Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਯਿਰਮਿਯਾਹ ਨੇ ਹਾਰ ਨਹੀਂ ਮੰਨੀ

ਯਿਰਮਿਯਾਹ ਨੇ ਹਾਰ ਨਹੀਂ ਮੰਨੀ

ਕੀ ਤੁਸੀਂ ਕਦੇ ਇੰਨੇ ਨਿਰਾਸ਼ ਹੋ ਜਾਂਦੇ ਹੋ ਕਿ ਤੁਸੀਂ ਹਾਰ ਮੰਨਣੀ ਚਾਹੁੰਦੇ ਹੋ?— * ਬਹੁਤੇ ਇਸ ਤਰ੍ਹਾਂ ਮਹਿਸੂਸ ਕਰਦੇ ਹਨ। ਯਿਰਮਿਯਾਹ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਫਿਰ ਵੀ ਉਸ ਨੇ ਲੋਕਾਂ ਦੀ ਕਹਿਣੀ ਜਾਂ ਕਰਨੀ ਕਰਕੇ ਹਾਰ ਨਹੀਂ ਮੰਨੀ। ਆਓ ਆਪਾਂ ਦੇਖੀਏ ਕਿ ਭਾਵੇਂ ਯਿਰਮਿਯਾਹ ਯਹੋਵਾਹ ਦਾ ਚੁਣਿਆ ਹੋਇਆ ਨਬੀ ਸੀ, ਪਰ ਉਹ ਵੀ ਹਾਰ ਮੰਨਣੀ ਚਾਹੁੰਦਾ ਸੀ।

ਯਿਰਮਿਯਾਹ ਦੇ ਜਨਮ ਤੋਂ ਪਹਿਲਾਂ ਹੀ ਸੱਚੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਨਬੀ ਬਣਨ ਲਈ ਚੁਣਿਆ ਸੀ ਤਾਂਕਿ ਉਹ ਲੋਕਾਂ ਨੂੰ ਦੱਸ ਸਕੇ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਕੰਮ ਕਰ ਰਹੇ ਸਨ। ਕੀ ਤੁਹਾਨੂੰ ਪਤਾ ਕਿ ਜਦ ਯਿਰਮਿਯਾਹ ਗੱਭਰੂ ਸੀ, ਤਾਂ ਉਸ ਨੇ ਯਹੋਵਾਹ ਨੂੰ ਕੀ ਕਿਹਾ ਸੀ?— “ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।”

ਤੁਹਾਡੇ ਖ਼ਿਆਲ ਵਿਚ ਯਹੋਵਾਹ ਨੇ ਯਿਰਮਿਯਾਹ ਨੂੰ ਕੀ ਜਵਾਬ ਦਿੱਤਾ?— ਉਸ ਨੇ ਪਿਆਰ ਨਾਲ ਸਾਫ਼-ਸਾਫ਼ ਕਿਹਾ: ‘ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਂਗਾ। ਓਹਨਾਂ ਦੇ ਅੱਗਿਓਂ ਨਾ ਡਰੀਂ।’ ਕਿਉਂ ਨਹੀਂ? ਯਹੋਵਾਹ ਨੇ ਕਿਹਾ: “ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ।”—ਯਿਰਮਿਯਾਹ 1:4-8.

ਫਿਰ ਵੀ ਜਿਵੇਂ ਅਸੀਂ ਪਹਿਲਾਂ ਕਿਹਾ ਸੀ ਯਿਰਮਿਯਾਹ ਬਹੁਤ ਨਿਰਾਸ਼ ਹੋਇਆ। ਕਿਉਂ? ਕਿਉਂਕਿ ਯਹੋਵਾਹ ਦੀ ਸੇਵਾ ਕਰਨ ਲਈ ਲੋਕ ਉਸ ਦਾ ਮਖੌਲ ਉਡਾਉਂਦੇ ਸਨ। ਉਸ ਨੇ ਕਿਹਾ ਕਿ ‘ਸਾਰੇ ਮੇਰੇ ਵੱਲ ਹੱਸਦੇ ਹਨ ਅਤੇ ਸਾਰਾ ਦਿਨ ਮੇਰਾ ਮਜ਼ਾਕ ਕਰਦੇ ਹਨ।’ ਸੋ ਉਸ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੀ ਸੇਵਾ ਨਹੀਂ ਕਰੇਗਾ। ਉਸ ਨੇ ਅੱਗੇ ਕਿਹਾ: “ਮੈਂ [ਯਹੋਵਾਹ] ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।” ਪਰ ਕੀ ਉਸ ਨੇ ਸੱਚ-ਮੁੱਚ ਹਾਰ ਮੰਨ ਲਈ ਸੀ?

