Skip to content

Skip to table of contents

ਯਿਸੂ ਮਸੀਹ—ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿਖਾਇਆ

ਯਿਸੂ ਮਸੀਹ—ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿਖਾਇਆ

ਯਿਸੂ ਮਸੀਹ​—ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿਖਾਇਆ

“ਉਹ ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।”—ਲੂਕਾ 8:1.

ਅਸੀਂ ਆਪਣੇ ਦਿਲ ਜਾਂ ਮਨ ਦੀਆਂ ਗੱਲਾਂ ਕਰਨੀਆਂ ਪਸੰਦ ਕਰਦੇ ਹਾਂ। ਯਿਸੂ ਨੇ ਆਪ ਕਿਹਾ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਯਿਸੂ ਹਮੇਸ਼ਾ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਨੀਆਂ ਪਸੰਦ ਕਰਦਾ ਸੀ। ਅਸੀਂ ਇਸ ਤੋਂ ਦੇਖ ਸਕਦੇ ਹਾਂ ਕਿ ਉਸ ਲਈ ਪਰਮੇਸ਼ੁਰ ਦਾ ਰਾਜ ਅਹਿਮੀਅਤ ਰੱਖਦਾ ਸੀ।

ਪਰਮੇਸ਼ੁਰ ਦਾ ਰਾਜ ਕੀ ਹੈ? ਪਰਮੇਸ਼ੁਰ ਦਾ ਰਾਜ ਉਸ ਦੀ ਸਥਾਪਿਤ ਕੀਤੀ ਹੋਈ ਸਰਕਾਰ ਹੈ। ਯਿਸੂ ਨੇ ਉਸ ਰਾਜ ਬਾਰੇ ਕਾਫ਼ੀ ਗੱਲਾਂ ਕੀਤੀਆਂ ਸਨ। ਦਰਅਸਲ ਇਹ ਉਸ ਦੇ ਸੰਦੇਸ਼ ਦਾ ਮੁੱਖ ਵਿਸ਼ਾ ਸੀ। ਚਾਰ ਇੰਜੀਲਾਂ ਵਿਚ 110 ਤੋਂ ਜ਼ਿਆਦਾ ਵਾਰ ਉਸ ਰਾਜ ਦਾ ਜ਼ਿਕਰ ਆਉਂਦਾ ਹੈ। ਪਰ ਯਿਸੂ ਨੇ ਸਿਰਫ਼ ਇਸ ਬਾਰੇ ਗੱਲਾਂ ਹੀ ਨਹੀਂ ਕੀਤੀਆਂ। ਉਸ ਦੇ ਕੰਮਾਂ ਤੋਂ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਉਹ ਕੀ ਕਰੇਗਾ।

ਰਾਜਾ ਕੌਣ ਹੈ? ਪਰਮੇਸ਼ੁਰ ਦੇ ਰਾਜ ਦਾ ਰਾਜਾ ਇਨਸਾਨਾਂ ਦੁਆਰਾ ਵੋਟਾਂ ਪਾ ਕੇ ਨਹੀਂ ਚੁਣਿਆ ਗਿਆ। ਇਸ ਦੀ ਬਜਾਇ ਪਰਮੇਸ਼ੁਰ ਨੇ ਖ਼ੁਦ ਇਸ ਰਾਜੇ ਨੂੰ ਚੁਣਿਆ ਹੈ। ਯਿਸੂ ਦੀ ਸਿੱਖਿਆ ਤੋਂ ਪਤਾ ਲੱਗਦਾ ਹੈ ਕਿ ਯਿਸੂ ਹੀ ਇਸ ਰਾਜ ਦਾ ਰਾਜਾ ਹੈ।

ਯਿਸੂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਸੀ ਕਿ ਆਉਣ ਵਾਲਾ ਮਸੀਹਾ ਹਮੇਸ਼ਾ ਲਈ ਰਾਜ ਕਰੇਗਾ। (2 ਸਮੂਏਲ 7:12-14; ਦਾਨੀਏਲ 7:13, 14; ਮੱਤੀ 26:63, 64) ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਮਸੀਹਾ ਸੀ। ਇਸ ਤਰ੍ਹਾਂ ਯਿਸੂ ਨੇ ਕਬੂਲ ਕੀਤਾ ਕਿ ਉਹ ਹੀ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਸੀ। (ਯੂਹੰਨਾ 4:25, 26) ਇਸੇ ਲਈ ਯਿਸੂ ਨੇ ਕਈ ਵਾਰ ਇਸ ਰਾਜ ਨੂੰ “ਮੇਰਾ ਰਾਜ” ਕਿਹਾ ਸੀ।—ਯੂਹੰਨਾ 18:36, CL.

ਯਿਸੂ ਨੇ ਇਹ ਵੀ ਸਿਖਾਇਆ ਸੀ ਕਿ ਉਸ ਦੇ ਨਾਲ ਹੋਰ ਲੋਕ ਵੀ ਰਾਜ ਕਰਨਗੇ। (ਲੂਕਾ 22:28-30) ਉਸ ਨੇ ਇਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ ਕਿਉਂਕਿ ਇਨ੍ਹਾਂ ਦੀ ਗਿਣਤੀ ਥੋੜ੍ਹੀ ਹੈ। ਉਨ੍ਹਾਂ ਬਾਰੇ ਉਸ ਨੇ ਕਿਹਾ: “ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” (ਲੂਕਾ 12:32) ਬਾਈਬਲ ਦੀ ਆਖ਼ਰੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਮਸੀਹ ਦੇ ਨਾਲ ਕੁੱਲ 1,44,000 ਲੋਕ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10; 14:1.

ਇਹ ਰਾਜ ਕਿੱਥੇ ਹੈ? ਯਿਸੂ ਨੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 18:36) ਮਸੀਹ ਧਰਤੀ ਉੱਤੇ ਇਨਸਾਨੀ ਸਰਕਾਰਾਂ ਨਾਲ ਮਿਲ ਕੇ ਰਾਜ ਨਹੀਂ ਕਰੇਗਾ। ਯਿਸੂ ਨੇ ਕਈ ਵਾਰ ਪਰਮੇਸ਼ੁਰ ਦੇ ਰਾਜ ਨੂੰ “ਸੁਰਗ ਦਾ ਰਾਜ” ਕਿਹਾ ਸੀ। * (ਮੱਤੀ 4:17; 5:3, 10, 19, 20) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਸਵਰਗੀ ਸਰਕਾਰ ਹੈ।

ਯਿਸੂ ਨੂੰ ਪੱਕਾ ਪਤਾ ਸੀ ਕਿ ਧਰਤੀ ਉੱਤੇ ਆਪਣੀ ਜ਼ਿੰਦਗੀ ਪੂਰੀ ਕਰ ਕੇ ਉਹ ਸਵਰਗ ਵਾਪਸ ਚਲਾ ਜਾਵੇਗਾ। ਉਸ ਨੇ ਕਿਹਾ ਕਿ ਉੱਥੇ ਉਹ ਉਨ੍ਹਾਂ ਲੋਕਾਂ ਲਈ “ਜਗ੍ਹਾ ਤਿਆਰ” ਕਰੇਗਾ ਜੋ ਉਸ ਨਾਲ ਰਾਜ ਕਰਨਗੇ।—ਯੂਹੰਨਾ 14:2, 3.

