ਆਪਣੇ ਬੱਚਿਆਂ ਨੂੰ ਸਿਖਾਓ
ਕੀ ਤੁਸੀਂ ਕਦੇ ਓਪਰਾ ਮਹਿਸੂਸ ਕੀਤਾ ਹੈ?
ਹੋ ਸਕਦਾ ਹੈ ਕਿ ਕੋਈ ਓਪਰਾ ਇਸ ਲਈ ਮਹਿਸੂਸ ਕਰੇ ਕਿਉਂਕਿ ਦੂਸਰੇ ਜਣੇ ਉਸ ਨੂੰ ਪਸੰਦ ਨਹੀਂ ਕਰਦੇ। ਸ਼ਾਇਦ ਉਸ ਦਾ ਰੰਗ ਜਾਂ ਕੌਮ ਅਲੱਗ ਹੋਵੇ ਜਾਂ ਉਹ ਅਲੱਗ ਤਰੀਕੇ ਨਾਲ ਬੋਲਦਾ ਜਾਂ ਕੰਮ ਕਰਦਾ ਹੋਵੇ। ਕੀ ਤੁਸੀਂ ਕਦੇ ਆਪਣੇ ਆਪ ਨੂੰ ਓਪਰੇ ਮਹਿਸੂਸ ਕੀਤਾ ਹੈ?— a
ਆਓ ਇਕ ਆਦਮੀ ਬਾਰੇ ਪੜ੍ਹੀਏ ਜਿਸ ਨੇ ਇਸ ਤਰ੍ਹਾਂ ਮਹਿਸੂਸ ਕੀਤਾ। ਉਸ ਦਾ ਨਾਂ ਮਫ਼ੀਬੋਸ਼ਥ ਸੀ। ਆਓ ਆਪਾਂ ਸਿੱਖੀਏ ਕਿ ਉਹ ਕੌਣ ਸੀ ਤੇ ਉਸ ਨੇ ਆਪਣੇ ਆਪ ਨੂੰ ਓਪਰਾ ਕਿਉਂ ਮਹਿਸੂਸ ਕੀਤਾ। ਜੇ ਤੁਸੀਂ ਕਦੇ ਓਪਰਾ ਮਹਿਸੂਸ ਕੀਤਾ ਹੈ, ਤਾਂ ਤੁਸੀਂ ਮਫ਼ੀਬੋਸ਼ਥ ਤੋਂ ਕਾਫ਼ੀ ਕੁਝ ਸਿੱਖ ਸਕਦੇ ਹੋ।
ਮਫ਼ੀਬੋਸ਼ਥ ਦਾਊਦ ਦੇ ਪਿਆਰੇ ਦੋਸਤ ਯੋਨਾਥਾਨ ਦਾ ਮੁੰਡਾ ਸੀ। ਯੁੱਧ ਵਿਚ ਮਰਨ ਤੋਂ ਪਹਿਲਾਂ ਯੋਨਾਥਾਨ ਨੇ ਦਾਊਦ ਨੂੰ ਕਿਹਾ ਸੀ: ‘ਮੇਰੇ ਬੱਚਿਆਂ ਦਾ ਖ਼ਿਆਲ ਰੱਖੀਂ।’ ਦਾਊਦ ਦੇ ਰਾਜਾ ਬਣਨ ਤੋਂ ਕਈ ਸਾਲ ਬਾਅਦ ਉਸ ਨੂੰ ਯੋਨਾਥਾਨ ਦੇ ਕਹੇ ਸ਼ਬਦ ਯਾਦ ਆਏ ਤੇ ਮਫ਼ੀਬੋਸ਼ਥ ਅਜੇ ਜੀਉਂਦਾ ਸੀ। ਜਦੋਂ ਉਹ ਛੋਟਾ ਸੀ, ਤਾਂ ਉਸ ਦੇ ਸੱਟ ਲੱਗ ਗਈ ਸੀ ਜਿਸ ਕਰਕੇ ਉਹ ਲੰਗੜਾ ਹੋ ਗਿਆ। ਕੀ ਤੁਸੀਂ ਦੇਖ ਸਕਦੇ ਹੋ ਕਿ ਉਹ ਸ਼ਾਇਦ ਕਿਉਂ ਓਪਰਾ ਮਹਿਸੂਸ ਕਰਦਾ ਸੀ?—
