ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਸੱਸ-ਸਹੁਰੇ ਨਾਲ ਕਿਵੇਂ ਪੇਸ਼ ਆਉਣਾ
ਜੈਨੀ * ਕਹਿੰਦੀ ਹੈ: ਮੇਰੀ ਸੱਸ ਦੀਆਂ ਗੱਲਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਸੀ ਕਰਦੀ। ਅਤੇ ਦੂਜੇ ਪਾਸੇ, ਮੇਰੇ ਮਾਪੇ ਮੇਰੇ ਪਤੀ ਰਾਇਨ ਨਾਲ ਵੀ ਇਹੋ ਜਿਹਾ ਸਲੂਕ ਕਰਦੇ ਹੁੰਦੇ ਸੀ। ਮੈਂ ਪਹਿਲਾਂ ਕਦੀ ਵੀ ਉਨ੍ਹਾਂ ਨੂੰ ਕਿਸੇ ਨਾਲ ਇੰਨੀ ਬਦਤਮੀਜ਼ੀ ਕਰਦੇ ਨਹੀਂ ਦੇਖਿਆ! ਜਦ ਵੀ ਅਸੀਂ ਆਪਣੇ ਮਾਪਿਆਂ ਨੂੰ ਮਿਲਣ ਜਾਂਦੇ ਸੀ, ਤਾਂ ਸਾਡੇ ਦੋਹਾਂ ਲਈ ਇਹ ਬਹੁਤ ਮੁਸ਼ਕਲ ਸੀ।
ਰਾਇਨ ਕਹਿੰਦਾ ਹੈ: ਮੇਰੀ ਮਾਂ ਸੋਚਦੀ ਸੀ ਕਿ ‘ਕੋਈ ਵੀ ਮੇਰੇ ਬੱਚਿਆਂ ਨਾਲ ਵਿਆਹ ਕਰਾਉਣ ਦੇ ਲਾਇਕ ਨਹੀਂ।’ ਇਸ ਲਈ ਉਹ ਸ਼ੁਰੂ ਤੋਂ ਹੀ ਜੈਨੀ ਵਿਚ ਨੁਕਸ ਕੱਢਦੀ ਰਹਿੰਦੀ ਸੀ। ਜੈਨੀ ਦੇ ਮਾਂ-ਬਾਪ ਵੀ ਮੇਰੇ ਨਾਲ ਇੱਦਾਂ ਹੀ ਕਰਦੇ ਸਨ—ਉਹ ਹਮੇਸ਼ਾ ਮੈਨੂੰ ਨੀਵਿਆਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਮੁਸ਼ਕਲ ਇਹ ਸੀ ਕਿ ਜੈਨੀ ਤੇ ਮੈਂ ਆਪੋ-ਆਪਣੇ ਮਾਪਿਆਂ ਦਾ ਪੱਖ ਲੈ ਕੇ ਇਕ-ਦੂਜੇ ਦੀ ਨੁਕਤਾਚੀਨੀ ਕਰਨ ਲੱਗ ਪੈਂਦੇ ਸੀ।
ਸ਼ਾਇਦ ਟੀ.ਵੀ. ਤੇ ਫ਼ਿਲਮਾਂ ਵਿਚ ਸੱਸ-ਸਹੁਰੇ ਵਿਚਲੇ ਝਗੜੇ ਹਾਸੇ-ਮਜ਼ਾਕ ਦੀ ਗੱਲ ਹੁੰਦੀ ਹੈ, ਪਰ ਅਸਲ ਜ਼ਿੰਦਗੀ ਵਿਚ ਇਹ ਕੋਈ ਹਾਸੇ ਵਾਲੀ ਗੱਲ ਨਹੀਂ। ਭਾਰਤ ਵਿਚ ਰਹਿਣ ਵਾਲੀ ਰੀਨਾ ਨੇ ਕਿਹਾ: “ਕਈ ਸਾਲਾਂ ਤਕ ਮੇਰੀ ਸੱਸ ਸਾਡੇ ਦੋਹਾਂ ਵਿਚ ਦਖ਼ਲ ਦਿੰਦੀ ਰਹੀ। ਕਈ ਵਾਰ ਮੈਂ ਆਪਣੇ ਪਤੀ ਨਾਲ ਗੁੱਸੇ ਹੋ ਜਾਂਦੀ ਸੀ ਕਿਉਂਕਿ ਮੈਂ ਆਪਣੀ ਸੱਸ ਨਾਲ ਗੁੱਸੇ ਨਹੀਂ ਹੋ ਸਕਦੀ ਸੀ। ਮੇਰੇ ਪਤੀ ਲਈ ਵੀ ਔਖਾ ਸੀ ਕਿਉਂਕਿ ਇਕ ਪਾਸੇ ਉਨ੍ਹਾਂ ਨੇ ਚੰਗਾ ਪੁੱਤ ਬਣਨਾ ਸੀ ਅਤੇ ਦੂਜੇ ਪਾਸੇ ਚੰਗਾ ਪਤੀ।”