ਇਸ ਰਾਜ ਦਾ ਮਕਸਦ ਕੀ ਹੈ? ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਇਸ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਹੋ ਰਹੀ ਹੈ। ਆਪਣੇ ਰਾਜ ਦੇ ਜ਼ਰੀਏ ਪਰਮੇਸ਼ੁਰ ਧਰਤੀ ਉੱਤੇ ਆਪਣਾ ਮਕਸਦ ਪੂਰਾ ਕਰੇਗਾ। ਨਤੀਜੇ ਵਜੋਂ ਧਰਤੀ ਉੱਤੇ ਵੱਡੀਆਂ-ਵੱਡੀਆਂ ਤਬਦੀਲੀਆਂ ਲਿਆਈਆਂ ਜਾਣਗੀਆਂ।

ਧਰਤੀ ਉੱਤੇ ਇਹ ਰਾਜ ਕੀ-ਕੀ ਕਰੇਗਾ? ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਸਿਰਫ਼ ਬੁਰਾਈ ਨੂੰ ਹੀ ਨਹੀਂ, ਪਰ ਉਨ੍ਹਾਂ ਨੂੰ ਵੀ ਖ਼ਤਮ ਕਰੇਗਾ ਜੋ ਬੁਰਾਈ ਕਰਨ ਤੇ ਤੁਲੇ ਹੋਏ ਹਨ। (ਮੱਤੀ 25:31-34, 46) ਇਸ ਦਾ ਮਤਲਬ ਇਹ ਹੋਵੇਗਾ ਕਿ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਅਤੇ ਸਾਰੀ ਦੁਸ਼ਟਤਾ ਹਮੇਸ਼ਾ ਲਈ ਦੂਰ ਕੀਤੀ ਜਾਵੇਗੀ। ਯਿਸੂ ਨੇ ਸਿਖਾਇਆ ਕਿ ਧਰਤੀ “ਹਲੀਮ,” ਧਰਮੀ, ਦਇਆਵਾਨ, “ਸ਼ੁੱਧਮਨ” ਅਤੇ ਅਮਨਪਸੰਦ ਲੋਕਾਂ ਨਾਲ ਭਰੀ ਹੋਈ ਹੋਵੇਗੀ।—ਮੱਤੀ 5:5-9.

ਕੀ ਇਹ ਲੋਕ ਅਜਿਹੀ ਧਰਤੀ ਉੱਤੇ ਰਹਿਣਗੇ ਜਿਸ ਦਾ ਪਾਣੀ, ਹਵਾ ਤੇ ਜ਼ਮੀਨ ਗੰਦੇ ਹੋ ਚੁੱਕੇ ਹਨ? ਬਿਲਕੁਲ ਨਹੀਂ! ਯਿਸੂ ਨੇ ਵਾਅਦਾ ਕੀਤਾ ਸੀ ਕਿ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਵੱਡੀਆਂ ਤਬਦੀਲੀਆਂ ਆਉਣਗੀਆਂ। ਯਿਸੂ ਨਾਲ ਸੂਲ਼ੀ ਤੇ ਚੜ੍ਹਾਏ ਗਏ ਇਕ ਆਦਮੀ ਨੇ ਉਸ ਨੂੰ ਕਿਹਾ ਸੀ: “ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” (ਲੂਕਾ 23:42) ਜਵਾਬ ਦਿੰਦੇ ਹੋਏ ਯਿਸੂ ਨੇ ਵਾਅਦਾ ਕੀਤਾ ਕਿ ਉਹ ਆਦਮੀ ਯਿਸੂ ਨਾਲ ਨਵੀਂ ਦੁਨੀਆਂ ਵਿਚ ਹੋਵੇਗਾ। ਜੀ ਹਾਂ, ਪਰਮੇਸ਼ੁਰ ਦੇ ਰਾਜ ਅਧੀਨ ਪੂਰੀ ਧਰਤੀ ਅਦਨ ਦੇ ਬਾਗ਼ ਵਾਂਗ ਸੁੰਦਰ ਬਣਾਈ ਜਾਵੇਗੀ ਜਿੱਥੇ ਸੁਖ-ਸ਼ਾਂਤੀ ਹੋਵੇਗੀ।

