ਕੀ ਸਾਰੇ ਚਮਤਕਾਰੀ ਇਲਾਜ ਪਰਮੇਸ਼ੁਰ ਵੱਲੋਂ ਹਨ?
ਪਾਠਕਾਂ ਦੇ ਸਵਾਲ
ਕੀ ਸਾਰੇ ਚਮਤਕਾਰੀ ਇਲਾਜ ਪਰਮੇਸ਼ੁਰ ਵੱਲੋਂ ਹਨ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਕੋਲ ਲੋਕਾਂ ਨੂੰ ਤੰਦਰੁਸਤ ਕਰਨ ਦੀ ਸ਼ਕਤੀ ਹੈ। ਨਾਲੇ ਉਹ ਇਹ ਸ਼ਕਤੀ ਆਪਣੇ ਭਗਤਾਂ ਨੂੰ ਵੀ ਦੇ ਸਕਦਾ ਹੈ। ਮਿਸਾਲ ਲਈ, ਰਸੂਲਾਂ ਦੇ ਸਮੇਂ ਵਿਚ ਆਪਣੀ ਸ਼ਕਤੀ ਰਾਹੀਂ ਪਰਮੇਸ਼ੁਰ ਨੇ ਚਮਤਕਾਰੀ ਇਲਾਜ ਕਰਨ ਦੀ ਦਾਤ ਉਨ੍ਹਾਂ ਨੂੰ ਦਿੱਤੀ ਸੀ। ਪੌਲੁਸ ਰਸੂਲ ਨੇ ਲਿਖਿਆ: ‘ਸ਼ਕਤੀ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਇੱਕ ਇੱਕ ਨੂੰ ਦਿੱਤਾ ਜਾਂਦਾ ਹੈ। ਇੱਕ ਨੂੰ ਤਾਂ ਸ਼ਕਤੀ ਦੇ ਰਾਹੀਂ ਵਿੱਦਿਆ ਦੀ ਗੱਲ ਪਰਾਪਤ ਹੁੰਦੀ ਹੈ ਅਤੇ ਹੋਰ ਕਿਸੇ ਨੂੰ ਉਸੇ ਸ਼ਕਤੀ ਤੋਂ ਨਰੋਇਆਂ ਕਰਨ ਦੀਆਂ ਦਾਤਾਂ। ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਮ ਵਾਕ ਦੀ ਪਛਾਣ ਅਤੇ ਹੋਰ ਕਿਸੇ ਨੂੰ ਭਾਸ਼ਾਂ ਦਾ ਅਰਥ ਕਰਨਾ।’—1 ਕੁਰਿੰਥੀਆਂ 12:4-11.
ਪਰ ਪੌਲੁਸ ਨੇ ਕੁਰਿੰਥੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਇਹ ਵੀ ਕਿਹਾ ਸੀ ਕਿ ਉਹ ਸਮਾਂ ਆਵੇਗਾ ਜਦ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਦਿੱਤੇ ਚਮਤਕਾਰੀ ਦਾਤ ਖ਼ਤਮ ਹੋ ਜਾਣਗੇ। ਉਸ ਨੇ ਕਿਹਾ: “ਭਾਵੇਂ ਅਗੰਮ ਵਾਕ ਹੋਣ ਓਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਓਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ।”—1 ਕੁਰਿੰਥੀਆਂ 13:8.
