ਪਾਪ ਬਾਰੇ ਪਰਮੇਸ਼ੁਰ ਦਾ ਨਜ਼ਰੀਆ
ਪਾਪ ਬਾਰੇ ਪਰਮੇਸ਼ੁਰ ਦਾ ਨਜ਼ਰੀਆ
ਜੇ ਬੀਮਾਰ ਆਦਮੀ ਥਰਮਾਮੀਟਰ ਤੋੜ ਦੇਵੇ, ਤਾਂ ਕੀ ਇਹ ਸਬੂਤ ਹੈ ਕਿ ਉਸ ਨੂੰ ਬੁਖ਼ਾਰ ਨਹੀਂ ਚੜ੍ਹਿਆ? ਬਿਲਕੁਲ ਨਹੀਂ! ਇਸੇ ਤਰ੍ਹਾਂ ਕਈ ਲੋਕ ਪਾਪ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਰੱਦ ਕਰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਪ ਨਾਂ ਦੀ ਚੀਜ਼ ਹੈ ਹੀ ਨਹੀਂ। ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਪ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਸੋ ਬਾਈਬਲ ਪਾਪ ਬਾਰੇ ਕੀ ਸਿਖਾਉਂਦੀ ਹੈ?
ਸਾਰੇ ਪਾਪ ਕਰਦੇ ਹਨ
ਲਗਭਗ 2,000 ਸਾਲ ਪਹਿਲਾਂ ਪੌਲੁਸ ਰਸੂਲ ਨੇ ਇਸ ਗੱਲ ਦਾ ਦੁੱਖ ਮੰਨਿਆ ਕਿ “ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।” (ਰੋਮੀਆਂ 7:19) ਜੇ ਸੱਚ ਜਾਣੀਏ, ਤਾਂ ਸਾਡਾ ਵੀ ਇਹੋ ਹਾਲ ਹੈ। ਸ਼ਾਇਦ ਅਸੀਂ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣਾ ਚਾਹੁੰਦੇ ਹਾਂ, ਪਰ ਸਾਡੇ ਸਾਰਿਆਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। ਭਾਵੇਂ ਅਸੀਂ ਇਹ ਜਾਣ-ਬੁੱਝ ਕੇ ਨਹੀਂ ਕਰਦੇ, ਫਿਰ ਵੀ ਸਾਡੇ ਵਿਚ ਕਮੀਆਂ-ਕਮਜ਼ੋਰੀਆਂ ਹਨ। ਇਸ ਦਾ ਕਾਰਨ ਕੀ ਹੈ? ਪੌਲੁਸ ਖ਼ੁਦ ਇਸ ਦਾ ਜਵਾਬ ਦਿੰਦਾ ਹੈ: “ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।”—ਰੋਮੀਆਂ 7:20.
ਪੌਲੁਸ ਨੇ ਕਿਹਾ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” ਇਸ ਤਰ੍ਹਾਂ ਕਿਉਂ ਹੈ? ਪੌਲੁਸ ਨੇ ਅੱਗੇ ਦੱਸਿਆ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” ਪੌਲੁਸ ਵਾਂਗ ਸਾਰੇ ਇਨਸਾਨ ਗ਼ਲਤੀਆਂ ਦੇ ਪੁਤਲੇ ਹਨ ਕਿਉਂਕਿ ਜਨਮ ਤੋਂ ਹੀ ਸਾਰੇ ਪਾਪੀ ਹਨ।—ਰੋਮੀਆਂ 3:23; 5:12.
