ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਯਿਸੂ ਮਸੀਹ ਕੌਣ ਹੈ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਯਿਸੂ ਮਸੀਹ ਕੌਣ ਹੈ?
ਯਿਸੂ ਹੀ ਇੱਕੋ-ਇਕ ਇਨਸਾਨ ਸੀ ਜੋ ਧਰਤੀ ਉੱਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਰਹਿੰਦਾ ਸੀ। (ਯੂਹੰਨਾ 8:23) ਉਸ ਨੂੰ ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਬਣਾਇਆ ਸੀ ਅਤੇ ਯਿਸੂ ਨੇ ਬਾਕੀ ਚੀਜ਼ਾਂ ਬਣਾਉਣ ਵਿਚ ਪਰਮੇਸ਼ੁਰ ਦੀ ਮਦਦ ਕੀਤੀ ਸੀ। ਯਹੋਵਾਹ ਨੇ ਸਾਰੀ ਸ੍ਰਿਸ਼ਟੀ ਵਿੱਚੋਂ ਸਿਰਫ਼ ਯਿਸੂ ਨੂੰ ਹੀ ਆਪਣੇ ਹੱਥੀਂ ਬਣਾਇਆ ਸੀ, ਇਸ ਲਈ ਉਸ ਨੂੰ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਕਿਹਾ ਜਾਂਦਾ ਹੈ। ਯਿਸੂ ਨੇ ਯਹੋਵਾਹ ਦੇ ਪੈਗਾਮ ਸੁਣਾਏ ਅਤੇ ਇਸੇ ਕਰਕੇ ਉਸ ਨੂੰ “ਸ਼ਬਦ” ਕਿਹਾ ਜਾਂਦਾ ਹੈ।—ਯੂਹੰਨਾ 1:1-3, 14; ਕੁਲੁੱਸੀਆਂ 1:15, 16 ਪੜ੍ਹੋ।
2. ਯਿਸੂ ਧਰਤੀ ਉੱਤੇ ਕਿਉਂ ਆਇਆ ਸੀ?
ਪਰਮੇਸ਼ੁਰ ਨੇ ਯਿਸੂ ਦੀ ਜਾਨ ਸਵਰਗ ਤੋਂ ਮਰਿਯਮ ਨਾਂ ਦੀ ਇਕ ਕੁਆਰੀ ਯਹੂਦੀ ਔਰਤ ਦੀ ਕੁੱਖ ਵਿਚ ਪਾਈ। ਸੋ ਯਿਸੂ ਦਾ ਕੋਈ ਇਨਸਾਨੀ ਪਿਤਾ ਨਹੀਂ ਸੀ। (ਲੂਕਾ 1:30-35) ਯਿਸੂ ਧਰਤੀ ’ਤੇ ਇਸ ਲਈ ਆਇਆ ਤਾਂਕਿ ਉਹ (1) ਲੋਕਾਂ ਨੂੰ ਰੱਬ ਬਾਰੇ ਸੱਚਾਈ ਸਿਖਾ ਸਕੇ, (2) ਰੱਬ ਦੀ ਇੱਛਾ ਪੂਰੀ ਕਰਨ ਵਿਚ ਮਿਸਾਲ ਕਾਇਮ ਕਰ ਸਕੇ ਅਤੇ (3) “ਆਪਣੀ ਜਾਨ ਕੁਰਬਾਨ” ਕਰ ਸਕੇ।—ਮੱਤੀ 20:28; ਯੂਹੰਨਾ 18:37 ਪੜ੍ਹੋ।
3. ਸਾਨੂੰ ਯਿਸੂ ਦੀ ਕੁਰਬਾਨੀ ਦੀ ਕਿਉਂ ਲੋੜ ਹੈ?
ਇਨਸਾਨਾਂ ਨੂੰ ਰਿਹਾ ਕਰਾਉਣ ਲਈ ਯਿਸੂ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ। ਪਰਮੇਸ਼ੁਰ ਕਦੇ ਨਹੀਂ ਸੀ ਚਾਹੁੰਦਾ ਕਿ ਇਨਸਾਨ ਬੁੱਢੇ ਹੋ ਕੇ ਮਰ ਜਾਣ। ਸਾਨੂੰ ਇਹ ਕਿਵੇਂ ਪਤਾ ਹੈ? ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਨੂੰ ਦੱਸਿਆ ਕਿ ਜੇ ਉਹ ਪਾਪ ਕਰੇਗਾ, ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ। ਜੇ ਆਦਮ ਪਾਪ ਨਾ ਕਰਦਾ, ਤਾਂ ਉਹ ਕਦੇ ਨਹੀਂ ਮਰਦਾ। ਭਾਵੇਂ ਆਦਮ ਕੁਝ ਸਦੀਆਂ ਬਾਅਦ ਮਰਿਆ, ਪਰ ਜਿਸ ਦਿਨ ਉਸ ਨੇ ਪਾਪ ਕੀਤਾ ਉਸ ਦਿਨ ਤੋਂ ਉਸ ਦੇ ਕਦਮ ਮੌਤ ਵੱਲ ਵੱਧਣੇ ਸ਼ੁਰੂ ਹੋ ਗਏ। (ਉਤਪਤ 2:16, 17; 5:5) ਆਦਮ ਨੇ ਵਿਰਸੇ ਵਿਚ ਪਾਪ ਅਤੇ ਮੌਤ ਆਪਣੇ ਬੱਚਿਆਂ ਨੂੰ ਦਿੱਤੀ। ਇਸ ਤਰ੍ਹਾਂ ਮੌਤ ਆਦਮ ਦੇ ਜ਼ਰੀਏ ਸਾਰੇ ਇਨਸਾਨਾਂ ਵਿਚ “ਫੈਲਰ” ਗਈ। ਇਸ ਲਈ ਸਾਨੂੰ ਯਿਸੂ ਦੀ ਕੁਰਬਾਨੀ ਦੀ ਲੋੜ ਹੈ।—ਰੋਮੀਆਂ 5:12; 6:23 ਪੜ੍ਹੋ।
4. ਯਿਸੂ ਕਿਉਂ ਮਰਿਆ?