ਪਹਿਲੀ ਸਦੀ ਦੌਰਾਨ ਯਿਸੂ ਅਤੇ ਉਸ ਦੇ ਨਜ਼ਦੀਕੀ ਚੇਲਿਆਂ ਨੇ ਚਮਤਕਾਰੀ ਇਲਾਜ ਕੀਤੇ ਸਨ। ਉਸ ਸਮੇਂ ਮਸੀਹੀ ਕਲੀਸਿਯਾ ਨਵੀਂ-ਨਵੀਂ ਬਣੀ ਸੀ। ਇਸ ਲਈ ਯਹੋਵਾਹ ਪਰਮੇਸ਼ੁਰ ਨੇ ਕੁਝ ਮਸੀਹੀਆਂ ਨੂੰ ਚਮਤਕਾਰੀ ਇਲਾਜ ਕਰਨ ਦੀ ਸ਼ਕਤੀ ਦਿੱਤੀ ਸੀ ਤਾਂਕਿ ਉਸ ਦੀ ਵਡਿਆਈ ਹੋਵੇ ਅਤੇ ਲੋਕ ਸਮਝ ਸਕਣ ਕਿ ਉਸ ਦੀ ਮਿਹਰ ਅਤੇ ਬਰਕਤ ਹੁਣ ਮਸੀਹੀ ਕਲੀਸਿਯਾ ਉੱਤੇ ਸੀ। ਪਰ ਜਦ ਕਲੀਸਿਯਾ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੀ ਸੀ, ਤਾਂ ਇਨ੍ਹਾਂ ਚਮਤਕਾਰਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਦੀ ਬਜਾਇ ਮਸੀਹੀਆਂ ਨੇ ਆਪਣੀ ਨਿਹਚਾ, ਆਸ਼ਾ ਅਤੇ ਪਿਆਰ ਵੱਲ ਧਿਆਨ ਖਿੱਚਿਆ। ਇਨ੍ਹਾਂ ਗੁਣਾਂ ਤੋਂ ਲੋਕ ਦੇਖ ਸਕੇ ਕਿ ਪਰਮੇਸ਼ੁਰ ਦੀ ਮਿਹਰ ਮਸੀਹੀਆਂ ਉੱਤੇ ਸੀ। (ਯੂਹੰਨਾ 13:35; 1 ਕੁਰਿੰਥੀਆਂ 13:13) ਇਸ ਲਈ ਲਗਭਗ 100 ਈਸਵੀ ਵਿਚ ਚਮਤਕਾਰੀ ਇਲਾਜ ਮੁੱਕ ਗਏ। *
ਲੇਕਿਨ ਤੁਸੀਂ ਸ਼ਾਇਦ ਸੋਚੋ, ‘ਮੈਂ ਤਾਂ ਹੁਣ ਵੀ ਚਮਤਕਾਰੀ ਇਲਾਜਾਂ ਬਾਰੇ ਰਿਪੋਰਟਾਂ ਸੁਣੀਆਂ ਹਨ। ਇਹ ਕਿੱਦਾਂ ਹੋ ਸਕਦਾ?’ ਮਿਸਾਲ ਲਈ, ਇਕ ਅਖ਼ਬਾਰ ਨੇ ਅਜਿਹੇ ਆਦਮੀ ਦੀ ਰਿਪੋਰਟ ਦਿੱਤੀ ਜਿਸ ਬਾਰੇ ਕਿਹਾ ਗਿਆ ਸੀ ਕਿ ਉਸ ਨੂੰ ਕੈਂਸਰ ਦੀ ਬੀਮਾਰੀ ਹੈ। ਉਸ ਦੇ ਸਿਰ ਵਿਚ, ਗੁਰਦਿਆਂ ਵਿਚ ਅਤੇ ਹੱਡੀਆਂ ਦੇ ਧੁਰ ਅੰਦਰ ਟਿਊਮਰ ਸਨ। ਉਸ ਦਾ ਭਵਿੱਖ ਮਾੜਾ ਹੀ ਲੱਗਦਾ ਸੀ। ਫਿਰ ਉਸ ਆਦਮੀ ਨੇ ਦਾਅਵਾ ਕੀਤਾ ਕਿ ਇਕ ਦਿਨ ਰੱਬ ਨੇ ਉਸ ਨਾਲ ਗੱਲ ਕੀਤੀ। ਰਿਪੋਰਟ ਅਨੁਸਾਰ ਇਸ ਤੋਂ ਕੁਝ ਹੀ ਦਿਨ ਬਾਅਦ ਉਸ ਦਾ ਕੈਂਸਰ ਗਾਇਬ ਹੋ ਗਿਆ।
