3 ਯਿਸੂ ਬਾਰੇ ਸੱਚਾਈ ਸਿੱਖੋ
3 ਯਿਸੂ ਬਾਰੇ ਸੱਚਾਈ ਸਿੱਖੋ
“ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
ਇਸ ਤਰ੍ਹਾਂ ਕਰਨਾ ਮੁਸ਼ਕਲ ਕਿਉਂ ਹੈ? ਕਈ ਲੋਕ ਤੁਹਾਨੂੰ ਦੱਸਣਗੇ ਕਿ ਯਿਸੂ ਨਾਂ ਦਾ ਕੋਈ ਇਨਸਾਨ ਹੀ ਨਹੀਂ ਸੀ। ਦੂਸਰੇ ਕਹਿੰਦੇ ਹਨ ਕਿ ਯਿਸੂ ਸੀ, ਪਰ ਉਹ ਸਿਰਫ਼ ਇਕ ਆਮ ਆਦਮੀ ਸੀ ਜੋ ਬਹੁਤ ਚਿਰ ਪਹਿਲਾਂ ਮਰ ਚੁੱਕਾ ਹੈ।
ਤੁਸੀਂ ਇਸ ਮੁਸ਼ਕਲ ਬਾਰੇ ਕੀ ਕਰ ਸਕਦੇ ਹੋ? ਯਿਸੂ ਦੇ ਚੇਲੇ ਨਥਾਨਿਏਲ * ਦੀ ਰੀਸ ਕਰੋ। ਉਸ ਦੇ ਦੋਸਤ ਫ਼ਿਲਿੱਪੁਸ ਨੇ ਉਸ ਨੂੰ ਕਿਹਾ ਕਿ ਉਸ ਨੂੰ ਮਸੀਹਾ ਲੱਭ ਪਿਆ ਸੀ—“ਉਹ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ।” ਪਰ ਨਥਾਨਿਏਲ ਨੇ ਫ਼ਿਲਿੱਪੁਸ ਦੀ ਗੱਲ ਐਵੇਂ ਨਹੀਂ ਮੰਨ ਲਈ ਸੀ, ਸਗੋਂ ਉਸ ਨੇ ਕਿਹਾ: “ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ?” ਫਿਰ ਵੀ ਫ਼ਿਲਿੱਪੁਸ ਦੇ ਕਹਿਣ ਤੇ ਉਸ ਨੇ ‘ਆਉਣ ਤੇ ਵੇਖਣ’ ਦਾ ਫ਼ੈਸਲਾ ਕੀਤਾ। (ਯੂਹੰਨਾ 1:43-51) ਤੁਹਾਨੂੰ ਵੀ ਯਿਸੂ ਬਾਰੇ ਖ਼ੁਦ ਸੱਚਾਈ ਜਾਣ ਕੇ ਫ਼ਾਇਦਾ ਹੋਵੇਗਾ। ਤੁਸੀਂ ਸੱਚਾਈ ਕਿੱਦਾਂ ਜਾਣ ਸਕਦੇ ਹੋ?
ਇਤਿਹਾਸ ਤੋਂ ਸਬੂਤ ਦੇਖੋ ਕਿ ਯਿਸੂ ਨਾਂ ਦਾ ਕੋਈ ਇਨਸਾਨ ਸੀ। ਜੋਸੀਫ਼ਸ ਅਤੇ ਟੈਸੀਟਸ ਪਹਿਲੀ ਸਦੀ ਦੇ ਦੋ ਮੰਨੇ-ਪ੍ਰਮੰਨੇ ਇਤਿਹਾਸਕਾਰ ਸਨ ਜੋ ਮਸੀਹੀ ਨਹੀਂ ਸਨ। ਉਹ ਆਪਣੀਆਂ ਲਿਖਤਾਂ ਵਿਚ ਯਿਸੂ ਮਸੀਹ ਦਾ ਜ਼ਿਕਰ ਕਰਦੇ ਹਨ। ਰੋਮ ਦੇ ਬਾਦਸ਼ਾਹ ਨੀਰੋ ਨੇ 64 ਈ. ਵਿਚ ਰੋਮ ਵਿਚ ਲੱਗੀ ਅੱਗ ਦਾ ਦੋਸ਼ ਮਸੀਹੀਆਂ ਉੱਤੇ ਲਾਇਆ ਜਿਸ ਬਾਰੇ ਟੈਸੀਟਸ ਨੇ ਲਿਖਿਆ: ‘ਨੀਰੋ ਨੇ ਮਸੀਹੀਆਂ ਉੱਤੇ ਦੋਸ਼ ਮੜ੍ਹ ਕੇ ਉਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਜਿਨ੍ਹਾਂ ਦੇ ਕੰਮਾਂ ਕਰਕੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ। ਟਾਈਬੀਰੀਅਸ ਦੇ ਰਾਜ ਦੌਰਾਨ ਸਾਡੇ ਇਕ ਹਾਕਮ ਪੁੰਤਿਯੁਸ ਪਿਲਾਤੁਸ ਨੇ ਮਸੀਹੀ ਧਰਮ ਦੇ ਮੋਢੀ ਖ੍ਰਿਸਤੁਸ [ਮਸੀਹ] ਨੂੰ ਮੌਤ ਦੀ ਸਜ਼ਾ ਦਿੱਤੀ ਸੀ।’
