Skip to content

Skip to table of contents

ਪਰਮੇਸ਼ੁਰ ਨੂੰ ਜਾਣੋ

“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”

“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”

ਆਪਣੇ ਕਿਸੇ ਅਜ਼ੀਜ਼ ਨੂੰ ਦੁੱਖ ਝੱਲਦੇ ਹੋਏ ਅਤੇ ਫਿਰ ਮਰਦੇ ਹੋਏ ਦੇਖਣਾ ਕਿੰਨੀ ਹੀ ਦੁੱਖ ਦੀ ਗੱਲ ਹੈ। ਅਜਿਹਾ ਸਦਮਾ ਸਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਸਾਡਾ ਦੁੱਖ ਸਮਝਦਾ ਹੈ। ਇੰਨਾ ਹੀ ਨਹੀਂ, ਸਗੋਂ ਉਹ ਸਰਬਸ਼ਕਤੀਮਾਨ ਹੋਣ ਕਰਕੇ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ। ਜ਼ਰਾ ਅੱਯੂਬ 14:13-15 ਵਿਚ ਦਿੱਤੀ ਗਈ ਉਮੀਦ ਉੱਤੇ ਗੌਰ ਕਰੋ।

ਅੱਯੂਬ ਰੱਬ ਦਾ ਭਗਤ ਸੀ, ਫਿਰ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਉਸ ਦੀ ਧਨ-ਦੌਲਤ ਲੁੱਟੀ ਗਈ, ਉਸ ਦੇ ਪਿਆਰੇ ਬੱਚਿਆਂ ਦੀ ਮੌਤ ਹੋ ਗਈ ਅਤੇ ਉਸ ਨੂੰ ਭੈੜੀ ਬੀਮਾਰੀ ਲੱਗ ਗਈ। ਦੁੱਖਾਂ ਦੇ ਮਾਰੇ ਉਸ ਨੇ ਰੱਬ ਨੂੰ ਪੁਕਾਰਿਆ: “ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿਚ ਛੁਪਾ ਦੇਵੇਂ।” (ਆਇਤ 13, ERV) ਅੱਯੂਬ ਨੂੰ ਲੱਗਦਾ ਸੀ ਕਿ ਉਸ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਦਾ ਅੰਤ ਮੌਤ ਹੈ। ਉਹ ਚਾਹੁੰਦਾ ਸੀ ਕਿ ਰੱਬ ਉਸ ਨੂੰ ਕਬਰ ਵਿਚ ਇਕ ਖ਼ਜ਼ਾਨੇ ਵਾਂਗ ਸੰਭਾਲ ਕੇ ਰੱਖੇ। *

ਕੀ ਅੱਯੂਬ ਨੇ ਹਮੇਸ਼ਾ ਲਈ ਕਬਰ ਵਿਚ ਰਹਿਣਾ ਸੀ? ਅੱਯੂਬ ਨੂੰ ਭਰੋਸਾ ਸੀ ਕਿ ਇੱਦਾਂ ਨਹੀਂ ਹੋਵੇਗਾ। ਉਸ ਨੇ ਆਪਣੀ ਪ੍ਰਾਰਥਨਾ ਵਿਚ ਅੱਗੇ ਕਿਹਾ: “ਕਾਸ਼ ਕਿ ਤੂੰ . . . ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ।” ਅੱਯੂਬ ਨੂੰ ਪੱਕੀ ਉਮੀਦ ਸੀ ਕਿ ਉਹ ਕਬਰ ਵਿਚ ਥੋੜ੍ਹੀ ਦੇਰ ਲਈ ਰਹੇਗਾ ਅਤੇ ਯਹੋਵਾਹ ਉਸ ਨੂੰ ਭੁੱਲੇਗਾ ਨਹੀਂ। ਪਰ ਅੱਯੂਬ ਨੇ ਕਿੰਨੀ ਦੇਰ ਤਕ ਇੰਤਜ਼ਾਰ ਕਰਨਾ ਸੀ? ਉਹ ਕਹਿੰਦਾ ਹੈ: “ਜਿੰਨਾ ਚਿਰ ਕਿ ਮੈਂ ਆਜ਼ਾਦ ਨਾ ਕੀਤਾ ਜਾ ਸਕਾਂ।” (ਆਇਤ 14, ERV) ਇਸ ਦਾ ਮਤਲਬ ਹੈ ਕਿ ਉਸ ਨੂੰ ਜ਼ਰੂਰ ਮੁੜ ਜ਼ਿੰਦਾ ਕੀਤਾ ਜਾਵੇਗਾ!

ਅੱਯੂਬ ਨੂੰ ਪੱਕਾ ਯਕੀਨ ਕਿਉਂ ਸੀ ਕਿ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ? ਕਿਉਂਕਿ ਉਹ ਜਾਣਦਾ ਸੀ ਕਿ ਰੱਬ ਆਪਣੇ ਵਫ਼ਾਦਾਰ ਭਗਤਾਂ ਨੂੰ ਕਿੰਨਾ ਪਿਆਰ ਕਰਦਾ ਹੈ। ਉਹ ਕਹਿੰਦਾ ਹੈ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਆਇਤ 15) ਅੱਯੂਬ ਜਾਣਦਾ ਸੀ ਕਿ ਉਹ ਰੱਬ ਦੇ ਹੱਥਾਂ ਦੀ ਕਾਰੀਗਰੀ ਹੈ। ਰੱਬ ਜ਼ਿੰਦਗੀ ਦੇਣ ਵਾਲਾ ਹੈ। ਜੇ ਰੱਬ ਅੱਯੂਬ ਨੂੰ ਉਸ ਦੀ ਮਾਂ ਦੀ ਕੁੱਖ ਵਿਚ ਬਣਾ ਸਕਦਾ ਸੀ, ਤਾਂ ਫਿਰ ਉਸ ਨੂੰ ਦੁਬਾਰਾ ਜ਼ਿੰਦਾ ਵੀ ਕਰ ਸਕਦਾ ਸੀ।—ਅੱਯੂਬ 10:8, 9; 31:15.