ਯਿਰਮਿਯਾਹ ਨੇ ਕਿਹਾ: ‘ਮੇਰੇ ਦਿਲ ਵਿੱਚ ਯਹੋਵਾਹ ਦਾ ਬਚਨ ਬਲਦੀ ਅੱਗ ਵਾਂਗ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ।’ (ਯਿਰਮਿਯਾਹ 20:7-9) ਭਾਵੇਂ ਕਈ ਵਾਰ ਯਿਰਮਿਯਾਹ ਡਰ ਗਿਆ ਸੀ, ਫਿਰ ਵੀ ਯਹੋਵਾਹ ਨੂੰ ਪਿਆਰ ਕਰਨ ਕਰਕੇ ਉਸ ਨੇ ਉਸ ਦੀ ਸੇਵਾ ਕਰਨੀ ਨਹੀਂ ਛੱਡੀ। ਆਓ ਆਪਾਂ ਦੇਖੀਏ ਕਿ ਹਾਰ ਨਾ ਮੰਨਣ ਕਰਕੇ ਯਹੋਵਾਹ ਨੇ ਯਿਰਮਿਯਾਹ ਦੀ ਰਾਖੀ ਕਿਵੇਂ ਕੀਤੀ।

ਯਹੋਵਾਹ ਨੇ ਯਿਰਮਿਯਾਹ ਨੂੰ ਲੋਕਾਂ ਨੂੰ ਇਹ ਚੇਤਾਵਨੀ ਦੇਣ ਲਈ ਕਿਹਾ ਕਿ ਜੇ ਉਹ ਆਪਣੇ ਬੁਰੇ ਰਾਹਾਂ ਤੋਂ ਨਾ ਮੁੜਨ, ਤਾਂ ਯਰੂਸ਼ਲਮ ਨੂੰ ਤਬਾਹ ਕੀਤਾ ਜਾਵੇਗਾ। ਜਦ ਯਿਰਮਿਯਾਹ ਨੇ ਇਹ ਚੇਤਾਵਨੀ ਦਿੱਤੀ, ਤਾਂ ਲੋਕ ਗੁੱਸੇ ਹੋ ਕੇ ਕਹਿਣ ਲੱਗੇ: “ਏਹ ਮਨੁੱਖ ਮੌਤ ਦੇ ਜੋਗ ਹੈ।” ਪਰ ਯਿਰਮਿਯਾਹ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ।” ਉਸ ਨੇ ਅੱਗੇ ਕਿਹਾ: ‘ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਆਦਮੀ ਨੂੰ ਜਾਨੋਂ ਮਾਰ ਰਹੇ ਹੋਵੋਗੇ ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਗੱਲਾਂ ਕਰਨ ਲਈ ਤੁਹਾਡੇ ਕੋਲ ਘੱਲਿਆ ਹੈ।’ ਕੀ ਤੁਹਾਨੂੰ ਪਤਾ ਕਿ ਅੱਗੇ ਕੀ ਹੋਇਆ?—

ਬਾਈਬਲ ਕਹਿੰਦੀ ਹੈ: “ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਏਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਏਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ।” ਭਾਵੇਂ ਯਿਰਮਿਯਾਹ ਡਰਦਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਕਰਕੇ ਯਹੋਵਾਹ ਨੇ ਉਸ ਦੀ ਰਾਖੀ ਕੀਤੀ। ਪਰ ਆਓ ਹੁਣ ਦੇਖੀਏ ਕਿ ਯਹੋਵਾਹ ਦੇ ਇਕ ਹੋਰ ਨਬੀ ਊਰੀਯਾਹ ਨਾਲ ਕੀ ਹੋਇਆ ਸੀ ਜਿਸ ਨੇ ਯਿਰਮਿਯਾਹ ਦੇ ਉਲਟ ਕੀਤਾ।

ਬਾਈਬਲ ਕਹਿੰਦੀ ਹੈ ਕਿ ‘ਊਰੀਯਾਹ ਨੇ ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਙੁ ਯਰੂਸ਼ਲਮ ਦੇ ਵਿਰੁੱਧ ਅਗੰਮ ਵਾਚਿਆ।’ ਪਰ ਜਦ ਰਾਜਾ ਯਹੋਯਾਕੀਮ ਊਰੀਯਾਹ ਨਾਲ ਗੁੱਸੇ ਹੋਇਆ, ਤਾਂ ਕੀ ਤੁਹਾਨੂੰ ਪਤਾ ਕਿ ਊਰੀਯਾਹ ਨੇ ਕੀ ਕੀਤਾ?— ਉਹ ਡਰ ਗਿਆ, ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੋਂ ਰੁਕ ਗਿਆ ਅਤੇ ਮਿਸਰ ਨੂੰ ਭੱਜ ਗਿਆ। ਸੋ ਰਾਜੇ ਨੇ ਉਸ ਨੂੰ ਉੱਥੋਂ ਲੱਭ ਕੇ ਵਾਪਸ ਲਿਆਉਣ ਲਈ ਬੰਦੇ ਭੇਜੇ। ਜਦ ਉਨ੍ਹਾਂ ਨੇ ਉਸ ਨੂੰ ਵਾਪਸ ਲਿਆਂਦਾ, ਤਾਂ ਕੀ ਤੁਹਾਨੂੰ ਪਤਾ ਉਸ ਬੁਰੇ ਰਾਜੇ ਨੇ ਕੀ ਕੀਤਾ?— ਉਸ ਨੇ ਊਰੀਯਾਹ ਨੂੰ ਤਲਵਾਰ ਨਾਲ ਮਾਰ ਦਿੱਤਾ!—ਯਿਰਮਿਯਾਹ 26:8-24.

ਤੁਹਾਡੇ ਖ਼ਿਆਲ ਵਿਚ ਯਹੋਵਾਹ ਨੇ ਯਿਰਮਿਯਾਹ ਦੀ ਰਖਵਾਲੀ ਕਿਉਂ ਕੀਤੀ, ਪਰ ਊਰੀਯਾਹ ਦੀ ਨਹੀਂ?— ਇਹ ਸੱਚ ਹੈ ਕਿ ਯਿਰਮਿਯਾਹ ਵੀ ਊਰੀਯਾਹ ਵਾਂਗ ਡਰਦਾ ਸੀ, ਪਰ ਯਿਰਮਿਯਾਹ ਨੇ ਨਾ ਤਾਂ ਯਹੋਵਾਹ ਦੀ ਸੇਵਾ ਕਰਨੀ ਛੱਡੀ ਤੇ ਨਾ ਹੀ ਉਹ ਕਿਤੇ ਭੱਜ ਗਿਆ ਸੀ। ਉਸ ਨੇ ਹਾਰ ਨਹੀਂ ਮੰਨੀ। ਤੁਹਾਡੇ ਖ਼ਿਆਲ ਵਿਚ ਅਸੀਂ ਯਿਰਮਿਯਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?— ਇਹ ਕਿ ਕਈ ਵਾਰ ਸਾਡੇ ਲਈ ਯਹੋਵਾਹ ਦਾ ਕਹਿਣਾ ਮੰਨਣਾ ਸ਼ਾਇਦ ਮੁਸ਼ਕਲ ਹੋਵੇ, ਪਰ ਸਾਨੂੰ ਹਮੇਸ਼ਾ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (w09-E 12/01)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।