Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਆਪਣੇ ਜੀਵਨ-ਸਾਥੀ ਨਾਲ ਆਦਰ ਨਾਲ ਪੇਸ਼ ਆਓ

ਆਪਣੇ ਜੀਵਨ-ਸਾਥੀ ਨਾਲ ਆਦਰ ਨਾਲ ਪੇਸ਼ ਆਓ

ਵਿਲ * ਕਹਿੰਦਾ ਹੈ: “ਜਦੋਂ ਰੇਚਲ ਪਰੇਸ਼ਾਨ ਹੁੰਦੀ ਹੈ, ਤਾਂ ਉਹ ਕਾਫ਼ੀ ਦੇਰ ਤਕ ਰੋਂਦੀ ਰਹਿੰਦੀ ਹੈ। ਜੇ ਅਸੀਂ ਬੈਠ ਕੇ ਗੱਲ ਕਰਦੇ ਵੀ ਹਾਂ, ਤਾਂ ਉਹ ਖਿਝ ਜਾਂਦੀ ਹੈ ਜਾਂ ਚੁੱਪ ਵੱਟ ਲੈਂਦੀ ਹੈ। ਮੈਂ ਜੋ ਵੀ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਉਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਮੇਰੀ ਤਾਂ ਬਸ ਹੋ ਗਈ ਹੈ।”

ਰੇਚਲ ਕਹਿੰਦੀ ਹੈ: “ਜਦੋਂ ਵਿਲ ਘਰ ਵਾਪਸ ਆਇਆ, ਤਾਂ ਮੈਂ ਰੋ ਰਹੀ ਸੀ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਉਂ ਪਰੇਸ਼ਾਨ ਸੀ, ਪਰ ਉਸ ਨੇ ਮੈਨੂੰ ਵਿੱਚੋਂ ਹੀ ਟੋਕ ਦਿੱਤਾ। ਉਸ ਨੇ ਮੈਨੂੰ ਕਿਹਾ ਕਿ ਇਹ ਗੱਲ ਇੰਨੀ ਗੰਭੀਰ ਨਹੀਂ ਸੀ ਤੇ ਮੈਨੂੰ ਇਸ ਨੂੰ ਭੁੱਲ ਜਾਣਾ ਚਾਹੀਦਾ ਹੈ। ਇਸ ਨਾਲ ਮੈਂ ਹੋਰ ਵੀ ਪਰੇਸ਼ਾਨ ਹੋ ਗਈ।”

ਕੀ ਤੁਸੀਂ ਵੀ ਕਦੇ ਵਿਲ ਅਤੇ ਰੇਚਲ ਵਾਂਗ ਮਹਿਸੂਸ ਕੀਤਾ ਹੈ? ਉਹ ਦੋਨੋਂ ਆਪਸ ਵਿਚ ਗੱਲਬਾਤ ਤਾਂ ਕਰਨੀ ਚਾਹੁੰਦੇ ਹਨ, ਪਰ ਉਹ ਅਕਸਰ ਨਿਰਾਸ਼ ਹੋ ਜਾਂਦੇ ਹਨ। ਕਿਉਂ?

ਆਦਮੀ ਅਤੇ ਔਰਤਾਂ ਵੱਖੋ-ਵੱਖਰੇ ਤਰੀਕੇ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਲੋੜਾਂ ਵੀ ਵੱਖੋ-ਵੱਖਰੀਆਂ ਹੁੰਦੀਆਂ ਹਨ। ਔਰਤ ਸ਼ਾਇਦ ਆਪਣੀਆਂ ਭਾਵਨਾਵਾਂ ਨੂੰ ਅਕਸਰ ਅਤੇ ਦਿਲ ਖੋਲ੍ਹ ਕੇ ਜ਼ਾਹਰ ਕਰਨਾ ਚਾਹੇ। ਪਰ ਕਈ ਆਦਮੀ ਸ਼ਾਂਤੀ ਬਣਾਈ ਰੱਖਣ ਲਈ ਮੁਸ਼ਕਲਾਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਉਨ੍ਹਾਂ ਮੁਸ਼ਕਲਾਂ ਦੀ ਗੱਲ ਹੀ ਨਹੀਂ ਕਰਦੇ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਝਗੜਾ ਹੋ ਸਕਦਾ ਹੈ। ਤਾਂ ਫਿਰ ਤੁਸੀਂ ਆਦਮੀ ਤੇ ਤੀਵੀਂ ਵਿਚ ਪਾਏ ਜਾਂਦੇ ਫ਼ਰਕ ਦੇ ਬਾਵਜੂਦ ਆਪਣੇ ਪਤੀ ਜਾਂ ਪਤਨੀ ਨਾਲ ਕਿਵੇਂ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹੋ? ਆਪਣੇ ਜੀਵਨ-ਸਾਥੀ ਨਾਲ ਆਦਰ ਨਾਲ ਪੇਸ਼ ਆ ਕੇ।

ਜੋ ਇਨਸਾਨ ਦੂਜਿਆਂ ਦਾ ਆਦਰ ਕਰਦਾ ਹੈ, ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸ਼ਾਇਦ ਤੁਸੀਂ ਬਚਪਨ ਤੋਂ ਹੀ ਉਨ੍ਹਾਂ ਲੋਕਾਂ ਦਾ ਆਦਰ ਕਰਨਾ ਸਿੱਖਿਆ ਹੋਵੇ ਜਿਨ੍ਹਾਂ ਕੋਲ ਤੁਹਾਡੇ ਨਾਲੋਂ ਜ਼ਿਆਦਾ ਅਧਿਕਾਰ ਹੈ ਜਾਂ ਤੁਹਾਡੇ ਨਾਲੋਂ ਜ਼ਿਆਦਾ ਤਜਰਬਾ ਹੈ। ਪਰ ਵਿਆਹੁਤਾ-ਜੀਵਨ ਵਿਚ ਤੁਸੀਂ ਦੋਨੋਂ ਬਰਾਬਰ ਹੋ ਜਿਸ ਕਰਕੇ ਤੁਹਾਡੇ ਲਈ ਆਪਣੇ ਸਾਥੀ ਦਾ ਆਦਰ ਕਰਨਾ ਔਖਾ ਹੋ ਸਕਦਾ ਹੈ। ਲਵੀਨਾ, ਜੋ ਅੱਠ ਸਾਲ ਤੋਂ ਸ਼ਾਦੀ-ਸ਼ੁਦਾ ਹੈ, ਕਹਿੰਦੀ ਹੈ: “ਮੈਂ ਜਾਣਦੀ ਹਾਂ ਕਿ ਜੇ ਕੋਈ ਹੋਰ ਮੇਰੇ ਪਤੀ ਨਾਲ ਗੱਲ ਕਰੇ, ਤਾਂ ਉਹ ਉਸ ਦੀ ਗੱਲ ਧੀਰਜ ਨਾਲ ਸੁਣਨਗੇ ਅਤੇ ਸਮਝਣ ਦੀ ਕੋਸ਼ਿਸ਼ ਕਰਨਗੇ। ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਵੀ ਇਸੇ ਤਰ੍ਹਾਂ ਦੀ ਹਮਦਰਦੀ ਦਿਖਾਉਣ।” ਸੰਭਵ ਹੈ ਕਿ ਤੁਸੀਂ ਵੀ ਆਪਣੇ ਦੋਸਤਾਂ ਅਤੇ ਅਜਨਬੀਆਂ ਦੀ ਗੱਲ ਧੀਰਜ ਨਾਲ ਸੁਣਦੇ ਹੋ ਅਤੇ ਉਨ੍ਹਾਂ ਨਾਲ ਆਦਰ ਨਾਲ ਗੱਲ ਕਰਦੇ ਹੋ। ਪਰ ਕੀ ਤੁਸੀਂ ਆਪਣੇ ਸਾਥੀ ਨਾਲ ਵੀ ਇਸੇ ਤਰ੍ਹਾਂ ਕਰਦੇ ਹੋ?

ਜੇ ਤੁਸੀਂ ਇਕ-ਦੂਜੇ ਦਾ ਨਿਰਾਦਰ ਕਰਦੇ ਹੋ, ਤਾਂ ਪਰਿਵਾਰ ਵਿਚ ਤਣਾਅ ਪੈਦਾ ਹੁੰਦਾ ਹੈ ਜਿਸ ਕਾਰਨ ਲੜਾਈ-ਝਗੜਾ ਹੁੰਦਾ ਹੈ। ਇਕ ਬੁੱਧੀਮਾਨ ਰਾਜੇ ਨੇ ਕਿਹਾ: “ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।” (ਕਹਾਉਤਾਂ 17:1) ਬਾਈਬਲ ਕਹਿੰਦੀ ਹੈ ਕਿ ਪਤੀ ਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਚਾਹੀਦੀ ਹੈ। (1 ਪਤਰਸ 3:7) ਪਤਨੀ ਨੂੰ ਵੀ “ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”—ਅਫ਼ਸੀਆਂ 5:33.