ਤਾਂ ਫਿਰ ਕੁਝ ਸੱਸ-ਸਹੁਰੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਦਖ਼ਲ ਕਿਉਂ ਦਿੰਦੇ ਹਨ? ਜੈਨੀ ਇਕ ਕਾਰਨ ਦੱਸਦੀ ਹੈ: “ਉਹ ਸ਼ਾਇਦ ਇੱਦਾਂ ਸੋਚਦੇ ਹਨ ਕਿ ‘ਜਿਸ ਕੋਲ ਜ਼ਿੰਦਗੀ ਦਾ ਕੋਈ ਵੀ ਤਜਰਬਾ ਨਹੀਂ ਉਹ ਮੇਰੇ ਧੀ-ਪੁੱਤ ਦੀ ਕਿੱਦਾਂ ਦੇਖ-ਭਾਲ ਕਰ ਸਕਦਾ ਹੈ?’” ਰੀਨਾ ਦਾ ਪਤੀ ਦਲੀਪ ਅੱਗੇ ਸਮਝਾਉਂਦਾ ਹੈ ਕਿ “ਮਾਪਿਆਂ ਨੇ ਆਪਣੇ ਬੱਚੇ ਲਈ ਬਹੁਤ ਕੁਝ ਕੁਰਬਾਨ ਕੀਤਾ ਹੈ ਤੇ ਉਸ ਨੂੰ ਪਿਆਰ ਨਾਲ ਪਾਲ਼ਿਆ ਹੈ। ਪਰ ਹੁਣ ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਬੱਚਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਇਕ ਪਾਸੇ ਕੀਤਾ ਜਾ ਰਿਹਾ ਹੈ। ਸ਼ਾਇਦ ਉਨ੍ਹਾਂ ਨੂੰ ਇਹ ਵੀ ਫ਼ਿਕਰ ਹੋਵੇ ਕਿ ਵਿਆਹ ਕਰਾ ਕੇ ਮੁੰਡਾ-ਕੁੜੀ ਖ਼ੁਸ਼ ਹੋਣਗੇ ਕਿ ਨਹੀਂ।”
ਜੇ ਸੱਚ ਕਿਹਾ ਜਾਏ, ਤਾਂ ਕਈ ਵਾਰ ਸਹੁਰਿਆਂ ਨੂੰ ਦਖ਼ਲ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਿਸਾਲ ਲਈ, ਆਸਟ੍ਰੇਲੀਆ ਵਿਚ ਰਹਿਣ ਵਾਲੇ ਮਾਈਕਲ ਤੇ ਲੀਐਨ ਦੀ ਗੱਲ ਲੈ ਲਓ। ਮਾਈਕਲ ਦੱਸਦਾ ਹੈ ਕਿ “ਲੀਐਨ ਦੇ ਪਰਿਵਾਰ ਵਿਚ ਸਾਰੇ ਇਕ-ਦੂਜੇ ਦੇ ਬਹੁਤ ਨਜ਼ਦੀਕ ਸਨ ਅਤੇ ਸਾਰੇ ਖੁੱਲ੍ਹ ਕੇ ਗੱਲਾਂ ਕਰਦੇ ਸਨ। ਸੋ ਸ਼ਾਦੀ ਤੋਂ ਬਾਅਦ ਉਹ ਕੁਝ ਫ਼ੈਸਲਿਆਂ ਬਾਰੇ ਆਪਣੇ ਪਿਤਾ ਦੀ ਸਲਾਹ ਲੈਂਦੀ ਸੀ ਜਿਨ੍ਹਾਂ ਬਾਰੇ ਸਾਨੂੰ
ਆਪ ਗੱਲ ਕਰਨੀ ਚਾਹੀਦੀ ਸੀ। ਉਸ ਦਾ ਪਿਤਾ ਚੰਗੀ ਸਲਾਹ ਦਿੰਦਾ ਸੀ, ਪਰ ਮੈਨੂੰ ਦੁੱਖ ਲੱਗਦਾ ਸੀ ਕਿ ਉਹ ਮੇਰੇ ਨਾਲ ਗੱਲ ਕਰਨ ਦੀ ਬਜਾਇ ਉਨ੍ਹਾਂ ਨਾਲ ਗੱਲ ਕਰਦੀ ਸੀ।”