Skip to content

Skip to table of contents

ਤੁਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹੋ

ਤੁਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹੋ

ਤੁਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹੋ

ਕੀ ਤੁਸੀਂ ਕਦੇ ਉਦਾਸ ਜਾਂ ਨਿਰਾਸ਼ ਹੁੰਦੇ ਹੋ? ਹਾਂ, ਅਸੀਂ ਸਾਰੇ ਕਿਸੇ-ਨਾ-ਕਿਸੇ ਸਮੇਂ ਤੇ ਨਿਰਾਸ਼ ਹੁੰਦੇ ਹਾਂ। ਸਾਡੇ ਸਮੇਂ ਵਿਚ ਲੋਕਾਂ ਨੂੰ ਪੈਸੇ ਦੀ ਤੰਗੀ, ਜੁਰਮ ਅਤੇ ਬੇਇਨਸਾਫ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਣਗਿਣਤ ਲੋਕ ਗਮ ਵਿਚ ਡੁੱਬ ਜਾਂਦੇ ਹਨ, ਖ਼ੁਦ ਨੂੰ ਕਸੂਰਵਾਰ ਮੰਨਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਕੰਮ ਦੇ ਲਾਇਕ ਨਹੀਂ ਸਮਝਦੇ।

ਅਜਿਹੀਆਂ ਭਾਵਨਾਵਾਂ ਸਾਡੇ ’ਤੇ ਬੁਰਾ ਅਸਰ ਪਾ ਸਕਦੀਆਂ ਹਨ। ਇਹ ਸਾਡੇ ਹੌਸਲੇ ਨੂੰ ਢਾਹ ਸਕਦੀਆਂ ਹਨ, ਸਾਡੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਖ਼ਤਮ ਕਰ ਸਕਦੀਆਂ ਹਨ ਅਤੇ ਸਾਡੀ ਖ਼ੁਸ਼ੀ ਨੂੰ ਖੋਹ ਸਕਦੀਆਂ ਹਨ। ਬਾਈਬਲ ਕਹਿੰਦੀ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਇਸ ਦੁਖੀ ਦੁਨੀਆਂ ਵਿਚ ਸਾਨੂੰ ਬਲ ਜਾਂ ਤਾਕਤ ਦੀ ਲੋੜ ਹੈ ਤਾਂਕਿ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ। ਸੋ ਜ਼ਰੂਰੀ ਹੈ ਕਿ ਅਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖੀਏ। *

ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖਣ ਬਾਰੇ ਬਾਈਬਲ ਬਹੁਤ ਵਧੀਆ ਸਲਾਹ ਦਿੰਦੀ ਹੈ। ਯਹੋਵਾਹ ਪਰਮੇਸ਼ੁਰ ਸਾਡਾ ਕਰਤਾਰ ਅਤੇ ਜੀਵਨਦਾਤਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਨਿਰਾਸ਼ ਹੋ ਕੇ ਹਿੰਮਤ ਹਾਰ ਬੈਠੀਏ। (ਜ਼ਬੂਰਾਂ ਦੀ ਪੋਥੀ 36:9) ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ ਕਿ ਬਾਈਬਲ ਇਸ ਵਿਚ ਸਾਡੀ ਮਦਦ ਕਿਵੇਂ ਕਰ ਸਕਦੀ ਹੈ।

ਰੱਬ ਤੁਹਾਨੂੰ ਪਿਆਰ ਕਰਦਾ ਹੈ

ਕਈ ਲੋਕ ਸੋਚਦੇ ਹਨ ਕਿ ਰੱਬ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ? ਦਰਅਸਲ ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਰੱਬ ਸਾਡੀ ਬਹੁਤ ਪਰਵਾਹ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂਰਾਂ ਦੀ ਪੋਥੀ 147:3) ਇਹ ਜਾਣ ਕੇ ਕਿੰਨੀ ਹਿੰਮਤ ਵਧਦੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਸਾਡੇ ਉਦੋਂ ਵੀ ਨੇੜੇ ਹੁੰਦਾ ਹੈ ਜਦੋਂ ਅਸੀਂ ਦੁਖੀ ਹੁੰਦੇ ਹਾਂ।