ਤੁਸੀਂ ਆਪਣੇ ਸਾਥੀ ਨਾਲ ਆਦਰ ਨਾਲ ਕਿਵੇਂ ਗੱਲਬਾਤ ਕਰ ਸਕਦੇ ਹੋ? ਬਾਈਬਲ ਵਿਚ ਦਿੱਤੀ ਵਧੀਆ ਸਲਾਹ ’ਤੇ ਗੌਰ ਕਰੋ।

ਜਦੋਂ ਤੁਹਾਡਾ ਸਾਥੀ ਕੁਝ ਕਹਿਣਾ ਚਾਹੇ

ਚੁਣੌਤੀ:

ਬਹੁਤ ਸਾਰੇ ਲੋਕ ਸੁਣਨ ਨਾਲੋਂ ਜ਼ਿਆਦਾ ਆਪ ਗੱਲ ਕਰਨੀ ਪਸੰਦ ਕਰਦੇ ਹਨ। ਕੀ ਤੁਸੀਂ ਵੀ ਇਸੇ ਤਰ੍ਹਾਂ ਕਰਦੇ ਹੋ? ਬਾਈਬਲ ਉਸ ਇਨਸਾਨ ਨੂੰ ਮੂਰਖ ਕਹਿੰਦੀ ਹੈ ਜੋ ‘ਗੱਲ ਸੁਣਨ ਤੋਂ ਪਹਿਲਾਂ ਉੱਤਰ ਦਿੰਦਾ ਹੈ।’ (ਕਹਾਉਤਾਂ 18:13) ਇਸ ਲਈ ਗੱਲ ਕਰਨ ਤੋਂ ਪਹਿਲਾਂ ਸੁਣੋ। ਕਿਉਂ? ਕਮਲਜੀਤ, ਜੋ 26 ਸਾਲ ਤੋਂ ਸ਼ਾਦੀ-ਸ਼ੁਦਾ ਹੈ, ਕਹਿੰਦੀ ਹੈ: “ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਇਕਦਮ ਕਿਸੇ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਨੂੰ ਮੇਰੀ ਗੱਲ ਨਾਲ ਸਹਿਮਤ ਹੋਣ ਜਾਂ ਖ਼ੁਦ ਇਹ ਪਤਾ ਕਰਨ ਦੀ ਵੀ ਲੋੜ ਨਹੀਂ ਕਿ ਮੁਸ਼ਕਲ ਖੜ੍ਹੀ ਕਿਉਂ ਹੋਈ। ਮੈਂ ਸਿਰਫ਼ ਇਹੀ ਚਾਹੁੰਦੀ ਹਾਂ ਕਿ ਉਹ ਮੇਰੀ ਗੱਲ ਸੁਣਨ ਅਤੇ ਮੇਰੀਆਂ ਭਾਵਨਾਵਾਂ ਨੂੰ ਸਮਝਣ।”

ਦੂਜੇ ਪਾਸੇ, ਕੁਝ ਆਦਮੀ ਤੇ ਔਰਤਾਂ ਆਪਣੇ ਦਿਲ ਦੀ ਗੱਲ ਕਹਿਣੀ ਨਹੀਂ ਚਾਹੁੰਦੇ ਜਾਂ ਕਹਿਣ ਤੋਂ ਹਿਚਕਿਚਾਉਂਦੇ ਹਨ ਜਦੋਂ ਉਨ੍ਹਾਂ ਦਾ ਜੀਵਨ-ਸਾਥੀ ਉਨ੍ਹਾਂ ’ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਜ਼ੋਰ ਪਾਉਂਦਾ ਹੈ। ਕਿਰਨ, ਜਿਸ ਦਾ ਹੁਣੇ-ਹੁਣੇ ਵਿਆਹ ਹੋਇਆ ਹੈ, ਨੇ ਦੇਖਿਆ ਹੈ ਕਿ ਉਸ ਦੇ ਪਤੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਵਿਚ ਕਾਫ਼ੀ ਸਮਾਂ ਲੱਗਦਾ ਹੈ। ਉਹ ਕਹਿੰਦੀ ਹੈ: “ਮੈਨੂੰ ਧੀਰਜ ਨਾਲ ਉਡੀਕ ਕਰਨੀ ਪੈਂਦੀ ਹੈ ਕਿ ਉਹ ਕਦੋਂ ਆਪਣੇ ਦਿਲ ਦੀ ਗੱਲ ਕਰਨ।”

ਹੱਲ:

ਜੇ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਕੁਝ ਅਜਿਹੀ ਗੱਲ ਕਰਨ ਦੀ ਲੋੜ ਪਵੇ ਜੋ ਸ਼ਾਇਦ ਝਗੜੇ ਦਾ ਕਾਰਨ ਬਣ ਸਕਦੀ ਹੈ, ਤਾਂ ਇਸ ਗੱਲ ਨੂੰ ਉਦੋਂ ਛੇੜੋ ਜਦੋਂ ਤੁਹਾਡਾ ਦੋਨਾਂ ਦਾ ਮੂਡ ਠੀਕ ਹੁੰਦਾ ਹੈ। ਪਰ ਜੇ ਤੁਹਾਡਾ ਸਾਥੀ ਗੱਲ ਕਰਨ ਤੋਂ ਹਿਚਕਿਚਾਉਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਯਾਦ ਰੱਖੋ ਕਿ “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” (ਕਹਾਉਤਾਂ 20:5) ਜੇ ਤੁਸੀਂ ਪਾਣੀ ਦੀ ਬਾਲਟੀ ਨੂੰ ਖੂਹ ਵਿੱਚੋਂ ਇਕਦਮ ਬਾਹਰ ਕੱਢੋਗੇ, ਤਾਂ ਬਹੁਤ ਸਾਰਾ ਪਾਣੀ ਉਸ ਵਿੱਚੋਂ ਡੁੱਲ੍ਹ ਜਾਵੇਗਾ। ਇਸੇ ਤਰ੍ਹਾਂ, ਜੇ ਤੁਸੀਂ ਆਪਣੇ ਸਾਥੀ ਨੂੰ ਮਜਬੂਰ ਕਰੋਗੇ, ਤਾਂ ਤੁਹਾਡਾ ਸਾਥੀ ਸ਼ਾਇਦ ਖਿਝ ਕੇ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰੇ ਅਤੇ ਤੁਸੀਂ ਉਸ ਦੇ ਦਿਲ ਦੀ ਗੱਲ ਜਾਣਨ ਦਾ ਮੌਕਾ ਹੱਥੋਂ ਗੁਆ ਬੈਠੋਗੇ। ਇਸ ਦੀ ਬਜਾਇ, ਜੇ ਤੁਹਾਡਾ ਸਾਥੀ ਆਪਣੀਆਂ ਭਾਵਨਾਵਾਂ ਜਲਦੀ ਜ਼ਾਹਰ ਨਹੀਂ ਕਰਦਾ, ਤਾਂ ਧੀਰਜ ਰੱਖੋ ਅਤੇ ਉਸ ਨੂੰ ਨਰਮਾਈ ਅਤੇ ਆਦਰ ਨਾਲ ਸਵਾਲ ਪੁੱਛੋ।

ਜਦੋਂ ਤੁਹਾਡਾ ਸਾਥੀ ਗੱਲ ਕਰਦਾ ਹੈ, ਤਾਂ ‘ਸੁਣਨ ਲਈ ਤਿਆਰ ਰਹੋ, ਬੋਲਣ ਵਿਚ ਕਾਹਲੀ ਨਾ ਕਰੋ ਅਤੇ ਜਲਦੀ ਗੁੱਸਾ ਨਾ ਕਰੋ।’ (ਯਾਕੂਬ 1:19) ਚੰਗੀ ਤਰ੍ਹਾਂ ਗੱਲ ਸੁਣਨ ਵਾਲਾ ਸਿਰਫ਼ ਸੁਣਦਾ ਹੀ ਨਹੀਂ, ਸਗੋਂ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਦਾ ਵੀ ਹੈ। ਇਸ ਲਈ ਜਦੋਂ ਤੁਹਾਡਾ ਸਾਥੀ ਗੱਲ ਕਰਦਾ ਹੈ, ਤਾਂ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਤੁਸੀਂ ਉਸ ਦੀ ਗੱਲ ਸੁਣਦੇ ਹੋ, ਉਸ ਤੋਂ ਤੁਹਾਡਾ ਸਾਥੀ ਸਮਝ ਜਾਵੇਗਾ ਕਿ ਤੁਸੀਂ ਉਸ ਦਾ ਕਿੰਨਾ ਕੁ ਆਦਰ ਕਰਦੇ ਹੋ।

ਯਿਸੂ ਨੇ ਸਾਨੂੰ ਸਿਖਾਇਆ ਕਿ ਸਾਨੂੰ ਕਿਵੇਂ ਕਿਸੇ ਦੀ ਗੱਲ ਸੁਣਨੀ ਚਾਹੀਦੀ ਹੈ। ਮਿਸਾਲ ਲਈ, ਜਦੋਂ ਬੀਮਾਰ ਆਦਮੀ ਮਦਦ ਲਈ ਯਿਸੂ ਦੇ ਨੇੜੇ ਆਇਆ, ਤਾਂ ਯਿਸੂ ਨੇ ਇਕਦਮ ਉਸ ਦੀ ਮੁਸ਼ਕਲ ਨੂੰ ਹੱਲ ਨਹੀਂ ਕੀਤਾ। ਪਹਿਲਾਂ ਉਸ ਨੇ ਉਸ ਆਦਮੀ ਦੀ ਬੇਨਤੀ ਨੂੰ ਧਿਆਨ ਨਾਲ ਸੁਣਿਆ ਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ’ਤੇ ਅਸਰ ਕਰਨ ਦਿੱਤਾ। ਫਿਰ ਉਸ ਨੇ ਉਸ ਆਦਮੀ ਨੂੰ ਚੰਗਾ ਕੀਤਾ। (ਮਰਕੁਸ 1:40-42) ਜਦੋਂ ਤੁਹਾਡਾ ਸਾਥੀ ਗੱਲ ਕਰਦਾ ਹੈ, ਤਾਂ ਤੁਸੀਂ ਵੀ ਇਸੇ ਤਰ੍ਹਾਂ ਕਰੋ। ਯਾਦ ਰੱਖੋ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਦਿਲੋਂ ਹਮਦਰਦੀ ਦਿਖਾਓ, ਨਾ ਕਿ ਕਿਸੇ ਮੁਸ਼ਕਲ ਦਾ ਫਟਾਫਟ ਹੱਲ ਕਰੋ। ਇਸ ਲਈ ਧਿਆਨ ਨਾਲ ਸੁਣੋ। ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਬਾਅਦ ਇਨ੍ਹਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਤਦ ਹੀ ਤੁਸੀਂ ਆਪਣੇ ਸਾਥੀ ਦੀ ਮਦਦ ਕਰ ਪਾਓਗੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੇ ਸਾਥੀ ਦਾ ਆਦਰ ਕਰਦੇ ਹੋ।