ਕੋਈ ਸ਼ੱਕ ਨਹੀਂ ਕਿ ਸਹੁਰਿਆਂ ਕਰਕੇ ਪਤੀ-ਪਤਨੀ ਦੀ ਜ਼ਿੰਦਗੀ ਵਿਚ ਤਣਾਅ ਪੈਦਾ ਹੋ ਸਕਦਾ ਹੈ। ਕੀ ਇਹ ਤੁਹਾਡੀ ਜ਼ਿੰਦਗੀ ਬਾਰੇ ਸੱਚ ਹੈ? ਕੀ ਆਪਣੇ ਸੱਸ-ਸਹੁਰੇ ਨਾਲ ਤੁਹਾਡੀ ਚੰਗੀ ਬਣਦੀ ਹੈ? ਆਓ ਆਪਾਂ ਦੋ ਚੁਣੌਤੀਆਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਤੁਸੀਂ ਇਨ੍ਹਾਂ ਬਾਰੇ ਕੀ ਕਰ ਸਕਦੇ ਹੋ।
ਚੁਣੌਤੀ ਨੰ. 1:
ਤੁਹਾਡਾ ਸਾਥੀ ਆਪਣੇ ਮਾਪਿਆਂ ਨਾਲ ਬਹੁਤ ਜ਼ਿਆਦਾ ਚਿੰਬੜਿਆ ਰਹਿੰਦਾ ਹੈ। ਸਪੇਨ ਵਿਚ ਰਹਿੰਦਾ ਲੂਈਸ ਦੱਸਦਾ ਹੈ: “ਮੇਰੀ ਪਤਨੀ ਨੂੰ ਲੱਗਦਾ ਸੀ ਕਿ ਜੇ ਅਸੀਂ ਉਸ ਦੇ ਮਾਪਿਆਂ ਦੇ ਨੇੜੇ ਘਰ ਨਾ ਲਿਆ, ਤਾਂ ਉਹ ਉਨ੍ਹਾਂ ਤੋਂ ਮੂੰਹ ਮੋੜ ਰਹੀ ਹੋਵੇਗੀ।” ਉਸ ਨੇ ਅੱਗੇ ਕਿਹਾ: “ਦੂਜੇ ਪਾਸੇ, ਜਦ ਸਾਡੇ ਘਰ ਮੁੰਡਾ ਹੋਇਆ, ਤਾਂ ਮੇਰੇ ਮਾਪੇ ਤਕਰੀਬਨ ਰੋਜ਼ ਆਉਂਦੇ ਰਹੇ ਜਿਸ ਕਰਕੇ ਮੇਰੀ ਪਤਨੀ ਨੂੰ ਬਹੁਤ ਟੈਨਸ਼ਨ ਹੋਈ। ਕਈ ਵਾਰੀ ਸਾਡੀ ਲੜਾਈ ਹੋ ਜਾਂਦੀ ਸੀ।”
ਜ਼ਰੂਰੀ ਗੱਲਾਂ:
ਵਿਆਹ ਦੇ ਇੰਤਜ਼ਾਮ ਬਾਰੇ ਬਾਈਬਲ ਕਹਿੰਦੀ ਹੈ ਕਿ “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:24) “ਇੱਕ ਸਰੀਰ” ਹੋਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਉਹ ਇੱਕੋ ਛੱਤ ਹੇਠਾਂ ਰਹਿਣਗੇ, ਬਲਕਿ ਇਹ ਕਿ ਪਤੀ-ਪਤਨੀ ਇਕ ਨਵਾਂ ਪਰਿਵਾਰ ਬਣ ਜਾਣਗੇ। ਇਹ ਪਹਿਲੇ ਪਰਿਵਾਰ ਤੋਂ ਅਲੱਗ ਹੈ ਅਤੇ ਉਸ ਤੋਂ ਪਹਿਲਾ ਦਰਜਾ ਰੱਖਦਾ ਹੈ। (1 ਕੁਰਿੰਥੀਆਂ 11:3) ਫਿਰ ਵੀ ਇਹ ਜ਼ਰੂਰੀ ਹੈ ਕਿ ਪਤੀ-ਪਤਨੀ ਆਪਣੇ ਮਾਪਿਆਂ ਦਾ ਆਦਰ ਕਰਨ ਅਤੇ ਉਨ੍ਹਾਂ ਨਾਲ ਸਮਾਂ ਗੁਜ਼ਾਰਨ। (ਅਫ਼ਸੀਆਂ 6:2) ਪਰ ਜੇ ਤੁਹਾਨੂੰ ਲੱਗੇ ਕਿ ਇਸ ਤਰ੍ਹਾਂ ਕਰਨ ਵਿਚ ਤੁਹਾਡਾ ਸਾਥੀ ਤੁਹਾਡੇ ਨਾਲ ਸਮਾਂ ਨਹੀਂ ਗੁਜ਼ਾਰ ਰਿਹਾ ਜਾਂ ਤੁਹਾਡੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ, ਤਾਂ ਫਿਰ ਕੀ?
