Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ

ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ

17 ਸਾਲਾਂ ਦੀ ਆਲੀਸਿਆ * ਕਹਿੰਦੀ ਹੈ: “ਕਦੇ-ਕਦੇ ਮੈਂ ਆਪਣੇ ਮੰਮੀ-ਡੈਡੀ ਕੋਲੋਂ ਸੈਕਸ ਬਾਰੇ ਕੁਝ ਜਾਣਨਾ ਚਾਹੁੰਦੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਜੇ ਮੈਂ ਕੋਈ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਸੋਚਣਾ ਕਿ ਮੈਂ ਕੁਝ ਗ਼ਲਤ ਕਰ ਰਹੀ ਹਾਂ।”

ਆਲੀਸਿਆ ਦੀ ਮੰਮੀ ਈਨੇਜ਼ ਕਹਿੰਦੀ ਹੈ: “ਮੈਂ ਤਾਂ ਚਾਹੁੰਦੀ ਹਾਂ ਕਿ ਮੈਂ ਆਪਣੀ ਬੇਟੀ ਨਾਲ ਬੈਠ ਕੇ ਸੈਕਸ ਬਾਰੇ ਗੱਲ ਕਰਾਂ, ਪਰ ਉਹ ਨੂੰ ਆਪਣੇ ਕੰਮਾਂ ਤੋਂ ਵਿਹਲ ਨਹੀਂ ਮਿਲਦੀ।”

ਅੱਜ-ਕੱਲ੍ਹ ਟੀ.ਵੀ., ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿਚ ਹਰ ਵੇਲੇ ਸੈਕਸ ਬਾਰੇ ਹੀ ਦੱਸਿਆ ਜਾਂਦਾ ਹੈ। ਇੱਦਾਂ ਲੱਗਦਾ ਹੈ ਕਿ ਸਿਰਫ਼ ਇੱਕੋ ਜਗ੍ਹਾ ਹੈ ਜਿੱਥੇ ਸੈਕਸ ਬਾਰੇ ਗੱਲ ਨਹੀਂ ਹੁੰਦੀ, ਉਹ ਹੈ ਮਾਪਿਆਂ ਤੇ ਬੱਚਿਆਂ ਵਿਚਕਾਰ। ਕੈਨੇਡਾ ਵਿਚ ਰਹਿਣ ਵਾਲਾ ਨੌਜਵਾਨ, ਮਾਈਕਲ, ਕਹਿੰਦਾ ਹੈ: “ਕਾਸ਼ ਮੇਰੇ ਮੰਮੀ-ਡੈਡੀ ਨੂੰ ਪਤਾ ਹੁੰਦਾ ਕਿ ਉਨ੍ਹਾਂ ਨਾਲ ਸੈਕਸ ਦੇ ਬਾਰੇ ਗੱਲ ਕਰਨੀ ਮੈਨੂੰ ਕਿੰਨੀ ਔਖੀ ਲੱਗਦੀ ਹੈ। ਪਰ ਇਸ ਬਾਰੇ ਕਿਸੇ ਦੋਸਤ ਨਾਲ ਗੱਲ ਕਰਨੀ ਜ਼ਿਆਦਾ ਸੌਖੀ ਹੈ।”

