ਯਿਸੂ—ਉਹ ਕਿਉਂ ਮਰਿਆ
‘ਮਨੁੱਖ ਦਾ ਪੁੱਤ੍ਰ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।’—ਮਰਕੁਸ 10:45.
ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣਾ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੋਣੀ ਸੀ। ਇਸ ਦੇ ਉਲਟ, ਉਹ ਜਾਣਦਾ ਸੀ ਕਿ ਜੁਆਨੀ ਵਿਚ ਹੀ ਦੁੱਖ-ਤਕਲੀਫ਼ਾਂ ਝੱਲ ਕੇ ਉਸ ਨੂੰ ਮੌਤ ਦਾ ਸਾਮ੍ਹਣਾ ਕਰਨਾ ਪੈਣਾ ਸੀ ਤੇ ਇਸ ਲਈ ਉਹ ਪੂਰੀ ਤਰ੍ਹਾਂ ਤਿਆਰ ਸੀ।
ਬਾਈਬਲ ਵਿਚ ਯਿਸੂ ਦੀ ਮੌਤ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਇਕ ਕਿਤਾਬ ਕਹਿੰਦੀ ਹੈ ਕਿ ਬਾਈਬਲ ਦੇ ਨਵੇਂ ਨੇਮ ਵਿਚ ਯਿਸੂ ਦੀ ਮੌਤ ਦਾ ਜ਼ਿਕਰ ਲਗਭਗ 175 ਵਾਰ ਕੀਤਾ ਗਿਆ ਹੈ। ਪਰ ਯਿਸੂ ਨੂੰ ਦੁੱਖ ਝੱਲ ਕੇ ਕਿਉਂ ਮਰਨਾ ਪਿਆ? ਸਾਨੂੰ ਇਹ ਜਾਣਨ ਦੀ ਲੋੜ ਹੈ ਕਿਉਂਕਿ ਯਿਸੂ ਦੀ ਮੌਤ ਦਾ ਸਾਡੀ ਜ਼ਿੰਦਗੀ ʼਤੇ ਡੂੰਘਾ ਅਸਰ ਪੈ ਸਕਦਾ ਹੈ।
ਯਿਸੂ ਨੂੰ ਕਿਸ ਗੱਲ ਦਾ ਪਤਾ ਸੀ।
ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਵਿਚ ਯਿਸੂ ਨੇ ਵਾਰ-ਵਾਰ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸ ਨੂੰ ਦੁੱਖ-ਤਕਲੀਫ਼ ਦੇ ਕੇ ਮਾਰ ਦਿੱਤਾ ਜਾਵੇਗਾ। ਆਖ਼ਰੀ ਵਾਰ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਹੋਏ ਯਿਸੂ ਨੇ ਆਪਣੇ 12 ਰਸੂਲਾਂ ਨੂੰ ਕਿਹਾ: “ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਓਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ।” a (ਮਰਕੁਸ 10:33, 34) ਯਿਸੂ ਕਿੱਦਾਂ ਜਾਣਦਾ ਸੀ ਕਿ ਉਸ ਨਾਲ ਇਹ ਸਭ ਕੁਝ ਹੋਵੇਗਾ?
ਯਿਸੂ ਜਾਣਦਾ ਸੀ ਕਿ ਬਾਈਬਲ ਦੇ ਇਬਰਾਨੀ ਹਿੱਸੇ ਵਿਚ ਬਹੁਤ ਸਾਰੀਆਂ ਭਵਿੱਖਬਾਣੀਆਂ ਸਨ ਜਿਨ੍ਹਾਂ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਕਿਵੇਂ ਹੋਵੇਗੀ। (ਲੂਕਾ 18:31-33) ਬਾਈਬਲ ਦੇ ਹਵਾਲਿਆਂ ਤੋਂ ਕੁਝ ਭਵਿੱਖਬਾਣੀਆਂ ਵੱਲ ਧਿਆਨ ਦਿਓ ਤੇ ਦੇਖੋ ਕਿ ਇਹ ਕਿਵੇਂ ਪੂਰੀਆਂ ਹੋਈਆਂ।
ਮਸੀਹਾ ਨੂੰ . . .