ਰੱਬ ਸਾਡੇ ਦੁੱਖਾਂ ਤੋਂ ਅਣਜਾਣ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੇ ਦੁੱਖ ਸਮਝਦਾ ਹੈ। ਮਿਸਾਲ ਲਈ, ਤਕਰੀਬਨ 3,500 ਸਾਲ ਪਹਿਲਾਂ ਜਦੋਂ ਇਸਰਾਏਲੀ ਮਿਸਰ ਵਿਚ ਗ਼ੁਲਾਮ ਸਨ, ਤਾਂ ਰੱਬ ਨੇ ਉਨ੍ਹਾਂ ਬਾਰੇ ਕਿਹਾ: ‘ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ।’—ਕੂਚ 3:7, 8.

ਰੱਬ ਸਾਡੇ ਸਾਰਿਆਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਆਖ਼ਰ “ਉਹ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੇ ਹਾਂ।” (ਜ਼ਬੂਰਾਂ ਦੀ ਪੋਥੀ 100:3) ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸਾਨੂੰ ਨਹੀਂ ਸਮਝਦਾ ਉਦੋਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਰੱਬ ਸਾਨੂੰ ਜ਼ਰੂਰ ਸਮਝਦਾ ਹੈ। ਬਾਈਬਲ ਕਹਿੰਦੀ ਹੈ: ‘ਯਹੋਵਾਹ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।’ (1 ਸਮੂਏਲ 16:7) ਯਹੋਵਾਹ ਸਾਡੇ ਦਿਲ ਦੀ ਹਰੇਕ ਸੋਚ ਨੂੰ ਬਿਹਤਰ ਤਰੀਕੇ ਨਾਲ ਜਾਣਦਾ ਹੈ।

ਇਹ ਸੱਚ ਹੈ ਕਿ ਯਹੋਵਾਹ ਸਾਡੀਆਂ ਗ਼ਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਜਾਣਦਾ ਹੈ। ਪਰ ਸਾਨੂੰ ਕਿੰਨੀ ਖ਼ੁਸ਼ੀ ਹੈ ਕਿ ਉਹ ਸਾਡੀਆਂ ਗ਼ਲਤੀਆਂ ਮਾਫ਼ ਕਰਦਾ ਹੈ। ਬਾਈਬਲ ਦੇ ਲਿਖਾਰੀ ਦਾਊਦ ਨੇ ਕਿਹਾ: “ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:13, 14) ਸ਼ਾਇਦ ਅਸੀਂ ਆਪਣੇ ਬਾਰੇ ਹਮੇਸ਼ਾ ਗ਼ਲਤ ਸੋਚੀਏ, ਪਰ ਰੱਬ ਇੱਦਾਂ ਨਹੀਂ ਸੋਚਦਾ। ਉਹ ਸਾਡੇ ਵਿਚ ਚੰਗੀਆਂ ਗੱਲਾਂ ਦੇਖਦਾ ਹੈ ਅਤੇ ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਤਾਂ ਉਹ ਸਾਡੀਆਂ ਗ਼ਲਤੀਆਂ ਨੂੰ ਭੁੱਲ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 139:1-3, 23, 24.

ਇਸ ਲਈ, ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਨਿਕੰਮੇ ਹਾਂ, ਤਾਂ ਸਾਨੂੰ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੱਬ ਸਾਨੂੰ ਪਿਆਰ ਕਰਦਾ ਹੈ।—1 ਯੂਹੰਨਾ 3:20.

ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰੋ

ਸਾਨੂੰ ਕੀ ਫ਼ਾਇਦਾ ਹੋਵੇਗਾ ਜੇ ਅਸੀਂ ਯਾਦ ਰੱਖੀਏ ਕਿ ਰੱਬ ਸਾਨੂੰ ਪਿਆਰ ਕਰਦਾ ਹੈ? ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣਾ ਸਾਡੇ ਲਈ ਆਸਾਨ ਹੋ ਜਾਵੇਗਾ ਅਤੇ ਅਸੀਂ ਯਹੋਵਾਹ ਨਾਲ ਦੋਸਤੀ ਕਰ ਸਕਾਂਗੇ। ਕੀ ਅਜਿਹੀ ਦੋਸਤੀ ਮੁਮਕਿਨ ਹੈ?