ਅਕਸਰ ਮਾਂ-ਬਾਪ ਵੀ ਇਸ ਵਿਸ਼ੇ ਬਾਰੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਹਿਚਕਿਚਾਉਂਦੇ ਹਨ। ਇਕ ਸਿਹਤ ਸੰਭਾਲ ਦੀ ਸਿੱਖਿਅਕ ਆਪਣੀ ਕਿਤਾਬ ਵਿਚ ਲਿਖਦੀ ਹੈ: “ਮੈਨੂੰ ਕਿੰਨੇ ਹੀ ਮਾਪਿਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ 11 ਜਾਂ 12 ਸਾਲਾਂ ਦੇ ਬੱਚਿਆਂ ਨੂੰ ਸਰੀਰ ਵਿਚ ਹੁੰਦੇ ਬਦਲਾਅ ਅਤੇ ਸੈਕਸ ਬਾਰੇ ਕਿਤਾਬਾਂ ਲਿਆ ਕੇ ਦਿੱਤੀਆਂ ਹਨ। ਉਹ ਚੁੱਪ-ਚਾਪ ਇਹ ਕਿਤਾਬਾਂ ਆਪਣੇ ਬੱਚਿਆਂ ਦੇ ਕਮਰੇ ਵਿਚ ਰੱਖ ਦਿੰਦੇ ਹਨ ਤਾਂਕਿ ਉਨ੍ਹਾਂ ਨੂੰ ਇਸ ਬਾਰੇ ਹੋਰ ਗੱਲ ਨਾ ਕਰਨੀ ਪਵੇ।” ਇਹ ਸਿੱਖਿਅਕ ਕਹਿੰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਸਾਫ਼ ਪਤਾ ਲੱਗਦਾ ਹੈ: “ਅਸੀਂ ਚਾਹੁੰਦੇ ਤਾਂ ਹਾਂ ਕਿ ਤੁਹਾਨੂੰ ਆਪਣੇ ਸਰੀਰ ਅਤੇ ਸੈਕਸ ਬਾਰੇ ਪਤਾ ਲੱਗੇ, ਪਰ ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ।”

ਮਾਪੇ ਹੋਣ ਦੇ ਨਾਤੇ ਤੁਹਾਡੇ ਲਈ ਇੱਦਾਂ ਕਰਨਾ ਕਾਫ਼ੀ ਨਹੀਂ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪ ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ। ਆਓ ਆਪਾਂ ਇਸ ਦੇ ਤਿੰਨ ਕਾਰਨ ਦੇਖੀਏ:

  1. ਹੁਣ ਮੌਖਿਕ ਸੰਭੋਗ ਅਤੇ ਗੁਦਾ-ਸੰਭੋਗ ਤੋਂ ਇਲਾਵਾ ਕੰਪਿਊਟਰ ਅਤੇ ਮੋਬਾਇਲਾਂ ਰਾਹੀਂ ਗੰਦੀਆਂ ਗੱਲਾਂ ਕੀਤੀਆਂ ਜਾਂਦੀਆਂ ਅਤੇ ਗੰਦੀਆਂ ਤਸਵੀਰਾਂ ਦੇਖੀਆਂ ਜਾਂਦੀਆਂ ਹਨ।”

  2. ਸ਼ੀਲਾ ਨਾਂ ਦੀ ਮਾਂ ਦੱਸਦੀ ਹੈ: “ਸਕੂਲ ਸ਼ੁਰੂ ਕਰਦੇ ਹੀ ਬੱਚਿਆਂ ਨੂੰ ਸੈਕਸ ਬਾਰੇ ਗੰਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ।”

  3. ਬ੍ਰਾਜ਼ੀਲ ਵਿਚ 15 ਸਾਲਾਂ ਦੀ ਆਨਾ ਕਹਿੰਦੀ ਹੈ: “ਜੇ ਸੱਚ ਦੱਸਾਂ, ਤਾਂ ਮੈਨੂੰ ਨਹੀਂ ਪਤਾ ਕਿ ਮੈਂ ਸੈਕਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਿਵੇਂ ਸ਼ੁਰੂ ਕਰਾਂ।”