ਤਾਂ ਫਿਰ ਸਾਡੇ ਪਹਿਲੇ ਮਾਂ-ਬਾਪ ਦੇ ਪਾਪ ਕਾਰਨ ਅਸੀਂ ਰੱਬ ਤੋਂ ਦੂਰ ਹੋ ਗਏ ਅਤੇ ਸਾਡੇ ਵਿਚ ਕਮੀਆਂ-ਕਮਜ਼ੋਰੀਆਂ ਆ ਗਈਆਂ। ਭਾਵੇਂ ਕਈ ਲੋਕ ਇਹ ਨਹੀਂ ਮੰਨਦੇ, ਪਰ ਬਾਈਬਲ ਇਹੀ ਸਿਖਾਉਂਦੀ ਹੈ। ਯਿਸੂ ਨੇ ਉਤਪਤ ਦੇ ਪਹਿਲੇ ਅਧਿਆਵਾਂ ਵਿੱਚੋਂ ਹਵਾਲੇ ਦਿੱਤੇ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਦਮ ਅਤੇ ਹੱਵਾਹ ਦੇ ਬਿਰਤਾਂਤ ਨੂੰ ਸੱਚ ਮੰਨਦਾ ਸੀ।—ਉਤਪਤ 1:27; 2:24; 5:2; ਮੱਤੀ 19:1-5.
ਬਾਈਬਲ ਦੀ ਇਕ ਮੁਖ ਸਿੱਖਿਆ ਇਹ ਹੈ ਕਿ ਯਿਸੂ ਧਰਤੀ ਉੱਤੇ ਸਾਨੂੰ ਪਾਪ ਤੋਂ ਛੁਡਾਉਣ ਲਈ ਆਪਣੀ ਜਾਨ ਦੇਣ ਆਇਆ ਸੀ। ਸਿਰਫ਼ ਉਹੀ ਬਚਾਏ ਜਾ ਸਕਦੇ ਹਨ ਜੋ ਉਸ ਉੱਤੇ ਵਿਸ਼ਵਾਸ ਰੱਖਦੇ ਹਨ। (ਯੂਹੰਨਾ 3:16) ਅਸੀਂ ਪਾਪ ਤੋਂ ਆਪਣਾ ਬਚਾਅ ਨਹੀਂ ਕਰ ਸਕਦੇ। ਸਾਡਾ ਭਵਿੱਖ ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਇਸ ਪ੍ਰਬੰਧ ਯਾਨੀ ਯਿਸੂ ਦੇ ਬਲੀਦਾਨ ਨੂੰ ਸਵੀਕਾਰ ਕਰੀਏ। ਪਰ ਜੇ ਅਸੀਂ ਇਹ ਨਾ ਸਮਝੀਏ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਕੀ ਹੈ, ਤਾਂ ਅਸੀਂ ਯਿਸੂ ਦੀ ਕੁਰਬਾਨੀ ਦੀ ਕਦਰ ਨਹੀਂ ਕਰ ਸਕਾਂਗੇ।
ਯਿਸੂ ਦਾ ਬਲੀਦਾਨ ਅਤੇ ਇਸ ਦੀ ਜ਼ਰੂਰਤ
ਯਹੋਵਾਹ ਪਰਮੇਸ਼ੁਰ ਨੇ ਪਹਿਲੇ ਆਦਮੀ ਨੂੰ ਹਮੇਸ਼ਾ ਜੀਉਣ ਦੀ ਉਮੀਦ ਦਿੱਤੀ ਸੀ। ਉਸ ਨੇ ਤਦ ਹੀ ਇਹ ਉਮੀਦ ਗੁਆਉਣੀ ਸੀ ਜੇ ਉਹ ਰੱਬ ਦੇ ਵਿਰੁੱਧ ਚੱਲਦਾ। ਆਦਮ ਨੇ ਇਹੀ ਕੀਤਾ। ਉਹ ਪਰਮੇਸ਼ੁਰ ਦੇ ਖ਼ਿਲਾਫ਼ ਗਿਆ ਅਤੇ ਪਾਪੀ ਬਣ ਗਿਆ। (ਉਤਪਤ 2:15-17; 3:6) ਇਸ ਤਰ੍ਹਾਂ ਉਹ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਨਹੀਂ ਚੱਲਿਆ ਅਤੇ ਇਸ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਟੁੱਟ ਗਿਆ। ਜਦ ਉਸ ਨੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ ਅਤੇ ਪਾਪ ਕੀਤਾ, ਤਾਂ ਉਹ ਬੁੱਢਾ ਹੋਣ ਲੱਗਾ ਤੇ ਅਖ਼ੀਰ ਵਿਚ ਮਰ ਗਿਆ। ਅਫ਼ਸੋਸ ਹੈ ਕਿ ਆਦਮ ਦੀ ਸੰਤਾਨ, ਜਿਸ ਵਿਚ ਅਸੀਂ ਵੀ ਸ਼ਾਮਲ ਹਾਂ, ਪਾਪ ਵਿਚ ਜੰਮੀ ਅਤੇ ਇਸ ਕਰਕੇ ਅਸੀਂ ਸਾਰੇ ਮਰਦੇ ਹਾਂ। ਕਿਉਂ?