ਸਾਡਾ ਪਿਆਰਾ ਪਿਤਾ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਦੋਸਤੀ ਕਰੀਏ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਜ਼ਰਾ ਸੋਚੋ: ਭਾਵੇਂ ਅਸੀਂ ਪਾਪੀ ਇਨਸਾਨ ਹਾਂ, ਫਿਰ ਵੀ ਅਸੀਂ ਪੂਰੇ ਜਹਾਨ ਦੇ ਮਾਲਕ ਨਾਲ ਦੋਸਤੀ ਕਰ ਸਕਦੇ ਹਾਂ।

ਰੱਬ ਨੇ ਬਾਈਬਲ ਵਿਚ ਆਪਣੇ ਬਾਰੇ ਗਿਆਨ ਦਿੱਤਾ ਹੈ ਤਾਂਕਿ ਅਸੀਂ ਉਸ ਨੂੰ ਜਾਣ ਸਕੀਏ। ਬਾਈਬਲ ਨੂੰ ਬਾਕਾਇਦਾ ਪੜ੍ਹ ਕੇ ਅਸੀਂ ਰੱਬ ਦੇ ਗੁਣਾਂ ਬਾਰੇ ਜਾਣ ਸਕਦੇ ਹਾਂ। * ਉਸ ਦੇ ਗੁਣਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਉਸ ਦੇ ਨੇੜੇ ਆਵਾਂਗੇ। ਫਿਰ ਅਸੀਂ ਸਮਝ ਪਾਵਾਂਗੇ ਕਿ ਉਹ ਕਿੰਨਾ ਪਿਆਰ ਕਰਨ ਵਾਲਾ ਅਤੇ ਦਿਆਲੂ ਪਿਤਾ ਹੈ।

ਜਦੋਂ ਅਸੀਂ ਬਾਈਬਲ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਸ ਦਾ ਸਾਡੇ ’ਤੇ ਡੂੰਘਾ ਅਸਰ ਹੁੰਦਾ ਹੈ। ਜਦੋਂ ਅਸੀਂ ਆਪਣੇ ਪਿਤਾ ਯਹੋਵਾਹ ਦੀ ਸੋਚ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾਉਂਦੇ ਹਾਂ, ਤਾਂ ਅਸੀਂ ਉਸ ਦੇ ਹੋਰ ਵੀ ਨੇੜੇ ਹੁੰਦੇ ਹਾਂ। ਫਿਰ ਅਸੀਂ ਆਪਣੇ ਵਿਚ ਸੁਧਾਰ ਕਰਦੇ ਹਾਂ, ਸਾਨੂੰ ਤਸੱਲੀ ਮਿਲਦੀ ਹੈ ਅਤੇ ਅਸੀਂ ਉਸ ਦੀ ਸੇਧ ਮੁਤਾਬਕ ਚੱਲਦੇ ਹਾਂ। ਜਦੋਂ ਅਸੀਂ ਬੇਚੈਨ ਅਤੇ ਪਰੇਸ਼ਾਨ ਹੁੰਦੇ ਹਾਂ, ਤਾਂ ਖ਼ਾਸ ਕਰ ਉਦੋਂ ਸਾਨੂੰ ਅਜਿਹਾ ਕਰਨ ਦੀ ਲੋੜ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂਰਾਂ ਦੀ ਪੋਥੀ 94:19) ਬਾਈਬਲ ਤੋਂ ਸਾਨੂੰ ਬਹੁਤ ਦਿਲਾਸਾ ਮਿਲ ਸਕਦਾ ਹੈ। ਜੇ ਅਸੀਂ ਬਾਈਬਲ ਦੀ ਸਲਾਹ ਨੂੰ ਮੰਨਦੇ ਹਾਂ, ਤਾਂ ਸਾਡੀ ਉਦਾਸੀ ਹੌਲੀ-ਹੌਲੀ ਖ਼ੁਸ਼ੀ ਵਿਚ ਬਦਲ ਜਾਵੇਗੀ। ਨਾਲੇ ਸਾਨੂੰ ਮਨ ਦੀ ਸ਼ਾਂਤੀ ਪਰਮੇਸ਼ੁਰ ਤੋਂ ਮਿਲੇਗੀ। ਜਿੱਦਾਂ ਮਾਂ-ਬਾਪ ਇਕ ਰੋਂਦੇ ਬੱਚੇ ਨਾਲ ਲਾਡ-ਪਿਆਰ ਕਰਦੇ ਹਨ ਉਸੇ ਤਰ੍ਹਾਂ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ।

