ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ
ਪਰਮੇਸ਼ੁਰ ਨੂੰ ਜਾਣੋ
ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ
ਤੁਸੀਂ ਪਰਮੇਸ਼ੁਰ ਦੇ ਕੰਮਾਂ ਅਤੇ ਉਸ ਦੇ ਗੁਣਾਂ ਦਾ ਬਿਆਨ ਕਿਵੇਂ ਕਰੋਗੇ? ਫ਼ਰਜ਼ ਕਰੋ ਕਿ ਤੁਸੀਂ ਉਸ ਨੂੰ ਪੁੱਛ ਸਕਦੇ ਕਿ ਉਸ ਦੇ ਕਿਹੋ ਜਿਹੇ ਗੁਣ ਹਨ ਅਤੇ ਫਿਰ ਉਸ ਦਾ ਜਵਾਬ ਸੁਣ ਸਕਦੇ। ਮੂਸਾ ਇਕ ਨਬੀ ਸੀ ਜਿਸ ਨਾਲ ਇਸੇ ਤਰ੍ਹਾਂ ਹੋਇਆ। ਜੋ ਵੀ ਉਸ ਨਾਲ ਬੀਤਿਆ ਉਸ ਨੇ ਸਾਡੇ ਫ਼ਾਇਦੇ ਲਈ ਲਿਖਿਆ।
ਜਦ ਮੂਸਾ ਸੀਨਈ ਪਹਾੜ ’ਤੇ ਸੀ, ਤਾਂ ਉਸ ਨੇ ਯਹੋਵਾਹ ਦੀ ਮਿੰਨਤ ਕੀਤੀ: “ਮੈਨੂੰ ਆਪਣਾ ਤੇਜ ਵਿਖਾਈਂ।” (ਕੂਚ 33:18) ਦੂਜੇ ਦਿਨ ਮੂਸਾ ਨੂੰ ਯਹੋਵਾਹ ਦਾ ਤੇਜ ਦੇਖਣ ਦਾ ਮੌਕਾ ਮਿਲਿਆ। * ਮੂਸਾ ਨੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਉਸ ਨੇ ਉਸ ਸ਼ਾਨਦਾਰ ਦਰਸ਼ਣ ਵਿਚ ਕੀ-ਕੀ ਦੇਖਿਆ ਸੀ। ਪਰ ਉਸ ਨੇ ਇਹ ਜ਼ਰੂਰ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਕੀ ਕਿਹਾ ਸੀ। ਆਓ ਆਪਾਂ ਕੂਚ 34:6, 7 ਵਿਚ ਦੇਖੀਏ ਕਿ ਯਹੋਵਾਹ ਨੇ ਕੀ ਕਿਹਾ ਸੀ।
ਯਹੋਵਾਹ ਪਹਿਲਾਂ ਆਪਣੇ ਬਾਰੇ ਕਹਿੰਦਾ ਹੈ ਕਿ ਉਹ “ਦਿਆਲੂ ਅਤੇ ਕਿਰਪਾਲੂ” ਹੈ। (ਆਇਤ 6) ਇਕ ਵਿਦਵਾਨ ਦੇ ਮੁਤਾਬਕ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਦਿਆਲੂ” ਕੀਤਾ ਗਿਆ ਹੈ ਉਹ ਇਹੋ ਜਿਹੇ ਪਰਮੇਸ਼ੁਰ ਬਾਰੇ ਦੱਸਦਾ ਹੈ ਜੋ “ਇਕ ਪਿਤਾ ਵਾਂਗ ਆਪਣੇ ਬੱਚਿਆਂ ’ਤੇ ਤਰਸ ਕਰਦਾ ਹੈ।” “ਕਿਰਪਾਲੂ” ਸ਼ਬਦ ਇਕ ਹੋਰ ਸ਼ਬਦ ਨਾਲ ਮੇਲ ਖਾਂਦਾ ਹੈ ਜਿਸ ਦਾ ਮਤਲਬ ਹੈ “ਕਿਸੇ ਦਾ ਦੁੱਖ ਦੂਰ ਕਰਨ ਦੀ ਦਿਲੋਂ ਕੋਸ਼ਿਸ਼ ਕਰਨੀ।” ਯਹੋਵਾਹ ਆਪਣੇ ਸੇਵਕਾਂ ਦੀ ਇਵੇਂ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਪਿਆਰ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।—ਜ਼ਬੂਰਾਂ ਦੀ ਪੋਥੀ 103:8, 13.
ਅੱਗੇ ਯਹੋਵਾਹ ਦੱਸਦਾ ਹੈ ਕਿ ਉਹ “ਕਰੋਧ ਵਿੱਚ ਧੀਰਜੀ” ਹੈ। (ਆਇਤ 6) ਉਹ ਛੇਤੀ ਹੀ ਆਪਣੇ ਸੇਵਕਾਂ ਨਾਲ ਗੁੱਸੇ ਨਹੀਂ ਹੁੰਦਾ। ਇਸ ਦੇ ਉਲਟ ਉਹ ਉਨ੍ਹਾਂ ਨਾਲ ਧੀਰਜ ਰੱਖਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਆਪ ਵਿਚ ਸੁਧਾਰ ਕਰਨ ਲਈ ਸਮਾਂ ਦਿੰਦਾ ਹੈ।—2 ਪਤਰਸ 3:9.