ਇਸ ਦਾ ਜਵਾਬ ਸਿੱਧਾ ਜਿਹਾ ਹੈ। ਪਾਪੀ ਮਾਪੇ ਪਾਪੀ ਬੱਚੇ ਹੀ ਪੈਦਾ ਕਰ ਸਕਦੇ ਹਨ। ਆਦਮ ਦੀ ਔਲਾਦ ਪਾਪੀ ਜੰਮੀ ਅਤੇ ਪੌਲੁਸ ਰਸੂਲ ਨੇ ਕਿਹਾ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਪਰ ਇਸ ਆਇਤ ਦਾ ਦੂਜਾ ਹਿੱਸਾ ਸਾਨੂੰ ਉਮੀਦ ਦਿੰਦਾ ਹੈ: “ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” ਇਸ ਦਾ ਮਤਲਬ ਹੈ ਕਿ ਯਿਸੂ ਦੀ ਕੁਰਬਾਨੀ ਕਰਕੇ ਲੋਕਾਂ ਨੂੰ ਆਦਮ ਦੇ ਪਾਪ ਦੇ ਧੱਬੇ ਤੋਂ ਧੋਤਾ ਜਾ ਸਕਦਾ ਹੈ ਜੇ ਉਹ ਰੱਬ ਦਾ ਕਹਿਣਾ ਮੰਨਣ ਅਤੇ ਇਸ ਕੁਰਬਾਨੀ ਦੀ ਕਦਰ ਕਰਨ। * (ਮੱਤੀ 20:28; 1 ਪਤਰਸ 1:18, 19) ਤੁਹਾਡੇ ਉੱਤੇ ਇਸ ਦਾ ਕੀ ਅਸਰ ਪੈਣਾ ਚਾਹੀਦਾ ਹੈ?
ਮਸੀਹ ਦਾ ਪਿਆਰ “ਸਾਨੂੰ ਮਜਬੂਰ” ਕਰਦਾ ਹੈ
ਰੱਬ ਨੇ ਪੌਲੁਸ ਰਸੂਲ ਨੂੰ ਇਸ ਸਵਾਲ ਦਾ ਜਵਾਬ ਲਿਖਣ ਲਈ ਪ੍ਰੇਰਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ . . . ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15) ਜੇ ਕੋਈ ਮੰਨਦਾ ਹੈ ਕਿ ਯਿਸੂ ਦਾ ਬਲੀਦਾਨ ਉਸ ਨੂੰ ਪਾਪ ਤੋਂ ਮੁਕਤ ਕਰ ਸਕਦਾ ਹੈ ਅਤੇ ਉਹ ਇਸ ਬਲੀਦਾਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਜੀਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੀ ਮਰਜ਼ੀ ਜਾਣੇ, ਬਾਈਬਲ ਦੇ ਅਸੂਲਾਂ ਅਨੁਸਾਰ ਆਪਣੀ ਜ਼ਮੀਰ ਨੂੰ ਸੇਧ ਦੇਵੇ ਅਤੇ ਇਨ੍ਹਾਂ ਅਸੂਲਾਂ ਅਨੁਸਾਰ ਚੱਲੇ।—ਯੂਹੰਨਾ 17:3, 17.