ਇਹ ਰਾਜ ਇਨਸਾਨਾਂ ਲਈ ਹੋਰ ਕੀ ਕਰੇਗਾ? ਯਿਸੂ ਨੇ ਸਿਰਫ਼ ਵਾਅਦੇ ਹੀ ਨਹੀਂ ਕੀਤੇ ਸਨ ਕਿ ਪਰਮੇਸ਼ੁਰ ਦਾ ਰਾਜ ਕੀ ਕਰੇਗਾ, ਸਗੋਂ ਉਸ ਨੇ ਦਿਖਾਇਆ ਵੀ ਕਿ ਇਸ ਰਾਜ ਰਾਹੀਂ ਉਹ ਕੀ ਕਰੇਗਾ। ਮਿਸਾਲ ਲਈ, ਯਿਸੂ ਨੇ ਚਮਤਕਾਰਾਂ ਰਾਹੀਂ ਕਈ ਬੀਮਾਰਾਂ ਨੂੰ ਠੀਕ ਕੀਤਾ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਜਦ ਉਹ ਰਾਜਾ ਬਣੇਗਾ, ਤਾਂ ਉਹ ਵੱਡੇ ਪੈਮਾਨੇ ਤੇ ਕੀ ਕੁਝ ਕਰ ਪਾਏਗਾ। ਬਾਈਬਲ ਵਿਚ ਯਿਸੂ ਬਾਰੇ ਕਿਹਾ ਗਿਆ ਹੈ: “ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।”—ਮੱਤੀ 4:23.

ਯਿਸੂ ਨੇ ਵੱਖ-ਵੱਖ ਤਰ੍ਹਾਂ ਦੇ ਰੋਗੀਆਂ ਨੂੰ ਠੀਕ ਕੀਤਾ ਸੀ। ਉਸ ਨੇ “ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ।” (ਯੂਹੰਨਾ 9:1-7, 32, 33) ਇਕ ਆਦਮੀ ਨੂੰ ਕੋੜ੍ਹ ਦੀ ਘਿਣਾਉਣੀ ਬੀਮਾਰੀ ਸੀ ਤੇ ਯਿਸੂ ਨੇ ਉਸ ਨੂੰ ਛੋਹ ਕੇ ਠੀਕ ਕੀਤਾ। (ਮਰਕੁਸ 1:40-42) ਇਕ ਵਾਰ “ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ” ਯਿਸੂ ਕੋਲ ਲਿਆਂਦਾ, ਤਾਂ ਯਿਸੂ ਨੇ ਦਿਖਾਇਆ ਕਿ “ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!”—ਮਰਕੁਸ 7:31-37.

ਮੌਤ ਵੀ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾ ਹੱਥ ਨਹੀਂ ਰੋਕ ਸਕਦੀ ਸੀ। ਬਾਈਬਲ ਵਿਚ ਤਿੰਨ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਯਿਸੂ ਨੇ ਮੁਰਦਿਆਂ ਤੋਂ ਜੀਉਂਦਾ ਕੀਤਾ ਸੀ। ਉਸ ਨੇ ਇਕ ਵਿਧਵਾ ਦੇ ਇਕਲੌਤੇ ਪੁੱਤਰ, ਇਕ 12 ਸਾਲਾਂ ਦੀ ਕੁੜੀ ਤੇ ਆਪਣੇ ਜਿਗਰੀ ਦੋਸਤ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ ਸੀ।—ਲੂਕਾ 7:11-15; 8:41-55; ਯੂਹੰਨਾ 11:38-44.

