ਬੁਰਾਈ ਜ਼ਰੂਰ ਖ਼ਤਮ ਹੋਵੇਗੀ!
ਬੁਰਾਈ ਜ਼ਰੂਰ ਖ਼ਤਮ ਹੋਵੇਗੀ!
ਪਰਮੇਸ਼ੁਰ ਨੇ ਸਾਨੂੰ ਬਾਈਬਲ ਦਿੱਤੀ ਹੈ ਜਿਸ ਵਿਚ ਸਮਝਾਇਆ ਗਿਆ ਹੈ ਕਿ ਲੋਕ ਬੁਰੇ ਕੰਮ ਕਿਉਂ ਕਰਦੇ ਹਨ। ਉਸ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ। ਸਾਡੇ ਵਿਚ ਆਪਣੇ ਆਪ ਉੱਤੇ ਕਾਬੂ ਰੱਖਣ ਦੀ ਵੀ ਕਾਬਲੀਅਤ ਹੈ ਜੋ ਸਾਨੂੰ ਬੁਰੇ ਕੰਮ ਕਰਨ ਤੋਂ ਰੋਕ ਸਕਦੀ ਹੈ। (ਬਿਵਸਥਾ ਸਾਰ 30:15, 16, 19) ਇਸ ਕਰਕੇ ਅਸੀਂ ਆਪਣੇ ਵਿਚ ਬੁਰੇ ਝੁਕਾਅ ਪਛਾਣ ਸਕਦੇ ਹਾਂ ਅਤੇ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ। ਨਤੀਜੇ ਵਜੋਂ ਜੇ ਅਸੀਂ ਬੁਰੇ ਕੰਮ ਨਹੀਂ ਕਰਾਂਗੇ, ਤਾਂ ਸਾਨੂੰ ਅਤੇ ਦੂਸਰਿਆਂ ਨੂੰ ਖ਼ੁਸ਼ੀ ਮਿਲੇਗੀ।—ਜ਼ਬੂਰਾਂ ਦੀ ਪੋਥੀ 1:1.
ਭਾਵੇਂ ਅਸੀਂ ਬੁਰੇ ਕੰਮ ਨਾ ਕਰਨ ਦੀ ਲੱਖ ਕੋਸ਼ਿਸ਼ ਕਰੀਏ, ਫਿਰ ਵੀ ਦੁਨੀਆਂ ਵਿਚ ਬੁਰਾਈ ਦੀ ਕੋਈ ਕਮੀ ਨਹੀਂ। ਬਾਈਬਲ ਚੇਤਾਵਨੀ ਦਿੰਦੀ ਹੈ: “ਇਹ ਜਾਣ 2 ਤਿਮੋਥਿਉਸ 3:1-5.
ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” ਇਹ ਸਮਝਾਉਂਦੇ ਹੋਏ ਕਿ ਸਮੇਂ ਇੰਨੇ ਭੈੜੇ ਕਿਉਂ ਹਨ ਬਾਈਬਲ ਅੱਗੇ ਕਹਿੰਦੀ ਹੈ, “ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।—ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਉੱਪਰ ਦਿੱਤੇ ਹਵਾਲੇ ਵਿਚ “ਅੰਤ ਦਿਆਂ ਦਿਨਾਂ” ਬਾਰੇ ਗੱਲ ਕੀਤੀ ਗਈ ਸੀ। ਤੁਸੀਂ ਇਸ ਤੋਂ ਕੀ ਸਮਝਦੇ ਹੋ? ਸ਼ਾਇਦ ਤੁਸੀਂ ਕਹੋ ਕਿ “ਅੰਤ ਦਿਆਂ ਦਿਨਾਂ” ਦਾ ਮਤਲਬ ਹੈ ਕਿ ਕਿਸੇ ਚੀਜ਼ ਦਾ ਅੰਤ ਹੋ ਰਿਹਾ ਹੈ। ਕਿਸ ਚੀਜ਼ ਦਾ ਅੰਤ? ਹੇਠਾਂ ਦੇਖੋ ਕਿ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਕਿਹੜੇ ਵਾਅਦੇ ਕੀਤੇ ਹਨ।
ਦੁਸ਼ਟ ਲੋਕ ਖ਼ਤਮ ਕੀਤੇ ਜਾਣਗੇ
“ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:10, 11.
“ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।”—ਜ਼ਬੂਰਾਂ ਦੀ ਪੋਥੀ 145:20.
ਕੋਈ ਵੀ ਜ਼ੁਲਮ ਨਹੀਂ ਹੋਵੇਗਾ
“ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 72:12, 14.
‘ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇਗੀ।’—ਰੋਮੀਆਂ 8:21.
ਲੋਕਾਂ ਦੀ ਹਰ ਲੋੜ ਪੂਰੀ ਕੀਤੀ ਜਾਵੇਗੀ
“ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.
“ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:21, 22.
ਇਨਸਾਫ਼ ਦਾ ਬੋਲਬਾਲਾ ਹੋਵੇਗਾ
“ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ ਰਾਤ ਉਸ ਅੱਗੇ ਚੀਕਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। . . . ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ।”—ਲੂਕਾ 18:7, 8, ERV.
“ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।”—ਜ਼ਬੂਰਾਂ ਦੀ ਪੋਥੀ 37:28.
ਲੋਕ ਮਤਲਬੀ ਨਹੀਂ, ਸਗੋਂ ਧਰਮੀ ਹੋਣਗੇ
“ਜਗਤ ਦੇ ਵਾਸੀ ਧਰਮ ਸਿੱਖਦੇ ਹਨ।”—ਯਸਾਯਾਹ 26:9.
“ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.
ਹੁਣ ਵੀ ਲੋਕ ਬਦਲ ਰਹੇ ਹਨ
ਬੇਸ਼ੱਕ ਅਸੀਂ ਸਾਰੇ ਇਨ੍ਹਾਂ ਵਾਅਦਿਆਂ ਨੂੰ ਪੜ੍ਹ ਕੇ ਖ਼ੁਸ਼ ਹਾਂ। ਪਰ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਇਹ ਵਾਅਦੇ ਪੂਰੇ ਹੋਣਗੇ? ਕਿਉਂਕਿ ਇਸ ਦੇ ਸਬੂਤ ਅੱਜ ਵੀ ਦੇਖੇ ਜਾ ਸਕਦੇ ਹਨ। ਇਹ ਸਬੂਤ ਕੀ ਹਨ? ਇਹ ਹਕੀਕਤ ਹੈ ਕਿ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੇ ਬੁਰੇ ਕੰਮਾਂ ਨੂੰ ਛੱਡਿਆ ਹੈ। ਖ਼ੁਦਗਰਜ਼, ਬਦਚਲਣ ਜਾਂ ਹਿੰਸਕ ਹੋਣ ਦੀ ਬਜਾਇ ਉਨ੍ਹਾਂ ਨੇ ਈਮਾਨਦਾਰ, ਸ਼ਾਂਤ ਅਤੇ ਕੋਮਲ ਹੋਣਾ ਸਿੱਖਿਆ ਹੈ। ਇਹ ਲੋਕ ਊਚ-ਨੀਚ, ਰੰਗ-ਰੂਪ, ਸਿਆਸੀ ਜਾਂ ਅਮੀਰੀ-ਗ਼ਰੀਬੀ ਦਾ ਕੋਈ ਫ਼ਰਕ ਨਹੀਂ ਕਰਦੇ ਜਦਕਿ ਇਤਿਹਾਸ ਦੌਰਾਨ ਇਨ੍ਹਾਂ ਗੱਲਾਂ ਨੂੰ ਲੈ ਕੇ ਨਫ਼ਰਤ, ਜ਼ੁਲਮ ਅਤੇ ਖ਼ੂਨ-ਖ਼ਰਾਬੇ ਹੁੰਦੇ ਆਏ ਹਨ। ਇਹ ਲੋਕ ਯਹੋਵਾਹ ਦੇ ਗਵਾਹ ਹਨ ਜਿਨ੍ਹਾਂ ਦੀ ਗਿਣਤੀ ਪੂਰੀ ਦੁਨੀਆਂ ਵਿਚ 70 ਲੱਖ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਲੋਕਾਂ ਵਿਚ ਅਜਿਹੀਆਂ ਤਬਦੀਲੀਆਂ ਦੇਖ ਕੇ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਦੇ ਵਾਅਦੇ ਵੱਡੇ ਪੈਮਾਨੇ ’ਤੇ ਪੂਰੇ ਹੋਣਗੇ।
ਪਰ ਲੋਕਾਂ ਵਿਚ ਇਹ ਤਬਦੀਲੀਆਂ ਕਿੱਦਾਂ ਆਉਂਦੀਆਂ ਹਨ? ਇਸ ਸਵਾਲ ਦਾ ਜਵਾਬ ਬਾਈਬਲ ਦੇ ਇਕ ਹੋਰ ਹਵਾਲੇ ਵਿਚ ਦਿੱਤਾ ਗਿਆ ਹੈ। ਯਸਾਯਾਹ ਨਬੀ ਨੇ ਲਿਖਿਆ:
“ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। . . . ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:6-9.