ਰੱਬ ਨਾਲ ਦੋਸਤੀ ਕਰਨ ਦਾ ਇਕ ਹੋਰ ਤਰੀਕਾ ਹੈ ਕਿ ਰੋਜ਼ ਉਸ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰੀਏ। ਬਾਈਬਲ ਯਕੀਨ ਦਿਲਾਉਂਦੀ ਹੈ ਕਿ “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਜੇ ਸਾਨੂੰ ਕੋਈ ਵੀ ਡਰ ਜਾਂ ਚਿੰਤਾ ਹੈ, ਤਾਂ ਅਸੀਂ ਰੱਬ ਤੋਂ ਪ੍ਰਾਰਥਨਾ ਦੇ ਜ਼ਰੀਏ ਮਦਦ ਮੰਗ ਸਕਦੇ ਹਾਂ। ਇਸ ਤਰ੍ਹਾਂ ਪ੍ਰਾਰਥਨਾ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਪੌਲੁਸ ਰਸੂਲ ਨੇ ਲਿਖਿਆ: ‘ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ਫ਼ਿਲਿੱਪੀਆਂ 4:6, 7.

ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਪੜ੍ਹੋਗੇ, ਉਸ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰੋਗੇ ਅਤੇ ਰੱਬ ਨੂੰ ਪ੍ਰਾਰਥਨਾ ਕਰੋਗੇ, ਉੱਦਾਂ-ਉੱਦਾਂ ਤੁਹਾਡੀ ਦੋਸਤੀ ਉਸ ਨਾਲ ਹੋਰ ਵੀ ਪੱਕੀ ਹੁੰਦੀ ਜਾਵੇਗੀ। ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਹੋਰ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

ਉਮੀਦ ਦੀ ਕਿਰਨ

ਜਦੋਂ ਅਸੀਂ ਔਖੀਆਂ ਘੜੀਆਂ ਵਿੱਚੋਂ ਦੀ ਲੰਘਦੇ ਹਾਂ, ਤਾਂ ਉਸ ਵੇਲੇ ਵੀ ਅਸੀਂ ਆਪਣਾ ਮਨ ਚੰਗੀਆਂ ਗੱਲਾਂ ’ਤੇ ਲਾ ਸਕਦੇ ਹਾਂ। ਉਹ ਕਿਵੇਂ? ਰੱਬ ਸਾਨੂੰ ਭਵਿੱਖ ਲਈ ਇਕ ਵਧੀਆ ਉਮੀਦ ਦਿੰਦਾ ਹੈ। ਪਤਰਸ ਰਸੂਲ ਨੇ ਇਸ ਉਮੀਦ ਬਾਰੇ ਲਿਖਦੇ ਹੋਏ ਕਿਹਾ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਇਸ ਦਾ ਮਤਲਬ ਕੀ ਹੈ?

“ਨਵੇਂ ਅਕਾਸ਼” ਕੀ ਹਨ? ਇਹ ਰੱਬ ਦੀ ਸਵਰਗੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। “ਨਵੀਂ ਧਰਤੀ” ਉਹ ਲੋਕ ਹਨ ਜੋ ਇਸ ਸਰਕਾਰ ਅਧੀਨ ਧਰਤੀ ਉੱਤੇ ਰਹਿਣਗੇ। ਇਨ੍ਹਾਂ ਲੋਕਾਂ ’ਤੇ ਰੱਬ ਦੀ ਮਿਹਰ ਹੋਵੇਗੀ ਅਤੇ ਕੋਈ ਵੀ ਗੱਲ ਉਨ੍ਹਾਂ ਨੂੰ ਨਿਰਾਸ਼ ਜਾਂ ਉਦਾਸ ਨਹੀਂ ਕਰੇਗੀ। ਇਨ੍ਹਾਂ ਧਰਮੀ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ ਕਿ ਰੱਬ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.

ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਇਹ ਸੋਹਣੇ ਅਤੇ ਹੌਸਲਾ ਦੇਣ ਵਾਲੇ ਸ਼ਬਦ ਹਨ। ਇਸੇ ਕਰਕੇ ਬਾਈਬਲ ਇਸ ਭਵਿੱਖ ਨੂੰ “ਮੁਬਾਰਕ ਉਮੀਦ” ਕਹਿੰਦੀ ਹੈ। (ਤੀਤੁਸ 2:13, CL) ਜੇ ਅਸੀਂ ਭਵਿੱਖ ਲਈ ਰੱਬ ਦੇ ਵਾਅਦਿਆਂ ਬਾਰੇ ਸੋਚੀਏ ਅਤੇ ਪਤਾ ਕਰੀਏ ਕਿ ਅਸੀਂ ਇਨ੍ਹਾਂ ਵਾਅਦਿਆਂ ’ਤੇ ਭਰੋਸਾ ਕਿਉਂ ਰੱਖ ਸਕਦੇ ਹਾਂ, ਤਾਂ ਅਸੀਂ ਨਿਰਾਸ਼ ਜਾਂ ਉਦਾਸ ਹੋਣ ਤੋਂ ਬਚ ਸਕਾਂਗੇ।—ਫ਼ਿਲਿੱਪੀਆਂ 4:8.

ਬਾਈਬਲ ਸਾਡੀ ਉਮੀਦ ਦੀ ਤੁਲਨਾ ਇਕ ਟੋਪ ਨਾਲ ਕਰਦੀ ਹੈ। (1 ਥੱਸਲੁਨੀਕੀਆਂ 5:8) ਪੁਰਾਣੇ ਜ਼ਮਾਨੇ ਵਿਚ ਇਕ ਫ਼ੌਜੀ ਲੜਾਈ ਵਿਚ ਬਿਨਾਂ ਆਪਣੀ ਟੋਪ ਦੇ ਕਦੇ ਨਹੀਂ ਜਾਂਦਾ ਸੀ। ਉਹ ਜਾਣਦਾ ਹੁੰਦਾ ਸੀ ਕਿ ਉਸ ਨਾਲ ਉਹ ਦੁਸ਼ਮਣ ਦੇ ਤੀਰਾਂ ਤੋਂ ਜ਼ਖ਼ਮੀ ਹੋਣ ਤੋਂ ਬਚ ਸਕਦਾ ਸੀ। ਜਿਵੇਂ ਟੋਪ ਸਿਰ ਨੂੰ ਬਚਾ ਕੇ ਰੱਖਦਾ ਹੈ ਉਸੇ ਤਰ੍ਹਾਂ ਉਮੀਦ ਮਨ ਦੀ ਰਾਖੀ ਕਰਦੀ ਹੈ। ਜੇ ਅਸੀਂ ਚੰਗੀਆਂ ਗੱਲਾਂ ਉੱਤੇ ਮਨ ਲਾਵਾਂਗੇ, ਤਾਂ ਅਸੀਂ ਨਿਰਾਸ਼ ਕਰਨ ਵਾਲੀਆਂ ਗੱਲਾਂ ਤੋਂ ਬਚਾਂਗੇ।

ਤੁਸੀਂ ਆਪਣੇ ਜਜ਼ਬਾਤਾਂ ਉੱਤੇ ਜ਼ਰੂਰ ਕਾਬੂ ਰੱਖ ਸਕਦੇ ਹੋ! ਇਸ ਬਾਰੇ ਸੋਚੋ ਕਿ ਰੱਬ ਤੁਹਾਨੂੰ ਪਿਆਰ ਕਰਦਾ ਹੈ, ਉਸ ਨਾਲ ਦੋਸਤੀ ਕਰੋ ਅਤੇ ਭਵਿੱਖ ਦੀ ਉਮੀਦ ਨੂੰ ਮਨ ਵਿਚ ਰੱਖੋ। ਫਿਰ ਤੁਸੀਂ ਵੀ ਉਹ ਦਿਨ ਦੇਖ ਪਾਓਗੇ ਜਦੋਂ ਨਿਰਾਸ਼ਾ ਹਮੇਸ਼ਾ ਲਈ ਖ਼ਤਮ ਕੀਤੀ ਜਾਵੇਗੀ।—ਜ਼ਬੂਰਾਂ ਦੀ ਪੋਥੀ 37:29. (w10-E 10/01)

[ਫੁਟਨੋਟ]

^ ਪੈਰਾ 3 ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਹੈ ਉਨ੍ਹਾਂ ਨੂੰ ਸ਼ਾਇਦ ਡਾਕਟਰ ਕੋਲ ਜਾਣ ਦੀ ਲੋੜ ਪਵੇ।—ਮੱਤੀ 9:12.