ਪਾਪ ਕਰਨ ਨਾਲ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵਿਗੜ ਜਾਂਦਾ ਹੈ। ਬਥ-ਸ਼ਬਾ ਨਾਲ ਵਿਭਚਾਰ ਕਰਨ ਅਤੇ ਉਸ ਦੇ ਪਤੀ ਦਾ ਕਤਲ ਕਰਵਾਉਣ ਤੋਂ ਬਾਅਦ ਜਦ ਦਾਊਦ ਨੂੰ ਆਪਣੀ ਵੱਡੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਸ ਨੂੰ ਬਹੁਤ ਸ਼ਰਮ ਆਈ। ਪਰ ਸਭ ਤੋਂ ਵੱਧ ਉਹ ਜਾਣਦਾ ਸੀ ਕਿ ਉਹ ਰੱਬ ਦਾ ਗੁਨਾਹਗਾਰ ਸੀ। ਉਸ ਨੇ ਪਛਤਾ ਕੇ ਯਹੋਵਾਹ ਨੂੰ ਕਿਹਾ: “ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ।” (ਜ਼ਬੂਰਾਂ ਦੀ ਪੋਥੀ 51:4) ਇਸੇ ਤਰ੍ਹਾਂ ਜਦ ਪੋਟੀਫ਼ਰ ਦੀ ਤੀਵੀਂ ਨੇ ਯੂਸੁਫ਼ ਨੂੰ ਵਿਭਚਾਰ ਕਰਨ ਲਈ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯੂਸੁਫ਼ ਨੇ ਆਪਣੀ ਜ਼ਮੀਰ ਦੀ ਸੁਣ ਕੇ ਪੁੱਛਿਆ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”—ਉਤਪਤ 39:9.
ਸੋ ਪਾਪ ਦਾ ਮਤਲਬ ਇਹ ਨਹੀਂ ਕਿ ਸਾਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਅਸੀਂ ਗ਼ਲਤੀ ਕਰਦਿਆਂ ਫੜੇ ਗਏ ਜਾਂ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਅਸੀਂ ਲੋਕਾਂ ਨੂੰ ਕਿਹੜਾ ਮੂੰਹ ਦਿਖਾਵਾਂਗੇ। ਪਰ ਸਵਾਲ ਇਹ ਹੈ ਕਿ ਪਰਮੇਸ਼ੁਰ ਪਾਪ ਬਾਰੇ ਕੀ ਸੋਚਦਾ ਹੈ। ਜੇ ਅਸੀਂ ਸੈਕਸ, ਈਮਾਨਦਾਰੀ, ਇੱਜ਼ਤ, ਭਗਤੀ ਵਗੈਰਾ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਾਂਗੇ, ਤਾਂ ਉਸ ਨਾਲ ਸਾਡਾ ਰਿਸ਼ਤਾ ਵਿਗੜ ਜਾਵੇਗਾ। ਜੇ 1 ਯੂਹੰਨਾ 3:4, 8.