ਮਾਪਿਓ, ਰੱਬ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ। (ਅਫ਼ਸੀਆਂ 6:4) ਇਹ ਸੱਚ ਹੈ ਕਿ ਤੁਹਾਡੇ ਲਈ ਅਤੇ ਬੱਚਿਆਂ ਲਈ ਇਸ ਬਾਰੇ ਗੱਲ ਕਰਨੀ ਔਖੀ ਹੈ। ਬਹੁਤ ਸਾਰੇ ਨੌਜਵਾਨ 14 ਸਾਲਾਂ ਦੀ ਡੈਨੀਏਲ ਨਾਲ ਸਹਿਮਤ ਹਨ, ਜੋ ਕਹਿੰਦੀ ਹੈ, “ਅਸੀਂ ਸੈਕਸ ਬਾਰੇ ਆਪਣੇ ਮੰਮੀ-ਡੈਡੀ ਤੋਂ ਜਾਣਨਾ ਚਾਹਾਂਗੇ ਨਾ ਕਿ ਕਿਸੇ ਟੀਚਰ ਕੋਲੋਂ ਜਾਂ ਕਿਸੇ ਟੀ.ਵੀ. ਪ੍ਰੋਗ੍ਰਾਮ ਤੋਂ।” ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨਾਲ ਇਸ ਅਹਿਮ ਅਤੇ ਔਖੇ ਵਿਸ਼ੇ ਬਾਰੇ ਕਿੱਦਾਂ ਗੱਲ ਕਰ ਸਕਦੇ ਹੋ?

ਉਮਰ ਦੇ ਮੁਤਾਬਕ ਸਿਖਾਓ

ਅਸਲ ਵਿਚ ਛੋਟੀ ਉਮਰ ਤੋਂ ਹੀ ਬੱਚੇ ਸੈਕਸ ਬਾਰੇ ਗੱਲਾਂ ਸੁਣਨ ਲੱਗ ਪੈਂਦੇ ਹਨ। ਇਸ ਬਾਰੇ ਸੋਚ ਕੇ ਹੀ ਡਰ ਲੱਗਦਾ ਹੈ ਕਿ ਇਨ੍ਹਾਂ “ਅੰਤ ਦਿਆਂ ਦਿਨਾਂ ਵਿੱਚ” ਦੁਸ਼ਟ ਲੋਕ “ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ। (2 ਤਿਮੋਥਿਉਸ 3:1, 13) ਦੁੱਖ ਦੀ ਗੱਲ ਹੈ ਕਿ ਕਈ ਲੋਕ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ।

ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਇਸ ਵਿਸ਼ੇ ਬਾਰੇ ਸਿਖਾਓ। ਜਰਮਨੀ ਵਿਚ ਰਹਿਣ ਵਾਲੀ ਰੀਨਾਟੇ ਨਾਂ ਦੀ ਮਾਂ ਕਹਿੰਦੀ ਹੈ: “ਜੇ ਤੁਸੀਂ ਉਨ੍ਹਾਂ ਨਾਲ ਉਦੋਂ ਗੱਲ ਕਰੋਗੇ ਜਦੋਂ ਉਹ ਥੋੜ੍ਹੇ ਵੱਡੇ ਹੋ ਜਾਣਗੇ, ਤਾਂ ਸ਼ਾਇਦ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨੀ ਨਾ ਚਾਹੁਣ।” ਬਿਹਤਰ ਇਹੀ ਹੈ ਕਿ ਤੁਸੀਂ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਜਾਣਕਾਰੀ ਦਿਓ।

ਸਕੂਲ ਸ਼ੁਰੂ ਕਰਨ ਤੋਂ ਪਹਿਲਾਂ: ਬੱਚਿਆਂ ਨੂੰ ਸਰੀਰ ਦੇ ਗੁਪਤ ਅੰਗਾਂ ਦੇ ਸਹੀ ਨਾਂ ਦੱਸੋ ਅਤੇ ਸਮਝਾਓ ਕਿ ਕਿਸੇ ਨੂੰ ਇਨ੍ਹਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਮੈਕਸੀਕੋ ਵਿਚ ਯੂਲੀਆ ਨਾਂ ਦੀ ਮਾਂ ਕਹਿੰਦੀ ਹੈ: “ਮੇਰਾ ਮੁੰਡਾ ਸਿਰਫ਼ ਤਿੰਨ ਸਾਲਾਂ ਦਾ ਸੀ ਜਦੋਂ ਮੈਂ ਉਸ ਨੂੰ ਇਸ ਬਾਰੇ ਥੋੜ੍ਹਾ-ਥੋੜ੍ਹਾ ਸਿਖਾਉਣ ਲੱਗ ਪਈ। ਮੈਨੂੰ ਬਹੁਤ ਫ਼ਿਕਰ ਹੁੰਦਾ ਸੀ ਕਿ ਟੀਚਰ, ਉਸ ਦੀ ਦੇਖ-ਭਾਲ ਕਰਨ ਵਾਲੇ ਲੋਕ ਜਾਂ ਵੱਡੇ ਬੱਚੇ ਕਿਤੇ ਉਸ ਨਾਲ ਗ਼ਲਤ ਕੰਮ ਨਾ ਕਰਨ। ਉਸ ਨੂੰ ਆਪਣੀ ਹਿਫਾਜ਼ਤ ਕਰਨੀ ਸਿੱਖਣ ਦੀ ਲੋੜ ਸੀ।”