ਅਜਿਹੀ ਰਿਪੋਰਟ ਪੜ੍ਹ ਕੇ ਕਿਉਂ ਨਾ ਆਪਣੇ ਆਪ ਤੋਂ ਪੁੱਛੋ: ‘ਕੀ ਇਹ ਰਿਪੋਰਟ ਸੱਚੀ ਹੈ? ਕੀ ਪੱਕਾ ਸਬੂਤ ਹੈ ਕਿ ਸੱਚ-ਮੁੱਚ ਇਸ ਤਰ੍ਹਾਂ ਹੋਇਆ ਸੀ ਅਤੇ ਕੀ ਡਾਕਟਰ ਇਸ ਗੱਲ ਦਾ ਸਬੂਤ ਦੇ ਸਕਦੇ ਹਨ? ਭਾਵੇਂ ਲੱਗਦਾ ਵੀ ਹੋਵੇ ਕਿ ਇਲਾਜ ਹੋਇਆ ਹੈ, ਪਰ ਕੀ ਬਾਈਬਲ ਸਿਖਾਉਂਦੀ ਹੈ ਕਿ ਸਾਰੇ ਚਮਤਕਾਰੀ ਇਲਾਜਾਂ ਪਿੱਛੇ ਰੱਬ ਦਾ ਹੱਥ ਹੈ?’
ਇਸ ਆਖ਼ਰੀ ਸਵਾਲ ਦਾ ਜਵਾਬ ਦੇਣਾ ਖ਼ਾਸ ਕਰਕੇ ਜ਼ਰੂਰੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ: “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ . . . ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!”—ਮੱਤੀ 7:15, 21-23.
ਯਿਸੂ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚਮਤਕਾਰੀ ਇਲਾਜ ਕਰਨ ਦੀ ਸ਼ਕਤੀ ਪਰਮੇਸ਼ੁਰ ਤੋਂ ਹੀ ਨਹੀਂ, ਸਗੋਂ ਕਿਸੇ ਹੋਰ ਤੋਂ ਵੀ ਆ ਸਕਦੀ ਹੈ। ਰੱਬ ਦੇ ਨਾਂ ਤੇ ਇਲਾਜ ਕਰਨ ਵਾਲਿਆਂ ਤੋਂ ਧੋਖਾ ਖਾਣ ਤੋਂ ਬਚਣ ਲਈ ਸਾਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ, ਸੋਚ-ਸਮਝ ਕੇ ਫ਼ੈਸਲੇ ਕਰਨ ਅਤੇ ਇਹ ਪਤਾ ਕਰਨ ਦੀ ਲੋੜ ਹੈ ਕਿ ਅਸਲ ਵਿਚ ਕੌਣ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਰਹੇ ਹਨ।—ਮੱਤੀ 7:16-19; ਯੂਹੰਨਾ 17:3; ਰੋਮੀਆਂ 12:1, 2. (w09 5/1)
[ਫੁਟਨੋਟ]
^ ਪੈਰਾ 5 ਇਸ ਤਰ੍ਹਾਂ ਲੱਗਦਾ ਹੈ ਕਿ ਰਸੂਲਾਂ ਦੀ ਮੌਤ ਨਾਲ ਦਾਤਾਂ ਦਾ ਸੰਚਾਰ ਵੀ ਖ਼ਤਮ ਹੋ ਗਿਆ ਅਤੇ ਅਖ਼ੀਰ ਵਿਚ ਜਿੱਦਾਂ-ਜਿੱਦਾਂ ਚਮਤਕਾਰੀ ਕੰਮ ਕਰਨ ਵਾਲੇ ਗੁਜ਼ਰਦੇ ਗਏ ਉੱਦਾਂ-ਉੱਦਾਂ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਦਿੱਤੀਆਂ ਦਾਤਾਂ ਵੀ ਖ਼ਤਮ ਹੁੰਦੀਆਂ ਗਈਆਂ।