Skip to content

Skip to table of contents

ਕੀ ਸ਼ਤਾਨ ਅਸਲੀ ਹੈ?

ਕੀ ਸ਼ਤਾਨ ਅਸਲੀ ਹੈ?

ਪਾਠਕਾਂ ਦੇ ਸਵਾਲ

ਕੀ ਸ਼ਤਾਨ ਅਸਲੀ ਹੈ?

ਹਾਂ, ਬਾਈਬਲ ਕਹਿੰਦੀ ਹੈ ਕਿ ਸ਼ਤਾਨ ਵਾਕਈ ਅਸਲੀ ਹੈ। ਪਰ ਬਾਈਬਲ ਦੇ ਕੁਝ ਆਲੋਚਕ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਹ ਮੰਨਦੇ ਹਨ ਕਿ ਸ਼ਤਾਨ ਸਾਡੇ ਅੰਦਰ ਹੈ ਯਾਨੀ ਸਾਡੇ ਮਨ ਦੀ ਬੁਰਾਈ ਹੈ।

ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਲੋਕ ਸ਼ਤਾਨ ਦੀ ਅਸਲੀਅਤ ਬਾਰੇ ਨਹੀਂ ਜਾਣਦੇ? ਨਹੀਂ। ਮਿਸਾਲ ਲਈ, ਜ਼ਰਾ ਸੋਚੋ ਕਿ ਜੁਰਮ ਕਰਨ ਤੋਂ ਬਾਅਦ ਅਪਰਾਧੀ ਕੀ ਕਰਦਾ ਹੈ। ਉਹ ਆਪਣੇ ਫਿੰਗਰ-ਪਰਿੰਟ ਸਾਫ਼ ਕਰ ਦਿੰਦਾ ਹੈ ਤਾਂਕਿ ਉਹ ਪਛਾਣਿਆ ਅਤੇ ਫੜਿਆ ਨਾ ਜਾਵੇ। ਇਸ ਤਰ੍ਹਾਂ ਉਹ ਜੁਰਮ ਕਰਦਾ ਰਹਿ ਸਕਦਾ ਹੈ। ਇਸੇ ਤਰ੍ਹਾਂ ਸ਼ਤਾਨ ਵੀ ਇਕ ਅਪਰਾਧੀ ਹੈ ਜੋ ਪਰਦੇ ਦੇ ਪਿੱਛੇ ਰਹਿ ਕੇ ਚੋਰੀ-ਛਿਪੇ ਆਪਣੇ ਕੰਮ ਕਰਦਾ ਹੈ ਅਤੇ ਦੂਜਿਆਂ ਤੋਂ ਹਰ ਤਰ੍ਹਾਂ ਦੀ ਬਦਚਲਣੀ ਕਰਾਉਂਦਾ ਹੈ। ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਸੰਸਾਰ ਦੀ ਬੁਰਾਈ ਪਿੱਛੇ ਸ਼ਤਾਨ ਦਾ ਹੀ ਹੱਥ ਹੈ ਜਦ ਉਸ ਨੇ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਕਿਹਾ ਸੀ।—ਯੂਹੰਨਾ 12:31.

ਸ਼ਤਾਨ ਨੂੰ ਕਿਸ ਨੇ ਬਣਾਇਆ? ਸ਼ੁਰੂ ਵਿਚ ਪਰਮੇਸ਼ੁਰ ਨੇ ਸਵਰਗ ਵਿਚ ਫ਼ਰਿਸ਼ਤੇ ਬਣਾਏ ਸਨ, ਪਰ ਉਨ੍ਹਾਂ ਵਿਚੋਂ ਇਕ ਚਾਹੁੰਦਾ ਸੀ ਕਿ ਪਰਮੇਸ਼ੁਰ ਦੀ ਬਜਾਇ ਲੋਕ ਉਸ ਦੀ ਪੂਜਾ ਕਰਨ। ਉਹ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਸ਼ਤਾਨ ਬਣਿਆ। ਬਾਈਬਲ ਧਰਤੀ ਉੱਤੇ ਸ਼ਤਾਨ ਤੇ ਯਿਸੂ ਵਿਚਕਾਰ ਗੱਲਬਾਤ ਬਾਰੇ ਦੱਸਦੀ ਹੈ ਜਿਸ ਤੋਂ ਸ਼ਤਾਨ ਦੀ ਮਾੜੀ ਨੀਅਤ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਸ਼ਤਾਨ ਨੇ ਯਿਸੂ ਕੋਲੋਂ ਆਪਣੀ ਪੂਜਾ ਕਰਾਉਣ ਦੀ ਕੋਸ਼ਿਸ਼ ਕੀਤੀ ਜਦ ਉਸ ਨੇ ਕਿਹਾ: ‘ਤੂੰ ਮੇਰੇ ਅੱਗੇ ਨਿਉਂ ਕੇ ਮੱਥਾ ਟੇਕ।’—ਮੱਤੀ 4:8, 9.

ਅੱਯੂਬ ਦੀ ਪੋਥੀ ਵਿਚ ਦਰਜ ਪਰਮੇਸ਼ੁਰ ਨਾਲ ਸ਼ਤਾਨ ਦੀ ਗੱਲਬਾਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਅਸਲ ਵਿਚ ਕੀ ਚਾਹੁੰਦਾ ਹੈ। ਸ਼ਤਾਨ ਇਨਸਾਨਾਂ ਉੱਤੇ ਜ਼ੋਰ ਪਾਉਣ ’ਤੇ ਤੁਲਿਆ ਹੋਇਆ ਹੈ ਕਿ ਉਹ ਪਰਮੇਸ਼ੁਰ ਤੋਂ ਮੂੰਹ ਮੋੜਨ।—ਅੱਯੂਬ 1:13-19; 2:7, 8.