 

ਸੁਝਾਅ: ਆਪਣੇ ਬੱਚੇ ਨੂੰ ਸਿਖਾਓ ਕਿ ਜੇ ਕੋਈ ਉਨ੍ਹਾਂ ਦੇ ਗੁਪਤ ਅੰਗਾਂ ਨਾਲ ਛੇੜ-ਛਾੜ ਕਰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ। ਮਿਸਾਲ ਲਈ, ਤੁਸੀਂ ਆਪਣੇ ਬੱਚੇ ਨੂੰ ਦੱਸ ਸਕਦੇ ਹੋ ਕਿ ਜੇ ਉਨ੍ਹਾਂ ਨਾਲ ਕੁਝ ਹੋਵੇ, ਤਾਂ ਉਹ ਇੱਦਾਂ ਕਹਿ ਸਕਦਾ ਹੈ: “ਹਟ ਜਾ, ਨਹੀਂ ਤਾਂ ਮੈਂ ਆਪਣੇ ਮੰਮੀ-ਡੈਡੀ ਨੂੰ ਦੱਸ ਦੇਣਾ!” ਆਪਣੇ ਬੱਚੇ ਨੂੰ ਭਰੋਸਾ ਦਿਲਾਓ ਕਿ ਸ਼ਿਕਾਇਤ ਕਰਨੀ ਗ਼ਲਤ ਨਹੀਂ ਹੈ ਭਾਵੇਂ ਕੋਈ ਧਮਕੀ ਦੇਵੇ ਜਾਂ ਤੁਹਾਨੂੰ ਲਾਲਚ ਦੇਵੇ।

ਪ੍ਰਾਇਮਰੀ ਸਕੂਲ ਜਾਣ ਵਾਲੇ ਬੱਚੇ: ਇਨ੍ਹਾਂ ਸਾਲਾਂ ਦੌਰਾਨ ਆਪਣੇ ਬੱਚਿਆਂ ਦਾ ਗਿਆਨ ਹੌਲੀ-ਹੌਲੀ ਵਧਾਓ। ਪੀਟਰ ਨਾਂ ਦਾ ਪਿਤਾ ਸੁਝਾਅ ਦਿੰਦਾ ਹੈ: “ਤੇਲ ਦੇਖੋ, ਤੇਲ ਦੀ ਧਾਰ ਦੇਖੋ। ਬੱਚਿਆਂ ਨਾਲ ਗੱਲ ਕਰ ਕੇ ਪਤਾ ਕਰੋ ਕਿ ਉਹ ਕਿੰਨਾ ਕੁ ਜਾਣਦੇ ਹਨ ਤੇ ਉਹ ਹੋਰ ਕੀ ਕੁਝ ਜਾਣਨਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਗੱਲ ਕਰਨ ਲਈ ਮਜਬੂਰ ਨਾ ਕਰੋ। ਜੇ ਤੁਸੀਂ ਪਹਿਲਾਂ ਤੋਂ ਹੀ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਦੇ ਹੋ, ਤਾਂ ਇਸ ਬਾਰੇ ਗੱਲ ਕਰਨੀ ਤੁਹਾਡੇ ਲਈ ਸੌਖੀ ਹੋ ਸਕਦੀ ਹੈ।”

 

