂਕਿ ਉਹ ਹਰ ਹਫ਼ਤੇ ਦੋ ਵਾਰ ਵਰਤ ਰੱਖਦਾ ਸੀ। ਪਰ ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਨੇ ਉਸ ਦੀ ਸੇਵਾ ਕਬੂਲ ਨਹੀਂ ਕੀਤੀ।​—ਲੂਕਾ 18:9-14.

ਤੁਹਾਨੂੰ ਦੂਸਰਿਆਂ ਨੂੰ ਦਿਖਾਉਣ ਲਈ ਵਰਤ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਦੂਸਰਿਆਂ ਦੇ ਕਹਿਣੇ ਤੇ ਵਰਤ ਰੱਖਣਾ ਚਾਹੀਦਾ ਹੈ। ਇਹ ਗ਼ਲਤ ਹੋਵੇਗਾ ਕਿਉਂਕਿ ਮੱਤੀ 6:16-18 ਵਿਚ ਯਿਸੂ ਨੇ ਕਿਹਾ ਸੀ ਕਿ ਇਹ ਗੱਲ ਤੁਹਾਡੇ ਅਤੇ ਰੱਬ ਦੇ ਵਿਚਕਾਰ ਹੋਣੀ ਚਾਹੀਦੀ ਹੈ। ਤੁਹਾਨੂੰ ਹੋਰਨਾਂ ਨੂੰ ਇਸ ਬਾਰੇ ਨਹੀਂ ਦੱਸਣਾ ਚਾਹੀਦਾ।

ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਜੇ ਅਸੀਂ ਕੋਈ ਪਾਪ ਕੀਤਾ ਹੈ, ਤਾਂ ਵਰਤ ਰੱਖਣ ਨਾਲ ਸਾਡੇ ਪਾਪ ਮਿਟਾਏ ਜਾਣਗੇ। ਰੱਬ ਨੂੰ ਖ਼ੁਸ਼ ਕਰਨ ਲਈ ਵਰਤ ਰੱਖਣ ਦੇ ਨਾਲ-ਨਾਲ ਸਾਨੂੰ ਉਸ ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ। (ਯਸਾਯਾਹ 58:3-7) ਦਿਲੋਂ ਤੋਬਾ ਕਰਨੀ ਨਾ ਕਿ ਵਰਤ ਰੱਖਣ ਨਾਲ ਪਾਪਾਂ ਦੀ ਮਾਫ਼ੀ ਮਿਲਦੀ ਹੈ। (ਯੋਏਲ 2:12, 13) ਬਾਈਬਲ ਦਿਖਾਉਂਦੀ ਹੈ ਕਿ ਸਾਨੂੰ ਮਾਫ਼ੀ ਸਿਰਫ਼ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਮਿਲ ਸਕਦੀ ਹੈ ਜੋ ਯਹੋਵਾਹ ਦੀ ਦਇਆ ਦਾ ਸਬੂਤ ਹੈ। ਅਸੀਂ ਵਰਤ ਰੱਖਣ ਅਤੇ ਹੋਰਨਾਂ ਕੰਮਾਂ ਰਾਹੀਂ ਮਾਫ਼ੀ ਨਹੀਂ ਕਮਾ ਸਕਦੇ।​—ਰੋਮੀਆਂ 3:24, 27, 28; ਗਲਾਤੀਆਂ 2:16; ਅਫ਼ਸੀਆਂ 2:8, 9.

ਯਸਾਯਾਹ 58:3 ਵਿਚ ਇਕ ਹੋਰ ਫੰਦੇ ਬਾਰੇ ਦੱਸਿਆ ਗਿਆ ਹੈ। ਇਸਰਾਏਲੀਆਂ ਨੂੰ ਲੱਗਾ ਕਿ ਵਰਤ ਰੱਖ ਕੇ ਉਹ ਯਹੋਵਾਹ ਉੱਤੇ ਕੋਈ ਅਹਿਸਾਨ ਕਰ ਰਹੇ ਸਨ ਜਿਸ ਲਈ ਯਹੋਵਾਹ ਨੂੰ ਉਨ੍ਹਾਂ ’ਤੇ ਮਿਹਰ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਪੁੱਛਿਆ: “ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ? ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ?” ਅੱਜ ਵੀ ਕਈ ਲੋਕ ਸੋਚਦੇ ਹਨ ਕਿ ਵਰਤ ਰੱਖਣ ਦੇ ਬਦਲੇ ਰੱਬ ਨੂੰ ਉਨ੍ਹਾਂ ਨੂੰ ਕੋਈ ਬਰਕਤ ਦੇਣੀ ਚਾਹੀਦੀ ਹੈ। ਸਾਨੂੰ ਅਜਿਹੀ ਗੁਸਤਾਖ਼ੀ ਕਦੀ ਨਹੀਂ ਕਰਨੀ ਚਾਹੀਦੀ!