ਅਸੀਂ ਜਾਣ-ਬੁੱਝ ਕੇ ਪਾਪ ਕਰਦੇ ਰਹੀਏ, ਤਾਂ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਦੁਸ਼ਮਣ ਬਣਾਉਂਦੇ ਹਾਂ। ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।—ਤਾਂ ਫਿਰ ਪਾਪ ਬਾਰੇ ਸੱਚਾਈ ਕੀ ਹੈ? ਲੋਕ ਅੱਜ-ਕੱਲ੍ਹ ਪਾਪ ਨੂੰ ਪਾਪ ਨਹੀਂ ਸਮਝਦੇ ਜਾਂ ਇਸ ਦਾ ਨਾਂ ਨਹੀਂ ਲੈਂਦੇ ਤਾਂਕਿ ਇਹ ਕੋਈ ਵੱਡੀ ਗੱਲ ਨਾ ਲੱਗੇ। ਕਈਆਂ ਨੇ ਆਪਣੀ ਜ਼ਮੀਰ ਦੀ ਨਹੀਂ ਸੁਣੀ। ਪਰ ਜੇ ਅਸੀਂ ਰੱਬ ਦੀ ਮਿਹਰ ਚਾਹੁੰਦੇ ਹਾਂ, ਤਾਂ ਸਾਨੂੰ ਪਾਪ ਬਾਰੇ ਉਸ ਦਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਜਿਵੇਂ ਅਸੀਂ ਦੇਖ ਚੁੱਕੇ ਹਾਂ ਪਾਪ ਦਾ ਨਤੀਜਾ ਸਿਰਫ਼ ਸ਼ਰਮ ਜਾਂ ਬੇਇੱਜ਼ਤੀ ਨਹੀਂ, ਪਰ ਮੌਤ ਹੈ। ਪਾਪ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ।
ਖ਼ੁਸ਼ੀ ਦੀ ਗੱਲ ਇਹ ਹੈ ਕਿ ਜੇ ਅਸੀਂ ਤੋਬਾ ਕਰੀਏ ਅਤੇ ਪਾਪ ਦੇ ਰਾਹ ਨੂੰ ਛੱਡ ਦੇਈਏ, ਤਾਂ ਯਿਸੂ ਦੇ ਬਲੀਦਾਨ ਕਰਕੇ ਸਾਨੂੰ ਮਾਫ਼ੀ ਮਿਲ ਸਕਦੀ ਹੈ। ਪੌਲੁਸ ਨੇ ਲਿਖਿਆ: “ਧੰਨ ਓਹ ਜਿਨ੍ਹਾਂ ਦੇ ਅਪਰਾਧ ਖਿਮਾ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਹੋਏ ਹਨ। ਧੰਨ ਹੈ ਉਹ ਪੁਰਖ ਜਿਹ ਦੇ ਲੇਖੇ ਵਿੱਚ ਪ੍ਰਭੁ ਪਾਪ ਨਾ ਗਿਣੇਗਾ।”—ਰੋਮੀਆਂ 4:7, 8. (w10-E 06/01)
[ਫੁਟਨੋਟ]
^ ਪੈਰਾ 10 ਇਹ ਪੂਰੀ ਤਰ੍ਹਾਂ ਸਮਝਣ ਲਈ ਕਿ ਯਿਸੂ ਦਾ ਬਲੀਦਾਨ ਆਗਿਆਕਾਰ ਮਨੁੱਖਜਾਤੀ ਨੂੰ ਮੁਕਤੀ ਦੇਣ ਦੀ ਸ਼ਕਤੀ ਰੱਖਦਾ ਹੈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ 47-54 ਸਫ਼ੇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 16 ਉੱਤੇ ਡੱਬੀ/ਤਸਵੀਰ]
ਚਰਚ ਦੀ ਸਿੱਖਿਆ ਵਿਚ ਬਦਲਾਅ