ਤੁਸੀਂ ਕੀ ਕਰ ਸਕਦੇ ਹੋ:
ਸਹੀ ਨਜ਼ਰੀਏ ਤੋਂ ਮਾਮਲਾ ਦੇਖੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਾਥੀ ਆਪਣੇ ਮਾਪਿਆਂ ਨਾਲ ਜ਼ਿਆਦਾ ਚਿੰਬੜਿਆ ਰਹਿੰਦਾ ਹੈ, ਕੀ ਤੁਹਾਨੂੰ ਇਹ ਇਸ ਲਈ ਲੱਗਦਾ ਹੈ ਕਿਉਂਕਿ ਤੁਸੀਂ ਆਪਣੇ ਮਾਪਿਆਂ ਦੇ ਇੰਨੇ ਕਰੀਬ ਨਹੀਂ ਹੋ? ਤੁਹਾਡਾ ਤਜਰਬਾ ਤੁਹਾਡੇ ਨਜ਼ਰੀਏ ’ਤੇ ਕੀ ਅਸਰ ਪਾ ਰਿਹਾ ਹੈ? ਕੀ ਤੁਸੀਂ ਆਪਣੇ ਸਾਥੀ ਤੋਂ ਥੋੜ੍ਹਾ ਜਲਦੇ ਤਾਂ ਨਹੀਂ?—ਕਹਾਉਤਾਂ 14:30; 1 ਕੁਰਿੰਥੀਆਂ 13:4; ਗਲਾਤੀਆਂ 5:26.
ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਨੂੰ ਆਪਣੇ ਦਿਲ ਵਿਚ ਦੇਖਣਾ ਪਵੇਗਾ। ਪਰ ਇੱਵੇਂ ਕਰਨਾ ਬਹੁਤ ਜ਼ਰੂਰੀ ਹੈ। ਜੇ ਸਹੁਰਿਆਂ ਬਾਰੇ ਤੁਹਾਡੇ ਵਿਚ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਹੈ, ਤਾਂ ਅਸਲ ਵਿਚ ਇਹ ਤੁਹਾਡਾ ਖ਼ੁਦ ਦਾ ਰੌਲਾ ਹੈ—ਇਸ ਵਿਚ ਸਹੁਰਿਆਂ ਦਾ ਕੋਈ ਕਸੂਰ ਨਹੀਂ।
ਵਿਆਹ ਵਿਚ ਕਈ ਮੁਸ਼ਕਲਾਂ ਇਸ ਲਈ ਪੈਦਾ ਹੁੰਦੀਆਂ ਹਨ ਕਿਉਂਕਿ ਪਤੀ-ਪਤਨੀ ਹਰ ਗੱਲ ਵਿਚ ਸਹਿਮਤ ਨਹੀਂ ਹੁੰਦੇ। ਕੀ ਤੁਸੀਂ ਆਪਣੇ ਸਾਥੀ ਦਾ ਨਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ? (ਫ਼ਿਲਿੱਪੀਆਂ 2:4; 4:5) ਮੈਕਸੀਕੋ ਵਿਚ ਏਡਰੀਅਨ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੱਸਦਾ ਹੈ ਕਿ “ਮੇਰੀ ਪਤਨੀ ਦੇ ਪਰਿਵਾਰ ਦੇ ਮਾਹੌਲ ਕਰਕੇ ਉਸ ਦੇ ਜਜ਼ਬਾਤਾਂ ਉੱਤੇ ਮਾੜਾ ਅਸਰ ਪਿਆ। ਇਸ ਕਰਕੇ ਮੈਂ ਆਪਣੇ ਸਹੁਰਿਆਂ ਨਾਲ ਘੱਟ ਹੀ ਮਿਲਦਾ ਸੀ। ਅਖ਼ੀਰ ਵਿਚ ਕਈ ਸਾਲਾਂ ਤਕ ਮੈਂ ਉਨ੍ਹਾਂ ਨੂੰ ਮਿਲਣਾ ਛੱਡ ਦਿੱਤਾ। ਪਰ ਇਸ ਕਰਕੇ ਸਾਡੇ ਵਿਚ ਲੜਾਈ ਰਹਿੰਦੀ ਸੀ ਕਿਉਂਕਿ ਮੇਰੀ ਪਤਨੀ ਉਨ੍ਹਾਂ ਨੂੰ ਦੇਖਣਾ ਚਾਹੁੰਦੀ ਸੀ, ਖ਼ਾਸ ਕਰਕੇ ਆਪਣੀ ਮਾਂ ਨੂੰ।”