ਦੂਸਰੇ ਵਿਸ਼ਵਾਸ ਕਰਦੇ ਹਨ ਕਿ ਵਰਤ ਰੱਖ ਕੇ, ਸਰੀਰ ਨੂੰ ਕੋਰੜੇ ਮਾਰ ਕੇ, ਵਗੈਰਾ ਅਸੀਂ ਰੱਬ ਦੀ ਮਿਹਰ ਪਾ ਸਕਦੇ ਹਾਂ। ਬਾਈਬਲ ਅਨੁਸਾਰ ਇਹ ਗ਼ਲਤ ਹੈ ਕਿਉਂਕਿ ਉਸ ਵਿਚ ਲਿਖਿਆ ਹੈ ਕਿ “ਦੇਹੀ ਦੀ ਤਪੱਸਿਆ” ਕਰਨੀ ‘ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਕਿਸੇ ਕੰਮ ਦੀ ਨਹੀਂ।’​—ਕੁਲੁੱਸੀਆਂ 2:20-23.

ਸਹੀ ਨਜ਼ਰੀਆ

ਵਰਤ ਰੱਖਣੇ ਨਾ ਤਾਂ ਜ਼ਰੂਰੀ ਹਨ ਤੇ ਨਾ ਹੀ ਇਹ ਗ਼ਲਤ ਹਨ। ਇਸ ਦੇ ਲਾਭ ਵੀ ਹੋ ਸਕਦੇ ਹਨ ਜੇ ਅਸੀਂ ਇਸ ਲੇਖ ਵਿਚ ਦੱਸੇ ਫੰਦਿਆਂ ਤੋਂ ਬਚੀਏ। ਪਰ ਰੱਬ ਦੀ ਭਗਤੀ ਕਰਨ ਵਿਚ ਵਰਤ ਰੱਖਣੇ ਸਭ ਤੋਂ ਜ਼ਰੂਰੀ ਨਹੀਂ ਹਨ। ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਖ਼ੁਸ਼ ਹੋਣ। ਉਸ ਦਾ ਬਚਨ ਕਹਿੰਦਾ ਹੈ: “ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ . . . ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”​—ਉਪਦੇਸ਼ਕ ਦੀ ਪੋਥੀ 3:12, 13.

ਸਾਨੂੰ ਖ਼ੁਸ਼ੀ ਨਾਲ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ, ਪਰ ਬਾਈਬਲ ਵਰਤ ਰੱਖਣ ਦਾ ਤਅੱਲਕ ਕਦੀ ਵੀ ਖ਼ੁਸ਼ੀ ਨਾਲ ਨਹੀਂ ਜੋੜਦੀ। ਜੇ ਭੁੱਖੇ ਰਹਿਣ ਨਾਲ ਸਾਡੀ ਸਿਹਤ ’ਤੇ ਮਾੜਾ ਅਸਰ ਪਵੇ ਜਾਂ ਸਾਡੀ ਤਾਕਤ ਨਿਚੋੜੀ ਜਾਵੇ ਤਾਂਕਿ ਅਸੀਂ ਉਹ ਕੰਮ ਨਾ ਕਰ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਸੌਂਪਿਆ ਹੈ​—ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ​—ਫਿਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।

ਭਾਵੇਂ ਅਸੀਂ ਵਰਤ ਰੱਖੀਏ ਕਿ ਨਾ, ਪਰ ਸਾਨੂੰ ਦੂਸਰਿਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਮਸੀਹੀਆਂ ਵਿਚ ਇਸ ਗੱਲ ’ਤੇ ਬਹਿਸ ਨਹੀਂ ਹੋਣੀ ਚਾਹੀਦੀ “ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ [ਸ਼ਕਤੀ] ਵਿੱਚ ਸ਼ਾਂਤੀ ਅਤੇ ਅਨੰਦ ਹੈ।”​—ਰੋਮੀਆਂ 14:17. (w09 4/1)

[ਫੁਟਨੋਟ]

^ ਪੈਰਾ 12 ਭਾਵੇਂ ਕਿ ਪਰਮੇਸ਼ੁਰ ਨੇ ਅਸਤਰ ਨੂੰ ਵਰਤ ਰੱਖਣ ਦਾ ਹੁਕਮ ਨਹੀਂ ਦਿੱਤਾ ਸੀ, ਪਰ ਲੱਗਦਾ ਹੈ ਕਿ ਉਸ ਨੇ ਇਸ ਨੂੰ ਸਵੀਕਾਰ ਕੀਤਾ ਸੀ। ਅੱਜ ਪਿਉਰਿਮ ਯਹੂਦੀਆਂ ਦਾ ਇਕ ਤਿਉਹਾਰ ਹੈ ਜਿਸ ਨੂੰ ਮਨਾਉਣ ਤੋਂ ਪਹਿਲਾਂ ਅਸਤਰ ਦਾ ਵਰਤ ਰੱਖਿਆ ਜਾਂਦਾ ਹੈ।