ਕੈਥੋਲਿਕ ਲੋਕ ਮੰਨਦੇ ਹਨ ਕਿ ਬਪਤਿਸਮਾ ਰਹਿਤ ਬੱਚਿਆਂ ਦੀਆਂ ਰੂਹਾਂ ਨਰਕ ਦੇ ਲਾਗੇ ਲਿੰਬੋ ਨਾਂ ਦੀ ਥਾਂ ਵਿਚ ਰਹਿੰਦੀਆਂ ਹਨ। ਪਰ ਕੈਥੋਲਿਕ ਲੋਕਾਂ ਨੇ ਲਿੰਬੋ ਦੀ ਸਿੱਖਿਆ ਕਦੇ ਸਮਝੀ ਹੀ ਨਹੀਂ। ਹਾਲ ਹੀ ਦੇ ਦਹਾਕਿਆਂ ਵਿਚ ਇਹ ਸਿੱਖਿਆ ਘੱਟ ਹੀ ਦਿੱਤੀ ਜਾਣ ਲੱਗੀ ਤੇ ਹੁਣ ਇਹ ਉਨ੍ਹਾਂ ਦੀਆਂ ਧਾਰਮਿਕ ਕਿਤਾਬਾਂ ਵਿਚ ਬਿਲਕੁਲ ਹੀ ਨਹੀਂ ਪਾਈ ਜਾਂਦੀ। 2007 ਵਿਚ ਕੈਥੋਲਿਕ ਚਰਚ ਨੇ ਦਸਤਾਵੇਜ਼ ’ਤੇ ਦਸਤਖਤ ਕਰ ਕੇ ਕਬੂਲ ਕੀਤਾ ਕਿ ਲਿੰਬੋ ਵਰਗੀ ਕੋਈ ਜਗ੍ਹਾ ਹੈ ਹੀ ਨਹੀਂ। ਉਸ ਦਸਤਾਵੇਜ਼ ਵਿਚ ਉਨ੍ਹਾਂ ਨੇ ਕਿਹਾ ਕਿ ਧਰਮ-ਸ਼ਾਸਤਰ ਅਤੇ ਚਰਚ ਦੇ ਰੀਤ-ਰਿਵਾਜਾਂ ਅਨੁਸਾਰ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਉਨ੍ਹਾਂ ਬੱਚਿਆਂ ਨੂੰ ਮੁਕਤੀ ਅਤੇ ਸਦਾ ਦੀ ਖ਼ੁਸ਼ੀ ਪ੍ਰਾਪਤ ਹੋਵੇਗੀ ਜਿਨ੍ਹਾਂ ਨੇ ਬਪਤਿਸਮਾ ਲੈਣ ਤੋਂ ਪਹਿਲਾਂ ਆਪਣੀਆਂ ਜਾਨਾਂ ਗੁਆਈਆਂ ਹਨ।—ਇੰਟਰਨੈਸ਼ਨਲ ਥੀਓਲਾਜੀਕਲ ਕਮਿਸ਼ਨ।
ਇਸ ਸਿੱਖਿਆ ਵਿਚ ਬਦਲਾਅ ਕਿਉਂ ਆਇਆ? ਇਕ ਫਰਾਂਸੀਸੀ ਕਾਲਮਨਵੀਸ ਮੁਤਾਬਕ ਤਾਂਕਿ ਚਰਚ “ਇਕ ਭਾਰੇ ਬੋਝ” ਤੋਂ ਆਜ਼ਾਦ ਹੋ ਸਕੇ “ਜੋ ਮੱਧਕਾਲ ਤੋਂ ਲੈ ਕੇ 20ਵੀਂ ਸਦੀ ਤਕ ਉਸ ਦੇ ਮੋਢੇ ਉੱਤੇ ਸੀ। ਚਰਚ ਨੇ ਆਪਣੇ ਫ਼ਾਇਦੇ ਲਈ ਖ਼ੁਸ਼ੀ-ਖ਼ੁਸ਼ੀ ਲਿੰਬੋ ਦਾ ਡਰ ਇਸਤੇਮਾਲ ਕਰ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਜਲਦ-ਤੋਂ-ਜਲਦ ਬਪਤਿਸਮਾ ਕਰਾਉਣ ਲਈ ਉਕਸਾਇਆ।” ਪਰ ਇਸ ਸਿੱਖਿਆ ਦੇ ਅੰਤ ਨੇ ਹੋਰ ਵੀ ਸਵਾਲ ਖੜ੍ਹੇ ਕੀਤੇ।
ਪਰੰਪਰਾ ਜਾਂ ਬਾਈਬਲ ਅਨੁਸਾਰ? ਇਤਿਹਾਸ ਅਨੁਸਾਰ 12ਵੀਂ ਸਦੀ ਵਿਚ ਸੋਧਣ-ਸਥਾਨ (ਪਰਗੇਟਰੀ) ਦੀ ਸਿੱਖਿਆ ਨਾਲ ਜੁੜੇ ਬਹਿਸਾਂ ਕਰਕੇ ਲਿੰਬੋ ਵਿਚ ਵਿਸ਼ਵਾਸ ਪੈਦਾ ਹੋਇਆ। ਕੈਥੋਲਿਕ ਚਰਚ ਨੇ ਸਿਖਾਇਆ ਕਿ ਮੌਤ ਤੋਂ ਬਾਅਦ ਆਤਮਾ ਅਮਰ ਰਹਿੰਦੀ ਹੈ, ਇਸ ਲਈ ਚਰਚ ਨੂੰ ਉਨ੍ਹਾਂ ਬੱਚਿਆਂ ਲਈ ਜਗ੍ਹਾ ਲੱਭਣੀ ਪਈ ਜੋ ਬਪਤਿਸਮਾ ਨਾ ਲੈਣ ਕਾਰਨ ਸਵਰਗ ਨਹੀਂ ਜਾ ਸਕਦੇ ਸਨ, ਪਰ ਨਰਕ ਦੇ ਲਾਇਕ ਵੀ ਨਹੀਂ ਸਨ। ਇਸ ਤਰ੍ਹਾਂ ਲਿੰਬੋ ਦੀ ਸਿੱਖਿਆ ਸ਼ੁਰੂ ਹੋਈ।