ਯਹੋਵਾਹ ਇਹ ਵੀ ਕਹਿੰਦਾ ਹੈ ਕਿ ਉਹ “ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਆਇਤ 6) ਯਹੋਵਾਹ ਆਪਣੇ ਲੋਕਾਂ ਨਾਲ ਹਮੇਸ਼ਾ ਭਲਿਆਈ ਕਰਦਾ ਹੈ। ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ’ਤੇ ਦਇਆ ਕਰਦਾ ਹੈ। ਆਪਣੇ ਲੋਕਾਂ ਨਾਲ ਯਹੋਵਾਹ ਦਾ ਰਿਸ਼ਤਾ ਇੰਨਾ ਪੱਕਾ ਹੈ ਕਿ ਉਹ ਕਦੀ ਟੁੱਟੇਗਾ ਨਹੀਂ। (ਬਿਵਸਥਾ ਸਾਰ 7:9) ਇਸ ਦੇ ਨਾਲ-ਨਾਲ ਯਹੋਵਾਹ ਸੱਚਾਈ ਦਾ ਸੋਮਾ ਹੈ। ਉਹ ਨਾ ਕਿਸੇ ਨੂੰ ਧੋਖਾ ਦਿੰਦਾ ਹੈ ਅਤੇ ਨਾ ਕਿਸੇ ਤੋਂ ਧੋਖਾ ਖਾਂਦਾ ਹੈ। “ਸਚਿਆਈ ਦੇ ਪਰਮੇਸ਼ੁਰ” ਵਜੋਂ ਅਸੀਂ ਉਸ ਦੀ ਹਰ ਇਕ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ, ਆਉਣ ਵਾਲੇ ਭਵਿੱਖ ਦੇ ਵਾਅਦਿਆਂ ਉੱਤੇ ਵੀ।—ਜ਼ਬੂਰਾਂ ਦੀ ਪੋਥੀ 31:5.
ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ “ਕੁਧਰਮ ਅਪਰਾਧ ਅਰ ਪਾਪ” ਨੂੰ ਬਖ਼ਸ਼ਦਾ ਹੈ। (ਆਇਤ 7) ਉਹ ਤੋਬਾ ਕਰਨ ਵਾਲੇ ਪਾਪੀਆਂ ਨੂੰ “ਮਾਫ਼ ਕਰਨ” ਲਈ ਤਿਆਰ ਹੈ। (ਭਜਨ 86:5, CL) ਫਿਰ ਵੀ ਯਹੋਵਾਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਤੋਂ ਆਪਣੀਆਂ ਅੱਖਾਂ ਨਹੀਂ ਮੀਟਦਾ। ਉਹ ਦੱਸਦਾ ਹੈ ਕਿ ਉਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਆਇਤ 7) ਸਾਡਾ ਪਵਿੱਤਰ ਪਰਮੇਸ਼ੁਰ ਹਮੇਸ਼ਾ ਨਿਆਂ ਕਰਦਾ ਹੈ ਅਤੇ ਉਹ ਉਨ੍ਹਾਂ ਪਾਪੀਆਂ ਨੂੰ ਜ਼ਰੂਰ ਸਜ਼ਾ ਦੇਵੇਗਾ ਜੋ ਜਾਣ-ਬੁੱਝ ਕੇ ਪਾਪ ਕਰਦੇ ਹਨ। ਉਨ੍ਹਾਂ ਨੂੰ ਕਿਸੇ-ਨ-ਕਿਸੇ ਦਿਨ ਆਪਣੀ ਕੀਤੀ ਦਾ ਫਲ ਭੁਗਤਣਾ ਪਵੇਗਾ।
ਯਹੋਵਾਹ ਨੇ ਆਪਣੇ ਗੁਣਾਂ ਬਾਰੇ ਜੋ ਦੱਸਿਆ ਉਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣੀਏ। ਕੀ ਤੁਸੀਂ ਉਸ ਦੇ ਵਧੀਆ ਗੁਣਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (w09 5/1)
[ਫੁਟਨੋਟ]
^ ਪੈਰਾ 2 ਮੂਸਾ ਨੇ ਯਹੋਵਾਹ ਨੂੰ ਆਪਣੀ ਅੱਖੀਂ ਨਹੀਂ ਦੇਖਿਆ ਕਿਉਂਕਿ ਕੋਈ ਵੀ ਇਨਸਾਨ ਪਰਮੇਸ਼ੁਰ ਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ। (ਕੂਚ 33:20) ਇਸ ਤਰ੍ਹਾਂ ਲੱਗਦਾ ਹੈ ਕਿ ਯਹੋਵਾਹ ਨੇ ਮੂਸਾ ਨੂੰ ਆਪਣੇ ਤੇਜ ਦਾ ਦਰਸ਼ਣ ਦਿੱਤਾ ਅਤੇ ਉਸ ਨਾਲ ਇਕ ਫ਼ਰਿਸ਼ਤੇ ਰਾਹੀਂ ਗੱਲ ਕੀਤੀ।