^ ਪੈਰਾ 14 ਕੁਝ ਬਾਈਬਲਾਂ ਵਿਚ ਵਰਤ ਰੱਖਣ ਬਾਰੇ ਗੱਲ ਕੀਤੀ ਗਈ ਹੈ, ਪਰ ਇਹ ਆਇਤਾਂ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ ਵਿਚ ਨਹੀਂ ਹਨ ਜਿਵੇਂ ਕਿ ਕਿੰਗ ਜੇਮਜ਼ ਵਰਯਨ ਵਿਚ ਮੱਤੀ 17:21; ਮਰਕੁਸ 9:29; ਰਸੂਲਾਂ ਦੇ ਕਰਤੱਬ 10:30 ਅਤੇ 1 ਕੁਰਿੰਥੀਆਂ 7:5.

[ਸਫ਼ਾ 26 ਉੱਤੇ ਸੁਰਖੀ]

ਫ਼ਰੀਸੀਆਂ ਨੇ ਧਰਮੀ ਹੋਣ ਦਾ ਦਿਖਾਵਾ ਕੀਤਾ

[ਸਫ਼ਾ 27 ਉੱਤੇ ਸੁਰਖੀ]

‘ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਸ਼ਾਂਤੀ ਅਤੇ ਅਨੰਦ ਹੈ’

[ਸਫ਼ਾ 27 ਉੱਤੇ ਡੱਬੀ]

ਲੈਂਟ ਬਾਰੇ ਕੀ?

ਲੈਂਟ ਈਸਟਰ ਤੋਂ ਪਹਿਲਾਂ ਚਾਲੀ ਦਿਨ ਦਾ ਵਰਤ ਹੈ। ਇਹ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਯਿਸੂ ਨੇ ਵੀ ਚਾਲੀ ਦਿਨਾਂ ਦਾ ਵਰਤ ਰੱਖਿਆ ਸੀ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਦੀ ਹੁਕਮ ਨਹੀਂ ਦਿੱਤਾ ਸੀ ਕਿ ਉਹ ਇਹ ਵਰਤ ਰੱਖਣ ਤੇ ਨਾ ਹੀ ਕੋਈ ਸਬੂਤ ਹੈ ਕਿ ਉਨ੍ਹਾਂ ਨੇ ਇਹ ਵਰਤ ਰੱਖਿਆ ਸੀ। ਮੰਨਿਆ ਜਾਂਦਾ ਹੈ ਕਿ ਈਸਟਰ ਤੋਂ ਪਹਿਲਾਂ ਚਾਲੀ ਦਿਨ ਦਾ ਵਰਤ ਰੱਖਣ ਦਾ ਪਹਿਲਾਂ ਜ਼ਿਕਰ 330 ਈਸਵੀ ਵਿਚ ਅਥਨੇਸੀਅਸ ਦੀਆਂ ਚਿੱਠੀਆਂ ਵਿਚ ਆਉਂਦਾ ਹੈ।

ਯਿਸੂ ਨੇ ਇਹ ਵਰਤ ਆਪਣੇ ਬਪਤਿਸਮੇ ਤੋਂ ਬਾਅਦ ਰੱਖਿਆ ਸੀ ਆਪਣੀ ਮੌਤ ਤੋਂ ਪਹਿਲਾਂ ਨਹੀਂ। ਸੋ ਇਹ ਅਜੀਬ ਹੈ ਕਿ ਕਈ ਧਰਮ ਈਸਟਰ ਤੋਂ ਪਹਿਲਾਂ ਲੈਂਟ ਮਨਾਉਂਦੇ ਹਨ। ਦਿਲਚਸਪੀ ਦੀ ਗੱਲ ਹੈ ਕਿ ਪ੍ਰਾਚੀਨ ਬਾਬਲੀ, ਮਿਸਰੀ ਤੇ ਯੂਨਾਨੀ ਲੋਕ ਸਾਲ ਦੇ ਸ਼ੁਰੂ ਵਿਚ ਚਾਲੀ ਦਿਨ ਦਾ ਵਰਤ ਰੱਖਦੇ ਹੁੰਦੇ ਸਨ। ਇਸ ਲਈ ਲੱਗਦਾ ਹੈ ਕਿ ਮਸੀਹੀਆਂ ਨੇ ਇਹ ਰਿਵਾਜ ਉਨ੍ਹਾਂ ਤੋਂ ਅਪਣਾਇਆ ਹੈ।