ਯਤੀਮਾਂ ਦਾ ਪਿਤਾ
ਪਰਮੇਸ਼ੁਰ ਨੂੰ ਜਾਣੋ
ਯਤੀਮਾਂ ਦਾ ਪਿਤਾ
“ਯਤੀਮਾਂ ਦਾ ਪਿਤਾ . . . ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।” (ਜ਼ਬੂਰਾਂ ਦੀ ਪੋਥੀ 68:5) ਇਸ ਹਵਾਲੇ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਬੇਸਹਾਰਿਆਂ ਦਾ ਸਹਾਰਾ ਹੈ। ਇਸਰਾਏਲੀਆਂ ਨੂੰ ਦਿੱਤੇ ਹੁਕਮਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਅਨਾਥ ਬੱਚਿਆਂ ਦਾ ਫ਼ਿਕਰ ਸੀ। ਆਓ ਆਪਾਂ ਬਾਈਬਲ ਵਿਚ ਕੂਚ 22:22-24 ਦੇਖੀਏ ਜਿੱਥੇ ਪਹਿਲੀ ਵਾਰ “ਯਤੀਮਾਂ” ਬਾਰੇ ਗੱਲ ਕੀਤੀ ਗਈ ਹੈ।
ਪਰਮੇਸ਼ੁਰ ਲੋਕਾਂ ਨੂੰ ਖ਼ਬਰਦਾਰ ਕਰਦਾ ਹੈ: “ਯਤੀਮ ਨੂੰ ਤੰਗ ਨਾ ਕਰੋ।” (ਆਇਤ 22) ਇਹ ਸਿਰਫ਼ ਇਸ ਲਈ ਨਹੀਂ ਸੀ ਕਿਹਾ ਗਿਆ ਕਿ ਲੋਕ ਅਨਾਥ ਬੱਚਿਆਂ ’ਤੇ ਤਰਸ ਖਾਣ, ਪਰ ਇਹ ਪਰਮੇਸ਼ੁਰ ਵੱਲੋਂ ਇਕ ਹੁਕਮ ਸੀ। ਉਨ੍ਹਾਂ ਕਈ ਬੱਚਿਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਜਿਨ੍ਹਾਂ ਦੇ ਪਿਤਾ ਗੁਜ਼ਰ ਕੇ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੰਦੇ ਸਨ। ਪਰਮੇਸ਼ੁਰ ਦਾ ਹੁਕਮ ਇਹ ਸੀ ਕਿ ਕੋਈ ਉਨ੍ਹਾਂ ਨੂੰ “ਤੰਗ” ਨਾ ਕਰੇ। ਬਾਈਬਲ ਵਿਚ “ਤੰਗ” ਸ਼ਬਦ ਦਾ ਤਰਜਮਾ “ਭੈੜਾ ਸਲੂਕ ਕਰਨਾ” ਅਤੇ ਉਨ੍ਹਾਂ ਨਾਲ “ਮੰਦਾ ਕਰਨਾ” ਵੀ ਕੀਤਾ ਜਾ ਸਕਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਕਿਸੇ ਯਤੀਮ ਨੂੰ ਤੰਗ ਕਰਨਾ ਬਹੁਤ ਗੰਭੀਰ ਗੱਲ ਸੀ। ਪਰ ਕਿੰਨੀ ਕੁ ਗੰਭੀਰ?
ਪਰਮੇਸ਼ੁਰ ਨੇ ਅੱਗੇ ਹੁਕਮ ਦਿੱਤਾ: “ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ।” (ਆਇਤ 23) ਇਬਰਾਨੀ ਭਾਸ਼ਾ ਵਿਚ 22ਵੀਂ ਆਇਤ ਵਿਚ “ਤੁਸੀਂ” ਸ਼ਬਦ ਪੂਰੀ ਕੌਮ ਨਾਲ ਗੱਲ ਕਰਨ ਲਈ ਵਰਤਿਆ ਗਿਆ ਹੈ, ਪਰ 23ਵੀਂ ਆਇਤ ਵਿਚ ਇਕ-ਇਕ ਜਣੇ ਨਾਲ ਗੱਲ ਕਰਨ ਲਈ। ਇਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਕੌਮ ਦਾ ਅਤੇ ਹਰੇਕ ਵਿਅਕਤੀ ਦਾ ਫ਼ਰਜ਼ ਬਣਦਾ ਸੀ ਕਿ ਉਹ ਯਹੋਵਾਹ ਦੀ ਇਸ ਗੱਲ ਨੂੰ ਮੰਨਣ। ਯਹੋਵਾਹ ਦੇਖ ਰਿਹਾ ਸੀ ਅਤੇ ਉਹ ਯਤੀਮਾਂ ਦੀ ਦੁਹਾਈ ਸੁਣਨ ਲਈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ।—ਜ਼ਬੂਰਾਂ ਦੀ ਪੋਥੀ 10:14; ਕਹਾਉਤਾਂ 23:10, 11.