^ ਪੈਰਾ 14 ਪਹਿਰਾਬੁਰਜ, ਜਨਵਰੀ-ਮਾਰਚ 2010 ਵਿਚ ਸਾਡੇ ਫ਼ਾਇਦੇ ਲਈ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਦਿੱਤਾ ਗਿਆ ਹੈ।

[ਸਫ਼ਾ 9 ਉੱਤੇ ਸੁਰਖੀ]

“ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।”–ਕੂਚ 3:7, 8

[ਸਫ਼ਾ 10 ਉੱਤੇ ਸੁਰਖੀ]

“ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”–ਜ਼ਬੂਰਾਂ ਦੀ ਪੋਥੀ 94:19

[ਸਫ਼ਾ 11 ਉੱਤੇ ਸੁਰਖੀ]

“ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ . . . ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”–ਫ਼ਿਲਿੱਪੀਆਂ 4:7

[ਸਫ਼ਾ 11 ਉੱਤੇ ਡੱਬੀ/ਤਸਵੀਰ]

ਯਹੋਵਾਹ ਪਰਮੇਸ਼ੁਰ ਸਾਨੂੰ ਤਸੱਲੀ ਦਿੰਦਾ ਹੈ

“ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।”—ਕੂਚ 34:6.

“ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤਹਾਸ 16:9.

“ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”—ਜ਼ਬੂਰਾਂ ਦੀ ਪੋਥੀ 147:3.

“ਹੇ ਪ੍ਰਭੂ [ਯਹੋਵਾਹ] ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ।”—ਭਜਨ 86:5, CL.

“ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”—ਜ਼ਬੂਰਾਂ ਦੀ ਪੋਥੀ 145:9.

“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾਯਾਹ 41:13.

“ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।”—2 ਕੁਰਿੰਥੀਆਂ 1:3.

“ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।”—1 ਯੂਹੰਨਾ 3:19, 20.

[ਸਫ਼ਾ 12 ਉੱਤੇ ਡੱਬੀ/ਤਸਵੀਰਾਂ]

ਇਨ੍ਹਾਂ ਨੇ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਇਆ

“ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ ਹਨ ਕਿਉਂਕਿ ਮੇਰੇ ਪਿਤਾ ਬਹੁਤ ਸ਼ਰਾਬ ਪੀਂਦੇ ਸਨ। ਇਸ ਲਈ ਜਿੱਥੇ ਤਕ ਮੈਨੂੰ ਯਾਦ ਹੈ ਮੈਂ ਹਮੇਸ਼ਾ ਇਹੀ ਮਹਿਸੂਸ ਕੀਤਾ ਕਿ ਮੈਂ ਨਿਕੰਮੀ ਹਾਂ। ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਤਾਂ ਮੈਂ ਸਿੱਖਿਆ ਕਿ ਰੱਬ ਵਾਅਦਾ ਕਰਦਾ ਹੈ ਕਿ ਅਸੀਂ ਧਰਤੀ ਉੱਤੇ ਹਮੇਸ਼ਾ ਜੀ ਸਕਦੇ ਹਾਂ। ਇਸ ਆਸ ਨੇ ਮੈਨੂੰ ਦਿਲੀ ਖ਼ੁਸ਼ੀ ਦਿੱਤੀ। ਮੈਂ ਰੋਜ਼ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਹੁਣ ਵੀ ਮੈਂ ਬਾਈਬਲ ਆਪਣੇ ਕੋਲ ਹੀ ਰੱਖਦੀ ਹਾਂ। ਜਦੋਂ ਮੈ ਉਦਾਸ ਹੁੰਦੀ ਹਾਂ, ਤਾਂ ਮੈਂ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਆਇਤਾਂ ਨੂੰ ਪੜ੍ਹਦੀ ਹਾਂ। ਰੱਬ ਦੇ ਬੇਮਿਸਾਲ ਗੁਣਾਂ ਬਾਰੇ ਪੜ੍ਹ ਕੇ ਮੈਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਹੈ।”—ਕਾਟੀਆ, 33 ਸਾਲਾਂ ਦੀ ਤੀਵੀਂ। *