ਸੁਝਾਅ: ਅਗਲੀ ਵਾਰ ਜਦ ਤੁਹਾਡਾ ਸਾਥੀ ਤੁਹਾਡੇ ਨਾਲ ਗੱਲ ਕਰੇ, ਤਾਂ ਇਕਦਮ ਜਵਾਬ ਦੇਣ ਤੋਂ ਪਰਹੇਜ਼ ਕਰੋ। ਉਸ ਨੂੰ ਆਪਣੀ ਗੱਲ ਪੂਰੀ ਕਰਨ ਦਿਓ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਅਦ ਵਿਚ ਆਪਣੇ ਸਾਥੀ ਨੂੰ ਪੁੱਛੋ: “ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣੀ ਸੀ?”

ਜਦੋਂ ਤੁਸੀਂ ਕੁਝ ਕਹਿਣਾ ਚਾਹੋ

ਚੁਣੌਤੀ:

ਲਵੀਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਨਾਟਕਾਂ ਵਿਚ ਆਪਣੇ ਜੀਵਨ-ਸਾਥੀ ਦੀ ਬੇਇੱਜ਼ਤੀ ਕਰਨੀ ਜਾਂ ਉਸ ਨੂੰ ਚੁਭਵੀਆਂ ਗੱਲਾਂ ਕਹਿਣੀਆਂ ਆਮ ਦਿਖਾਇਆ ਜਾਂਦਾ ਹੈ ਜੋ ਦੇਖਣ ਵਾਲਿਆਂ ਨੂੰ ਸਹੀ ਲੱਗਦਾ ਹੈ।” ਕੁਝ ਲੋਕਾਂ ਦਾ ਅਜਿਹੇ ਪਰਿਵਾਰ ਵਿਚ ਪਾਲਣ-ਪੋਸਣ ਹੋਇਆ ਹੈ ਜਿਸ ਵਿਚ ਇਕ-ਦੂਜੇ ਨੂੰ ਬੁਰਾ-ਭਲਾ ਕਹਿਣਾ ਜਾਂ ਬੇਅਦਬੀ ਨਾਲ ਗੱਲ ਕਰਨੀ ਆਮ ਸੀ। ਇਸ ਲਈ ਜਦੋਂ ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਵਿਚ ਅਦਬ ਨਾਲ ਗੱਲ ਕਰਨੀ ਮੁਸ਼ਕਲ ਲੱਗਦੀ ਹੈ। ਆਈਵੀ, ਜੋ ਕੈਨੇਡਾ ਵਿਚ ਰਹਿੰਦੀ ਹੈ, ਦੱਸਦੀ ਹੈ: “ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਜਿੱਥੇ ਚੁਭਵੀਆਂ ਗੱਲਾਂ, ਚੀਕ-ਚਿਹਾੜਾ ਅਤੇ ਇਕ-ਦੂਜੇ ਨੂੰ ਮੂਰਖ, ਪਾਗਲ ਜਾਂ ਬੁੱਧੂ ਕਹਿਣਾ ਆਮ ਸੀ।”

ਹੱਲ:

ਜਦੋਂ ਤੁਸੀਂ ਦੂਜਿਆਂ ਨਾਲ ਆਪਣੇ ਸਾਥੀ ਬਾਰੇ ਗੱਲਬਾਤ ਕਰਦੇ ਹੋ, ਤਾਂ “ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।” (ਅਫ਼ਸੀਆਂ 4:29) ਆਪਣੇ ਸਾਥੀ ਬਾਰੇ ਇਸ ਤਰ੍ਹਾਂ ਗੱਲ ਕਰੋ ਕਿ ਦੂਜੇ ਉਸ ਦੀ ਇੱਜ਼ਤ ਕਰਨ।