ਅੱਯੂਬ ਦੇ ਲਫ਼ਜ਼ ਸਾਨੂੰ ਯਹੋਵਾਹ ਬਾਰੇ ਇਕ ਬਹੁਤ ਵਧੀਆ ਸਬਕ ਸਿਖਾਉਂਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ ਜਿਹੜੇ ਅੱਯੂਬ ਵਾਂਗ ਆਪਣੇ ਆਪ ਨੂੰ ਰੱਬ ਦੇ ਹੱਥਾਂ ਵਿਚ ਸੌਂਪ ਦਿੰਦੇ ਹਨ ਅਤੇ ਉਸ ਦੀ ਮਰਜ਼ੀ ਮੁਤਾਬਕ ਚੱਲਦੇ ਹਨ। ਅਜਿਹੇ ਲੋਕਾਂ ਨੂੰ ਦੇਖ ਕੇ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। (ਯਸਾਯਾਹ 64:8) ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਬਹੁਤ ਕਦਰ ਕਰਦਾ ਹੈ। ਉਹ ਉਨ੍ਹਾਂ ਵਫ਼ਾਦਾਰ ਭਗਤਾਂ ਨੂੰ ‘ਚਾਹੁੰਦਾ’ ਹੈ ਜਿਹੜੇ ਮੌਤ ਦੀ ਨੀਂਦ ਸੌਂ ਗਏ ਹਨ। ਇਕ ਵਿਦਵਾਨ ਕਹਿੰਦਾ ਹੈ ਕਿ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਚਾਹਵੇਂਗਾ” ਕੀਤਾ ਗਿਆ ਹੈ “ਉਸ ਸ਼ਬਦ ਨਾਲੋਂ ਚਾਹਤ ਜਾਂ ਤਾਂਘ ਵਰਗੀ ਜ਼ੋਰਦਾਰ ਇੱਛਾ ਨੂੰ ਦਰਸਾਉਣ ਲਈ, ਹੋਰ ਕੋਈ ਵਧੀਆ ਸ਼ਬਦ ਨਹੀਂ ਹੈ।” ਜੀ ਹਾਂ, ਯਹੋਵਾਹ ਨਾ ਸਿਰਫ਼ ਆਪਣੇ ਭਗਤਾਂ ਨੂੰ ਚੇਤੇ ਰੱਖਦਾ ਹੈ, ਸਗੋਂ ਉਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਵੀ ਦੇਣੀ ਚਾਹੁੰਦਾ ਹੈ।

ਅੱਯੂਬ ਦੀ ਕਿਤਾਬ ਬਾਈਬਲ ਦੀਆਂ ਪਹਿਲੀਆਂ ਲਿਖੀਆਂ ਕਿਤਾਬਾਂ ਵਿੱਚੋਂ ਇਕ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਇਸ ਵਿਚ ਆਪਣੇ ਮਕਸਦ ਬਾਰੇ ਦੱਸਿਆ ਹੈ ਕਿ ਉਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ। * ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਮਿਲੋ। ਇਹ ਜਾਣ ਕੇ ਸਾਨੂੰ ਮੌਤ ਦੇ ਗਮ ਨੂੰ ਸਹਿਣ ਦੀ ਹਿੰਮਤ ਮਿਲਦੀ ਹੈ। ਕਿਉਂ ਨਾ ਅਸੀਂ ਅਜਿਹੇ ਪਿਆਰੇ ਪਰਮੇਸ਼ੁਰ ਬਾਰੇ ਹੋਰ ਸਿੱਖੀਏ ਤੇ ਆਪਣੇ ਆਪ ਨੂੰ ਉਸ ਦੇ ਹੱਥਾਂ ਵਿਚ ਸੌਂਪ ਦੇਈਏ ਤਾਂਕਿ ਅਸੀਂ ਉਸ ਦੇ ਮਕਸਦ ਨੂੰ ਪੂਰਾ ਹੁੰਦਾ ਦੇਖ ਸਕੀਏ? (w11-E 03/01)

^ ਪੈਰਾ 4 ਇਕ ਕਿਤਾਬ ਕਹਿੰਦੀ ਹੈ ਕਿ ਅੱਯੂਬ ਦੇ ਲਫ਼ਜ਼ “ਛੁਪਾ ਦੇਵੇਂ” ਦਾ ਮਤਲਬ ਹੋ ਸਕਦਾ ਹੈ ਕਿ “[ਮੈਨੂੰ] ਕਿਸੇ ਕੀਮਤੀ ਚੀਜ਼ ਵਾਂਗ ਸੰਭਾਲ ਕੇ ਰੱਖਿਆ ਜਾਵੇ।” ਇਕ ਹੋਰ ਕਿਤਾਬ ਮੁਤਾਬਕ ਇਸ ਦਾ ਮਤਲਬ ਹੈ “ਮੈਨੂੰ ਖ਼ਜ਼ਾਨੇ ਵਾਂਗ ਲੁਕੋ ਕੇ ਰੱਖਿਆ ਜਾਵੇ।”

^ ਪੈਰਾ 8 ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮੁਰਦਿਆਂ ਨੂੰ ਜ਼ਿੰਦਾ ਕਰਨ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸੱਤਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।