-
ਚਾਂਦੀ ਦੇ 30 ਸਿੱਕਿਆਂ ਲਈ ਫੜਵਾਇਆ ਗਿਆ।—ਜ਼ਕਰਯਾਹ 11:12; ਮੱਤੀ 26:14-16, CL.
-
ਕੁੱਟਿਆ ਗਿਆ ਤੇ ਉਸ ਦੇ ਮੂੰਹ ʼਤੇ ਥੁੱਕਿਆ ਗਿਆ।—ਯਸਾਯਾਹ 50:6; ਮੱਤੀ 26:67; 27:26, 30.
-
ਸੂਲ਼ੀ ʼਤੇ ਮਾਰਿਆ ਗਿਆ।—ਜ਼ਬੂਰ 22:16; ਰਸੂਲਾਂ ਦੇ ਕਰਤੱਬ 5:30.
-
ਅਮੀਰਾਂ ਨਾਲ ਦਫ਼ਨਾਇਆ ਗਿਆ।—ਯਸਾਯਾਹ 53:9; ਮੱਤੀ 27:57-60.
-
ਬਿਨਾਂ ਕੋਈ ਹੱਡੀ ਤੋੜੇ ਉਸ ਨੂੰ ਮਾਰਿਆ ਗਿਆ।—ਜ਼ਬੂਰ 34:20; ਯੂਹੰਨਾ 19:33, 36.
ਯਿਸੂ ਉੱਤੇ ਇਹ ਤੇ ਹੋਰ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ। ਉਹ ਇਨ੍ਹਾਂ ਨੂੰ ਆਪਣੇ ਆਪ ਹੀ ਪੂਰੀਆਂ ਨਹੀਂ ਕਰ ਸਕਦਾ ਸੀ। ਇਨ੍ਹਾਂ ਦੀ ਪੂਰਤੀ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਨੇ ਹੀ ਯਿਸੂ ਨੂੰ ਭੇਜਿਆ ਸੀ। b
ਪਰ ਇਹ ਜ਼ਰੂਰੀ ਕਿਉਂ ਸੀ ਕਿ ਯਿਸੂ ਦੁੱਖ ਝੱਲ ਕੇ ਮਰੇ?
ਅਹਿਮ ਮਾਮਲਿਆਂ ਨੂੰ ਸੁਲਝਾਉਣ ਲਈ ਯਿਸੂ ਨੂੰ ਮਰਨਾ ਪਿਆ।
ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਵਾਦ-ਵਿਸ਼ਿਆਂ ਬਾਰੇ ਯਿਸੂ ਨੂੰ ਚੰਗੀ ਤਰ੍ਹਾਂ ਪਤਾ ਸੀ। ਸ਼ਤਾਨ ਦੀ ਲਪੇਟ ਵਿਚ ਆ ਕੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ। ਪਰਮੇਸ਼ੁਰ ਤੋਂ ਮੂੰਹ ਮੋੜ ਕੇ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ʼਤੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਦੇ ਪਾਪ ਨੇ ਇਹ ਵੀ ਸਵਾਲ ਖੜ੍ਹਾ ਕੀਤਾ ਕਿ ਮੁਸ਼ਕਲਾਂ ਅਧੀਨ ਕੋਈ ਇਨਸਾਨ ਪਰਮੇਸ਼ੁਰ ਦਾ ਵਫ਼ਾਦਾਰ ਰਹੇਗਾ ਕਿ ਨਹੀਂ।—ਉਤਪਤ 3:1-6; ਅੱਯੂਬ 2:1-5.