ਕੀ ਇਹ ਭਵਿੱਖਬਾਣੀ ਸਿਰਫ਼ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦ ਜਾਨਵਰਾਂ ਅਤੇ ਇਨਸਾਨਾਂ ਵਿਚ ਸ਼ਾਂਤੀ ਹੋਵੇਗੀ? ਨਹੀਂ। ਗੌਰ ਕਰੋ ਕਿ ਇਸ ਹਵਾਲੇ ਦੀ ਆਖ਼ਰੀ ਲਾਈਨ ਵਿਚ ਇਨ੍ਹਾਂ ਤਬਦੀਲੀਆਂ ਦਾ ਕਾਰਨ ਦਿੱਤਾ
ਗਿਆ ਹੈ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” ਕੀ ਯਹੋਵਾਹ ਪਰਮੇਸ਼ੁਰ ਦਾ ਗਿਆਨ ਜਾਨਵਰਾਂ ਨੂੰ ਬਦਲ ਸਕਦਾ ਹੈ? ਨਹੀਂ, ਪਰ ਇਹ ਲੋਕਾਂ ਨੂੰ ਜ਼ਰੂਰ ਬਦਲ ਸਕਦਾ ਹੈ ਅਤੇ ਬਦਲਦਾ ਵੀ ਹੈ! ਇਹ ਭਵਿੱਖਬਾਣੀ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਦਾ ਸੁਭਾਅ ਪਹਿਲਾਂ ਜਾਨਵਰਾਂ ਵਰਗਾ ਹੁੰਦਾ ਸੀ ਉਨ੍ਹਾਂ ਨੇ ਬਾਈਬਲ ਦਾ ਗਿਆਨ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਆਪਣੇ ਆਪ ਨੂੰ ਬਦਲਿਆ ਹੈ ਅਤੇ ਯਿਸੂ ਮਸੀਹ ਵਰਗੀ ਸਖਸ਼ੀਅਤ ਨੂੰ ਅਪਣਾਇਆ ਹੈ।ਪੇਦਰੌ ਦੀ ਮਿਸਾਲ ਲੈ ਲਓ। * ਉਸ ਨੂੰ ਲੱਗਾ ਕਿ ਉਹ ਇਨਸਾਫ਼ ਲਈ ਲੜ ਰਿਹਾ ਸੀ ਜਦੋਂ ਉਹ ਇਕ ਅੱਤਵਾਦੀ ਸੰਸਥਾ ਨਾਲ ਜਾ ਰਲਿਆ। ਟ੍ਰੇਨਿੰਗ ਮਿਲਣ ਤੋਂ ਬਾਅਦ ਉਸ ਨੂੰ ਪੁਲਸ ਦੀਆਂ ਛਾਉਣੀਆਂ ਉਡਾਉਣ ਦਾ ਹੁਕਮ ਮਿਲਿਆ। ਉਹ ਇਸ ਤਰ੍ਹਾਂ ਕਰਨ ਦੀਆਂ ਤਿਆਰੀਆਂ ਵਿਚ ਹੀ ਸੀ ਜਦ ਉਸ ਨੂੰ ਗਿਰਫ਼ਤਾਰ ਕੀਤਾ ਗਿਆ। ਪੇਦਰੌ 18 ਮਹੀਨੇ ਜੇਲ੍ਹ ਵਿਚ ਰਿਹਾ ਜਿੱਥੇ ਉਹ ਆਪਣਾ ਕੰਮ ਚੁੱਪ-ਚੁਪੀਤੇ ਕਰਦਾ ਰਿਹਾ। ਇਸੇ ਸਮੇਂ ਦੌਰਾਨ ਪੇਦਰੌ ਦੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਰਿਹਾ ਹੋਣ ਤੋਂ ਬਾਅਦ ਪੇਦਰੌ ਵੀ ਬਾਈਬਲ ਸਟੱਡੀ ਕਰਨ ਲੱਗ ਪਿਆ। ਉਸ ਨੇ ਜੋ ਵੀ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਿਆ ਉਸ ਦਾ ਉਸ ਉੱਤੇ ਇੰਨਾ ਅਸਰ ਪਿਆ ਕਿ ਉਸ ਦੀ ਜ਼ਿੰਦਗੀ ਹੀ ਬਦਲ ਗਈ। ਉਹ ਕਹਿੰਦਾ ਹੈ: “ਮੈਂ ਯਹੋਵਾਹ ਦਾ ਬਹੁਤ ਸ਼ੁਕਰ ਕਰਦਾ ਹਾਂ ਕਿ ਮੈਂ ਇਕ ਅੱਤਵਾਦੀ ਹੁੰਦੇ ਹੋਏ ਵੀ ਕਦੇ ਕਿਸੇ ਦਾ ਖ਼ੂਨ ਨਹੀਂ ਕੀਤਾ। ਹੁਣ ਮੈਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦਾ ਹਾਂ ਜੋ ਸੱਚੀ ਸ਼ਾਂਤੀ ਅਤੇ ਨਿਆਂ ਲਿਆਵੇਗਾ।” ਇਕ ਵਾਰ ਪੇਦਰੌ ਉਸੇ ਛਾਉਣੀ ਵਿਚ ਗਿਆ ਜਿਸ ਨੂੰ ਉਹ ਉਡਾਉਣ ਵਾਲਾ ਸੀ। ਪਰ ਇਸ ਵਾਰ ਉਹ ਉੱਥੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਗਿਆ।
ਬਾਈਬਲ ਲੋਕਾਂ ਨੂੰ ਬਦਲ ਸਕਦੀ ਹੈ ਅਤੇ ਇਸ ਕਰਕੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਬੁਰਾਈ ਨੂੰ ਖ਼ਤਮ ਕਰੇਗਾ। ਲੋਕ ਹਮੇਸ਼ਾ ਲਈ ਬੁਰੇ ਕੰਮ ਨਹੀਂ ਕਰਦੇ ਰਹਿਣਗੇ। ਬਹੁਤ ਜਲਦੀ ਪਰਮੇਸ਼ੁਰ ਬੁਰਾਈ ਦੀ ਜੜ੍ਹ ਯਾਨੀ ਸ਼ਤਾਨ ਨੂੰ ਖ਼ਤਮ ਕਰੇਗਾ ਜੋ ਅੱਜ ਦੁਨੀਆਂ ਵਿਚ ਹੋ ਰਹੀ ਬੁਰਾਈ ਦੇ ਪਿੱਛੇ ਹੈ। ਬਾਈਬਲ ਦੱਸਦੀ ਹੈ, “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰੇਗਾ ਜੋ ਆਪਣੇ ਬੁਰੇ ਰਾਹ ਨਹੀਂ ਛੱਡਦੇ। ਉਹ ਸਮਾਂ ਕਿੰਨਾ ਸ਼ਾਨਦਾਰ ਹੋਵੇਗਾ।
ਉਸ ਸਮੇਂ ਬਰਕਤਾਂ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਯਾਦ ਰੱਖੋ ਕਿ ‘ਯਹੋਵਾਹ ਦਾ ਗਿਆਨ’ ਹੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ ਅਤੇ ਸੰਸਾਰ ਭਰ ਵਿਚ ਤਬਦੀਲੀਆਂ ਲਿਆਵੇਗਾ। ਪੇਦਰੌ ਵਾਂਗ ਬਾਈਬਲ ਦਾ ਗਿਆਨ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਤੁਸੀਂ ਵੀ ਅਜਿਹੀ ਸ਼ਾਨਦਾਰ ਧਰਤੀ ਉੱਤੇ ਰਹਿ ਸਕੋਗੇ ਜਿੱਥੇ “ਧਰਮ ਵੱਸਦਾ ਹੈ।” (2 ਪਤਰਸ 3:13) ਇਸ ਲਈ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਅਜੇ ਵੀ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦਾ ਗਿਆਨ ਲੈਣ ਦਾ ਮੌਕਾ ਹੈ। ਇਹ ਗਿਆਨ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ।—ਯੂਹੰਨਾ 17:3. (w10-E 09/01)
[ਫੁਟਨੋਟ]
^ ਪੈਰਾ 25 ਅਸਲੀ ਨਾਂ ਨਹੀਂ।
[ਸਫ਼ਾ 9 ਉੱਤੇ ਸੁਰਖੀ]
ਤੁਸੀਂ ਵੀ ਅਜਿਹੀ ਸ਼ਾਨਦਾਰ ਧਰਤੀ ਉੱਤੇ ਰਹਿ ਸਕੋਗੇ ਜਿੱਥੇ “ਧਰਮ ਵੱਸਦਾ ਹੈ।”—2 ਪਤਰਸ 3:13.