ਜਦੋਂ ਤੁਸੀਂ ਆਪਣੇ ਸਾਥੀ ਨਾਲ ਇਕੱਲੇ ਹੁੰਦੇ ਹੋ, ਉਦੋਂ ਵੀ ਚੁਭਵੀਆਂ ਗੱਲਾਂ ਕਰਨ ਜਾਂ ਉਸ ਨੂੰ ਮੂਰਖ, ਪਾਗਲ ਜਾਂ ਬੁੱਧੂ ਕਹਿਣ ਤੋਂ ਪਰਹੇਜ਼ ਕਰੋ। ਇਜ਼ਰਾਈਲ ਵਿਚ ਮੀਕਲ ਆਪਣੇ ਪਤੀ ਰਾਜਾ ਦਾਊਦ ਨਾਲ ਨਾਰਾਜ਼ ਹੋ ਗਈ। ਉਸ ਨੇ ਕਠੋਰ ਸ਼ਬਦਾਂ ਵਿਚ ਕਿਹਾ ਕਿ ਉਹ “ਮੂਰਖਾਂ ਦੀ ਤਰ੍ਹਾਂ” ਨੱਚ ਰਿਹਾ ਸੀ। ਉਸ ਦੇ ਸ਼ਬਦਾਂ ਨੇ ਦਾਊਦ ਦੇ ਦਿਲ ਨੂੰ ਠੇਸ ਪਹੁੰਚਾਈ ਅਤੇ ਪਰਮੇਸ਼ੁਰ ਨੂੰ ਵੀ ਨਾਰਾਜ਼ ਕੀਤਾ। (2 ਸਮੂਏਲ 6:20-23, CL) ਇਸ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? ਜਦੋਂ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਦੇ ਹੋ, ਤਾਂ ਸਲੀਕੇ ਨਾਲ ਗੱਲ ਕਰੋ। (ਕੁਲੁੱਸੀਆਂ 4:6) ਪ੍ਰੇਮ ਦੇ ਵਿਆਹ ਹੋਏ ਨੂੰ ਅੱਠ ਸਾਲ ਬੀਤ ਚੁੱਕੇ ਹਨ ਅਤੇ ਉਹ ਸਵੀਕਾਰ ਕਰਦਾ ਹੈ ਕਿ ਉਹ ਅਤੇ ਉਸ ਦੀ ਪਤਨੀ ਹਾਲੇ ਵੀ ਕਈ ਗੱਲਾਂ ਵਿਚ ਸਹਿਮਤ ਨਹੀਂ ਹੁੰਦੇ। ਉਸ ਨੇ ਦੇਖਿਆ ਹੈ ਕਿ ਕਈ ਵਾਰ ਜੋ ਉਹ ਕਹਿੰਦਾ ਹੈ, ਉਸ ਨਾਲ ਗੱਲ ਹੋਰ ਵੀ ਵਿਗੜ ਜਾਂਦੀ ਹੈ। ਉਹ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਬਹਿਸ ਨੂੰ ਜਿੱਤਣ ਦੀ ਕੋਸ਼ਿਸ਼ ਵਿਚ ਨੁਕਸਾਨ ਹੀ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਨਾਲ ਜ਼ਿਆਦਾ ਖ਼ੁਸ਼ੀ ਤੇ ਫ਼ਾਇਦਾ ਹੁੰਦਾ ਹੈ।”

ਪੁਰਾਣੇ ਜ਼ਮਾਨੇ ਵਿਚ ਇਕ ਸਿਆਣੀ ਵਿਧਵਾ ਨੇ ਆਪਣੀਆਂ ਨੂੰਹਾਂ ਨੂੰ ‘ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁਖ ਪਾਉਣ’ ਦੀ ਹੱਲਾਸ਼ੇਰੀ ਦਿੱਤੀ। (ਰੂਥ 1:9) ਜਦੋਂ ਪਤੀ-ਪਤਨੀ ਦੋਨੋਂ ਇਕ-ਦੂਜੇ ਦਾ ਮਾਣ ਕਰਦੇ ਹਨ, ਤਾਂ ਉਹ ਆਪਣੇ ਘਰ ਵਿਚ “ਸੁਖ” ਪਾਉਂਦੇ ਹਨ।

ਸੁਝਾਅ: ਆਪਣੇ ਸਾਥੀ ਨਾਲ ਬੈਠ ਕੇ ਉੱਪਰ ਦਿੱਤੇ ਸੁਝਾਵਾਂ ਬਾਰੇ ਗੱਲਬਾਤ ਕਰਨ ਲਈ ਸਮਾਂ ਕੱਢੋ। ਆਪਣੇ ਸਾਥੀ ਨੂੰ ਪੁੱਛੋ: “ਜਦੋਂ ਮੈਂ ਲੋਕਾਂ ਨਾਲ ਤੁਹਾਡੇ ਬਾਰੇ ਗੱਲ ਕਰਦਾ ਹਾਂ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੁਹਾਡਾ ਆਦਰ ਕਰਦਾ ਹਾਂ ਜਾਂ ਅਪਮਾਨ? ਮੈਂ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦਾ ਹਾਂ?” ਫਿਰ ਧਿਆਨ ਨਾਲ ਆਪਣੇ ਸਾਥੀ ਦੀ ਗੱਲ ਸੁਣੋ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝੋ। ਫਿਰ ਉਸ ਦੀ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ।

ਮੰਨੋ ਕਿ ਤੁਹਾਡਾ ਸਾਥੀ ਤੁਹਾਡੇ ਵਰਗਾ ਨਹੀਂ ਹੈ

ਚੁਣੌਤੀ:

ਕੁਝ ਨਵੇਂ-ਨਵੇਂ ਵਿਆਹੇ ਜੋੜਿਆਂ ਨੇ ਬਾਈਬਲ ਵਿਚ ਪਾਏ ਜਾਂਦੇ ਸ਼ਬਦ “ਇਕ ਸਰੀਰ” ਦਾ ਗ਼ਲਤ ਮਤਲਬ ਕੱਢਿਆ ਹੈ ਕਿ ਪਤੀ-ਪਤਨੀ ਦੇ ਵਿਚਾਰ ਜਾਂ ਸੁਭਾਅ ਇੱਕੋ ਜਿਹਾ ਹੋਣਾ ਚਾਹੀਦਾ ਹੈ। (ਮੱਤੀ 19:5) ਪਰ ਉਨ੍ਹਾਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ ਕਿ ਅਸਲੀ ਜ਼ਿੰਦਗੀ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਵਿਆਹ ਤੋਂ ਬਾਅਦ ਉਨ੍ਹਾਂ ਦੇ ਵੱਖੋ-ਵੱਖਰੇ ਸੁਭਾਅ ਕਰਕੇ ਅਕਸਰ ਝਗੜਾ ਹੁੰਦਾ ਹੈ। ਲਵੀਨਾ ਕਹਿੰਦੀ ਹੈ: “ਸਾਡੇ ਵਿਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਪ੍ਰੇਮ ਨੂੰ ਮੇਰੇ ਨਾਲੋਂ ਘੱਟ ਫ਼ਿਕਰ ਹੁੰਦਾ ਹੈ। ਕਦੇ-ਕਦੇ ਜਦੋਂ ਮੈਂ ਕਿਸੇ ਗੱਲ ਕਾਰਨ ਫ਼ਿਕਰਾਂ ਵਿਚ ਡੁੱਬੀ ਹੁੰਦੀ ਹਾਂ, ਉਹ ਬੇਫ਼ਿਕਰ ਹੁੰਦੇ ਹਨ। ਇਸ ਕਰਕੇ ਮੈਂ ਗੁੱਸੇ ਹੋ ਜਾਂਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੇ ਵਾਂਗ ਕਿਸੇ ਗੱਲ ਦੀ ਇੰਨੀ ਪਰਵਾਹ ਨਹੀਂ ਹੈ।”

ਹੱਲ:

ਤੁਹਾਡੇ ਅਤੇ ਤੁਹਾਡੇ ਸਾਥੀ ਵਿਚ ਜੋ ਫ਼ਰਕ ਹੈ, ਉਸ ਨੂੰ ਸਵੀਕਾਰ ਕਰੋ ਅਤੇ ਇਕ-ਦੂਜੇ ਦਾ ਆਦਰ ਕਰੋ। ਮਿਸਾਲ ਲਈ, ਤੁਹਾਡੀਆਂ ਅੱਖਾਂ ਤੁਹਾਡੇ ਕੰਨਾਂ ਨਾਲੋਂ ਵੱਖਰਾ ਕੰਮ ਕਰਦੀਆਂ ਹਨ, ਪਰ ਫਿਰ ਵੀ ਉਹ ਦੋਵੇਂ ਇਕ-ਦੂਜੇ ਨਾਲ ਮਿਲ ਕੇ ਤੁਹਾਡੀ ਸਹੀ-ਸਲਾਮਤ ਸੜਕ ਪਾਰ ਕਰਨ ਵਿਚ ਮਦਦ ਕਰਦੇ ਹਨ। ਰਾਨੀ ਦੇ ਵਿਆਹ ਹੋਏ ਨੂੰ ਤਕਰੀਬਨ 30 ਸਾਲ ਹੋ ਚੁੱਕੇ ਹਨ। ਉਹ ਕਹਿੰਦੀ ਹੈ: “ਜਦੋਂ ਸਾਡੇ ਵਿਚਾਰ ਪਰਮੇਸ਼ੁਰ ਦੇ ਬਚਨ ਦੇ ਖ਼ਿਲਾਫ਼ ਨਹੀਂ ਹੁੰਦੇ, ਉਦੋਂ ਮੈਂ ਅਤੇ ਮੇਰਾ ਪਤੀ ਇਕ-ਦੂਜੇ ਦੇ ਵੱਖੋ-ਵੱਖਰੇ ਵਿਚਾਰਾਂ ਦੀ ਕਦਰ ਕਰਦੇ ਹਾਂ। ਅਸੀਂ ਵਿਆਹੇ ਜ਼ਰੂਰ ਹਾਂ, ਪਰ ਅਸੀਂ ਵੱਖੋ-ਵੱਖਰੇ ਇਨਸਾਨ ਹਾਂ।”