ਯਿਸੂ ਨੇ ਇਨ੍ਹਾਂ ਦੋਹਾਂ ਸਵਾਲਾਂ ਦਾ ਸਭ ਤੋਂ ਵਧੀਆ ਤੇ ਮੂੰਹ-ਤੋੜ ਜਵਾਬ ਦਿੱਤਾ। “ਮੌਤ ਤਾਈਂ ਸਗੋਂ ਸਲੀਬ ਦੀ ਮੌਤ ਫ਼ਿਲਿੱਪੀਆਂ 2:8) ਯਿਸੂ ਨੇ ਇਹ ਵੀ ਸਾਬਤ ਕੀਤਾ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਮੁਕੰਮਲ ਇਨਸਾਨ ਯਹੋਵਾਹ ਦੇ ਵਫ਼ਾਦਾਰ ਰਹਿ ਸਕਦਾ ਹੈ।
ਤਾਈਂ” ਯਿਸੂ ਨੇ ਵਫ਼ਾਦਾਰ ਰਹਿ ਕੇ ਇਹ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਕਰਨ ਦਾ ਤਰੀਕਾ ਬਿਲਕੁਲ ਸਹੀ ਹੈ। (ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਦਿਲਾਉਣ ਲਈ ਯਿਸੂ ਮਰਿਆ।
ਯਸਾਯਾਹ ਨਬੀ ਨੇ ਦੱਸਿਆ ਸੀ ਕਿ ਮਸੀਹਾ ਦੇ ਦੁੱਖ ਝੱਲਣ ਤੇ ਉਸ ਦੀ ਮੌਤ ਕਰਕੇ ਇਨਸਾਨਾਂ ਦੇ ਪਾਪ ਮਾਫ਼ ਹੋਣੇ ਸਨ। (ਯਸਾਯਾਹ 53:5, 10) ਯਿਸੂ ਨੂੰ ਇਸ ਬਾਰੇ ਸਾਫ਼-ਸਾਫ਼ ਪਤਾ ਸੀ ਤੇ ਉਸ ਨੇ ਖ਼ੁਸ਼ੀ-ਖ਼ੁਸ਼ੀ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ” ਦੇ ਦਿੱਤੀ। (ਮੱਤੀ 20:28) ਉਸ ਦੀ ਕੁਰਬਾਨੀ ਨੇ ਪਾਪੀ ਇਨਸਾਨਾਂ ਲਈ ਰਾਹ ਖੋਲ੍ਹਿਆ ਤਾਂਕਿ ਉਹ ਯਹੋਵਾਹ ਨਾਲ ਦੋਸਤੀ ਕਰ ਸਕਣ ਤੇ ਉਨ੍ਹਾਂ ਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਮਿਲ ਸਕੇ। ਯਿਸੂ ਦੀ ਮੌਤ ਸਦਕਾ ਸਾਨੂੰ ਉਹ ਪਾਉਣ ਦਾ ਮੌਕਾ ਮਿਲਿਆ ਜੋ ਆਦਮ ਤੇ ਹੱਵਾਹ ਨੇ ਗੁਆਇਆ। ਸਾਡੇ ਲਈ ਧਰਤੀ ਉੱਤੇ ਹਮੇਸ਼ਾ ਲਈ ਸੁੱਖ-ਸ਼ਾਂਤੀ ਨਾਲ ਜੀਣ ਦਾ ਰਸਤਾ ਖੁੱਲ੍ਹਿਆ। c—ਪਰਕਾਸ਼ ਦੀ ਪੋਥੀ 21:3, 4.
ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਇਨ੍ਹਾਂ ਲੇਖਾਂ ਵਿਚ ਅਸੀਂ ਦੇਖਿਆ ਹੈ ਕਿ ਬਾਈਬਲ ਯਿਸੂ ਬਾਰੇ ਕੀ ਕਹਿੰਦੀ ਹੈ—ਉਹ ਕਿੱਥੋਂ ਆਇਆ, ਉਸ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਈ ਤੇ ਉਹ ਕਿਉਂ ਮਰਿਆ। ਯਿਸੂ ਬਾਰੇ ਸੱਚਾਈਆਂ ਜਾਣ ਕੇ ਸਾਡੀਆਂ ਗ਼ਲਤਫ਼ਹਿਮੀਆਂ ਦੂਰ ਹੀ ਨਹੀਂ ਹੁੰਦੀਆਂ, ਪਰ ਜੇ ਅਸੀਂ ਉਸ ਦੀਆਂ ਸਿੱਖਿਆਵਾਂ ਅਨੁਸਾਰ ਚੱਲਾਂਗੇ, ਤਾਂ ਸਾਨੂੰ ਬਰਕਤਾਂ ਵੀ ਮਿਲਣਗੀਆਂ। ਨਾ ਸਿਰਫ਼ ਸਾਡੀ ਜ਼ਿੰਦਗੀ ਹੁਣ ਵਧੀਆ ਹੋਵੇਗੀ ਬਲਕਿ ਸਾਨੂੰ ਅਗਾਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਜੇ ਅਸੀਂ ਇਹ ਬਰਕਤਾਂ ਚਾਹੁੰਦੇ ਹਾਂ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ।
-
ਯਿਸੂ ਮਸੀਹ ਤੇ ਪਰਮੇਸ਼ੁਰ ਦੇ ਮਕਸਦਾਂ ਵਿਚ ਉਸ ਦੀ ਭੂਮਿਕਾ ਬਾਰੇ ਹੋਰ ਸਿੱਖੋ।—ਯੂਹੰਨਾ 17:3.
-
ਯਿਸੂ ʼਤੇ ਨਿਹਚਾ ਕਰੋ ਤੇ ਆਪਣੇ ਰੋਜ਼ਮੱਰਾ ਦੇ ਕੰਮਾਂ ਤੋਂ ਦਿਖਾਓ ਕਿ ਤੁਸੀਂ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨਦੇ ਹੋ।—ਯੂਹੰਨਾ 3:36; ਰਸੂਲਾਂ ਦੇ ਕਰਤੱਬ 5:31.
ਤੁਹਾਨੂੰ ਯਿਸੂ ਮਸੀਹ ਬਾਰੇ ਸਿਖਾ ਕੇ ਯਹੋਵਾਹ ਦੇ ਗਵਾਹ ਖ਼ੁਸ਼ ਹੋਣਗੇ। ਯਿਸੂ ਪਰਮੇਸ਼ੁਰ ਦਾ “ਇਕਲੌਤਾ ਪੁੱਤ੍ਰ” ਹੈ ਜਿਸ ਰਾਹੀਂ ਸਾਨੂੰ “ਸਦੀਪਕ ਜੀਉਣ” ਮਿਲ ਸਕਦਾ ਹੈ।—ਯੂਹੰਨਾ 3:16. (w11-E 04/01)
a ਯਿਸੂ ਆਪਣੇ ਆਪ ਨੂੰ ‘ਮਨੁੱਖ ਦਾ ਪੁੱਤਰ’ ਕਹਿੰਦਾ ਸੀ। (ਮੱਤੀ 8:20) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਵਾਕਈ ਇਨਸਾਨ ਦੇ ਰੂਪ ਵਿਚ ਧਰਤੀ ʼਤੇ ਆਇਆ ਸੀ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਦੱਸਿਆ ਗਿਆ ‘ਮਨੁੱਖ ਦਾ ਪੁੱਤਰ’ ਸੀ।—ਦਾਨੀਏਲ 7:13, 14.
b ਉਨ੍ਹਾਂ ਭਵਿੱਖਬਾਣੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਜੋ ਯਿਸੂ ਉੱਤੇ ਪੂਰੀਆਂ ਹੋਈਆਂ ਸਨ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਵਧੇਰੇ ਜਾਣਕਾਰੀ ਵਿਚ ਵਿਸ਼ਾ “ਯਿਸੂ ਮਸੀਹ—ਵਾਅਦਾ ਕੀਤਾ ਹੋਇਆ ਮਸੀਹਾ” ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
c ਯਿਸੂ ਦੀ ਕੁਰਬਾਨੀ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਪੰਜਵਾਂ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ: “ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!”