ਦਾਊਦ ਯੋਨਾਥਾਨ ਦੇ ਮੁੰਡੇ ਨਾਲ ਭਲਿਆਈ ਕਰਨਾ ਚਾਹੁੰਦਾ ਸੀ। ਇਸ ਲਈ ਦਾਊਦ ਨੇ ਯਰੂਸ਼ਲਮ ਵਿਚ ਆਪਣੇ ਘਰ ਦੇ ਨੇੜੇ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਤੇ ਉਹ ਰਾਜੇ ਦੇ ਘਰੋਂ ਰੋਟੀ ਖਾਂਦਾ ਸੀ। ਸੀਬਾ ਨਾਂ ਦੇ ਆਦਮੀ ਨੂੰ ਤੇ ਨਾਲ ਹੀ ਉਸ ਦੇ ਪੁੱਤਰਾਂ ਤੇ ਨੌਕਰਾਂ ਨੂੰ ਮਫ਼ੀਬੋਸ਼ਥ ਦੇ ਨੌਕਰ ਹੋਣ ਲਈ ਦੇ ਦਿੱਤਾ। ਦਾਊਦ ਨੇ ਸੱਚ-ਮੁੱਚ ਯੋਨਾਥਾਨ ਦੇ ਪੁੱਤਰ ਦਾ ਆਦਰ ਕੀਤਾ। ਤੁਹਾਨੂੰ ਪਤਾ ਫਿਰ ਕੀ ਹੋਇਆ?—
ਦਾਊਦ ਦੇ ਆਪਣੇ ਘਰ ਉੱਤੇ ਮੁਸੀਬਤਾਂ ਆਈਆਂ। ਦਾਊਦ ਦਾ ਮੁੰਡਾ ਅਬਸ਼ਾਲੋਮ ਦਾਊਦ ਦੇ ਵਿਰੁੱਧ ਹੋ ਗਿਆ ਤੇ ਉਹ ਆਪ ਰਾਜਾ ਬਣਨਾ ਚਾਹੁੰਦਾ ਸੀ। ਦਾਊਦ ਨੂੰ ਆਪਣੀ ਜਾਨ ਬਚਾਉਣ ਲਈ
ਭੱਜਣਾ ਪਿਆ। ਮਫ਼ੀਬੋਸ਼ਥ ਵੀ ਦਾਊਦ ਨਾਲ ਜਾਣਾ ਚਾਹੁੰਦਾ ਸੀ ਜਦੋਂ ਬਹੁਤ ਸਾਰੇ ਲੋਕ ਉਸ ਦੇ ਨਾਲ ਗਏ। ਇਹ ਲੋਕ ਜਾਣਦੇ ਸਨ ਕਿ ਦਾਊਦ ਹੀ ਸਹੀ ਰਾਜਾ ਹੈ। ਪਰ ਮਫ਼ੀਬੋਸ਼ਥ ਉਨ੍ਹਾਂ ਨਾਲ ਨਾ ਜਾ ਸਕਿਆ ਕਿਉਂਕਿ ਉਸ ਲਈ ਤੁਰਨਾ ਬਹੁਤ ਮੁਸ਼ਕਲ ਸੀ।ਫਿਰ ਸੀਬਾ ਨੇ ਦਾਊਦ ਨੂੰ ਦੱਸਿਆ ਕਿ ਮਫ਼ੀਬੋਸ਼ਥ ਉਨ੍ਹਾਂ ਨਾਲ ਇਸ ਕਰਕੇ ਨਹੀਂ ਆਇਆ ਕਿਉਂਕਿ ਉਹ ਆਪ ਰਾਜਾ ਬਣਨਾ ਚਾਹੁੰਦਾ ਸੀ। ਦਾਊਦ ਨੇ ਇਸ ਝੂਠ ਉੱਤੇ ਵਿਸ਼ਵਾਸ ਕਰ ਲਿਆ! ਇਸ ਲਈ ਉਸ ਨੇ ਮਫ਼ੀਬੋਸ਼ਥ ਦੀ ਸਾਰੀ ਜ਼ਮੀਨ ਸੀਬਾ ਨੂੰ ਦੇ ਦਿੱਤੀ। ਜਲਦੀ ਹੀ ਦਾਊਦ ਨੇ ਅਬਸ਼ਾਲੋਮ ਨੂੰ ਯੁੱਧ ਵਿਚ ਹਰਾ ਦਿੱਤਾ ਤੇ ਉਹ ਯਰੂਸ਼ਲਮ ਵਾਪਸ ਆ ਗਿਆ। ਹੁਣ ਦਾਊਦ ਨੂੰ ਮਫ਼ੀਬੋਸ਼ਥ ਤੋਂ ਸੱਚਾਈ ਪਤਾ ਲੱਗੀ। ਸੋ ਦਾਊਦ ਨੇ ਫ਼ੈਸਲਾ ਕੀਤਾ ਕਿ ਮਫ਼ੀਬੋਸ਼ਥ ਤੇ ਸੀਬਾ ਜ਼ਮੀਨ ਆਪਸ ਵਿਚ ਵੰਡ ਲੈਣ। ਤੁਹਾਨੂੰ ਕੀ ਲੱਗਦਾ ਹੈ ਕਿ ਮਫ਼ੀਬੋਸ਼ਥ ਨੇ ਕੀ ਕੀਤਾ?—