ਸਮੇਂ ਦੇ ਬੀਤਣ ਨਾਲ ਏਡਰੀਅਨ ਨੇ ਆਪਣਾ ਨਜ਼ਰੀਆ ਬਦਲਿਆ। “ਭਾਵੇਂ ਮੈਨੂੰ ਪਤਾ ਸੀ ਕਿ ਮੇਰੀ ਪਤਨੀ ਲਈ ਆਪਣੇ ਮਾਪਿਆਂ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਚੰਗਾ ਨਹੀਂ ਸੀ, ਫਿਰ ਵੀ ਮੈਂ ਇਹ ਵੀ ਦੇਖਿਆ ਕਿ ਉਨ੍ਹਾਂ ਨੂੰ ਬਿਲਕੁਲ ਨਾ ਮਿਲਣਾ ਵੀ ਠੀਕ ਨਹੀਂ ਸੀ। ਇਸ ਲਈ ਜਿਸ ਹੱਦ ਤਕ ਹੋ ਸਕੇ ਮੈਂ ਆਪਣੇ ਸਹੁਰਿਆਂ ਨਾਲ ਚੰਗਾ ਰਿਸ਼ਤਾ ਦੁਬਾਰਾ ਜੋੜਨ ਅਤੇ ਕਾਇਮ ਰੱਖਣ ਦਾ ਜਤਨ ਕੀਤਾ।” *
ਸੁਝਾਅ: ਤੁਸੀਂ ਪਤੀ-ਪਤਨੀ ਦੋਵੇਂ ਬੈਠ ਕੇ ਜੁਦੇ-ਜੁਦੇ ਕਾਗਜ਼ ’ਤੇ ਲਿਖੋ ਕਿ ਸਹੁਰਿਆਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਮੁਸ਼ਕਲ ਕੀ ਹੈ। ਜੇ ਹੋ ਸਕੇ, ਤਾਂ ਇਸ ਤਰ੍ਹਾਂ ਲਿਖੋ: “ਮੈਨੂੰ ਲੱਗਦਾ ਹੈ ਕਿ . . .।” ਫਿਰ ਇਕ-ਦੂਜੇ ਦਾ ਕਾਗਜ਼ ਪੜ੍ਹੋ। ਇਸ ਤੋਂ ਬਾਅਦ ਦੋਵੇਂ ਮਿਲ ਕੇ ਇਸ ਬਾਰੇ ਸੋਚੋ ਤੇ ਗੱਲ ਕਰੋ ਕਿ ਤੁਸੀਂ ਇਕ-ਦੂਸਰੇ ਦੇ ਵਿਚਾਰਾਂ ਅਤੇ ਜਜ਼ਬਾਤਾਂ ਦਾ ਧਿਆਨ ਰੱਖਦਿਆਂ ਇਨ੍ਹਾਂ ਮੁਸ਼ਕਲਾਂ ਬਾਰੇ ਕੀ ਕਰ ਸਕਦੇ ਹੋ।
ਚੁਣੌਤੀ ਨੰ. 2:
ਤੁਹਾਡੇ ਸਹੁਰੇ ਤੁਹਾਡੀ ਜ਼ਿੰਦਗੀ ਵਿਚ ਦਖ਼ਲ ਦੇ ਕੇ ਪੁੱਛੇ ਬਗੈਰ ਤੁਹਾਨੂੰ ਸਲਾਹਾਂ ਦਿੰਦੇ ਹਨ। ਕਜ਼ਾਖਸਤਾਨ ਤੋਂ ਨੇਲਯਾ ਕਹਿੰਦੀ ਹੈ: “ਸਾਡੇ ਵਿਆਹ ਦੇ ਪਹਿਲੇ ਸੱਤ ਸਾਲਾਂ ਦੌਰਾਨ ਮੈਂ ਆਪਣੇ ਸਹੁਰੀਂ ਰਹੀ। ਉਹ ਹਮੇਸ਼ਾ ਕੋਈ-ਨਾ-ਕੋਈ