ਪਰ ਬਾਈਬਲ ਸਿਖਾਉਂਦੀ ਹੈ ਕਿ ਜਦ ਇਨਸਾਨ ਮਰ ਜਾਂਦਾ ਹੈ, ਤਾਂ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਇਸ ਵਿਚ ਮੌਤ ਦੀ ਤੁਲਨਾ ਬੇਹੋਸ਼ੀ ਜਾਂ ਨੀਂਦ ਨਾਲ ਕੀਤੀ ਗਈ ਹੈ। (ਉਪਦੇਸ਼ਕ ਦੀ ਪੋਥੀ 9:5, 10; ਯੂਹੰਨਾ 11:11-14) ਜੇ ਮੌਤ ਹੋਣ ਤੇ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ, ਤਾਂ ਲਿੰਬੋ ਵਰਗੀ ਕੋਈ ਜਗ੍ਹਾ ਹੋ ਹੀ ਨਹੀਂ ਸਕਦੀ।
ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਮਸੀਹੀ ਮਾਪਿਆਂ ਦੇ ਬੱਚਿਆਂ ਨੂੰ ਪਵਿੱਤਰ ਸਮਝਦਾ ਹੈ। (1 ਕੁਰਿੰਥੀਆਂ 7:14) ਪਰ ਬਾਈਬਲ ਵਿਚ ਲਿਖੀ ਇਹ ਗੱਲ ਬੇਅਰਥ ਹੁੰਦੀ ਜੇ ਮੁਕਤੀ ਹਾਸਲ ਕਰਨ ਵਾਸਤੇ ਬੱਚਿਆਂ ਲਈ ਬਪਤਿਸਮਾ ਲੈਣਾ ਜ਼ਰੂਰੀ ਹੁੰਦਾ।
ਲਿੰਬੋ ਦੀ ਸਿੱਖਿਆ ਪਰਮੇਸ਼ੁਰ ਦਾ ਅਪਮਾਨ ਕਰਦੀ ਸੀ। ਇਹ ਪਰਮੇਸ਼ੁਰ ਨੂੰ ਬੇਕਸੂਰ ਬੱਚਿਆਂ ਨੂੰ ਸਜ਼ਾ ਦੇਣ ਵਾਲੇ ਬੇਰਹਿਮ ਜ਼ਾਲਮ ਵਜੋਂ ਪੇਸ਼ ਕਰਦੀ ਸੀ। ਪਰ ਉਹ ਤਾਂ ਇਨਸਾਫ਼ ਪਸੰਦ ਕਰਦਾ ਹੈ ਅਤੇ ਇਕ ਪਿਆਰੇ ਪਿਤਾ ਵਾਂਗ ਹੈ। (ਬਿਵਸਥਾ ਸਾਰ 32:4; ਮੱਤੀ 5:45; 1 ਯੂਹੰਨਾ 4:8) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਦੇ ਖ਼ਿਲਾਫ਼ ਇਹ ਸਿੱਖਿਆ ਨੇਕਦਿਲ ਮਸੀਹੀਆਂ ਨੂੰ ਗ਼ਲਤ ਲੱਗਦੀ ਸੀ।
[ਸਫ਼ਾ 15 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲ ਕੇ ਪਰਮੇਸ਼ੁਰ ਅਤੇ ਹੋਰਨਾਂ ਨਾਲ ਸਾਡਾ ਰਿਸ਼ਤਾ ਚੰਗਾ ਰਹਿੰਦਾ ਹੈ