ਜਦੋਂ ਤੁਹਾਡੇ ਸਾਥੀ ਦਾ ਤੁਹਾਡੇ ਨਾਲੋਂ ਵੱਖਰਾ ਵਿਚਾਰ ਹੁੰਦਾ ਹੈ, ਤਾਂ ਸਿਰਫ਼ ਆਪਣੇ ਬਾਰੇ ਹੀ ਨਾ ਸੋਚੋ। ਉਸ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖੋ। (ਫ਼ਿਲਿੱਪੀਆਂ 2:4) ਰਾਨੀ ਦਾ ਪਤੀ ਦੀਪਕ ਦੱਸਦਾ ਹੈ: “ਮੈਂ ਹਮੇਸ਼ਾ ਆਪਣੀ ਪਤਨੀ ਦੇ ਵਿਚਾਰਾਂ ਨੂੰ ਨਹੀਂ ਸਮਝਦਾ ਜਾਂ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦਾ। ਪਰ ਮੈਂ ਆਪਣੇ ਆਪ ਨੂੰ ਯਾਦ ਦਿਲਾਉਂਦਾ ਹਾਂ ਕਿ ਮੈਂ ਆਪਣੇ ਵਿਚਾਰਾਂ ਨਾਲੋਂ ਉਸ ਨੂੰ ਜ਼ਿਆਦਾ ਪਿਆਰ ਕਰਦਾ ਹਾਂ। ਜਦੋਂ ਉਹ ਖ਼ੁਸ਼ ਹੁੰਦੀ ਹੈ, ਤਾਂ ਮੈਂ ਵੀ ਖ਼ੁਸ਼ ਹੁੰਦਾ ਹਾਂ।”

ਸੁਝਾਅ: ਆਪਣੇ ਸਾਥੀ ਦੇ ਵਿਚਾਰਾਂ ਜਾਂ ਕੰਮ ਕਰਨ ਦੇ ਤਰੀਕਿਆਂ ਦੀ ਇਕ ਲਿਸਟ ਬਣਾਓ ਜੋ ਤੁਹਾਡੇ ਨਾਲੋਂ ਵਧੀਆ ਹਨ।—ਫ਼ਿਲਿੱਪੀਆਂ 2:3.

ਜੇ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਅਤੇ ਖ਼ੁਸ਼ ਰਹਿਣਾ ਚਾਹੁੰਦੇ ਹੋ, ਤਾਂ ਇਕ-ਦੂਜੇ ਦਾ ਆਦਰ ਕਰੋ। ਲਵੀਨਾ ਕਹਿੰਦੀ ਹੈ: “ਇਕ-ਦੂਜੇ ਦਾ ਆਦਰ ਕਰਨ ਨਾਲ ਵਿਆਹੁਤਾ-ਜੀਵਨ ਖ਼ੁਸ਼ੀਆਂ ਭਰਿਆ ਅਤੇ ਸੁਰੱਖਿਅਤ ਰਹਿੰਦਾ ਹੈ। ਇਸ ਲਈ ਆਦਰ ਕਰਨਾ ਬਹੁਤ ਫ਼ਾਇਦੇਮੰਦ ਹੈ।” (w11-E 08/01)

^ ਪੈਰਾ 3 ਨਾਂ ਬਦਲੇ ਗਏ ਹਨ।

ਆਪਣੇ ਆਪ ਨੂੰ ਪੁੱਛੋ . . .

  • ਮੇਰੇ ਜੀਵਨ-ਸਾਥੀ ਦੇ ਵੱਖਰੇ ਸੁਭਾਅ ਨੇ ਸਾਡੇ ਪਰਿਵਾਰ ਵਿਚ ਕਿਵੇਂ ਖ਼ੁਸ਼ੀਆਂ ਲਿਆਂਦੀਆਂ ਹਨ?

  • ਜੇ ਮੇਰੇ ਜੀਵਨ-ਸਾਥੀ ਦੀ ਪਸੰਦ ਬਾਈਬਲ ਦੇ ਸਿਧਾਂਤਾਂ ਖ਼ਿਲਾਫ਼ ਨਹੀਂ ਹੈ, ਤਾਂ ਇਸ ਨੂੰ ਆਪਣੀ ਪਸੰਦ ਬਣਾ ਲੈਣਾ ਚੰਗੀ ਗੱਲ ਕਿਉਂ ਹੈ?