ਪਰ ਉਦੋਂ ਕੀ ਹੁੰਦਾ ਜੇ ਕੋਈ ਵਿਅਕਤੀ ਅਨਾਥ ਬੱਚੇ ਨਾਲ ਬੁਰਾ ਸਲੂਕ ਕਰਦਾ ਅਤੇ ਉਹ ਬੱਚਾ ਯਹੋਵਾਹ ਨੂੰ ਦੁਹਾਈ ਦਿੰਦਾ? ਯਹੋਵਾਹ ਨੇ ਕਿਹਾ: “ਮੇਰਾ ਕਰੋਧ ਭੜਕ ਉੱਠੇਗਾ ਅਰ ਮੈਂ ਤੁਹਾਨੂੰ ਤੇਗ ਨਾਲ ਵੱਢ ਸੁੱਟਾਂਗਾ।” (ਆਇਤ 24) ਬਾਈਬਲ ਬਾਰੇ ਇਕ ਕਿਤਾਬ ਨੇ ਕਿਹਾ ਕਿ ਕ੍ਰੋਧ ਲਈ ਇੱਥੇ ਇਬਰਾਨੀ ਵਿਚ ‘ਨਾਸਾਂ ਵਿਚ ਗੁੱਸਾ ਆਉਣਾ’ ਮੁਹਾਵਰਾ ਵਰਤਿਆ ਗਿਆ ਹੈ। ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲ ਦੇ ਨਿਆਂਕਾਰਾਂ ਨੂੰ ਸਜ਼ਾ ਦੇਣ ਦੀ ਜ਼ਿੰਮੇਵਾਰੀ ਨਹੀਂ ਸੌਂਪੀ, ਪਰ ਉਸ ਨੇ ਕਿਹਾ ਕਿ ਉਹ ਅਨਾਥਾਂ ਦਾ ਫ਼ਾਇਦਾ ਉਠਾਉਣ ਵਾਲਿਆਂ ਨੂੰ ਖ਼ੁਦ ਸਜ਼ਾ ਦੇਵੇਗਾ।—ਬਿਵਸਥਾ ਸਾਰ 10:17, 18.
ਯਹੋਵਾਹ ਬਦਲਿਆ ਨਹੀਂ ਹੈ। (ਮਲਾਕੀ 3:6) ਉਹ ਉਨ੍ਹਾਂ ਬੱਚਿਆਂ ਉੱਤੇ ਬਹੁਤ ਤਰਸ ਖਾਂਦਾ ਹੈ ਜੋ ਅਨਾਥ ਹਨ ਜਾਂ ਜਿਨ੍ਹਾਂ ਦਾ ਸਿਰਫ਼ ਮਾਂ ਜਾਂ ਬਾਪ ਹੈ। (ਯਾਕੂਬ 1:27) ਯਾਦ ਰੱਖੋ ਕਿ ਯਹੋਵਾਹ ਦਾ ਗੁੱਸਾ ਭੜਕ ਉੱਠਦਾ ਹੈ ਜਦ ਯਤੀਮਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। “ਯਹੋਵਾਹ ਦਾ ਤੱਤਾ ਕ੍ਰੋਧ” ਉਨ੍ਹਾਂ ਲੋਕਾਂ ਉੱਤੇ ਆਵੇਗਾ ਜੋ ਇਸ ਤਰ੍ਹਾਂ ਕਰਦੇ ਹਨ। (ਸਫ਼ਨਯਾਹ 2:2) ਇਨ੍ਹਾਂ ਦੁਸ਼ਟ ਲੋਕਾਂ ਨੂੰ ਪਤਾ ਲੱਗੇਗਾ ਕਿ “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!”—ਇਬਰਾਨੀਆਂ 10:31. (w09 4/1)