“ਮੈਂ ਜ਼ਿੰਦਗੀ ਵਿਚ ਹਰ ਤਰ੍ਹਾਂ ਦਾ ਨਸ਼ਾ ਕੀਤਾ। ਮੈਂ ਆਪਣਾ ਸਭ ਕੁਝ ਗੁਆ ਬੈਠਾ, ਮੈਂ ਭਿਖਾਰੀ ਬਣ ਗਿਆ। ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਮੈਂ ਰੱਬ ਦੇ ਗੁਣਾਂ ਨੂੰ ਜਾਣਨ ਲੱਗ ਪਿਆ। ਕਦੇ-ਕਦੇ ਮੈਂ ਅਜੇ ਵੀ ਖ਼ੁਦ ਨੂੰ ਕਸੂਰਵਾਰ ਸਮਝਦਾ ਹਾਂ ਅਤੇ ਆਪਣੇ ਆਪ ਨੂੰ ਕਿਸੇ ਕੰਮ ਦੇ ਲਾਇਕ ਨਹੀਂ ਸਮਝਦਾ। ਫਿਰ ਵੀ ਰੱਬ ਦੀ ਦਇਆ ਅਤੇ ਪਿਆਰ ਸਦਕਾ ਮੈਂ ਉਸ ’ਤੇ ਭਰੋਸਾ ਕਰਨਾ ਸਿੱਖਿਆ ਹੈ। ਮੈਨੂੰ ਪੱਕਾ ਯਕੀਨ ਹੈ ਕਿ ਰੱਬ ਮੈਨੂੰ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣ ਵਿਚ ਜ਼ਰੂਰ ਮਦਦ ਦਿੰਦਾ ਰਹੇਗਾ। ਬਾਈਬਲ ਦਾ ਗਿਆਨ ਲੈਣਾ ਮੇਰੇ ਲਈ ਸਭ ਤੋਂ ਵਧੀਆ ਗੱਲ ਸੀ।”—ਰੇਨਾਟੋ, 37 ਸਾਲਾਂ ਦਾ ਆਦਮੀ।

“ਬਚਪਨ ਤੋਂ ਹੀ ਮੈਂ ਆਪਣੀ ਤੁਲਨਾ ਵੱਡੇ ਭਰਾ ਨਾਲ ਕਰਦੀ ਆਈ ਹਾਂ। ਮੈਨੂੰ ਲੱਗਦਾ ਕਿ ਮੈਂ ਤਾਂ ਉਸ ਦੇ ਮੁਕਾਬਲੇ ਕੁਝ ਵੀ ਨਹੀਂ। ਮੈਨੂੰ ਅਜੇ ਵੀ ਆਪਣੀ ਕਾਬਲੀਅਤ ’ਤੇ ਸ਼ੱਕ ਹੁੰਦਾ ਹੈ। ਪਰ ਮੈਂ ਹਿੰਮਤ ਹਾਰਨ ਵਾਲੀ ਨਹੀਂ। ਮੈਂ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ ਅਤੇ ਉਸ ਨੇ ਮੇਰੀ ਬਹੁਤ ਮਦਦ ਕੀਤੀ। ਇਹ ਜਾਣ ਕੇ ਮੈਨੂੰ ਸਕੂਨ ਮਿਲਦਾ ਹੈ ਕਿ ਰੱਬ ਮੈਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਮੇਰੀ ਕਿੰਨੀ ਫ਼ਿਕਰ ਹੈ।—ਰੋਬਰਟਾ, 45 ਸਾਲਾਂ ਦੀ ਤੀਵੀਂ।

[ਫੁਟਨੋਟ]

^ ਪੈਰਾ 45 ਕੁਝ ਨਾਂ ਬਦਲੇ ਗਏ ਹਨ।