ਲੋਕਾਂ ਨਾਲ ਪਿਆਰ ਕਰੋ ਨਾ ਕਿ ਪੈਸੇ ਤੇ ਚੀਜ਼ਾਂ ਨਾਲ
ਰਾਜ਼ ਨੰਬਰ 1
ਲੋਕਾਂ ਨਾਲ ਪਿਆਰ ਕਰੋ ਨਾ ਕਿ ਪੈਸੇ ਤੇ ਚੀਜ਼ਾਂ ਨਾਲ
ਬਾਈਬਲ ਕੀ ਕਹਿੰਦੀ ਹੈ? “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।”—1 ਤਿਮੋਥਿਉਸ 6:10.
ਮੁਸ਼ਕਲ ਕੀ ਹੈ? ਕਈ ਮਸ਼ਹੂਰੀਆਂ ਨੂੰ ਦੇਖ ਕੇ ਸਾਨੂੰ ਲੱਗਣ ਲੱਗ ਪੈਂਦਾ ਹੈ ਕਿ ਸਾਡੇ ਕੋਲ ਜੋ ਚੀਜ਼ਾਂ ਹਨ, ਉਹ ਪੁਰਾਣੀਆਂ ਹਨ। ਇਹ ਮਸ਼ਹੂਰੀਆਂ ਸਾਨੂੰ ਜ਼ਿਆਦਾ-ਤੋਂ-ਜ਼ਿਆਦਾ ਪੈਸਾ ਕਮਾਉਣ ਲਈ ਉਕਸਾਉਂਦੀਆਂ ਹਨ ਤਾਂਕਿ ਅਸੀਂ ਨਵੀਆਂ-ਨਵੀਆਂ, ਵਧੀਆ-ਵਧੀਆ ਅਤੇ ਵੱਡੀਆਂ-ਵੱਡੀਆਂ ਚੀਜ਼ਾਂ ਖ਼ਰੀਦੀਏ। ਇਨਸਾਨ ਪੈਸੇ ਦੇ ਮੋਹ ਵਿਚ ਆਸਾਨੀ ਨਾਲ ਫਸ ਜਾਂਦਾ ਹੈ। ਪਰ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਪੈਸੇ ਨਾਲ ਪਿਆਰ ਕਰਨ ਵਾਲਾ ਇਨਸਾਨ ਕਦੇ ਰੱਜਦਾ ਹੀ ਨਹੀਂ। ਰਾਜਾ ਸੁਲੇਮਾਨ ਨੇ ਲਿਖਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪਦੇਸ਼ਕ ਦੀ ਪੋਥੀ 5:10.
ਤੁਸੀਂ ਕੀ ਕਰ ਸਕਦੇ ਹੋ? ਯਿਸੂ ਦੀ ਰੀਸ ਕਰਦੇ ਹੋਏ ਲੋਕਾਂ ਨਾਲ ਪਿਆਰ ਕਰੋ ਨਾ ਕਿ ਚੀਜ਼ਾਂ ਨਾਲ। ਯਿਸੂ ਲੋਕਾਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਸੀ। (ਯੂਹੰਨਾ 15:13) ਉਸ ਨੇ ਕਿਹਾ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਜੇ ਅਸੀਂ ਆਪਣਾ ਸਮਾਂ ਅਤੇ ਚੀਜ਼ਾਂ ਦੂਜਿਆਂ ਨੂੰ ਦੇਵਾਂਗੇ, ਤਾਂ ਉਹ ਵੀ ਸਾਡੇ ਨਾਲ ਪਿਆਰ ਕਰਨਗੇ। ਯਿਸੂ ਨੇ ਕਿਹਾ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ।” (ਲੂਕਾ 6:38) ਜਿਹੜੇ ਲੋਕ ਮਾਇਆ ਦੇ ਫੰਦੇ ਵਿਚ ਫੱਸ ਜਾਂਦੇ ਹਨ ਉਨ੍ਹਾਂ ਨੂੰ ਦੁੱਖ ਹੀ ਮਿਲਦਾ ਹੈ। (1 ਤਿਮੋਥਿਉਸ 6:9, 10) ਦੂਜੇ ਪਾਸੇ ਸੱਚੀ ਖ਼ੁਸ਼ੀ ਲੋਕਾਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦਾ ਪਿਆਰ ਪਾਉਣ ਤੋਂ ਮਿਲਦੀ ਹੈ।
ਕਿਉਂ ਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਦੀ ਕੋਸ਼ਿਸ਼ ਕਰੋ? ਕੀ ਤੁਸੀਂ ਜ਼ਿਆਦਾ ਚੀਜ਼ਾਂ ਨਾਲ ਗੁਜ਼ਾਰਾ ਕਰਨ ਦੀ ਬਜਾਇ ਘੱਟ ਚੀਜ਼ਾਂ ਨਾਲ ਗੁਜ਼ਾਰਾ ਕਰ ਸਕਦੇ ਹੋ? ਜੇ ਹਾਂ, ਤਾਂ ਤੁਸੀਂ ਦੂਸਰਿਆਂ ਦੀ ਮਦਦ ਕਰ ਸਕੋਗੇ ਅਤੇ ਤੁਹਾਡੇ ਕੋਲ ਉਸ ਰੱਬ ਦੀ ਸੇਵਾ ਕਰਨ ਲਈ ਜ਼ਿਆਦਾ ਸਮਾਂ ਅਤੇ ਤਾਕਤ ਹੋਵੇਗੀ ਜਿਸ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ।—ਮੱਤੀ 6:24; ਰਸੂਲਾਂ ਦੇ ਕਰਤੱਬ 17:28. (w10-E 11/01)
[ਸਫ਼ਾ 4 ਉੱਤੇ ਤਸਵੀਰ]
“ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ”