ਯਿਸੂ ਮਸੀਹ—ਉਸ ਨੇ ਆਪਣੇ ਬਾਰੇ ਕੀ ਸਿਖਾਇਆ
ਯਿਸੂ ਮਸੀਹ—ਉਸ ਨੇ ਆਪਣੇ ਬਾਰੇ ਕੀ ਸਿਖਾਇਆ
“ਯਿਸੂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਹ ਕੌਣ ਸੀ, ਉਹ ਕਿੱਥੋਂ ਆਇਆ ਸੀ, ਉਹ ਧਰਤੀ ਉੱਤੇ ਕਿਉਂ ਆਇਆ ਸੀ ਅਤੇ ਭਵਿੱਖ ਵਿਚ ਉਸ ਨੇ ਕੀ ਕਰਨਾ ਸੀ।”—ਲੇਖਕ ਹਰਬਰਟ ਲੌਕਯਰ।
ਇਸ ਤੋਂ ਪਹਿਲਾਂ ਕਿ ਅਸੀਂ ਯਿਸੂ ਦੀਆਂ ਸਿੱਖਿਆਵਾਂ ਨੂੰ ਕਬੂਲ ਕਰੀਏ ਅਤੇ ਉਨ੍ਹਾਂ ’ਤੇ ਚਲੀਏ, ਇਹ ਜ਼ਰੂਰੀ ਹੈ ਕਿ ਅਸੀਂ ਉਸ ਬਾਰੇ ਕੁਝ ਜਾਣੀਏ। ਯਿਸੂ ਕੌਣ ਸੀ? ਉਹ ਕਿੱਥੋਂ ਆਇਆ ਸੀ? ਉਸ ਦੀ ਜ਼ਿੰਦਗੀ ਦਾ ਮਕਸਦ ਕੀ ਸੀ? ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਇੰਜੀਲਾਂ ਵਿਚ ਯਿਸੂ ਖ਼ੁਦ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ।
ਉਹ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ ਜੀਉਂਦਾ ਸੀ: ਇਕ ਵਾਰੀ ਯਿਸੂ ਨੇ ਕਿਹਾ: “ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।” (ਯੂਹੰਨਾ 8:58) ਧਿਆਨ ਦਿਓ ਕਿ ਅਬਰਾਹਾਮ ਯਿਸੂ ਦੇ ਜਨਮ ਤੋਂ ਤਕਰੀਬਨ 2,000 ਸਾਲ ਪਹਿਲਾਂ ਜੀਉਂਦਾ ਸੀ। ਪਰ ਯਿਸੂ ਦੀ ਜ਼ਿੰਦਗੀ ਦੀ ਸ਼ੁਰੂਆਤ ਅਬਰਾਹਾਮ ਤੋਂ ਵੀ ਪਹਿਲਾਂ ਹੋਈ ਸੀ। ਤਾਂ ਫਿਰ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਕਿੱਥੇ ਸੀ? ਯਿਸੂ ਨੇ ਖ਼ੁਦ ਦੱਸਿਆ ਕਿ “ਮੈਂ ਸੁਰਗੋਂ ਉੱਤਰਿਆ ਹਾਂ।”—ਯੂਹੰਨਾ 6:38.
ਪਰਮੇਸ਼ੁਰ ਦਾ ਪੁੱਤਰ: ਸਵਰਗ ਵਿਚ ਯਹੋਵਾਹ ਦੇ ਅਨੇਕ ਫ਼ਰਿਸ਼ਤੇ ਜਾਂ ਪੁੱਤਰ ਹਨ ਜਿਨ੍ਹਾਂ ਵਿੱਚੋਂ ਯਿਸੂ ਉਸ ਦਾ ਖ਼ਾਸ ਪੁੱਤਰ ਹੈ। ਉਸ ਨੇ ਆਪਣੇ ਆਪ ਨੂੰ ‘ਪਰਮੇਸ਼ੁਰ ਦਾ ਇਕਲੌਤਾ ਪੁੱਤ੍ਰ’ ਕਿਹਾ। (ਯੂਹੰਨਾ 3:18) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਸਿਰਫ਼ ਯਿਸੂ ਨੂੰ ਆਪਣੇ ਹੱਥੀਂ ਬਣਾਇਆ ਸੀ। ਫਿਰ ਉਸ ਨੇ ਬਾਕੀ ਸਾਰੀਆਂ ਚੀਜ਼ਾਂ ਯਿਸੂ ਰਾਹੀਂ ਬਣਾਈਆਂ।—ਕੁਲੁੱਸੀਆਂ 1:16.