ਉਸ ਨੇ ਦਾਊਦ ਨੂੰ ਇਹ ਨਹੀਂ ਕਿਹਾ ਕਿ ਉਸ ਨੇ ਜੋ ਫ਼ੈਸਲਾ ਕੀਤਾ ਹੈ ਉਹ ਗ਼ਲਤ ਹੈ। ਮਫ਼ੀਬੋਸ਼ਥ ਜਾਣਦਾ ਸੀ ਕਿ ਰਾਜੇ ਨੂੰ ਮਨ ਦੀ ਸ਼ਾਂਤੀ ਚਾਹੀਦੀ ਹੈ ਤਾਂਕਿ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ। ਇਸ ਲਈ ਉਸ ਨੇ ਕਿਹਾ ਕਿ ਸੀਬਾ ਸਾਰੀ ਜ਼ਮੀਨ ਰੱਖ ਲਵੇ। ਮਫ਼ੀਬੋਸ਼ਥ ਲਈ ਇਹ ਗੱਲ ਜ਼ਿਆਦਾ ਜ਼ਰੂਰੀ ਸੀ ਕਿ ਯਹੋਵਾਹ ਦਾ ਸੇਵਕ ਦਾਊਦ ਯਰੂਸ਼ਲਮ ਵਿਚ ਰਾਜੇ ਦੇ ਤੌਰ ਤੇ ਵਾਪਸ ਆ ਗਿਆ ਸੀ।
ਮਫੀਬੋਸ਼ਥ ਨੂੰ ਬਹੁਤ ਕੁਝ ਝੱਲਣਾ ਪਿਆ। ਉਹ ਅਕਸਰ ਓਪਰਾ ਮਹਿਸੂਸ ਕਰਦਾ ਸੀ। ਪਰ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ ਤੇ ਉਸ ਨੇ ਉਸ ਦੀ ਦੇਖ-ਭਾਲ ਕੀਤੀ। ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?— ਭਾਵੇਂ ਕਿ ਅਸੀਂ ਸਹੀ ਕੰਮ ਕਰੀਏ, ਪਰ ਸ਼ਾਇਦ ਬਹੁਤ ਸਾਰੇ ਲੋਕ ਸਾਡੇ ਬਾਰੇ ਝੂਠ ਬੋਲਣ। ਯਿਸੂ ਨੇ ਕਿਹਾ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ।” ਇੱਥੋਂ ਤਕ ਕਿ ਲੋਕਾਂ ਨੇ ਯਿਸੂ ਨੂੰ ਮਾਰ ਹੀ ਦਿੱਤਾ! ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਸਹੀ ਕੰਮ ਕਰਾਂਗੇ, ਤਾਂ ਸੱਚਾ ਪਰਮੇਸ਼ੁਰ ਯਹੋਵਾਹ ਤੇ ਉਸ ਦਾ ਪੁੱਤਰ ਯਿਸੂ ਵੀ ਸਾਡੇ ਨਾਲ ਪਿਆਰ ਕਰਨਗੇ। (w11-E 06/01)
ਬਾਈਬਲ ਵਿੱਚੋਂ ਪੜ੍ਹੋ
a ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।