ਪਰਮੇਸ਼ੁਰ ਦੇ ਰਾਜ ਅਧੀਨ ਸੁਨਹਿਰੇ ਭਵਿੱਖ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਯੂਹੰਨਾ ਰਸੂਲ ਰਾਹੀਂ ਭਵਿੱਖਬਾਣੀ ਕੀਤੀ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 1:1; 21:3, 4) ਅਜਿਹੀ ਦੁਨੀਆਂ ਬਾਰੇ ਜ਼ਰਾ ਸੋਚੋ ਜਿੱਥੇ ਨਾ ਸੋਗ, ਨਾ ਦੁੱਖ ਤੇ ਨਾ ਹੀ ਮੌਤ ਹੋਵੇਗੀ! ਫਿਰ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਹੀ ਨਹੀਂ, ਸਗੋਂ ਧਰਤੀ ਉੱਤੇ ਵੀ ਪੂਰੀ ਹੋਵੇਗੀ।

ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਯਿਸੂ ਨੇ ਸਿਖਾਇਆ ਕਿ ਜਦ ਉਸ ਦਾ ਰਾਜ ਸ਼ੁਰੂ ਹੋਵੇਗਾ, ਤਾਂ ਉਹ ਰਾਜੇ ਵਜੋਂ ‘ਆਵੇਗਾ।’ ਯਿਸੂ ਨੇ ਭਵਿੱਖਬਾਣੀ ਵਿਚ ਸਮਝਾਇਆ ਕਿ ਉਹ ਕਦੋਂ ਰਾਜੇ ਵਜੋਂ ਆਵੇਗਾ। ਇਸ ਸਮੇਂ ਦੌਰਾਨ ਪੂਰੀ ਦੁਨੀਆਂ ਵਿਚ ਮੁਸੀਬਤਾਂ ਹੋਣਗੀਆਂ ਜਿਸ ਵਿਚ ਲੜਾਈ, ਕਾਲ, ਭੁਚਾਲ, ਬੀਮਾਰੀਆਂ ਅਤੇ ਬੁਰਾਈ ਵਿਚ ਵਾਧਾ ਹੋਵੇਗਾ। (ਮੱਤੀ 24:3, 7-12; ਲੂਕਾ 21:10, 11) ਜਦ ਅਸੀਂ ਇਨ੍ਹਾਂ ਅਤੇ ਹੋਰਨਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ ਜੋ ਯਿਸੂ ਨੇ ਪਹਿਲਾਂ ਹੀ ਦੱਸੀਆਂ ਸਨ ਕਿ ਹੋਣਗੀਆਂ, ਤਾਂ ਅਸੀਂ ਦੇਖ ਸਕਦੇ ਹਾਂ ਕਿ 1914 ਤੋਂ ਲੈ ਕੇ ਇਹ ਗੱਲਾਂ ਪੂਰੀਆਂ ਹੋ ਰਹੀਆਂ ਹਨ। ਇਹ ਉਹ ਸਾਲ ਹੈ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। ਇਸ ਕਰਕੇ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ। ਬਹੁਤ ਜਲਦ ਪਰਮੇਸ਼ੁਰ ਦਾ ਰਾਜ ਉਸ ਦੀ ਮਰਜ਼ੀ ਧਰਤੀ ਉੱਤੇ ਵੀ ਪੂਰੀ ਕਰੇਗਾ। *

ਜਦ ਪਰਮੇਸ਼ੁਰ ਦਾ ਰਾਜ ਆਵੇਗਾ, ਤਾਂ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਯਿਸੂ ਦੇ ਸੰਦੇਸ਼ ਨੂੰ ਕਬੂਲ ਕਰੋਗੇ ਜਾਂ ਨਹੀਂ। (w10-E 04/01)

[ਫੁਟਨੋਟ]

^ ਪੈਰਾ 8 ਮੱਤੀ ਦੀ ਇੰਜੀਲ ਵਿਚ ‘ਸੁਰਗ ਦੇ ਰਾਜ’ ਦਾ ਜ਼ਿਕਰ ਤਕਰੀਬਨ 30 ਵਾਰ ਆਉਂਦਾ ਹੈ।

^ ਪੈਰਾ 17 ਇਹ ਦੇਖਣ ਲਈ ਕਿ ਅਸੀਂ ਕਿਉਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਨੌਵਾਂ ਅਧਿਆਇ ਦੇਖੋ, “ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?” ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।