ਸੁਝਾਅ: ‘ਲੈਕਚਰ ਦੇਣ’ ਨਾਲੋਂ ਚੰਗਾ ਹੈ ਕਿ ਮੌਕੇ ਭਾਲ ਕੇ ਥੋੜ੍ਹੀ-ਥੋੜ੍ਹੀ ਗੱਲਬਾਤ ਕਰੋ। (ਬਿਵਸਥਾ ਸਾਰ 6:6-9) ਨਹੀਂ ਤਾਂ ਇਕਦਮ ਉਨ੍ਹਾਂ ਨੂੰ ਸਾਰਾ ਕੁਝ ਦੱਸਣ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਜਿਉਂ-ਜਿਉਂ ਉਹ ਵੱਡੇ ਹੁੰਦੇ ਜਾਣਗੇ ਉਨ੍ਹਾਂ ਨੂੰ ਉੱਨੀ ਜਾਣਕਾਰੀ ਹੋਵੇਗੀ ਜਿੰਨੀ ਉਹ ਸਮਝ ਸਕਦੇ ਹਨ।

ਨੌਜਵਾਨਾਂ ਲਈ: ਇਸ ਉਮਰ ਵਿਚ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਨੂੰ ਦੱਸਿਆ ਜਾਵੇ ਕਿ ਸਰੀਰ ਤੋਂ ਇਲਾਵਾ ਸੈਕਸ ਕਰਨ ਨਾਲ ਜਜ਼ਬਾਤਾਂ ’ਤੇ ਵੀ ਅਸਰ ਪੈਂਦਾ ਹੈ। ਨਾਲੇ ਦੱਸੋ ਕਿ ਸਿਰਫ਼ ਪਤੀ-ਪਤਨੀ ਵਿਚਕਾਰ ਹੀ ਇਹ ਰਿਸ਼ਤਾ ਹੋਣਾ ਚਾਹੀਦਾ ਹੈ। ਪੰਦਰਾਂ ਸਾਲਾਂ ਦੀ ਆਨਾ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ। ਉਹ ਇਹ ਵੀ ਦੱਸਦੀ ਹੈ: “ਮੇਰੇ ਸਕੂਲ ਵਿਚ ਮੁੰਡੇ-ਕੁੜੀਆਂ ਸੈਕਸ ਕਰਦੇ ਹਨ। ਇਕ ਮਸੀਹੀ ਵਜੋਂ ਮੈਨੂੰ ਵੀ ਸੈਕਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਭਾਵੇਂ ਕਿ ਇਸ ਬਾਰੇ ਗੱਲ ਕਰਦਿਆਂ ਮੈਨੂੰ ਸ਼ਰਮ ਆਉਂਦੀ ਹੈ, ਪਰ ਫਿਰ ਵੀ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।” *

 

ਸਾਵਧਾਨੀ: ਸ਼ਾਇਦ ਨੌਜਵਾਨ ਸਵਾਲ ਪੁੱਛਣ ਤੋਂ ਹਿਚਕਿਚਾਉਣ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਕਿਤੇ ਇਹ ਨਾ ਸੋਚਣ ਕਿ ਉਹ ਕੁਝ ਗ਼ਲਤ ਕਰ ਰਹੇ ਹਨ। ਸਟੀਵਨ ਨਾਂ ਦਾ ਇਕ ਪਿਤਾ ਕਹਿੰਦਾ ਹੈ: “ਸਾਡਾ ਮੁੰਡਾ ਸਾਡੇ ਨਾਲ ਸੈਕਸ ਬਾਰੇ ਗੱਲ ਕਰਨੀ ਨਹੀਂ ਸੀ ਚਾਹੁੰਦਾ। ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਸੋਚਦਾ ਸੀ ਕਿ ਅਸੀਂ ਉਸ ਉੱਤੇ ਸ਼ੱਕ ਕਰ ਰਹੇ ਸੀ। ਅਸੀਂ ਉਸ ਨੂੰ ਸਮਝਾਇਆ ਕਿ ਅਸੀਂ ਉਸ ਉੱਤੇ ਸ਼ੱਕ ਨਹੀਂ ਕਰਦੇ ਸੀ, ਪਰ ਅਸੀਂ ਚਾਹੁੰਦੇ ਸੀ ਕਿ ਲੋੜ ਪੈਣ ਤੇ ਉਹ ਗ਼ਲਤ ਕੰਮਾਂ ਦੇ ਲਈ ਸਾਫ਼ ਨਾਂਹ ਕਹਿ ਸਕੇ।”