‘ਮਨੁੱਖ ਦਾ ਪੁੱਤ੍ਰ’: ਯਿਸੂ ਨੇ ਆਪਣੇ ਆਪ ਨੂੰ ਬਹੁਤ ਵਾਰ ‘ਮਨੁੱਖ ਦਾ ਪੁੱਤ੍ਰ’ ਕਿਹਾ। (ਮੱਤੀ 8:20) ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਨਾ ਹੀ ਉਹ ਦੇਹਧਾਰੀ ਫ਼ਰਿਸ਼ਤਾ ਸੀ ਅਤੇ ਨਾ ਹੀ ਕਿਸੇ ਦਾ ਅਵਤਾਰ। ਇਸ ਦੀ ਬਜਾਇ ਉਹ ਇਨਸਾਨ ਹੀ ਸੀ। ਯਿਸੂ ਨੇ ਧਰਤੀ ਉੱਤੇ ਕੁਆਰੀ ਮਰਿਯਮ ਦੀ ਕੁੱਖੋਂ ਜਨਮ ਲਿਆ ਸੀ। ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਦੀ ਜਾਨ ਮਰਿਯਮ ਦੀ ਕੁੱਖ ਵਿਚ ਪਾਈ ਸੀ। ਇਸ ਕਰਕੇ ਜਦੋਂ ਉਹ ਪੈਦਾ ਹੋਇਆ ਸੀ, ਤਾਂ ਉਹ ਮੁਕੰਮਲ ਸੀ ਯਾਨੀ ਉਸ ਵਿਚ ਕੋਈ ਕਮੀ ਨਹੀਂ ਸੀ ਅਤੇ ਉਸ ਉੱਤੇ ਪਾਪ ਦਾ ਕੋਈ ਅਸਰ ਨਹੀਂ ਸੀ।—ਮੱਤੀ 1:18; ਲੂਕਾ 1:35; ਯੂਹੰਨਾ 8:46.
ਵਾਅਦਾ ਕੀਤਾ ਹੋਇਆ ਮਸੀਹਾ: ਇਕ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ: “ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ।” ਯਿਸੂ ਨੇ ਜਵਾਬ ਦਿੱਤਾ, “ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ।” (ਯੂਹੰਨਾ 4:25, 26) “ਮਸੀਹ” ਦਾ ਮਤਲਬ ਹੈ “ਪਰਮੇਸ਼ੁਰ ਦਾ ਚੁਣਿਆ ਹੋਇਆ” ਯਾਨੀ ਪਰਮੇਸ਼ੁਰ ਨੇ ਆਪਣੇ ਵਾਅਦੇ ਪੂਰੇ ਕਰਨ ਲਈ ਯਿਸੂ ਨੂੰ ਚੁਣਿਆ ਸੀ।
ਉਸ ਦਾ ਮੁੱਖ ਕੰਮ: ਯਿਸੂ ਨੇ ਇਕ ਵਾਰੀ ਕਿਹਾ ਸੀ: “ਮੈਨੂੰ ਚਾਹੀਦਾ ਹੈ ਜੋ . . . ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਭਾਵੇਂ ਯਿਸੂ ਨੇ ਲੋਕਾਂ ਦੀ ਭਲਿਆਈ ਲਈ ਬਹੁਤ ਸਾਰੇ ਚੰਗੇ ਕੰਮ ਕੀਤੇ ਸਨ, ਪਰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਉਸ ਦਾ ਮੁੱਖ ਕੰਮ ਸੀ। ਅਸੀਂ ਬਾਅਦ ਵਿਚ ਦੇਖਾਂਗੇ ਕਿ ਉਸ ਨੇ ਉਸ ਰਾਜ ਬਾਰੇ ਕੀ ਸਿਖਾਇਆ ਸੀ।
ਯਿਸੂ ਕੋਈ ਆਮ ਇਨਸਾਨ ਨਹੀਂ ਸੀ। * ਅਸੀਂ ਅੱਗੇ ਦੇਖਾਂਗੇ ਕਿ ਸਵਰਗ ਵਿਚ ਯਿਸੂ ਨੂੰ ਜੋ ਤਜਰਬਾ ਹੋਇਆ ਉਸ ਕਰਕੇ ਉਸ ਦੀਆਂ ਸਿੱਖਿਆਵਾਂ ਜਾਂ ਗੱਲਾਂ ਬਹੁਤ ਅਸਰਦਾਰ ਸਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਦੇ ਸੰਦੇਸ਼ ਦਾ ਅਸਰ ਸੰਸਾਰ ਭਰ ਵਿਚ ਲੱਖਾਂ ਹੀ ਲੋਕਾਂ ਉੱਤੇ ਪਿਆ ਹੈ। (w10-E 04/01)
[ਫੁਟਨੋਟ]
^ ਪੈਰਾ 9 ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਕੰਮਾਂ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਚੌਥਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।