ਕੀ ਪੈਸਾ ਤੁਹਾਨੂੰ ਸੱਚ-ਮੁੱਚ ਖ਼ੁਸ਼ ਕਰ ਸਕਦਾ ਹੈ?
ਕੀ ਪੈਸਾ ਤੁਹਾਨੂੰ ਸੱਚ-ਮੁੱਚ ਖ਼ੁਸ਼ ਕਰ ਸਕਦਾ ਹੈ?
ਸੋਨੀਆ ਦਾ ਜਨਮ ਸਪੇਨ ਵਿਚ ਹੋਇਆ ਸੀ। ਬਚਪਨ ਵਿਚ ਉਹ ਆਪਣੀ ਮਾਂ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਂਦੀ ਹੁੰਦੀ ਸੀ। ਵੱਡੀ ਹੋ ਕੇ ਉਹ ਇੰਗਲੈਂਡ ਦੇ ਲੰਡਨ ਸ਼ਹਿਰ ਰਹਿਣ ਚਲੀ ਗਈ ਜਿੱਥੇ ਉਹ ਫਾਈਨੈਂਸ ਇੰਡਸਟਰੀ ਵਿਚ ਕੰਮ ਕਰਨ ਲੱਗੀ।
ਸੋਨੀਆ ਨੂੰ ਆਪਣੀ ਨੌਕਰੀ ਬਹੁਤ ਪਸੰਦ ਸੀ। ਉਹ ਬਹੁਤ ਸਾਰਾ ਪੈਸਾ ਕਮਾ ਰਹੀ ਸੀ ਤੇ ਆਪਣੇ ਗਾਹਕਾਂ ਲਈ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਵਪਾਰ ਕਰ ਰਹੀ ਸੀ। ਉਹ ਕੰਮ ਤੇ ਬਹੁਤ ਖ਼ੁਸ਼ ਸੀ ਅਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਸੀ। ਉਹ ਕਈ ਵਾਰ ਦਿਨ ਵਿਚ 18 ਘੰਟੇ ਕੰਮ ਕਰਦੀ ਸੀ ਜਿਸ ਕਰਕੇ ਉਸ ਨੂੰ ਸਿਰਫ਼ ਦੋ ਜਾਂ ਤਿੰਨ ਘੰਟੇ ਸੌਣ ਨੂੰ ਮਿਲਦੇ ਸਨ। ਉਸ ਲਈ ਉਸ ਦੀ ਨੌਕਰੀ ਹੀ ਸਭ ਕੁਝ ਸੀ। ਫਿਰ ਅਚਾਨਕ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੋਨੀਆ ਨੂੰ ਅਧਰੰਗ ਹੋ ਗਿਆ। ਸ਼ਾਇਦ ਉਸ ਦੀ ਜ਼ਿੰਦਗੀ ਵਿਚ ਟੈਨਸ਼ਨ ਹੋਣ ਕਰਕੇ ਇਹ ਹੋਇਆ। ਉਹ ਸਿਰਫ਼ 30 ਸਾਲਾਂ ਦੀ ਸੀ।
ਅਧਰੰਗ ਨਾਲ ਸੋਨੀਆ ਦੇ ਸਰੀਰ ਦਾ ਇਕ ਪਾਸਾ ਮਾਰਿਆ ਗਿਆ ਅਤੇ ਡਾਕਟਰਾਂ ਦਾ ਕਹਿਣਾ ਸੀ ਕਿ ਹੋ ਸਕਦਾ ਉਹ ਦੁਬਾਰਾ ਬੋਲ ਨਾ ਸਕੇ। ਉਸ ਦੀ ਮਾਂ ਫ਼ੌਰਨ ਉਸ ਦੀ ਦੇਖ-ਭਾਲ ਕਰਨ ਲਈ ਇੰਗਲੈਂਡ ਪਹੁੰਚੀ। ਜਿਉਂ-ਜਿਉਂ ਸੋਨੀਆ ਫਿਰ ਤੋਂ ਤੁਰਨ ਲੱਗੀ ਉਸ ਦੀ ਮਾਂ ਨੇ ਉਸ ਨੂੰ ਕਿਹਾ: “ਮੈਂ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣਾ ਹੈ ਅਤੇ ਤੈਨੂੰ ਮੇਰੇ ਨਾਲ ਆਉਣਾ ਪਵੇਗਾ ਕਿਉਂਕਿ ਮੈਂ ਤੈਨੂੰ ਇਕੱਲੀ ਨਹੀਂ ਛੱਡ ਸਕਦੀ।” ਸੋਨੀਆ ਜਾਣ ਲਈ ਰਾਜ਼ੀ ਹੋਈ। ਇਸ ਦਾ ਨਤੀਜਾ ਕੀ ਨਿਕਲਿਆ?