ਪੰਗਾ ਖੜ੍ਹਾ ਰੱਖਦੇ ਸਨ ਜਿਵੇਂ ਕਿ ਸਾਨੂੰ ਬੱਚਿਆਂ ਦੀ ਕਿੱਦਾਂ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੀਦੀ, ਮੈਨੂੰ ਖਾਣਾ ਕਿੱਦਾਂ ਬਣਾਉਣਾ ਚਾਹੀਦਾ ਜਾਂ ਮੈਨੂੰ ਸਫ਼ਾਈ ਕਿੱਦਾਂ ਰੱਖਣੀ ਚਾਹੀਦੀ। ਮੈਂ ਇਸ ਬਾਰੇ ਆਪਣੇ ਪਤੀ ਅਤੇ ਸੱਸ ਨਾਲ ਗੱਲ ਕਰਦੀ ਹੁੰਦੀ ਸੀ, ਪਰ ਨਤੀਜੇ ਵਜੋਂ ਹੋਰ ਝਗੜਾ ਹੋ ਜਾਂਦਾ ਸੀ!”ਜ਼ਰੂਰੀ ਗੱਲਾਂ:
ਜਦ ਤੁਸੀਂ ਵਿਆਹ ਕਰਾਉਂਦੇ ਹੋ, ਤਾਂ ਤੁਸੀਂ ਆਪਣੇ ਮਾਪਿਆਂ ਦੇ ਅਧਿਕਾਰ ਹੇਠ ਨਹੀਂ ਰਹਿੰਦੇ। ਬਾਈਬਲ ਕਹਿੰਦੀ ਹੈ ਕਿ “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ” ਯਾਨੀ ਉਸ ਦਾ ਪਤੀ ਹੈ। (1 ਕੁਰਿੰਥੀਆਂ 11:3) ਪਰ ਜਿਵੇਂ ਪਹਿਲਾਂ ਵੀ ਕਿਹਾ ਗਿਆ ਸੀ ਪਤੀ-ਪਤਨੀ ਨੂੰ ਆਪਣੇ ਮਾਪਿਆਂ ਦਾ ਆਦਰ ਕਰਨਾ ਚਾਹੀਦਾ ਹੈ। ਇਸ ਬਾਰੇ ਕਹਾਉਤਾਂ 23:22 ਵਿਚ ਲਿਖਿਆ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” ਪਰ ਜੇ ਤੁਹਾਡੇ ਮਾਪੇ ਜਾਂ ਤੁਹਾਡੇ ਸਹੁਰੇ ਦਖ਼ਲ ਦੇਣ ਦੀ ਕੋਸ਼ਿਸ਼ ਕਰਨ, ਫਿਰ ਕੀ?
ਤੁਸੀਂ ਕੀ ਕਰ ਸਕਦੇ ਹੋ:
ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ। ਰਾਇਨ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਕਈ ਵਾਰ ਮਾਪਿਆਂ ਨੂੰ ਸਿਰਫ਼ ਇਸ ਤਸੱਲੀ ਦੀ ਲੋੜ ਹੁੰਦੀ ਹੈ ਕਿ ਉਹ ਅਜੇ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਅਹਿਮੀਅਤ ਰੱਖਦੇ ਹਨ।” ਉਹ ਸ਼ਾਇਦ ਜਾਣ-ਬੁੱਝ ਕੇ ਦਖ਼ਲ ਨਹੀਂ ਦੇ ਰਹੇ। ਹੋ ਸਕਦਾ ਹੈ ਕਿ ਇਸ ਹਾਲਤ ਵਿਚ ਤੁਸੀਂ ਬਾਈਬਲ ਦੀ ਇਹ ਸਲਾਹ ਲਾਗੂ ਕਰ ਸਕਦੇ ਹੋ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।” (ਕੁਲੁੱਸੀਆਂ 3:13) ਪਰ ਉਦੋਂ ਕੀ ਜੇ ਸੱਸ-ਸਹੁਰੇ ਦੇ ਦਖ਼ਲਅੰਦਾਜ਼ੀ ਕਰਕੇ ਪਤੀ-ਪਤਨੀ ਵਿਚ ਕਲੇਸ਼ ਪੈਦਾ ਹੋ ਜਾਵੇ?