ਪਹਿਲੀ ਅਤੇ ਦੂਜੀ ਸਦੀ ਦੇ ਇਤਿਹਾਸਕਾਰਾਂ ਦੁਆਰਾ ਯਿਸੂ ਅਤੇ ਉਸ ਦੇ ਚੇਲਿਆਂ ਬਾਰੇ ਕਹੀਆਂ ਗੱਲਾਂ ਦੇ ਸੰਬੰਧ ਵਿਚ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ (2002) ਕਹਿੰਦਾ ਹੈ: “ਇਨ੍ਹਾਂ ਵੱਖਰੇ-ਵੱਖਰੇ ਬਿਰਤਾਂਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਸੀਹੀਅਤ ਦੇ ਵਿਰੋਧੀ ਵੀ ਯਿਸੂ ਦੀ ਅਸਲੀਅਤ ਉੱਤੇ ਸ਼ੱਕ ਨਹੀਂ ਕਰਦੇ ਸਨ। ਇਸ ਉੱਤੇ ਪਹਿਲੀ ਵਾਰ 18ਵੀਂ ਸਦੀ ਦੇ ਅੰਤ ਵਿਚ, 19ਵੀਂ ਸਦੀ ਦੌਰਾਨ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਵਾਦ-ਵਿਵਾਦ ਸ਼ੁਰੂ ਹੋਇਆ ਜਿਸ ਦੀ ਕੋਈ ਵਜ੍ਹਾ ਵੀ ਨਹੀਂ ਸੀ।” 2002 ਵਿਚ ਦ ਵੌਲ ਸਟ੍ਰੀਟ ਜਰਨਲ ਅਖ਼ਬਾਰ ਨੇ ਰਿਪੋਰਟ ਕੀਤਾ: “ਇਕ-ਦੋ ਨਾਸਤਿਕਾਂ ਤੋਂ ਛੁੱਟ ਜ਼ਿਆਦਾਤਰ ਵਿਦਵਾਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਨਾਸਰਤ ਵਿਚ ਰਹਿਣ ਵਾਲਾ ਯਿਸੂ ਇਕ ਅਸਲੀ ਵਿਅਕਤੀ ਸੀ।”
ਇਸ ਦਾ ਸਬੂਤ ਦੇਖੋ ਕਿ ਯਿਸੂ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਜਦ ਯਿਸੂ ਦੇ ਵਿਰੋਧੀਆਂ ਨੇ ਉਸ ਨੂੰ ਗਿਰਫ਼ਤਾਰ ਕੀਤਾ, ਤਾਂ ਉਸ ਦੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ ਅਤੇ ਉਸ ਦੇ ਦੋਸਤ ਪਤਰਸ ਨੇ ਡਰ ਦੇ ਮਾਰੇ ਉਸ ਦਾ ਇਨਕਾਰ ਕੀਤਾ। (ਮੱਤੀ 26:55, 56, 69-75) ਯਿਸੂ ਦੀ ਗਿਰਫ਼ਤਾਰੀ ਤੋਂ ਬਾਅਦ ਉਸ ਦੇ ਚੇਲੇ ਤਿੱਤਰ-ਬਿੱਤਰ ਹੋ ਗਏ। (ਮੱਤੀ 26:31) ਫਿਰ ਇਕਦਮ ਉਨ੍ਹਾਂ ਵਿਚ ਜੋਸ਼ ਆ ਗਿਆ। ਪਤਰਸ ਅਤੇ ਯੂਹੰਨਾ ਨੇ ਦਲੇਰੀ ਨਾਲ ਉਨ੍ਹਾਂ ਵਿਰੋਧੀਆਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਨੇ ਯਿਸੂ ਨੂੰ ਮਰਵਾਇਆ ਸੀ। ਯਿਸੂ ਦੇ ਚੇਲਿਆਂ ਵਿਚ ਇੰਨਾ ਜੋਸ਼ ਸੀ ਕਿ ਉਨ੍ਹਾਂ ਨੇ ਪੂਰੇ ਰੋਮੀ ਸਾਮਰਾਜ ਵਿਚ ਉਸ ਦੀਆਂ ਸਿੱਖਿਆਵਾਂ ਨੂੰ ਫੈਲਾਇਆ। ਉਨ੍ਹਾਂ ਦਾ ਵਿਸ਼ਵਾਸ ਇੰਨਾ ਪੱਕਾ ਸੀ ਕਿ ਉਹ ਇਸ ਦੀ ਖ਼ਾਤਰ ਮਰਨ ਲਈ ਵੀ ਤਿਆਰ ਸਨ।