ਸੁਝਾਅ: ਆਪਣੇ ਬੱਚੇ ਨੂੰ ਸੈਕਸ ਬਾਰੇ ਸਿੱਧੇ ਸਵਾਲ ਪੁੱਛਣ ਦੀ ਬਜਾਇ ਉਨ੍ਹਾਂ ਨੂੰ ਇਹ ਪੁੱਛੋ ਕਿ ਉਨ੍ਹਾਂ ਦੇ ਹਾਣੀ ਇਸ ਬਾਰੇ ਕੀ ਸੋਚਦੇ ਹਨ। ਮਿਸਾਲ ਲਈ, ਤੁਸੀਂ ਕਹਿ ਸਕਦੇ ਹੋ: “ਕਈ ਲੋਕਾਂ ਦਾ ਕਹਿਣਾ ਹੈ ਕਿ ਮੌਖਿਕ ਸੰਭੋਗ ਅਸਲ ਵਿਚ ਸੈਕਸ ਕਰਨਾ ਨਹੀਂ ਹੈ। ਕੀ ਤੁਹਾਡੇ ਹਾਣੀ ਵੀ ਇਹੀ ਮੰਨਦੇ ਹਨ?” ਇਸ ਤਰ੍ਹਾਂ ਦੇ ਸਵਾਲ ਪੁੱਛਣ ਨਾਲ ਤੁਹਾਡੇ ਬੱਚੇ ਤੁਹਾਡੇ ਨਾਲ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਨਗੇ।

ਸ਼ਰਮਾਓ ਨਾ, ਖੁੱਲ੍ਹ ਕੇ ਗੱਲ ਕਰੋ

ਇਹ ਸੱਚ ਹੈ ਕਿ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰਨੀ ਮਾਪਿਆਂ ਲਈ ਸਭ ਤੋਂ ਔਖੀ ਗੱਲ ਹੋ ਸਕਦੀ ਹੈ। ਪਰ ਇਸ ਦੇ ਫ਼ਾਇਦੇ ਵੀ ਹਨ। ਡਾਇਐਨ ਨਾਂ ਦੀ ਇਕ ਮਾਂ ਕਹਿੰਦੀ ਹੈ: “ਸਮਾਂ ਬੀਤਣ ਦੇ ਨਾਲ-ਨਾਲ ਤੁਹਾਡੀ ਝਿਜਕ ਜਾਂਦੀ ਰਹਿੰਦੀ ਹੈ ਅਤੇ ਆਪਣੇ ਬੱਚੇ ਨਾਲ ਸੈਕਸ ਬਾਰੇ ਗੱਲ ਕਰ ਕੇ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ।” ਸਟੀਵਨ, ਜਿਸ ਦਾ ਅੱਗੇ ਵੀ ਜ਼ਿਕਰ ਕੀਤਾ ਗਿਆ ਸੀ, ਮੰਨਦਾ ਹੈ: “ਜੇ ਤੁਸੀਂ ਆਮ ਕਰਕੇ ਆਪਣੇ ਪਰਿਵਾਰ ਵਿਚ ਕਿਸੇ ਵੀ ਵਿਸ਼ੇ ’ਤੇ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸੈਕਸ ਬਾਰੇ ਗੱਲ ਕਰਨੀ ਵੀ ਥੋੜ੍ਹੀ ਸੌਖੀ ਹੋ ਸਕਦੀ ਹੈ। ਇਸ ਬਾਰੇ ਗੱਲ ਕਰਨੀ ਆਸਾਨ ਤਾਂ ਨਹੀਂ ਹੈ, ਪਰ ਖੁੱਲ੍ਹ ਕੇ ਗੱਲ ਕਰਨ ਨਾਲ ਇਕ ਮਸੀਹੀ ਪਰਿਵਾਰ ਸੁਖੀ ਹੋ ਸਕਦਾ ਹੈ।” (w10-E 11/01)