ਕੁਝ ਵਿਆਹੁਤਾ ਜੋੜਿਆਂ ਨੇ ਆਪਣੇ ਅਤੇ ਮਾਪਿਆਂ ਦਰਮਿਆਨ ਹੱਦਾਂ ਰੱਖੀਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਰੁੱਖੇ ਤਰੀਕੇ ਨਾਲ ਉਨ੍ਹਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ। * ਤੁਹਾਨੂੰ ਸਿਰਫ਼ ਇਹ ਦਿਖਾਉਣ ਦੀ ਲੋੜ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਤੁਹਾਡਾ ਸਾਥੀ ਪਹਿਲਾ ਆਉਂਦਾ ਹੈ। ਮਿਸਾਲ ਲਈ, ਜਪਾਨ ਤੋਂ ਮਾਸਾਯੂਕੀ ਕਹਿੰਦਾ ਹੈ: “ਜੇ ਤੁਹਾਡੇ ਮਾਪੇ ਰਾਇ ਦਿੰਦੇ ਹਨ, ਤਾਂ ਤੁਹਾਨੂੰ ਇਕਦਮ ਉਨ੍ਹਾਂ ਦੀ ਗੱਲ ਮੰਨਣ ਦੀ ਲੋੜ ਨਹੀਂ। ਯਾਦ ਰੱਖੋ ਕਿ ਤੁਸੀਂ ਇਕ ਨਵਾਂ ਪਰਿਵਾਰ ਬਣ ਰਹੇ ਹੋ। ਸੋ ਪਹਿਲਾਂ ਆਪਣੇ ਮਾਪਿਆਂ ਦੀ ਰਾਇ ਬਾਰੇ ਆਪਣੇ ਸਾਥੀ ਦੀ ਵੀ ਸਲਾਹ ਲਓ।”
ਸੁਝਾਅ: ਆਪਣੇ ਸਾਥੀ ਨਾਲ ਗੱਲ ਕਰੋ ਕਿ ਮਾਪਿਆਂ ਦੀ ਦਖ਼ਲਅੰਦਾਜ਼ੀ ਕਰਕੇ ਤੁਹਾਡੇ ਰਿਸ਼ਤਾ ਉੱਤੇ ਕਿਨ੍ਹਾਂ-ਕਿਨ੍ਹਾਂ ਤਰੀਕਿਆਂ ਨਾਲ ਅਸਰ ਪੈ ਰਿਹਾ ਹੈ। ਇਕੱਠੇ ਬੈਠ ਕੇ ਲਿਖੋ ਕਿ ਤੁਸੀਂ ਕਿਹੜੀਆਂ ਬੰਦਸ਼ਾਂ ਰੱਖੋਗੇ ਤੇ ਉਨ੍ਹਾਂ ਅਨੁਸਾਰ ਕਿਵੇਂ ਚੱਲੋਗੇ, ਨਾਲੇ ਤੁਸੀਂ ਆਪਣੇ ਮਾਪਿਆਂ ਦਾ ਆਦਰ ਕਿਵੇਂ ਕਰੋਗੇ।
ਸੱਸ-ਸਹੁਰੇ ਨਾਲ ਮੁਸ਼ਕਲਾਂ ਦਾ ਹੱਲ ਮਿਲ ਸਕਦਾ ਹੈ ਜੇ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਕਿਉਂ ਦਖ਼ਲ ਦੇ ਰਹੇ ਹਨ। ਨਾਲੇ ਇਹ ਵੀ ਠਾਣ ਲਓ ਕਿ ਇਨ੍ਹਾਂ ਮੁਸ਼ਕਲਾਂ ਕਰਕੇ ਤੁਸੀਂ ਆਪਣੇ ਵਿਆਹ ਵਿਚ ਮੁਸ਼ਕਲ ਨਹੀਂ ਖੜ੍ਹ ਹੋਣ ਦਿਓਗੇ। ਇਸ ਸੰਬੰਧ ਵਿਚ ਜੈਨੀ ਕਬੂਲ ਕਰਦੀ ਹੈ: “ਜਦ ਮੈਂ ਤੇ ਮੇਰੇ ਪਤੀ ਆਪਣੇ ਮਾਪਿਆਂ ਬਾਰੇ ਗੱਲ ਕਰਦੇ ਸਨ, ਤਾਂ ਅਸੀਂ ਕਾਫ਼ੀ ਜਜ਼ਬਾਤੀ ਹੋ ਜਾਂਦੇ ਸਨ। ਅਸੀਂ ਦੇਖਿਆ ਕਿ ਇਕ-ਦੂਜੇ ਦੇ ਮਾਪਿਆਂ ਦੀਆਂ ਕਮੀਆਂ ਬਾਰੇ ਗੱਲ ਕਰ ਕੇ ਇਕ-ਦੂਜੇ ਨੂੰ ਕਾਫ਼ੀ ਦੁੱਖ ਦੇ ਸਕਦੇ ਸਨ। ਅਖ਼ੀਰ ਵਿਚ ਅਸੀਂ ਇਕ-ਦੂਜੇ ਦੇ ਮਾਪਿਆਂ ਬਾਰੇ ਬੁਰਾ-ਭਲਾ ਕਹਿਣਾ ਬੰਦ ਕਰਨਾ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਸਿੱਖਿਆ। ਇਸ ਦਾ ਨਤੀਜੇ ਇਹ ਹੈ ਕਿ ਪਤੀ-ਪਤਨੀ ਵਜੋਂ ਅਸੀਂ ਇਕ-ਦੂਜੇ ਦੇ ਜ਼ਿਆਦਾ ਕਰੀਬ ਹੋਏ।” (w10-E 02/01)
^ ਪੈਰਾ 3 ਨਾਂ ਬਦਲੇ ਗਏ ਹਨ।
^ ਪੈਰਾ 14 ਇਹ ਸੱਚ ਹੈ ਕਿ ਜੇ ਮਾਪੇ ਜਾਣ-ਬੁੱਝ ਕੇ ਦੁਰਵਿਹਾਰ ਕਰਦੇ ਹਨ ਅਤੇ ਲੰਬੇ ਸਮੇਂ ਤੋਂ ਇਵੇਂ ਚੱਲਦਾ ਰਿਹਾ, ਤਾਂ ਪਰਿਵਾਰ ਦੇ ਮੈਂਬਰਾਂ ਨੂੰ ਟੈਨਸ਼ਨ ਹੋਵੇਗੀ ਅਤੇ ਸ਼ਾਇਦ ਉਹ ਸੋਚਣ ਕਿ ਇਕ-ਦੂਜੇ ਨਾਲ ਘੱਟ ਹੀ ਮਿਲਣਾ-ਵਰਤਣਾ ਅਕਲਮੰਦੀ ਦੀ ਗੱਲ ਹੈ।—1 ਕੁਰਿੰਥੀਆਂ 5:11.
^ ਪੈਰਾ 19 ਕੁਝ ਮਾਮਲਿਆਂ ਵਿਚ ਸ਼ਾਇਦ ਤੁਹਾਨੂੰ ਆਪਣੇ ਮਾਪਿਆਂ ਜਾਂ ਸਹੁਰਿਆਂ ਨੂੰ ਬਿਠਾ ਕੇ ਉਨ੍ਹਾਂ ਨਾਲ ਦਿਲੋਂ ਗੱਲਬਾਤ ਕਰਨ ਦੀ ਲੋੜ ਪਵੇ। ਜੇ ਇਵੇਂ ਕਰਨ ਦੀ ਲੋੜ ਹੈ, ਤਾਂ ਆਦਰ ਤੇ ਹਲੀਮੀ ਨਾਲ ਪੇਸ਼ ਆਉਣਾ ਜ਼ਰੂਰੀ ਹੈ।—ਕਹਾਉਤਾਂ 15:1; ਅਫ਼ਸੀਆਂ 4:2; ਕੁਲੁੱਸੀਆਂ 3:12.
ਆਪਣੇ ਆਪ ਨੂੰ ਪੁੱਛੋ . . .
-
ਮੇਰੇ ਸੱਸ-ਸਹੁਰੇ ਵਿਚ ਕਿਹੜੇ ਚੰਗੇ ਗੁਣ ਹਨ?
-
ਆਪਣੇ ਮਾਪਿਆਂ ਦਾ ਆਦਰ ਕਰਨ ਦੇ ਨਾਲ-ਨਾਲ ਮੈਂ ਆਪਣੇ ਸਾਥੀ ਪ੍ਰਤਿ ਆਪਣਾ ਫ਼ਰਜ਼ ਕਿਵੇਂ ਨਿਭਾ ਸਕਦਾ ਹਾਂ?