ਉਨ੍ਹਾਂ ਦੇ ਜੋਸ਼ ਦਾ ਇਕ ਕਾਰਨ ਕੀ ਸੀ? ਪੌਲੁਸ ਰਸੂਲ ਨੇ ਸਮਝਾਇਆ ਕਿ ਯਿਸੂ ਨੂੰ ਜ਼ਿੰਦਾ ਕੀਤਾ ਗਿਆ ਸੀ ਅਤੇ ਉਸ ਨੇ “ਕੇਫ਼ਾਸ [ਪਤਰਸ] ਨੂੰ ਅਤੇ ਫੇਰ . . . ਬਾਰਾਂ ਨੂੰ ਦਰਸ਼ਣ ਦਿੱਤਾ।” ਪੌਲੁਸ ਨੇ ਅੱਗੇ ਕਿਹਾ: “ਮਗਰੋਂ ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ।” ਇਹ ਗੱਲ ਲਿਖਣ ਸਮੇਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਚਸ਼ਮਦੀਦ ਗਵਾਹ ਅਜੇ ਜੀਉਂਦੇ ਸਨ। (1 ਕੁਰਿੰਥੀਆਂ 15:3-7) ਇਕ-ਦੋ ਗਵਾਹਾਂ ਦੀ ਗੱਲ ਨੂੰ ਰੱਦ ਕਰਨਾ ਸੌਖਾ ਹੁੰਦਾ, ਪਰ ਪੰਜ ਸੌ ਤੋਂ ਜ਼ਿਆਦਾ ਗਵਾਹਾਂ ਦੀ ਗੱਲ ਇਸ ਦਾ ਪੱਕਾ ਸਬੂਤ ਸੀ ਕਿ ਯਿਸੂ ਨੂੰ ਸੱਚ-ਮੁੱਚ ਜੀਉਂਦਾ ਕੀਤਾ ਗਿਆ ਸੀ।—ਲੂਕਾ 24:1-11.
ਇਸ ਦਾ ਫ਼ਾਇਦਾ ਕੀ ਹੈ? ਜਿਹੜੇ ਲੋਕ ਯਿਸੂ ’ਤੇ ਵਿਸ਼ਵਾਸ ਕਰਦੇ ਹਨ ਤੇ ਉਸ ਦਾ ਕਹਿਣਾ ਮੰਨਦੇ ਹਨ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਜ਼ਮੀਰ ਸਾਫ਼ ਕੀਤੀ ਜਾ ਸਕਦੀ ਹੈ। (ਮਰਕੁਸ 2:5-12; 1 ਤਿਮੋਥਿਉਸ 1:19; 1 ਪਤਰਸ 3:16-22) ਜੇ ਉਹ ਮਰ ਵੀ ਜਾਣ, ਤਾਂ ਯਿਸੂ ਵਾਅਦਾ ਕਰਦਾ ਹੈ ਕਿ ਉਹ “ਅੰਤ ਦੇ ਦਿਨ” ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ।—ਯੂਹੰਨਾ 6:40. (w09 5/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਚੌਥਾ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ: “ਯਿਸੂ ਮਸੀਹ ਕੌਣ ਹੈ?” ਤੇ ਪੰਜਵਾਂ ਅਧਿਆਇ ਜਿਸ ਦਾ ਵਿਸ਼ਾ ਹੈ: “ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!” *
[ਫੁਟਨੋਟ]
^ ਪੈਰਾ 4 ਇਸ ਤਰ੍ਹਾਂ ਲੱਗਦਾ ਹੈ ਕਿ ਇੰਜੀਲ ਦੇ ਲਿਖਾਰੀਆਂ ਮੱਤੀ, ਮਰਕੁਸ ਅਤੇ ਲੂਕਾ ਨੇ ਨਥਾਨਿਏਲ ਲਈ ਬਰਥੁਲਮਈ ਨਾਂ ਵਰਤਿਆ।
^ ਪੈਰਾ 10 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 7 ਉੱਤੇ ਤਸਵੀਰ]
ਨਥਾਨਿਏਲ ਵਾਂਗ ਯਿਸੂ ਬਾਰੇ ਖ਼ੁਦ ਸੱਚਾਈ ਜਾਣੋ