ਸੋਨੀਆ ਦੱਸਦੀ ਹੈ: “ਜੋ ਕੁਝ ਮੈਂ ਉੱਥੇ ਸੁਣਿਆ ਬਹੁਤ ਵਧੀਆ ਸੀ। ਜਦ ਮੈਂ ਪਹਿਲੀ ਵਾਰ ਕਿੰਗਡਮ ਹਾਲ ਗਈ ਸੀ, ਤਾਂ ਕਈਆਂ ਨੇ ਮੇਰਾ ਸੁਆਗਤ ਕੀਤਾ ਅਤੇ ਮੈਂ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਭਾਵੇਂ ਮੇਰੇ ਪੁਰਾਣੇ ਦੋਸਤ ਹੁਣ ਮੈਨੂੰ ਮਿਲਨੋਂ ਹਟ ਗਏ, ਪਰ ਮੇਰੇ ਨਵੇਂ ਦੋਸਤ ਮੈਨੂੰ ਪਿਆਰ ਕਰਦੇ ਤੇ ਮੇਰਾ ਖ਼ਿਆਲ ਰੱਖਦੇ ਸਨ।”
ਹੌਲੀ-ਹੌਲੀ ਸੋਨੀਆ ਫਿਰ ਤੋਂ ਬੋਲਣ ਲੱਗੀ ਅਤੇ ਉਸ ਨੇ ਆਪਣੀ ਬਾਈਬਲ ਸਟੱਡੀ ਵਿਚ ਵੀ ਕਾਫ਼ੀ ਤਰੱਕੀ ਕੀਤੀ। ਇਕ ਸਾਲ ਦੇ ਵਿਚ-ਵਿਚ ਉਸ ਨੇ ਬਪਤਿਸਮਾ ਲੈ ਲਿਆ। ਯਹੋਵਾਹ ਦੇ ਗਵਾਹਾਂ ਵਿਚਕਾਰ ਉਸ ਦੇ ਕਈ ਦੋਸਤ ਪ੍ਰਚਾਰ ਦਾ ਕੰਮ ਫੁਲ-ਟਾਈਮ ਕਰਦੇ ਸਨ ਅਤੇ ਉਹ ਦੇਖ ਸਕਦੀ ਸੀ ਕਿ ਉਹ ਕਿੰਨੇ ਖ਼ੁਸ਼ ਸਨ। ਸੋਨੀਆ ਵੀ ਉਨ੍ਹਾਂ ਵਾਂਗ ਖ਼ੁਸ਼ ਹੋਣਾ ਚਾਹੁੰਦੀ ਸੀ ਤੇ ਉਸ ਦੀ ਖ਼ਾਹਸ਼ ਸੀ ਕਿ ਉਹ ਦਿਲ ਲਾ ਕੇ ਯਹੋਵਾਹ ਦੀ ਸੇਵਾ ਕਰੇ। ਹੁਣ ਸੋਨੀਆ ਵੀ ਫੁਲ-ਟਾਈਮ ਪ੍ਰਚਾਰ ਕਰਦੀ ਹੈ।
ਸੋਨੀਆ ਨੇ ਆਪਣੇ ਤਜਰਬੇ ਤੋਂ ਕੀ ਸਿੱਖਿਆ ਹੈ? ਉਹ ਕਹਿੰਦੀ ਹੈ: “ਭਾਵੇਂ ਮੈਂ ਚੰਗੇ-ਖਾਸੇ ਪੈਸੇ ਕਮਾ ਰਹੀ ਸੀ, ਪਰ ਕੰਮ ਤੇ ਮੈਨੂੰ ਟੈਨਸ਼ਨ ਰਹਿੰਦੀ ਸੀ ਜਿਸ ਕਰਕੇ ਮੈਨੂੰ ਚਿੰਤਾ ਖਾਈ ਜਾ ਰਹੀ ਸੀ ਅਤੇ ਮੈਂ ਖ਼ੁਸ਼ ਨਹੀਂ ਸੀ। ਮੈਂ ਦੇਖਿਆ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਯਹੋਵਾਹ ਨਾਲ ਮੇਰਾ ਚੰਗਾ ਰਿਸ਼ਤਾ ਹੋਵੇ। ਇਸ ਤੋਂ ਹੀ ਮੈਨੂੰ ਖ਼ੁਸ਼ੀ ਮਿਲਦੀ ਹੈ।”
ਪੌਲੁਸ ਰਸੂਲ ਨੇ ਲਿਖਿਆ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:10) ਸੋਨੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਸ਼ਬਦ ਕਿੰਨੇ ਸੱਚੇ ਹਨ। (w09 9/1)