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 19 ਤੁਸੀਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਗਰੂਕ ਬਣੋ! ਰਸਾਲੇ ਵਿੱਚੋਂ ਨੌਜਵਾਨ ਪੁੱਛਦੇ ਹਨ ਨਾਂ ਦੇ ਲੇਖ ਵਰਤ ਕੇ ਆਪਣੇ ਨੌਜਵਾਨ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰ ਸਕਦੇ ਹੋ। ਮਿਸਾਲ ਲਈ, ਅਪ੍ਰੈਲ-ਜੂਨ 2007 ਸਫ਼ਾ 26 ਅਤੇ ਅਪ੍ਰੈਲ-ਜੂਨ 2006 ਸਫ਼ਾ 16 ਦੇਖੋ।

ਆਪਣੇ ਆਪ ਨੂੰ ਪੁੱਛੋ . . .

ਦੁਨੀਆਂ ਭਰ ਦੇ ਨੌਜਵਾਨਾਂ ਦੇ ਵਿਚਾਰ ਪੜ੍ਹੋ ਅਤੇ ਫਿਰ ਆਪਣੇ ਆਪ ਨੂੰ ਹੇਠਾਂ ਦਿੱਤੇ ਸਵਾਲ ਪੁੱਛੋ।

“ਮੇਰੇ ਮੰਮੀ-ਡੈਡੀ ਮੈਨੂੰ ਸੈਕਸ ਬਾਰੇ ਜਾਣਕਾਰੀ ਦੇਣ ਵਾਲੇ ਲੇਖ ਪੜ੍ਹਨ ਲਈ ਦਿੰਦੇ ਹਨ। ਫਿਰ ਪੜ੍ਹ ਕੇ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਨੂੰ ਸਵਾਲ ਪੁੱਛਾਂ, ਪਰ ਮੈਂ ਚਾਹੁੰਦੀ ਹਾਂ ਕਿ ਉਹ ਆਪ ਮੇਰੇ ਕੋਲ ਆ ਕੇ ਇਸ ਬਾਰੇ ਗੱਲ ਕਰਨ।”—ਆਨਾ, ਬ੍ਰਾਜ਼ੀਲ।

ਤੁਹਾਡੇ ਖ਼ਿਆਲ ਵਿਚ ਆਪਣੇ ਬੱਚੇ ਨੂੰ ਸਿਰਫ਼ ਸੈਕਸ ਬਾਰੇ ਪੜ੍ਹਨ ਲਈ ਕਿਤਾਬਾਂ ਦੇਣੀਆਂ ਹੀ ਕਾਫ਼ੀ ਕਿਉਂ ਨਹੀਂ ਹਨ?

“ਮੈਂ ਸੈਕਸ ਬਾਰੇ ਕਈ ਗੰਦੀਆਂ ਗੱਲਾਂ ਜਾਣਦਾ ਹਾਂ ਜਿਨ੍ਹਾਂ ਦੇ ਬਾਰੇ ਮੇਰੇ ਡੈਡੀ ਨੂੰ ਬਿਲਕੁਲ ਨਹੀਂ ਪਤਾ। ਜੇ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਾਂ, ਤਾਂ ਉਹ ਹੱਕੇ-ਬੱਕੇ ਰਹਿ ਜਾਣਗੇ।”—ਕੇਨ, ਕੈਨੇਡਾ।

ਤੁਹਾਡਾ ਬੱਚਾ ਤੁਹਾਡੇ ਨਾਲ ਸੈਕਸ ਬਾਰੇ ਗੱਲ ਕਰਨ ਤੋਂ ਸ਼ਾਇਦ ਕਿਉਂ ਡਰਦਾ ਹੈ?