ਸਾਨੂੰ ਮੌਤ ਤੋਂ ਬਚਾਉਣ ਲਈ ਕੌਣ ਕੁਰਬਾਨੀ ਦੇ ਸਕਦਾ ਸੀ? ਜਦੋਂ ਅਸੀਂ ਮਰਦੇ ਹਾਂ, ਤਾਂ ਅਸੀਂ ਸਿਰਫ਼ ਆਪਣੇ ਪਾਪਾਂ ਦੀ ਸਜ਼ਾ ਭੁਗਤਦੇ ਹਾਂ। ਕੋਈ ਵੀ ਨਾਮੁਕੰਮਲ ਇਨਸਾਨ ਕਿਸੇ ਦੇ ਪਾਪਾਂ ਦੀ ਸਜ਼ਾ ਨਹੀਂ ਭੁਗਤ ਸਕਦਾ।—ਜ਼ਬੂਰਾਂ ਦੀ ਪੋਥੀ 49:7-9 ਪੜ੍ਹੋ।
ਯਿਸੂ ਵਿਚ ਕੋਈ ਪਾਪ ਨਹੀਂ ਸੀ ਕਿਉਂਕਿ ਉਸ ਦਾ ਕੋਈ ਇਨਸਾਨੀ ਪਿਤਾ ਨਹੀਂ ਸੀ। ਉਹ ਆਪਣੇ ਪਾਪਾਂ ਕਰਕੇ ਨਹੀਂ, ਸਗੋਂ ਦੂਜਿਆਂ ਦੇ ਪਾਪਾਂ ਦੀ ਖ਼ਾਤਰ ਮਰਿਆ ਸੀ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਭੇਜਿਆ ਜਿਸ ਤੋਂ ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਮਿਲਦਾ ਹੈ। ਯਿਸੂ ਨੇ ਆਪਣੇ ਪਿਤਾ ਦਾ ਕਹਿਣਾ ਮੰਨ ਕੇ ਅਤੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਦੇ ਕੇ ਸਾਡੇ ਲਈ ਆਪਣਾ ਪਿਆਰ ਦਿਖਾਇਆ।—ਯੂਹੰਨਾ 3:16; ਰੋਮੀਆਂ 5:18, 19 ਪੜ੍ਹੋ।
5. ਯਿਸੂ ਹੁਣ ਕੀ ਕਰ ਰਿਹਾ ਹੈ?
ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ, ਮੁਰਦਿਆਂ ਨੂੰ ਜੀਉਂਦਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿਚ ਮਦਦ ਕੀਤੀ। ਇੱਥੋਂ ਯਿਸੂ ਨੇ ਇਹ ਦਿਖਾਇਆ ਕਿ ਉਹ ਇਨਸਾਨਾਂ ਲਈ ਕੀ-ਕੀ ਕਰ ਸਕਦਾ ਹੈ। (ਲੂਕਾ 18:35-42; ਯੂਹੰਨਾ 5:28, 29) ਯਿਸੂ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਮੁੜ ਜੀਉਂਦਾ ਕੀਤਾ ਅਤੇ ਉਹ ਸਵਰਗ ਨੂੰ ਵਾਪਸ ਗਿਆ। (1 ਪਤਰਸ 3:18) ਯਿਸੂ ਨੇ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਕੇ ਤਦ ਤਕ ਇੰਤਜ਼ਾਰ ਕੀਤਾ ਜਦ ਤਕ ਯਹੋਵਾਹ ਨੇ ਉਸ ਨੂੰ ਧਰਤੀ ਦਾ ਰਾਜਾ ਨਹੀਂ ਬਣਾ ਦਿੱਤਾ। (ਇਬਰਾਨੀਆਂ 10:12, 13) ਹੁਣ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਉਸ ਦੇ ਚੇਲੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਰਹੇ ਹਨ।—ਦਾਨੀਏਲ 7:13, 14; ਮੱਤੀ 24:14 ਪੜ੍ਹੋ।
ਬਹੁਤ ਜਲਦ ਯਿਸੂ ਰਾਜੇ ਵਜੋਂ ਆਪਣੀ ਤਾਕਤ ਨਾਲ ਬੁਰਾਈ ਅਤੇ ਬੁਰੇ ਲੋਕਾਂ ਨੂੰ ਖ਼ਤਮ ਕਰੇਗਾ। ਲੱਖਾਂ ਹੀ ਲੋਕ ਜੋ ਯਿਸੂ ਉੱਤੇ ਨਿਹਚਾ ਕਰਦੇ ਹਨ ਅਤੇ ਉਸ ਦਾ ਕਹਿਣਾ ਮੰਨਦੇ ਹਨ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਜੀਣਗੇ।—ਜ਼ਬੂਰਾਂ ਦੀ ਪੋਥੀ 37:9-11 ਪੜ੍ਹੋ। (w11-E 03/01)