ਸੋਚਣ ਵਾਲੀ ਗੱਲ ਇਹ ਹੈ ਕਿ ਜੇ ਸ਼ਤਾਨ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਨਾਲ ਗੱਲਾਂ ਕਰਦਾ ਸੀ, ਤਾਂ ਉਹ ਇਕ ਕਲਪਨਾ ਜਾਂ ਕਿਸੇ ਦੀ ਮਨ ਦੀ ਬੁਰਾਈ ਕਿੱਦਾਂ ਹੋ ਸਕਦਾ ਹੈ? ਪਰਮੇਸ਼ੁਰ ਅਤੇ ਉਸ ਦੇ ਪੁੱਤਰ ਵਿਚ ਤਾਂ ਭੋਰਾ ਵੀ ਬੁਰਾਈ ਨਹੀਂ ਹੈ! ਫਿਰ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ਤਾਨ ਇਕ ਅਸਲੀ ਹਸਤੀ ਯਾਨੀ ਇਕ ਦੁਸ਼ਟ ਦੂਤ ਹੈ ਜੋ ਨਾ ਯਹੋਵਾਹ ਦਾ ਤੇ ਨਾ ਹੀ ਯਿਸੂ ਦਾ ਆਦਰ-ਮਾਣ ਕਰਦਾ ਹੈ।

ਇਸ ਦੁਨੀਆਂ ਦੀ ਮੰਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਅਸਲੀ ਹੈ। ਕਈ ਕੌਮਾਂ ਨਾ ਸਿਰਫ਼ ਖਾਣ-ਪਦਾਰਥ ਜਮ੍ਹਾ ਕਰਦੀਆਂ ਹਨ, ਪਰ ਵਾਧੂ ਖਾਣਾ ਸੁੱਟ ਦਿੰਦੀਆਂ ਹਨ ਜਦ ਕਿ ਉਨ੍ਹਾਂ ਦੇ ਆਪਣੇ ਲੋਕ ਭੁੱਖੇ ਮਰਦੇ ਹਨ। ਕੌਮਾਂ ਇਕ-ਦੂਜੇ ਦਾ ਸਰਬਨਾਸ਼ ਕਰਨ ਲਈ ਹਥਿਆਰਾਂ ਦੇ ਭੰਡਾਰ ਤਿਆਰ ਰੱਖਦੀਆਂ ਹਨ। ਉਹ ਧਰਤੀ ਦੇ ਵਾਤਾਵਰਣ ਦਾ ਨੁਕਸਾਨ ਕਰਦੀਆਂ ਹਨ। ਪਰ ਜ਼ਿਆਦਾਤਰ ਲੋਕ ਬਿਲਕੁਲ ਅਣਜਾਣ ਹਨ ਕਿ ਅਜਿਹੇ ਨਫ਼ਰਤ ਭਰੇ ਤੇ ਘਾਤਕ ਕੰਮਾਂ ਦੇ ਪਿੱਛੇ ਸ਼ਤਾਨ ਦਾ ਹੱਥ ਹੈ। ਕਿਉਂ?

ਬਾਈਬਲ ਕਹਿੰਦੀ ਹੈ ਕਿ ਸ਼ਤਾਨ ਨੇ “ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ” ਹਨ। (2 ਕੁਰਿੰਥੀਆਂ 4:4) ਲੋਕਾਂ ਨੂੰ ਆਪਣੇ ਚੱਕਰ ਵਿਚ ਫਸਾਉਣ ਲਈ ਸ਼ਤਾਨ ਦੀ ਇਕ ਸੰਸਥਾ ਹੈ। ਉਹ ਦੁਸ਼ਟ ਦੂਤਾਂ ਦਾ “ਸਰਦਾਰ” ਹੈ। (ਮੱਤੀ 12:24) ਜਿਸ ਤਰ੍ਹਾਂ ਕਿਸੇ ਗੈਂਗ ਦਾ ਡਾਨ ਬਿਨਾਂ ਕਿਸੇ ਦੇ ਭੇਤ ਲੱਗਿਆਂ ਨਾਜਾਇਜ਼ ਕਾਰਵਾਈਆਂ ਚਲਾਉਂਦਾ ਹੈ, ਉਸੇ ਤਰ੍ਹਾਂ ਸ਼ਤਾਨ ਬੜੀ ਚਾਲਬਾਜ਼ੀ ਨਾਲ ਦੁਸ਼ਟ ਦੂਤਾਂ ਦੀ ਆਪਣੀ ਸੰਸਥਾ ਵਰਤ ਕੇ ਲੋਕਾਂ ਨੂੰ ਆਪਣੀ ਮੁੱਠੀ ਵਿਚ ਰੱਖਦਾ ਹੈ। ਆਮ ਤੌਰ ਤੇ ਲੋਕ ਸ਼ਤਾਨ ਅਤੇ ਉਸ ਦੇ ਕੰਮਾਂ ਤੋਂ ਬਿਲਕੁਲ ਅਣਜਾਣ ਹਨ।

ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਸ਼ਤਾਨ ਤੇ ਉਸ ਦੀ ਸੰਸਥਾ ਦਾ ਪਰਦਾ ਫ਼ਾਸ਼ ਕਰਦੀ ਹੈ! ਇਸ ਸਦਕਾ ਅਸੀਂ ਆਪਣੇ ਆਪ ਨੂੰ ਸ਼ਤਾਨ ਤੋਂ ਬਚਾ ਸਕਦੇ ਹਾਂ। ਬਾਈਬਲ ਤਾਕੀਦ ਕਰਦੀ ਹੈ: “ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7. (w09-E 10/01)