“ਜਦੋਂ ਮੈ ਹਿੰਮਤ ਕਰ ਕੇ ਆਪਣੇ ਮੰਮੀ-ਡੈਡੀ ਨੂੰ ਸੈਕਸ ਬਾਰੇ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਮੈਨੂੰ ਝਿੜਕਿਆ ਤੇ ਕਿਹਾ: ‘ਤੇਰੀ ਹਿੰਮਤ ਕਿਵੇਂ ਹੋਈ ਕਿ ਤੂੰ ਇੱਦਾਂ ਦੀ ਗੱਲ ਕਹੀ? ਕੀ ਤੂੰ ਕੁਝ ਗ਼ਲਤ ਤਾਂ ਨਹੀਂ ਕੀਤਾ?’”—ਮਸਾਮੀ, ਜਪਾਨ।

ਜਦ ਤੁਹਾਡਾ ਬੱਚਾ ਸੈਕਸ ਬਾਰੇ ਕੋਈ ਸਵਾਲ ਪੁੱਛਦਾ ਹੈ, ਤਾਂ ਤੁਹਾਡੇ ਜਵਾਬ ਦੇਣ ਦੇ ਢੰਗ ਤੋਂ ਪਤਾ ਲੱਗੇਗਾ ਕਿ ਉਹ ਤੁਹਾਡੇ ਨਾਲ ਇਸ ਬਾਰੇ ਦੁਬਾਰਾ ਗੱਲ ਕਰੇਗਾ ਜਾਂ ਨਹੀਂ?

“ਮੈਨੂੰ ਤਸੱਲੀ ਮਿਲੇਗੀ ਜੇ ਮੇਰੇ ਮੰਮੀ-ਡੈਡੀ ਮੈਨੂੰ ਇਹ ਭਰੋਸਾ ਦਿਵਾਉਣ ਕਿ ਜਦੋਂ ਉਹ ਵੀ ਮੇਰੀ ਉਮਰ ਦੇ ਸਨ, ਤਾਂ ਉਹ ਵੀ ਇੱਦਾਂ ਦੇ ਸਵਾਲ ਪੁੱਛਦੇ ਹੁੰਦੇ ਸਨ ਤੇ ਹੁਣ ਮੇਰੇ ਲਈ ਵੀ ਅਜਿਹੇ ਸਵਾਲ ਪੁੱਛਣੇ ਗ਼ਲਤ ਨਹੀਂ ਹਨ।”—ਲੀਜ਼ੇਟ, ਫਰਾਂਸ।

ਤੁਸੀਂ ਆਪਣੇ ਬੱਚੇ ਨੂੰ ਕਿਵੇਂ ਹੱਲਾਸ਼ੇਰੀ ਦੇ ਸਕਦੇ ਹੋ ਤਾਂਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਸੈਕਸ ਬਾਰੇ ਗੱਲ ਕਰੇ?

ਸੈਕਸ ਬਾਰੇ ਸਵਾਲ ਪੁੱਛਦੇ ਹੋਏ ਮੇਰੀ ਮੰਮੀ ਹਿਚਕਿਚਾਉਂਦੀ ਨਹੀਂ। ਮੇਰੇ ਖ਼ਿਆਲ ਵਿਚ ਇੱਦਾਂ ਕਰਨਾ ਜ਼ਰੂਰੀ ਹੈ ਤਾਂਕਿ ਬੱਚੇ ਨੂੰ ਇਹ ਨਾ ਲੱਗੇ ਕਿ ਉਸ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ।—ਜ਼ੈਰਲਡ, ਫਰਾਂਸ।

ਤੁਸੀਂ ਸੈਕਸ ਬਾਰੇ ਗੱਲ ਕਰਦੇ ਹੋਏ ਆਪਣੇ ਬੱਚੇ ਨਾਲ ਕਿਸ ਲਹਿਜੇ ਵਿਚ ਬੋਲਦੇ ਹੋ? ਕੀ ਤੁਹਾਨੂੰ ਆਪਣਾ ਗੱਲ ਕਰਨ ਦਾ ਢੰਗ ਬਦਲਣ ਦੀ ਲੋੜ ਹੈ?